ਜੀ 20 ‘ਤੇ ਮੋਦੀ ਸਰਕਾਰ ਦਾ ਦਾਅਵਾ ਹੈ ਇਸ ਨਾਲ ਭਾਰਤ ਦਾ ਕੌਮਾਂਤਰੀ ਕੱਦ ਉੱਚਾ ਹੋਇਆ

ਜੀ 20 ‘ਤੇ ਮੋਦੀ ਸਰਕਾਰ ਦਾ ਦਾਅਵਾ ਹੈ ਇਸ ਨਾਲ ਭਾਰਤ ਦਾ ਕੌਮਾਂਤਰੀ ਕੱਦ ਉੱਚਾ ਹੋਇਆ

ਰੂਸ ਅਤੇ ਯੂਕੇਨ ਜੰਗ ਵਿੱਚ ਵੰਡੇ ਦੇਸ਼ਾਂ ਨੂੰ ਭਾਰਤ 100 ਤੋਂ ਵੱਧ ਮੁੱਦਿਆਂ ‘ਤੇ ਸਹਿਮਤੀ ਬਣਾਉਣ ਵਿੱਚ ਸਫਲ

*ਭਾਰਤ ਵੱਲੋਂ 4100 ਕਰੋੜ ਖਰਚ , ਤੈਅ ਬਜਟ ਤੋਂ 4 ਗੁਣਾਂ ਵੱਧ ਖਰਚਾ ਹੋਇਆ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਦਿੱਲੀ : ਭਾਰਤ ਵਿੱਚ ਜੀ 20 ਸੰਮੇਲਨ ਦੀ ਮੇਜ਼ਬਾਨੀ ਦੀ ਪੂਰੀ ਦੁਨੀਆ ਵਿੱਚ ਤਾਰੀਫ ਹੋ ਰਹੀ ਹੈ । ਕੇਂਦਰ ਸਰਕਾਰ ਦਾ ਦਾਅਵਾ ਹੈ ਇਸ ਨਾਲ ਦੇਸ਼ ਦਾ ਕੌਮਾਂਤਰੀ ਕੱਦ ਉੱਚਾ ਹੋਇਆ ਹੈ । ਸਭ ਤੋਂ ਵੱਡੀ ਉਪਲਭਦੀ ਇਹ ਰਹੀ ਕਿ ਰੂਸ ਅਤੇ ਯੂਕੇਨ ਜੰਗ ਵਿੱਚ ਵੰਡੇ ਜੀ20 ਦੇਸ਼ਾਂ ਨੂੰ ਭਾਰਤ ਨੇ ਆਪਣੀ ਕੂਟਨੀਤੀ ਦੇ ਨਾਲ 100 ਤੋਂ ਵੱਧ ਮੁੱਦਿਆਂ ‘ਤੇ ਸਹਿਮਤੀ ਬਣਾਉਣ ਵਿੱਚ ਕਾਮਯਾਬੀ ਹਾਸਲ ਕੀਤੀ । ਪਰ ਸੰਮੇਲਨ ਦੇ ਖਤਮ ਹੋਣ ਤੋਂ ਬਾਅਦ ਇਸ ‘ਤੇ ਖਰਚ ਕੀਤੇ ਗਏ ਰੁਪਏ ਅਤੇ ਆਮ ਲੋਕਾਂ ਨੂੰ ਇਸ ਦੇ ਫਾਇਦੇ ਬਾਰੇ ਚਰਚਾਵਾ ਸ਼ੁਰੂ ਹੋ ਗਈਆਂ ਹਨ । ਕੈਨੇਡਾ ਤੋਂ ਬਾਅਦ ਭਾਰਤ ਦੂਜਾ ਅਜਿਹਾ ਮੁਲਕ ਬਣ ਗਿਆ ਹੈ ਜਿਸ ਨੇ ਪਾਣੀ ਵਾਂਗ ਜੀ20 ਸੰਮੇਲਨ ਦੇ ‘ਤੇ ਪੈਸਾ ਖਰਚ ਕੀਤਾ ਹੈ । ਸਿਰਫ਼ ਇਨ੍ਹਾਂ ਹੀ ਨਹੀਂ ਭਾਰਤ ਵੱਲੋਂ ਕੀਤਾ ਗਿਆ ਖਰਚ ਪਿਛਲੇ ਸਾਲ ਇੰਡੋਨੇਸ਼ੀਆਂ ਵਿੱਚ ਹੋਏ ਜੀ20 ਸੰਮੇਲਨ ਤੋਂ ਵੀ 10 ਗੁਣਾ ਵੱਧ ਹੈ ।

ਕੈਨੇਡਾ ਨੇ 2010 ਵਿੱਚ ਜਦੋਂ ਜੀ2O ਮੁਲਕਾਂ ਦੀ ਮੇਜ਼ਬਾਨੀ ਕੀਤੀ ਸੀ ਤਾਂ 4351 ਕਰੋੜ ਖਰਚ ਕੀਤੇ ਸਨ ਜਦਕਿ ਪਿਛਲੇ 2022 ਵਿੱਚ ਇੰਡੋਨੇਸ਼ੀਆ ਨੇ 364 ਕਰੋੜ ਖਰਚ ਕੀਤੇ ਸਨ । 2019 ਵਿੱਚ ਜਾਪਾਨ ਨੇ 2660 ਕਰੋੜ,ਰੂਸ ਨੇ 2013 ਵਿੱਚ 170 ਕਰੋੜ,ਆਸਟਰੇਲੀਆ ਨੇ 2014 ਵਿੱਚ 2,653,ਫਰਾਂਸ ਨੇ 2011 ਵਿੱਚ 712 ਕਰੋੜ, ਜਰਮਨੀ ਨੇ 2017 ਵਿੱਚ 642 ਕਰੋੜ ਖਰਚ ਕੀਤੇ ਸਨ,ਜਦਕਿ 2016 ਵਿੱਚ ਮੇਜ਼ਬਾਨੀ ਕਰਨ ਵਾਲੇ ਚੀਨ ਨੇ ਤਾਂ ਸਿਰਫ਼ 1.9 ਕਰੋੜ ਹੀ ਖਰਚ ਕੀਤੇ ਸਨ । ਜਦਕਿ ਭਾਰਤ ਨੇ 2023 ਵਿੱਚ ਮੇਜ਼ਬਾਨੀ ਕਰਨ ਵੇਲੇ 4100 ਕਰੋੜ ਰੁਪਏ ਖਰਚ ਕਰ ਦਿੱਤੇ ਹਨ । ਇਹ ਜਾਣਕਾਰੀ ਕੇਂਦਰੀ ਮੰਤਰੀ ਮਿਨਾਕਸ਼ੀ ਲੇਖੀ ਨੇ ਆਪ ਦਿੱਤੀ ਹੈ ।

ਹਾਲਾਂਕਿ 2023-2024 ਦੇ ਬਜਟ ਵਿੱਚ ਜੀ20 ਦੇ ਲਈ 990 ਕਰੋੜ ਦਾ ਬਜਟ ਤੈਅ ਹੋਇਆ ਸੀ । ਪਰ ਇਸ ਤੋਂ 4 ਗੁਣਾ ਵੱਧ ਖਰਚ ਕੀਤਾ ਗਿਆ ਹੈ । ਭਾਰਤ ਵੱਲੋਂ ਕੀਤੇ ਗਏ ਖਰਚ ਨੂੰ 12 ਹਿੱਸਿਆਂ ਵਿੱਚ ਵੰਡਿਆ ਗਿਆ ਸੀ । ਕੇਂਦਰੀ ਮੰਤਰੀ ਮਿਨਾਕਸ਼ੀ ਲੇਖੀ ਮੁਤਾਬਿਕ ਕੇਂਦਰ ਸਰਕਾਰ ਨੇ ਰਾਜਧਾਨੀ ਦਿੱਲੀ ਵਿੱਚ 700 ਕਰੋੜ ਨਵੀਆਂ ਸੜਕਾਂ ਦੇ ਨਾਲ ਪੁਰਾਣੀ ਸੜਕਾਂ ਦੀ ਰਿਪੇਅਰ ਅਤੇ ਸੁੰਦਰੀਕਰਨ ‘ਤੇ ਖਰਚ ਕੀਤੇ ਹਨ । ਇਹ ਪੂਰਾ ਫੰਡ ਪੀਡਬਲੂਡੀ ਅਤੇ ਐਮਸੀਡੀ ਦੇ ਜ਼ਰੀਏ ਖਰਚ ਕੀਤਾ ਗਿਆ ਹੈ। ਇਸ ਤੋ ਇਲਾਵਾ 60 ਕਰੋੜ ਰੁਪਏ ਐਨਡੀਐਮਸੀ ਯਾਨੀ ਨਿਉ ਦਿੱਲੀ ਨਗਰ ਨਿਗਮ ਨੂੰ ਦਿੱਤੇ ਗਏ,18 ਕਰੋੜ ਡੀਡੀਏ ਅਤੇ 45 ਕਰੋੜ ਪੀਡਬਲੂਡੀ ਨੂੰ ਵੱਖ ਤੋਂ ਦਿੱਤੇ ਗਏ। ਇਸ ਤੋਂ ਇਲਾਵਾ ਜੀ20 ਵਿੱਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਦੀ ਸੁਰੱਖਿਆ ਨੂੰ ਲੈਕੇ ਦਿੱਲੀ ਪੁਲਿਸ ਨੂੰ 340 ਕਰੋੜ ਦਿੱਤੇ ਗਏ ਸਨ । ਜਦਕਿ ਜੀ20 ਸੰਮੇਲਨ ਦਾ ਪ੍ਰਬੰਧ ਕਰਨ ਲਈ ਇੰਡੀਅਨ ਟ੍ਰੇਡ ਪ੍ਰੋਮੋਸ਼ਨ ਆਰਗੇਨਾਈਜੇਸ਼ਨ ਨੂੰ 3600 ਕਰੋੜ ਰੁਪਏ ਦਿੱਤੇ ਗਏ । ਜੀ20 ਵਿੱਚ ਖਰਚ 4100 ਕਰੋੜ ਰੁਪਿਆ ਸੂਬਿਆਂ ਵਿੱਚ ਵੀ ਵੰਡਿਆ ਗਿਆ ਜਿੰਨ੍ਹਾਂ ਵਿੱਚ ਵੱਖ-ਵੱਖ ਵਿਸ਼ਿਆਂ ਨੂੰ ਲੈਕੇ ਸੰਮੇਲਨ ਕਰਵਾਏ ਗਏ ਸਨ । ਹੁਣ ਸਵਾਲ ਇਹ ਉੱਠਦਾ ਹੈ ਚੀਨ ਵਰਗੇ ਮੁਲਕ ਨੇ 2016 ਵਿੱਚ ਜੀ20 ਦੀ ਮੇਜ਼ਬਾਨੀ ਕਰਨ ਵੇਲੇ ਸਿਰਫ 1.9 ਕਰੋੜ ਖਰਚ ਕੀਤੇ ਸਨ ਜਦਕਿ ਭਾਰਤ ਨੇ 4100 ਕਰੋੜ ਖਰਚ ਕਿਵੇਂ ਕਰ ਦਿੱਤੇ ?ਆਖਿਰ ਇਸ ਪਿੱਛੇ ਕਾਰਨ ਕੀ ਸੀ ?ਪਹਿਲਾਂ ਸਭ ਤੋਂ ਵਡਾ ਕਾਰਨ ਇਹ ਸੀ ਕਿ ਜੀ20 ਤੋਂ ਚੀਨ ਨੂੰ ਜ਼ਿਆਦਾ ਉਮੀਦਾਂ ਨਹੀਂ ਹਨ,ਰੂਸ ਨੂੰ ਛੱਡ ਕੇ ਭਾਰਤ ਸਮੇਤ ਜ਼ਿਆਦਾਤਰ ਪੱਛਮੀ ਮੁਲਕ ਹਨ ਜਿੰਨਾਂ ਦੇ ਨਾਲ ਉਸ ਦਾ ਟਕਰਾਅ ਰਹਿੰਦਾ ਹੈ । ਭਾਰਤ ਲਈ ਜੀ20 ਉਮੀਦਾਂ ਦਾ ਸਮੁੰਦਰ ਸੀ ਜਿਸ ਤੋਂ ਉਹ ਬਹੁਤ ਕੁਝ ਹਾਸਲ ਕਰ ਸਕਦਾ ਸੀ । ਹਾਲਾਂਕਿ ਇਸ ਨੂੰ ਲੈਕੇ 2 ਪੱਖ ਹਨ,ਇੱਕ ਦਾ ਕਹਿਣਾ ਹੈ ਆਮ ਜਨਤਾ ਨੂੰ ਕੁਝ ਨਹੀਂ ਮਿਲਿਆ ਜਦਕਿ ਦੂਜੇ ਪੱਖ ਦਾ ਕਹਿਣਾ ਹੈ ਕਿ ਗਲੋਬਲ ਦੁਨੀਆ ਵਿੱਚ ਭਾਰਤ ਦਾ ਕੱਦ ਵਧਿਆ ਹੈ ਇਸ ਦਾ ਅਸਰ ਆਉਣ ਵਾਲੇ ਵਾਲੇ ਸਾਲਾਂ ਵਿੱਚ ਆਮ ਜਨਤਾ ‘ਤੇ ਵੀ ਪੈਣਾ ਸ਼ੁਰੂ ਹੋਵੇਗਾ । ਇਹ ਕਹਿਣਾ ਕਿ ਇੱਕ ਦਮ ਭਾਰਤ ਵਿੱਚ ਇਸ ਦਾ ਅਸਰ ਪਏਗਾ ਕੋਈ ਕਰਾਂਤੀ ਆਵੇਗੀ ਇਹ ਕਹਿਣਾ ਗਲਤ ਹੋਵੇਗਾ । ਪਰ ਅਸੀਂ ਜੀ20 ਦੇ 4 ਨਤੀਜਿਆਂ ਨਾਲ ਇਸ ਦੀ ਸਫਲਤਾ ਦਾ ਅੰਦਾਜ਼ਾ ਜ਼ਰੂਰ ਲਾ ਸਕਦੇ ਹਾਂ

1 . ਪੱਛਮੀ ਮੁਲਕਾ ਨੇ ਦੱਖਣੀ ਦੁਨੀਆ ਦੀ ਤਾਕਤ ਨੂੰ ਮੰਨਿਆ

ਜੀ20 ਦੇ ਸ਼ੁਰੂਆਤੀ ਦੌਰ ਵਿੱਚ ਸਿਰਫ਼ ਪੱਛਮੀ ਮੁਲਕਾਂ ਦੀ ਚੱਲਦੀ ਸੀ । ਉਨ੍ਹਾਂ ਵੱਲੋਂ ਏਜੰਡਾ ਤਿਆਰ ਹੁੰਦਾ ਸੀ ਉਸੇ ‘ਤੇ ਗੱਲਬਾਤ ਹੁੰਦੀ ਸੀ ਫੈਸਲਾ ਵੀ ਉਨ੍ਹਾਂ ਦੇ ਮੁਤਾਬਿਕ ਹੀ ਹੁੰਦਾ ਸੀ । ਪਰ ਮਾਹਿਰਾਂ ਦਾ ਕਹਿਣਾ ਹੈ ਕਿ ਪਹਿਲੀ ਵਾਰ ਦੱਖਣੀ ਦੇਸ਼ਾਂ ਦਾ ਰੁਤਬਾ ਵਧਿਆ ਹੈ । ਪੂਰੀ ਦੁਨੀਆ ਨੇ ਜੀ20 ਸੰਮੇਲਨ ਵਿੱਚ ਇਸ ਨੂੰ ਮੰਨਿਆ ਹੈ । ਦੱਖਣੀ ਦੇਸ਼ਾਂ ਵਿੱਚ ਭਾਰਤ ਸਭ ਤੋਂ ਤਾਕਤਵਰ ਮੁਲਕ ਹੈ ਯਾਨੀ ਕਿ ਸੰਮੇਲਨ ਵਿੱਚ ਇਹ ਵੀ ਸਾਬਿਤ ਹੋ ਗਿਆ ਹੈ ਕਿ ਗਲੋਬਲ ਦੱਖਣੀ ਦੇਸ਼ਾਂ ਵਿੱਚ ਭਾਰਤ ਲੀਡਰ ਹੈ ਅਤੇ ਜੇਕਰ ਦੱਖਣੀ ਦੇਸ਼ਾਂ ਨੂੰ ਕੋਈ ਵੀ ਪਰੇਸ਼ਾਨੀ ਆਵੇਗੀ ਤਾਂ ਉਹ ਭਾਰਤ ਵੱਲ ਵੇਖਣਗੇ ਅਤੇ ਭਾਰਤ ਜੀ20 ਵਿੱਚ ਇਸ ਨੂੰ ਮਜ਼ਬੂਤੀ ਦੇ ਨਾਲ ਰੱਖੇਗਾ ।

2. ਵਿਚੋਲੀਏ ਦੀ ਹੈਸੀਅਤ ਮਿਲੀ

ਜਦੋਂ ਤੋਂ ਰੂਸ ਅਤੇ ਯੂਕ੍ਰੇਨ ਦੀ ਜੰਗ ਹੋਈ ਭਾਰਤ ਨੇ ਕਿਸੇ ਇੱਕ ਦਾ ਪੱਖ ਵੀ ਨਹੀਂ ਲਿਆ ਹੈ ਸਿਰਫ ਵਿਚੋਲੀਏ ਦੀ ਹੈਸੀਅਤ ਬਣਾਈ ਰੱਖੀ । ਇਸ ‘ਤੇ ਕਈ ਗੰਭੀਰ ਸਵਾਲ ਵੀ ਉੱਠੇ । ਕਿਸੇ ਵੀ ਵੱਡੇ ਮੰਚ ‘ਤੇ ਅਜਿਹਾ ਮੌਕਾ ਨਹੀਂ ਆਇਆ ਜਦੋਂ ਭਾਰਤ ਆਪਣੇ ਰੁੱਖ ਨੂੰ ਸਾਬਿਤ ਕਰ ਸਕੇ । ਪਰ ਜੀ20 ਵਿੱਚ ਜਿੱਥੇ ਇੱਕ ਪਾਸੇ ਅਮਰੀਕਾ ਅਤੇ ਯੂਰੋਪੀਅਨ ਦੇਸ਼ ਸਨ ਤਾਂ ਦੂਜੇ ਪਾਸੇ ਚੀਨ ਅਤੇ ਰੂਸ । ਉੱਥੇ ਭਾਰਤ ਨੇ ਨਾ ਸਿਰਫ ਸੰਤੁਲਨ ਬਿਠਾਇਆ ਬਲਕਿ ਸੰਮੇਲਨ ਦੀ ਸਮਾਪਤੀ ਵੇਲੇ ਦੋਵੇ ਧੁਰ ਵਿਰੋਧੀ ਗੁੱਟਾਂ ਨੇ ਭਾਰਤ ਦੀ ਤਾਰੀਫ ਵੀ ਕੀਤੀ । ਜਦੋਂ ਜੁਆਇੰਟ ਸਮਝੌਤੇ ਦਾ ਸਮਾਂ ਆਇਆ ਤਾਂ ਅਮਰੀਕਾ ਅਤੇ ਯੂਰੋਪੀਅਨ ਦੇਸ਼ ਯੂਕੇਨ ਦਾ ਮੁੱਦਾ ਚੁੱਕਣਾ ਚਾਹੁੰਦੇ ਸਨ ਪਰ ਰੂਸ ਅਤੇ ਚੀਨ ਇਸ ਲਈ ਤਿਆਰ ਨਹੀਂ ਸੀ । ਰੂਸ ਨਾਲ ਭਾਰਤ ਦੇ ਚੰਗੇ ਰਿਸ਼ਤੇ ਹਨ ਇਸ ਦੇ ਬਾਵਜੂਦ ਕਿ ਚੀਨ ਰੂਸ ਦੀ ਹਮਾਇਤ ਕਰਦਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨੇ ਵਿੱਚ ਦਾ ਰਸਤਾ ਲਿਆ ਉਨ੍ਹਾਂ ਨੇ ਜੀ20 ਦੇ ਸਾਬਕਾ ਮੇਜ਼ਬਾਨ ਇੰਡੋਨੇਸ਼ੀਆ ਅਤੇ ਅਗਲੇ ਸਾਲ ਮੇਜ਼ਬਾਨ ਕਰਨ ਵਾਲੇ ਮੁਲਕ ਬ੍ਰਾਜ਼ੀਲ ਦੀ ਮਦਦ ਲਈ ਅਤੇ ਦੋਵਾਂ ਨੂੰ ਕੰਮ ‘ਤੇ ਲਾ ਦਿੱਤਾ,ਇੰਡੋਨੇਸ਼ੀਆ ਨੇ ਅਮਰੀਕਾ ਅਤੇ ਯੂਰੋਪੀ ਮੁਲਕਾਂ ਨੂੰ ਰਾਜ਼ੀ ਕੀਤਾ ਤਾਂ ਬ੍ਰਾਜ਼ੀਲ ਨੇ ਰੂਸ ਅਤੇ ਚੀਨ ਨੂੰ । ਭਾਰਤ ਨੇ ਕਿਹਾ ਜੀ20 ਮੰਚ ਸਹਿਯੋਗ ਨਾਲ ਅੱਗੇ ਕਿਵੇਂ ਵਧਿਆ ਜਾਵੇ ਉਸ ਲਈ ਹੈ ਨਾ ਕਿ ਜੰਗ ਦੇ ਨਤੀਜਿਆਂ ‘ਤੇ ਵਿਚਾਰ ਕਰਨ ਦਾ ਪਲੇਟਫਾਰਮ । ਜਿਸ ‘ਤੇ ਸਾਰੇ ਮੁਲਕ ਰਾਜ਼ੀ ਹੋਏ ਅਤੇ ਕਾਮਨ ਡੈਕਲਰੇਸ਼ਨ ‘ਤੇ ਹਸਤਾਖਰ ਕੀਤੇ,ਜੇਕਰ ਇਹ ਸਿਰੇ ਨਾ ਚੜ੍ਹਦਾ ਤਾਂ ਭਾਰਤ ਦਾ ਜੀ20 ਸੰਮੇਲਨ ਜ਼ੀਰੋ ਹੋ ਜਾਣਾ ਸੀ ।

3. ਮੋਲ ਭਾਵ ਦੀ ਤਾਕਤ ਵੱਧੀ

ਜੀ20 ਸੰਮੇਲਨ ਦੇ ਬਾਅਦ ਭਾਰਤ ਦੀ ਦੁਨੀਆ ਵਿੱਚ ਮੋਲਭਾਵ ਦੀ ਤਾਕਤ ਵੱਧੀ ਹੈ । ਭਾਰਤ ਅਜਿਹਾ ਦੇਸ਼ ਹੈ ਜੋ ਜੀ20 ਦਾ ਮੈਂਬਰ ਹੋਣ ਦੇ ਨਾਲ BRICS ਦਾ ਵੀ ਹਿੱਸਾ ਹੈ ।