ਡੇਰਾ ਸਿਰਸਾ ਦੀ ਕਮੇਟੀ ਦੇ ਪੰਜ ਮੈਂਬਰਾਂ ਸਮੇਤ 22 ਡੇਰਾ ਪ੍ਰੇਮੀ  ਰਿਹਾਅ

ਡੇਰਾ ਸਿਰਸਾ ਦੀ ਕਮੇਟੀ ਦੇ ਪੰਜ ਮੈਂਬਰਾਂ ਸਮੇਤ 22 ਡੇਰਾ ਪ੍ਰੇਮੀ  ਰਿਹਾਅ

ਮਾਮਲਾ ਸਾੜ ਫੂਕ ਦਾ 

ਅੰਮ੍ਰਿਤਸਰ ਟਾਈਮਜ਼                             

ਸੰਗਰੂਰ-ਵਧੀਕ ਸੈਸ਼ਨ ਜੱਜ ਮੈਡਮ ਗਿਰੀਸ਼ ਦੀ ਅਦਾਲਤ ਨੇ ਇਕ ਬਿਜਲੀ ਗਰਿੱਡ ਨੂੰ ਅੱਗ ਲਗਾਏ ਜਾਣ ਦੇ ਇਕ ਮਾਮਲੇ ਵਿਚ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਪੰਜ ਮੈਂਬਰਾਂ ਸਮੇਤ 22 ਡੇਰਾ ਪ੍ਰੇਮੀਆਂ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ।ਪੁਲਿਸ ਥਾਣਾ ਦਿੜ੍ਹਬਾ ਵਿਖੇ 25 ਅਗਸਤ 2017 ਨੂੰ ਦਰਜ ਮਾਮਲੇ ਮੁਤਾਬਿਕ ਡੇਰਾ ਸਿਰਸਾ ਮੁਖੀ ਨੂੰ ਸੀ.ਬੀ.ਆਈ. ਦੀ ਇਕ ਅਦਾਲਤ ਵਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਬਿਜਲੀ ਗਰਿੱਡ ਮੁਨਸੀਵਾਲਾ ਵਿਖੇ ਅੱਗ ਲਗਾਏ ਜਾਣ ਦੀ ਵਾਪਰੀ ਘਟਨਾ ਤੋਂ ਬਾਅਦ ਹਰੀਪਾਲ ਐਸ. ਐਸ. ਏ. ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਬਾਅਦ ਦੁਪਹਿਰ 15-20 ਅਣਪਛਾਤੇ ਨੌਜਵਾਨ, ਜਿਨ੍ਹਾਂ ਨੇ ਮੂੰਹ ਢਕੇ ਹੋਏ ਸਨ ਤੇ ਹੱਥਾਂ 'ਚ ਸੋਟੀਆਂ ਤੇ ਪੈਟਰੋਲ ਦੀਆਂ ਬੋਤਲਾਂ ਸਨ, ਗਰਿੱਡ ਦੇ ਕੰਟਰੋਲ ਰੂਮ 'ਚ ਜ਼ਬਰਦਸਤੀ ਦਾਖ਼ਲ ਹੋ ਗਏ ।ਇਹ ਸਾਰੇ ਉੱਚੀ-ਉੱਚੀ ਕਹਿ ਰਹੇ ਸਨ ਕਿ ਸਾਡੇ ਸਿਰਸੇ ਵਾਲੇ ਬਾਬੇ ਨੂੰ ਗ਼ਲਤ ਸਜ਼ਾ ਕੀਤੀ ਗਈ ਹੈ, ਇਸ ਦਾ ਬਦਲਾ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾ ਕੇ ਲਿਆ ਜਾਵੇਗਾ । ਏਨਾ ਕਹਿੰਦਿਆਂ ਹੀ ਇਨ੍ਹਾਂ ਵਿਅਕਤੀਆਂ ਨੇ ਪੈਟਰੋਲ ਦੀਆਂ ਬੋਤਲਾਂ ਨੂੰ ਬਿਜਲੀ ਸਪਲਾਈ ਵਾਲੇ ਬਰੈਕਰਾਂ 'ਤੇ ਸੁੱਟ ਕੇ ਅੱਗ ਲਗਾ ਦਿੱਤੀ ਤੇ ਉਸ ਪਾਸੋਂ ਅਤੇ ਨਾਲ ਵਾਲੇ ਮੁਲਾਜ਼ਮ ਦੇ ਮੋਬਾਈਲ ਫ਼ੋਨ ਖੋਹ ਕੇ ਫ਼ਰਾਰ ਹੋ ਗਏ ।ਪੁਲਿਸ ਨੇ ਜਾਂਚ ਦੌਰਾਨ ਡੇਰਾ ਸਿਰਸਾ ਦੀ ਕਮੇਟੀ ਦੇ ਪੰਜ ਮੈਂਬਰਾਂ ਕੁੱਲ 22 ਡੇਰਾ ਪ੍ਰੇਮੀਆਂ ਨੂੰ ਨਾਮਜ਼ਦ ਕਰ ਕੇ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਸੀ ।