ਹਨੀਪ੍ਰੀਤ ਨੂੰ ਡੇਰੇ ਦਾ ਵਾਰਸ ਬਣਾਉਣ ਦੀਆਂ ਕਿਆਸ ਅਰਾਈਆਂ ਤੇਜ਼

ਹਨੀਪ੍ਰੀਤ ਨੂੰ ਡੇਰੇ ਦਾ ਵਾਰਸ ਬਣਾਉਣ ਦੀਆਂ ਕਿਆਸ ਅਰਾਈਆਂ ਤੇਜ਼

ਡੇਰਾ ਵਲੋਂ ਆਪਣੀ ਪਰੰਪਰਾ ਬਦਲਣ ਦੀ ਸੰਭਾਵਨਾ !

ਹਨੀਪ੍ਰੀਤ ਨੂੰ ਡੇਰੇ ਦਾ ਵਾਰਸ ਬਣਾਉਣ ਦੀਆਂ ਕਿਆਸਅਰਾਈਆਂ ਤੇਜ਼

ਅੰਮ੍ਰਿਤਸਰ ਟਾਈਮਜ਼

ਜਲੰਧਰ : ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਨੂੰ ਡੇਰੇ ਦਾ ਵਾਰਸ ਬਣਾਉਣ ਦੀ ਚਰਚਾ ਹੈ ਤੇ ਇਹ ਉਦੋਂ ਤੇਜ਼ ਹੋਈ ਹੈ ਜਦੋਂ ਹਾਲ ਹੀ ਵਿੱਚ ਡੇਰਾ ਮੁਖੀ ਨੂੰ 40 ਦਿਨਾਂ ਦੀ ਪੈਰੋਲ ਮਿਲੀ ਹੈ ਅਤੇ ਉਹ ਇਸ ਸਮੇਂ ਬਾਗਪਤ (ਉੱਤਰ ਪ੍ਰਦੇਸ਼) ’ਵਿਚ ਆਪਣੇ ਆਸ਼ਰਮ ਵਿਚ ਹੈ। ਸੂਤਰਾਂ ਅਨੁਸਾਰ, ਡੇਰਾ ਮੁਖੀ ਦੀ ਪਰਮ ਸ਼ਿਸ਼ ਹਨੀਪ੍ਰੀਤ ਹੈ, ਜਿਸ ਨੂੰ ਗੁਰੂ-ਸ਼ਿਸ਼ ਦੀ ਪਰੰਪਰਾ ਦਾ ਪਾਲਣ ਕਰਦੇ ਹੋਏ ਡੇਰਾ ਸੱਚਾ ਸੌਦਾ ਦੀ ਗੱਦੀ ਸੌਂਪਣ ਦੀ ਤਿਆਰੀ ਕੀਤੀ ਗਈ ਹੈ, ਜਿਸ ਦਾ ਐਲਾਨ ਹੋਣਾ ਬਾਕੀ ਹੈ।ਹਾਲਾਂਕਿ ਡੇਰੇ ਨੇ ਇਸ ਨੂੰ ਸਿਰਫ ਅਫਵਾਹਾਂ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਡੇਰੇ ਦੀ ਪਰੰਪਰਾ ਇਹ ਨਹੀ ਹੈ। ਡੇਰੇ ’ਵਿਚ ਜਦੋਂ ਵੀ ਕੋਈ ਫ਼ੈਸਲਾ ਲੈਣਾ ਹੁੰਦਾ ਹੈ ਤਾਂ ਪਹਿਲਾਂ ਡੇਰਾ ਸ਼ਰਧਾਲੂਆਂ ਦੀ ਸਹਿਮਤੀ ਲਈ ਜਾਂਦੀ ਹੈ ਜਿਨ੍ਹਾਂ ਦੀ ਗਿਣਤੀ ਲਗਪਗ ਛੇ ਕਰੋਡ਼ ਹੈ। ਅਸਲ ਵਿੱਚ ਡੇਰੇ ਦੇ ਮੌਜੂਦਾ ਗੱਦੀਨਸ਼ੀਨ ਵੱਲੋਂ ਆਪਣੇ ਮੁੱਖ ਸ਼ਿਸ਼ ਨੂੰ ਹੀ ਗੱਦੀ ਦਿੱਤੀ ਜਾਂਦੀ ਹੈ। ਇਸ ਲਈ ਹਨੀਪ੍ਰੀਤ ਦੇ ਡੇਰੇ ਦੀ ਗੱਦੀ ਦੀ ਵਾਰਸ ਬਣਨ ਦੇ ਕਿਆਸ ਲਗਾਏ ਜਾ ਰਹੇ ਹਨ।

ਅਗਸਤ 2022 ਵਿੱਚ ਜਦੋਂ ਡੇਰਾ ਮੁਖੀ ਨੂੰ ਪੈਰੋਲ ਮਿਲੀ ਸੀ ਤਾਂ ਉਸ ਸਮੇਂ ਡੇਰਾ ਮੁਖੀ ਵੱਲੋਂ ਹਨੀਪ੍ਰੀਤ ਨੂੰ ’ਰੂਹਾਨੀ ਬੇਟੀ’ ਦਾ ਖਿਤਾਬ ਦਿੱਤਾ ਗਿਆ ਸੀ। ਡੇਰਾ ਮੁਖੀ ਦੀ ਪਰਿਵਾਰਕ ਆਈਡੀ ’ਚ ਪਤਨੀ ਤੇ ਮਾਂ, ਪਿਤਾ ਦਾ ਨਾਂ ਨਹੀਂ, ਸਗੋਂ ਉਸ ਵਿਚ ਹਨੀਪ੍ਰੀਤ ਨੂੰ ਬੇਟੀ ਦੱਸ ਕੇ ਨਾਮ ਜੁਡ਼ਵਾਇਆ ਗਿਆ ਹੈ। ਪਰਿਵਾਰਕ ਆਈਡੀ ’ਚ ਸੋਧ ਇਸ ਸਾਲ ਦੇ ਜੁਲਾਈ ਮਹੀਨੇ ਦੀ ਦਿਖਾਈ ਗਈ ਹੈ। ਡੇਰਾ ਮੈਨੇਜਮੈਂਟ ਦੀ ਚੇਅਰਪਰਸਨ ਪਹਿਲਾਂ ਵਿਪਾਸਨਾ ਇੰਸਾਂ ਸੀ। ਹਾਲ ਹੀ ਵਿੱਚ ਹਨੀਪ੍ਰੀਤ ਨੂੰ ਡੇਰੇ ਦਾ ਪ੍ਰਬੰਧ ਚਲਾਉਣ ਲਈ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ। ਹਾਲਾਂਕਿ ਟਰੱਸਟ ਦਾ ਚੇਅਰਪਰਸਨ ਕਿਸੇ ਨੂੰ ਵੀ ਬਣਾਇਆ ਜਾ ਸਕਦਾ ਹੈ ਪਰ ਹਨੀਪ੍ਰੀਤ ਨੂੰ ਚੇਅਰਪਰਸਨ ਨਿਯੁਕਤ ਕਰਨਾ ਸਵਾਲੀਆਂ ਚਿੰਨ੍ਹ ਪੈਦਾ ਕਰਦਾ ਹੈ। ਜੇਕਰ ਹਨੀਪ੍ਰੀਤ ਨੂੰ ਡੇਰੇ ਦੀ ਗੁਰਗੱਦੀ ਮਿਲਦੀ ਹੈ ਤਾਂ ਫਿਰ ਇਸ ਵਾਰ ਡੇਰੇ ਦੀ ਆਪਣੀ ਪ੍ਰੰਪਰਾ ਟੁੱਟ ਜਾਵੇਗੀ।ਡੇਰੇ ਦੇ ਬੁਲਾਰੇ ਜਤਿੰਦਰ ਇੰਸਾਂ ਦਾ ਕਹਿਣਾ ਹੈ ਕਿ ਡੇਰੇ ਦੇ ਮੌਜੂਦਾ ਗੱਦੀਨਸ਼ੀਨ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਹਨ ਅਤੇ ਉਹੀ ਰਹਿਣਗੇ। ਉਨ੍ਹਾਂ ਕਿਹਾ ਕਿ ਹਨੀਪ੍ਰੀਤ ਨੂੰ ਗੁਰਗੱਦੀ ਦੇਣ ਬਾਰੇ ਜੋ ਮੀਡੀਆ ’ਚ ਚਰਚਾਵਾਂ ਚੱਲ ਰਹੀਆਂ ਹਨ ਉਸ ਸਿਰਫ ਅਫਵਾਹਾਂ ਹਨ। ਉਨ੍ਹਾਂ ਡੇਰਾ ਪੈਰੋਕਾਰਾਂ ਨੂੰ ਅਜਿਹੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਲਈ ਕਿਹਾ।