ਇਸ ਤੋਂ ਇਲਾਵਾ ਭਾਰਤ ਕਈ ਹੋਰ ਮੰਚਾਂ ਦਾ ਮੈਂਬਰ ਹੈ । ਦਿਲਚਸਪ ਗੱਲ ਇਹ ਹੈ ਕਿ ਇਸ ਵਿੱਚ ਅਜਿਹੇ ਕਈ ਦੇਸ਼ ਹਨ ਜੋ ਇੱਕ ਦੂਜੇ ਦੇ ਵਿਰੋਧ ਵਿੱਚ ਹਨ । ਇਨ੍ਹਾਂ ਸਾਰੇ ਗਰੁੱਪ ਵਿੱਚ ਭਾਰਤ ਅਜਿਹਾ ਦੇਸ਼ ਹੈ ਜਿਸ ਦੇ ਦੋਸਤ ਜ਼ਿਆਦਾ ਹਨ ਦੁਸ਼ਮਣ ਘੱਟ ਅਜਿਹੇ ਵਿੱਚ ਤੋਲ-ਮੋਲ ਦੀ ਤਾਕਤ ਵੱਧ ਗਈ ਹੈ । ਵੱਡੀ ਗਲੋਬਲ ਡੀਲ ਵਿੱਚ ਭਾਰਤ ਹੁਣ ਆਪਣੀਆਂ ਸ਼ਰਤਾਂ ਅਸਾਨੀ ਦੇ ਨਾਲ ਮੰਨਵਾ ਸਕਦਾ ਹੈ । ਜਿਵੇ ਰੂਸ ਅਤੇ ਯੂਕ੍ਰੇਨ ਜੰਗ ਦੌਰਾਨ ਭਾਰਤ ਨੇ ਰੂਸ ਤੋਂ ਸਸਤਾ ਤੇਲ ਖਰੀਦਿਆ ਜਦਕਿ ਅਮਰੀਕਾ ਸਮੇਤ ਯੂਰੋਪੀਅਨ ਦੇਸ਼ਾਂ ਨੇ ਬੈਨ ਲੱਗਾ ਦਿੱਤਾ ਸੀ

4. ਚੀਨ ਅਤੇ ਸਾਉਦੀ ਦਾ ਬਦਲ ਬਣਿਆ

ਜੀ20 ਦੇ ਜ਼ਰੀਏ ਭਾਰਤ ਨੇ ਇੱਕ ਤੀਰ ਨਾਲ 2 ਸ਼ਿਕਾਰ ਕੀਤੇ । ਚੀਨ ਆਪਣੇ ਆਪ ਨੂੰ ਬੁਨਿਆਦੇ ਢਾਂਚੇ ਦੇ ਰੂਪ ਵਿੱਚ ਗਲੋਬਲ ਲੀਡਰ ਮੰਨ ਦਾ ਹੈ ,ਇਸੇ ਲਈ ਉਹ ਆਪਣੀ ਵਿਸਤਾਰਵਾਦੀ ਯਾਨੀ ਦੂਜੇ ਦੇਸ਼ਾਂ ‘ਤੇ ਕਬਜ਼ਾ ਕਰਨ ਦੀ ਰਣਨੀਤੀ ਵਿੱਚ ਵਰਤਦਾ ਹੈ। ਜਿਵੇ ਸ਼੍ਰੀਲੰਕਾ ਨੂੰ ਪੈਸਾ ਦੇਕੇ ਉਸ ਦੇ ਬੰਦਰਗਾਹਾਂ ‘ਤੇ ਕਬਜ਼ਾ ਕਰਨਾ,ਨੇਪਾਲ,ਭੂਟਾਨ ਅਤੇ ਪਾਕਿਸਤਾਨ ਵਰਗੇ ਮੁਲਕਾਂ ਨੂੰ ਪੈਸੇ ਦੇ ਕੇ ਉਨ੍ਹਾਂ ਦੀ ਸਰਹੱਦਾਂ ਦੀ ਵਰਤੋਂ ਕਰਦਾ ਹੈ। ਪਰ ਚੀਨ ਨੂੰ ਚਕਮਾ ਦੇਕੇ ਬੀਆਰਆਈ ਦੀ ਤਰਜ਼ ‘ਤੇ ਭਾਰਤ ਨੇ ਪੈਰਲਰ ਭਾਰਤ – ਮਡਲ ਈਸਟ ਯੂਰੋਪ ਇਕੋਨਾਮਿਕ ਕੌਰੀਡੋਰ ਬਣਾਉਣ ਦੀ ਯੋਜਨਾ ਦੀ ਸ਼ੁਰੂਆਤ ਕਰ ਦਿੱਤੀ ਹੈ । ਉਧਰ ਦੂਜੇ ਪਾਸੇ ਮਿਡਲ ਈਸਟ ਵਿੱਚ ਓਪੀਈਸੀ ਦੇਸ਼ਾਂ ਦਾ ਤੇਲ ‘ਤੇ ਦਬਦਬਾ ਤੋੜਨ ਦੇ ਲ਼ਈ ਬਾਓ ਫਿਉਲ ਐਲਾਇੰਸ ਦਾ ਐਲਾਨ ਕਰਕੇ ਦੁਨੀਆ ਭਰ ਦੇ ਦੇਸ਼ਾਂ ਨੂੰ ਸੁਨੇਹਾ ਦਿੱਤਾ ਹੈ । ਭਾਰਤ ਦੋਵੇ ਮੋਰਚਿਆਂ ਵਿੱਚ ਆਪਣੇ ਹਿਸਾਬ ਨਾਲ ਦਿਸ਼ਾ ਦੇ ਰਿਹਾ ਹੈ ।ਜੀ20 ਦੀ ਸਭ ਤੋਂ ਵੱਡੀ ਸਫਲਤਾ ਇਹ ਰਹੀ ਕਿ ਵਿਕਾਸਸ਼ੀਲ ਦੇਸ਼ਾਂ ਦੇ ਹਿੱਤਾ ਦੀ ਆਵਾਜ਼ ਬਣ ਕੇ ਭਾਰਤ ਉਭਰਿਆ ਹੈ । ਸਾਉਥ ਅਫਰੀਕਾ,ਬ੍ਰਾਜ਼ੀਲ,ਇੰਡੋਨੇਸ਼ੀਆ ਵਰਗੇ ਦੇਸ਼ ਵਿਕਸਿਤ ਦੇਸ਼ਾਂ ਦੇ ਸਾਹਮਣੇ ਨਾ ਸਿਰਫ ਮਜ਼ਬੂਤ ਬਣਕੇ ਉਭਰੇ ਬਲਕਿ ਸੰਦੇਸ਼ ਦੇਣ ਵਿੱਚ ਵੀ ਸਫਲ ਰਹੇ ਹੁਣ ਕੋਈ ਵੀ ਏਜੰਡਾ ਇੱਕ ਤਰਫਾ ਨਹੀਂ ਤੈਅ ਕੀਤਾ ਜਾ ਸਕਦਾ ਹੈ ।

ਕੁੱਲ ਮਿਲਾਕੇ ਆਮ ਜਨਤਾ ‘ਤੇ ਸਿੱਧਾ ਜੀ20 ਦਾ ਕੀ ਅਸਰ ਪਏਗਾ ਇਹ ਕਹਿਣਾ ਮੁਸ਼ਕਿਲਾ ਹੈ। ਪਰ ਭਾਰਤ ਦਾ ਗਲੋਬਲ ਵਪਾਰ ਵਿੱਚ ਰੁਤਬਾ,ਦੁਨੀਆ ਨੂੰ ਕੂਟਨੀਤਿਕ ਤਾਕਤ ਵਿਖਾਉਣ ਦਾ ਅਸਰ ਆਉਣ ਵਾਲੇ ਸਾਲਾਂ ਵਿੱਚ ਨਜ਼ਰ ਜ਼ਰੂਰ ਆਵੇਗਾ, ਉਹ ਨਿਵੇਸ਼ ਦੇ ਰੂਪ ਵਿੱਚ ਵੀ ਹੋ ਸਕਦਾ ਹੈ,ਰੁਜ਼ਗਾਰ ਦੇ ਨਜ਼ਰੀਏ ਨਾਲ ਹੋ ਸਕਦਾ ਹੈ,ਵਾਤਾਵਰਣ ਵਿੱਚ ਸੁਧਾਰ ਦੇ ਰੂਪ ਵਿੱਚ ਸਾਹਮਣੇ ਆ ਸਕਦਾ ਹੈ। ਦੁਨੀਆ ਵਿੱਚ ਭਾਰਤ ਦੀ ਫੈਸਲੇ ਲੈਣ ਦੀ ਤਾਕਤ ਅਤੇ ਫੈਸਲੇ ਕਰਨ ਦੀ ਤਾਕਤ ਨੂੰ ਵੀ ਜੀ20 ਦੀ ਸਫਲਤਾਂ ਦੀ ਨਜ਼ਰ ਨਾਲ ਵੇਖਿਆ ਜਾ ਸਕਦਾ ਹੈ ।