ਭਾਰੀ ਹੰਗਾਮੇ ਤੋਂ ਬਾਅਦ ਹਰਮੀਤ ਸਿੰਘ ਕਾਲਕਾ ਬਣੇ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ

ਭਾਰੀ ਹੰਗਾਮੇ ਤੋਂ ਬਾਅਦ ਹਰਮੀਤ ਸਿੰਘ ਕਾਲਕਾ ਬਣੇ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ

 ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਆਈ ਪੁਲਿਸ

 ਧਾਮੀ ਨੂੰ ਉਨ੍ਹਾਂ ਦੇ ਬੰਦਿਆਂ ਨੇ ਸਭਾਪਤੀ ਬਣਨ ਤੋਂ ਨਕਾਰਿਆ, ਸਰਨਾ ਅਤੇ ਜੀਕੇ ਧੜੇ ਨੂੰ ਬਿਨਾਂ ਵੋਟ ਪਵਾਏ ਕਢਿਆ ਬਾਹਰ 

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪ੍ਰਧਾਨ ਅਤੇ ਕਾਰਜਕਾਰੀ ਮੈਂਬਰਾਂ ਦੀਆਂ ਚੋਣਾਂ ਵਿਚ ਬੀਤੇ ਪੂਰਾ ਦਿਨ ਅਤੇ ਦੇਰ ਰਾਤ ਤਕ ਹੰਗਾਮਾ ਚੱਲਦਾ ਰਿਹਾ। ਵਿਰੋਧ, ਹੱਥੋਪਾਈ ਅਤੇ ਖੂਬ ਬਹਿਸਬਾਜ਼ੀ ਹੋਈ। ਇਥੋਂ ਤਕ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਪੁਲਿਸ ਨੂੰ ਬੁਲਵਾ ਲਿਆ ਗਿਆ ਤੇ ਸਿੱਖ ਰਹਿਤ ਮਰਿਯਾਦਾ ਦੀ ਧਜ਼ੀਆਂ ਉਡਾਦੇ ਹੋਏ ਬਹੁਤ ਵਡੀ ਬੇਅਦਬੀ ਕੀਤੀ ਗਈ । ਭਾਰੀ ਪੁਲਿਸ ਫ਼ੋਰਸ ਦੇ ਸਖ਼ਤ ਪਹਿਰੇ ਵਿਚ ਸਰਨਾ ਅਤੇ ਜੀਕੇ ਪੱਖੀ ਮੈਂਬਰਾਂ ਨੂੰ ਵੋਟ ਪਵਾਏ ਬਿਨਾਂ ਬਾਹਰ ਕਢ ਦਿਤਾ ਗਿਆ ਉਪਰੰਤ ਅਕਾਲੀ ਦਲ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੂੰ ਪ੍ਰਧਾਨ ਅਤੇ ਜਗਦੀਪ ਸਿੰਘ ਕਾਹਲੋਂ ਨੂੰ ਜਨਰਲ ਸਕੱਤਰ ਚੁਣ ਲਿਆ ਗਿਆ। ਕਾਲਕਾ ਮੌਜੂਦਾ ਸਮੇਂ ਵਿਚ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਤੇ ਕਾਹਲੋਂ ਕਨੂੰਨੀ ਸੈਲ ਦੇ ਮੁੱਖੀ ਸਨ । ਇਸ ਤੋਂ ਇਲਾਵਾ ਹਰਵਿੰਦਰ ਸਿੰਘ ਕੇ. ਪੀ. ਨੂੰ ਸੀਨੀਅਰ ਉਪ ਪ੍ਰਧਾਨ, ਆਤਮਾ ਸਿੰਘ ਲੁਬਾਣਾ ਨੂੰ ਜੂਨੀਅਰ ਵਾਈਸ ਪ੍ਰਧਾਨ ਚੁਣਿਆ ਗਿਆ।

ਜ਼ਿਕਰਯੋਗ ਹੈ ਕਿ ਸਨਿਚਰਵਾਰ ਨੂੰ 51 ਮੈਂਬਰੀ ਜਨਰਲ ਹਾਊਸ ਦੀ ਮੀਟਿੰਗ ਅਹੁਦੇਦਾਰਾਂ ਨੂੰ ਚੁਣਨ ਵਾਸਤੇ ਸ਼ੁਰੂ ਹੋਈ ਤਾਂ ਅਕਾਲੀ ਦਲ ਵੱਲੋਂ ਸ: ਹਰਮੀਤ ਸਿੰਘ ਕਾਲਕਾ ਅਤੇ ਅਕਾਲੀ ਦਲ ਦਿੱਲੀ ਵੱਲੋਂ ਸ:ਪਰਮਜੀਤ ਸਿੰਘ ਸਰਨਾ ਦਾ ਨਾਂਅ ਪ੍ਰਧਾਨਗੀ ਦੇ ਅਹੁਦੇ ਲਈ ਪੇਸ਼ ਕੀਤਾ ਗਿਆ। ਨਵੀਂ ਕਾਰਜਕਾਰਨੀ ਚੋਣ ਨੂੰ ਲੈ ਕੇ ਕਮੇਟੀ ਦਫ਼ਤਰ ਗੁਰੂ ਗੋਬਿੰਦ ਸਿੰਘ ਭਵਨ ਵਿਚ ਹੋਈ ਮੀਟਿੰਗ ਦੀ ਸ਼ੁਰੂਆਤ ਤੋਂ ਬਾਅਦ ਜਦੋਂ ਅਸਥਾਈ ਸਭਾ ਦੇ ਚੋਣ ਦਾ ਸਮਾਂ ਆਇਆ ਤਾਂ ਵਿਰੋਧੀ ਧਿਰ ਵਲੋਂ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਤੀਨਿਧੀ ਹਰਜਿੰਦਰ ਸਿੰਘ ਧਾਮੀ ਦਾ ਨਾਂ ਅੱਗੇ ਵਧਾਇਆ ਗਿਆ, ਜਿਸਦਾ ਅਕਾਲੀ ਦਲ ਬਾਦਲ ਦੇ ਲੋਕਾਂ ਨੇ ਵਿਰੋਧ ਕੀਤਾ। ਜਵਾਬ ਵਿਚ ਉਨ੍ਹਾਂ ਨੇ ਗੁਰਦੇਵ ਸਿੰਘ ਦਾ ਨਾਂ ਅੱਗੇ ਵਧਾ ਦਿੱਤਾ। ਧਾਮੀ ਨੇ ਆਪਣੀ ਹੀ ਪਾਰਟੀ ਦੇ ਲੋਕਾਂ ਦਾ ਵਿਰੋਧ ਸਾਹਮਣੇ ਦੇਖ ਕੇ ਅਸਥਾਈ ਸਭਾਪਤੀ ਬਣਨ ਦੀ ਆਪਣੀ ਸਹਿਮਤੀ ਨਹੀਂ ਦਿੱਤੀ, ਜਿਸ ਕਾਰਨ ਗੁਰਦੇਵ ਸਿੰਘ ਅਸਥਾਈ ਸਭਾਪਤੀ ਬਣ ਗਏ। ਸਭਾਪਤੀ ਬਣਦੇ ਹੀ ਗੁਰਦੇਵ ਸਿੰਘ ਨੇ ਐਲਾਨ ਕੀਤਾ ਕਿ ਪ੍ਰਧਾਨ ਦੀ ਚੋਣ ਹੱਥ ਖੜ੍ਹੇ ਕਰ ਕੇ ਹੋਵੇਗੀ। ਇਸ ਦਾ ਸਾਬਕਾ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਤਿੱਖਾ ਵਿਰੋਧ ਕੀਤਾ।  

ਵੋਟਿੰਗ ਸ਼ੁਰੂ ਹੋਣ ਤੋਂ ਬਾਅਦ ਅਜੇ ਤਿੰਨ ਵੋਟਾਂ ਹੀ ਪਈਆਂ ਸਨ ਕਿ ਸੁਖ਼ਬੀਰ ਸਿੰਘ ਕਾਲੜਾ ਨਾਂਅ ਦੇ ਇਕ ਮੈਂਬਰ ਵੱਲੋਂ ਵੋਟ ਪਾਉਂਦੇ ਸਮੇਂ ਆਪਣੀ ਪਰਚੀ ਵਿਖਾਏ ਜਾਣ ’ਤੇ ਵਿਵਾਦ ਛਿੜ ਗਿਆ ਜੀਕੇ ਅਤੇ ਸਰਨਾ ਧੜੇ ਨੇ ਕਿਹਾ ਕਿ ਇਹ ਗੁਪਤ ਮਤਦਾਨ ਦੀ ਧਾਰਾ ਦੀ ਉਲੰਘਣਾ ਹੈ ਅਤੇ ਇਸ ਲਈ ਇਹ ਵੋਟ ਰੱਦ ਕੀਤੀ ਜਾਣੀ ਚਾਹੀਦੀ ਹੈ ਪਰ ਅਕਾਲੀ ਦਲ ਇਸ ਲਈ ਤਿਆਰ ਨਾ ਹੋਇਆ। ਇਸ ਸਭ ਦੇ ਚੱਲਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬਹਿਸ ਮੁਬਹਿਸਾ ਅਤੇ ਧੱਕਾ ਮੁੱਕੀ ਹੋਈ ਜਿਸ ਮਗਰੋਂ ਵੋਟਿੰਗ ਦਾ ਕੰਮ ਰੋਕ ਦਿੱਤਾ ਗਿਆ। ਸਾਰਾ ਦਿਨ ਚੱਲੀਆਂ ਕਈ ਦੌਰ ਦੀਆਂ ਮੀਟਿੰਗਾਂ ਵਿੱਚ ਡਾਇਰੈਕਟਰ ਗੁਰਦੁਆਰਾ ਚੋਣਾਂ ਅਤੇ ਪੁਲਿਸ ਅਧਿਕਾਰੀਆਂ ਨੇ ਕਈ ਦੌਰ ਦੀਆਂ ਮੀਟਿੰਗਾਂ ਕੀਤੀਆਂ ਜਿਸ ਤੋਂ ਬਾਅਦ ਦੇਰ ਰਾਤ ਹੀ ਵੋਟਿੰਗ ਸੰਭਵ ਹੋ ਸਕੀ। ਅਜ ਬਾਦਲ ਦਲ ਵਲੋਂ ਜੀਕੇ ਅਤੇ ਸਰਨਾ ਧੜੇ ਤੇ ਹੁਲੜਬਾਜ਼ੀ ਕਰਣ ਦਾ ਆਰੋਪ ਲਗਾਂਦਿਆਂ ਅਕਾਲ ਤਖਤ ਸਾਹਿਬ ਤੇ ਸ਼ਿਕਾਇਤ ਕਰਣ ਦਾ ਕਿਹਾ ਗਿਆ ਹੈ ਤੇ ਜੀਕੇ ਅਤੇ ਸਰਨਾ ਧੜੇ ਵਲੋਂ ਕਿਹਾ ਗਿਆ ਕਿ ਦਿੱਲੀ ਦੇ ਗੁਰਦੁਆਰਾ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਕਿ ਜਥੇਦਾਰ ਅਕਾਲ ਤਖਤ ਨੂੰ ਇਸ ਚੋਣਾਂ ਤੋਂ ਸਾਜ਼ਿਸ਼ ਤਹਿਤ ਬਾਹਰ ਰਖਿਆ ਗਿਆ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਪੁਲਿਸ ਨੂੰ ਬੁਲਾ ਬਹੁਤ ਵਡੀ ਬੇਅਦਬੀ ਕੀਤੀ ਗਈ ਹੈ ਇਸ ਨਾਲ ਹੀ ਸਾਨੂੰ ਸਾਡੇ ਵੋਟ ਪਾਉਣ ਦੇ ਹਕ਼ ਤੋਂ ਰੋਕ ਕੇ ਇਕ ਪਾਸੜ ਵੋਟ ਪਵਾ ਕੇ ਸਰਕਾਰੀ ਮਿਲੀਭੁਗਤ ਨਾਲ ਬਾਦਲਾਂ ਨੂੰ ਮੁੜ ਕਮੇਟੀ ਤੇ ਕਾਬਿਜ਼ ਕਰਵਾਇਆ ਗਿਆ ਹੈ ਜਿਸ ਲਈ ਅਸੀ ਅਕਾਲ ਤਖਤ ਸਾਹਿਬ ਤੇ ਸ਼ਿਕਾਇਤ ਅਤੇ ਹੋਰ ਕਨੂੰਨੀ ਕਾਰਵਾਈ ਕਰਾਂਗੇ ।