ਮੋਦੀ ਦੀ ਸੁਰਖਿਆ ਨੂੰ ਲੈਕੇ ਭਾਜਪਾ ਕਾਗਰਸ ਉਪਰ ਭਾਰੂ
*ਚੰਨੀ ਨੇ ਮਾਫੀ ਮੰਗਕੇ ਛੁਟਕਾਰਾ ਪਾਇਆ, ਕਿਹਾ-ਤੁਮ ਸਲਾਮਤ ਰਹੋ ਕਿਆਮਤ ਤਕ... *ਭਾਜਪਾ ਮੰਗ ਰਹੀ ਸੀ ਚੰਨੀ ਦੀ ਗ੍ਰਿਫ਼ਤਾਰੀ
ਅੰਮ੍ਰਿਤਸਰ ਟਾਈਮਜ਼
ਨਵੀਂ ਦਿੱਲੀ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੁਰੱਖਿਆ ਵਿਚ ਕੁਤਾਹੀ ਦੇ ਮਾਮਲੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਾਫ਼ੀ ਮੰਗੀ ਤੇ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ। ਇਹ ਮੌਕਾ ਸੀ ਪ੍ਰਧਾਨ ਮੰਤਰੀ ਵੱਲੋਂ ਕੋਵਿਡ-19 ਦੀ ਸਥਿਤੀ ’ਤੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸ ਦਾ। ਉਨ੍ਹਾਂ ਨੇ ਮੋਦੀ ਦੇ ਪੰਜਾਬ ਦੌਰੇ ਦੌਰਾਨ ਜੋ ਕੁਝ ਹੋਇਆ, ਉਸ ਲਈ ਮਾਫ਼ੀ ਮੰਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਪ੍ਰਧਾਨ ਮੰਤਰੀ ਸਤਿਕਾਰ ਯੋਗ ਹਨ। ਉਨ੍ਹਾਂ ਕਿਹਾ, ‘ਤੁਮ ਸਲਾਮਤ ਰਹੋ ਕਿਆਮਤ ਤਕ, ਔਰ ਖ਼ੁਦਾ ਕਰੇ ਕਿ ਕਿਆਮਤ ਨਾ ਹੋ।’ਪਿਛਲੇ ਹਫ਼ਤੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਭਾਜਪਾ ਪੰਜਾਬ ਸਰਕਾਰ ਦੀ ਆਲੋਚਨਾ ਕਰਦੀ ਰਹੀ ਹੈ। ਸੁਰੱਖਿਆ ਕਾਰਨ ਉਨ੍ਹਾਂ ਨੂੰ ਆਪਣੀ ਯਾਤਰਾ ਵਿਚਾਲੇ ਹੀ ਛੱਡ ਕੇ ਜਾਣਾ ਪਿਆ ਸੀ। ਪਾਰਟੀ ਦੇ ਆਗੂਆਂ ਦਾ ਦੋਸ਼ ਹੈ ਕਿ ਪ੍ਰਧਾਨ ਮੰਤਰੀ ਨੂੰ ਸਰੀਰਕ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ।ਪੰਜ ਜਨਵਰੀ ਨੂੰ ਫਿਰੋਜ਼ਪੁਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਕੋਤਾਹੀ ਦਾ ਮਾਮਲਾ ਭਾਜਪਾ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀਆਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਘੇਰਨ ਕਾਰਨ ਇੱਕ ਵਾਰ ਮੁੜ ਪੂਰੇ ਜ਼ੋਰ ਨਾਲ ਸਿਆਸੀ ਸਫ਼ਾਂ ਵਿੱਚ ਚਰਚਾ ਵਿੱਚ ਆ ਗਿਆ ਸੀ।ਭਾਜਪਾ ਦੇ ਘੱਟੋ-ਘੱਟ ਛੇ ਮੁੱਖ ਮੰਤਰੀਆਂ ਨੇ ਕਿਹਾ ਸੀ ਕਿ ਇਹ ਘਟਨਾਕ੍ਰਮ ਇੱਕ 'ਸੋਚੀ ਸਮਝੀ ਸਾਜ਼ਿਸ਼' ਸੀ ਜਿਸ ਨੂੰ ਬਾਖੂਬੀ ਨੇਪਰੇ ਚਾੜ੍ਹਿਆ ਗਿਆ।ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਪੀਐਮ ਨੂੰ ਮਾਰਨ ਦੀ ਸਾਜ਼ਿਸ਼ ਲਈ ਪੰਜਾਬ ਵਿੱਚ ਆਪਣੇ ਹਮਰੁਤਬਾ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।ਇਸ ਤੋਂ ਇਲਾਵਾ ਯੋਗੀ ਆਦਿੱਤਿਆਨਾਥ (ਯੂਪੀ), ਸ਼ਿਵਰਾਜ ਸਿੰਘ ਚੌਹਾਨ (ਮੱਧ ਪ੍ਰਦੇਸ਼), ਬਿਪਲਬ ਦੇਬ (ਤ੍ਰਿਪੁਰਾ), ਪੁਸ਼ਕਰ ਸਿੰਘ ਧਾਮੀ (ਉਤਰਾਖੰਡ) ਤੇ ਮਨੋਹਰ ਲਾਲ ਖੱਟਰ (ਹਰਿਆਣਾ) ਨੇ ਇਸ ਘਟਨਾ ਨੂੰ ਸਾਜ਼ਿਸ਼ ਕਿਹਾ ਹੈ।ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ, ''ਪ੍ਰਧਾਨ ਮੰਤਰੀ ਦੀ ਸੁਰੱਖਿਆ ਨਾਲ ਸਾਜਿਸ਼ ਕੀਤੀ ਜਾ ਚੁੱਕੀ ਹੈ ਇਹ ਕੋਈ ਕਲਪਨਾ ਤੱਕ ਨਹੀਂ ਕਰ ਸਕਦਾ।''ਉਨ੍ਹਾਂ ਨੇ ਇਲਜ਼ਾਮ ਲਗਾਇਆ, "ਮੋਦੀ ਜੀ ਨਾਲ ਨਫ਼ਰਤ ਨੇ ਕਾਂਗਰਸ ਦੀ ਆਤਮਾ ਨੂੰ ਮਾਰ ਦਿੱਤਾ ਹੈ। ਜਨਤਾ ਦੇ ਵਿੱਚ ਤਾਂ ਕਾਂਗਰਸ ਦਾ ਗਰਾਫ਼ ਡਿੱਗ ਹੀ ਰਿਹਾ ਸੀ ਕਾਂਗਰਸ ਦਾ ਚਰਿੱਤਰ ਵੀ ਡਿੱਗ ਗਿਆ।"
ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲ ਦੇਵ ਨੇ ਕਿਹਾ ਕਿ ਇਹ ਘਟਨਾਕ੍ਰਮ ਪੀਐਮ ਦੀ ਜਾਨ ਨੂੰ ਖ਼ਤਰੇ ਵਿੱਚ ਪਾਉਣ ਦੀ ਸੁਨਿਯੋਜਿਤ ਸਾਜ਼ਿਸ਼ ਦਾ ਹਿੱਸਾ ਸੀ ਅਤੇ ਪਹਿਲਾਂ ਤੋਂ ਬਣਾਈ ਗਈ ਸੀ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਜਾਨ ਨੂੰ ਜਾਣਬੁਝ ਕੇ ਖਤਰੇ ਵਿੱਚ ਪਾਇਆ ਗਿਆ। ਯਾਦ ਰਹੇ ਕਿ ਪੰਜ ਜਨਵਰੀ ਨੂੰ ਪ੍ਰਧਾਨ ਮੰਤਰੀ ਨੇ ਫਿਰੋਜ਼ਪੁਰ ਵਿੱਚ ਇੱਕ ਸਿਆਸੀ ਰੈਲੀ ਨੂੰ ਸੰਬੋਧਨ ਕਰਨਾ ਸੀ। ਮੁਜ਼ਾਹਰਾਕਾਰੀ ਕਿਸਾਨਾਂ ਵੱਲੋਂ ਰਾਹ ਰੋਕੇ ਜਾਣ ਤੋਂ ਬਾਅਦ ਉਨ੍ਹਾਂ ਦਾ ਕਾਫ਼ਲਾ ਪੁਲ ਉੱਪਰ 20 ਮਿੰਟ ਲਈ ਰੁਕਿਆ ਅਤੇ ਬਾਅਦ ਵਿੱਚ ਰੈਲੀ ਰੱਦ ਕਰ ਦਿੱਤੀ ਗਈ। ਕਾਂਗਰਸ ਦੇ ਹੋਰ ਕਈ ਆਗੂ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਹਿਲੇ ਦਿਨ ਤੋਂ ਇਨ੍ਹਾਂ ਇਲਜ਼ਾਮਾ ਨੂੰ ਰੱਦ ਕਰ ਰਹੇ ਸਨ। ਚੰਨੀ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਮੋਦੀ ਦੀ ਆਲੋਚਨਾ ਕਰਦਿਆਂ ਸਾਰੀ ਸਥਿਤੀ ਸਪਸ਼ਟ ਕੀਤੀ ਸੀ ਕਿ ਪੰਜਾਬ ਸਰਕਾਰ ਲਈ ਇਸ ਦੀ ਜਿੰਮੇਵਾਰ ਨਹੀਂ।ਕੇਂਦਰੀ ਏਜੰਸੀਆਂਂ ਜ਼ਿੰਮੇਵਾਰ ਹਨ।ਪ੍ਰਧਾਨ ਮੰਤਰੀ ਦੀ ਜਾਨ ਨੂੰ ਕੋਈ ਖਤਰਾ ਨਹੀਂ ਸੀ।ਪਰ ਹੁਣ ਆਲੋਚਨਾ ਹੋਣ ਕਾਰਣ ਮਾਫੀ ਮੰਗ ਲਈ ਹੈ।ਦਸਿਆ ਜਾਂਦਾ ਹੈ ਕਿ ਇਹ ਹਾਈਕਮਾਂਡ ਕਾਂਗਰਸ ਦੇ ਆਦੇਸ਼ ਉਪਰ ਮੰਗੀ ਗਈ ਹੈ।ਯਾਦ ਰਹੇ ਕਿ ਸੁਪਰੀਮ ਕੋਰਟ ਵੱਲੋਂ ਵੀ ਇਸ ਮਾਮਲੇ ਦੀ ਜਾਂਚ ਲਈ ਇੱਕ ਵੱਖਰੀ ਕਮੇਟੀ ਬਣਾ ਦਿੱਤੀ ਗਈ ਸੀ। ਸੁਪਰੀਮ ਕੋਰਟ ਨੇ ਮਾਮਲੇ ਦੀ ਜਾਂਚ ਲਈ ਪੰਜਾਬ ਸਰਕਾਰ ਤੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪਹਿਲਾਂ ਤੋਂ ਬਣਾਈਆਂ ਕਮੇਟੀਆਂ ਦੇ ਕੰਮ ਉੱਪਰ ਰੋਕ ਲਗਾ ਦਿੱਤੀ ਸੀ।ਸੁਪਰੀਮ ਕੋਰਟ ਵੱਲੋਂ ਬਣਾਈ ਗਈ ਕਮੇਟੀ ਦੀ ਅਗਵਾਈ ਸੁਪਰੀਮ ਕੋਰਟ ਦੀ ਸਾਬਕਾ ਜਸਟਿਸ ਇੰਦੂ ਮਲਹੋਤਰਾ ਕਰਨਗੇ।
Comments (0)