ਡੇਰਾ ਪੈਰੋਕਾਰਾਂ ਦੀ ਸਹਿਮਤੀ ਨਾਲ ਲਿਆ ਜਾਂਦਾ ਫ਼ੈਸਲਾ

ਡੇਰੇ ਦੀ ਪ੍ਰੰਪਰਾ ਰਹੀ ਹੈ ਕਿ ਜਦੋਂ ਵੀ ਗੱਦੀ ਬਾਰੇ ਕੋਈ ਫ਼ੈਸਲਾ ਲੈਣਾ ਹੁੰਦਾ ਹੈ ਤਾਂ ਪਹਿਲਾਂ ਡੇਰਾ ਪੈਰੋਕਾਰਾਂ ਦਾ ਇਕੱਠ ਕੀਤਾ ਜਾਂਦਾ ਹੈ ਅਤੇ ਡੇਰਾ ਪੈਰੋਕਾਰਾਂ ਦੀ ਸਹਿਮਤੀ ਲਈ ਜਾਂਦੀ ਹੈ। 29 ਅਪ੍ਰੈਲ 1948 ਨੂੰ ਸ਼ਾਹ ਮਸਤਾਨਾ ਨੇ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਸੀ। ਉਨ੍ਹਾਂ ਨੂੰ ਸੰਤ ਬਾਬਾ ਸਾਵਣ ਸ਼ਾਹ ਨੇ ਸਿਰਸਾ ਭੇਜਿਆ ਸੀ। ਉਹ 12 ਸਾਲ ਗੁਰਗੱਦੀ ’ਤੇ ਰਹੇ। 18 ਅਪ੍ਰੈਲ 1960 ਨੂੰ ਸਰੀਰ ਛੱਡ ਤੋਂ ਬਾਅਦ ਸ਼ਾਹ ਸਤਿਨਾਮ ਸਿੰਘ ਡੇਰੇ ਦੇ ਦੂਜੇ ਗੱਦੀਨਸ਼ੀਨ ਬਣੇ ਅਤੇ 30 ਸਾਲ ਡੇਰੇ ਦੀ ਗੁਰਗੱਦੀ ’ਤੇ ਰਹੇ। 23 ਸਤੰਬਰ 1990 ਨੂੰ ਸ਼ਾਹ ਸਤਿਨਾਮ ਸਿੰਘ ਵੱਲੋਂ ਗੁਰਮੀਤ ਰਾਮ ਰਹੀਮ ਸਿੰਘ ਨੂੰ ਡੇਰੇ ਦਾ ਵਾਰਸ ਬਣਾਇਆ ਗਿਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਡੇਰਾ ਪੈਰੋਕਾਰਾਂ ਨਾਲ ਕਈ ਵਾਰ ਮੀਟਿੰਗਾਂ ਕੀਤੀਆਂ ਜਿਨ੍ਹਾਂ ਵਿਚ ਡੇਰੇ ਦੇ ਵਾਰਸ ਨੂੰ ਲੈ ਕੇ ਚਰਚਾਵਾਂ ਵੀ ਹੋਈਆਂ। ਉਸ ਤੋਂ ਬਾਅਦ ਸਾਰਿਆਂ ਦੀ ਸਹਿਮਤੀ ਲੈ ਕੇ ਹੀ ਫ਼ੈਸਲਾ ਲਿਆ ਗਿਆ ਸੀ। ਇਸ ਦੀ ਬਾਕਾਇਦਾ ਵਸੀਅਤ ਵੀ ਕਰਵਾਈ ਅਤੇ ਸ਼ਾਹ ਸਤਿਨਾਮ ਸਿੰਘ 18 ਮਹੀਨੇ ਡੇਰਾ ਮੁਖੀ ਦੇ ਨਾਲ ਵੀ ਰਹੇ।