ਖਾਰਕੀਵ ਗੋਲਾਬਾਰੀ ਵਿੱਚ ਭਾਰਤੀ ਵਿਦਿਆਰਥੀ ਨਵੀਨ ਕਰਨਾਟਕ ਹਲਾਕ
ਭਾਰਤ ਨੇ ਰੂਸ ਅਤੇ ਯੂਕਰੇਨ ਦੇ ਰਾਜਦੂਤਾਂ ਨੂੰ ਸੱਦ ਕੇ ਨਾਗਰਿਕਾਂ ਲਈ ‘ਸੁਰੱਖਿਅਤ ਲਾਂਘਾ’ ਮੰਗਿਆ
ਮਿ੍ਤਕ ਦੇ ਪਿਤਾ ਦਾ ਦਾਅਵਾ: ਅੰਬੈਸੀ ਨੇ ਖਾਰਕੀਵ ਵਿਚ ਫਸੇ ਵਿਦਿਆਰਥੀਆਂ ਨਾਲ ਰਾਬਤਾ ਨਹੀਂ ਕੀਤਾ
ਅੰਮ੍ਰਿਤਸਰ ਟਾਈਮਜ਼
ਨਵੀਂ ਦਿੱਲੀ : ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਵਿੱਚ ਰੂਸੀ ਫੌਜ ਵੱਲੋਂ ਕੀਤੀ ਗੋਲਾਬਾਰੀ ਵਿਚ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ। ਵਿਦਿਆਰਥੀ ਦੀ ਪਛਾਣ ਕਰਨਾਟਕ ਦੇ ਹਾਵੇਰੀ ਜ਼ਿਲ੍ਹੇ ਦੇ ਨਵੀਨ ਸ਼ੇਖਰੱਪਾ ਗਿਆਨਗੌਦਰ(20) ਵਜੋਂ ਦੱਸੀ ਗਈ ਹੈ, ਜੋ ਖਾਰਕੀਵ ਦੀ ਕੌਮੀ ਮੈਡੀਕਲ ਯੂਨੀਵਰਸਿਟੀਵਿ’ਚ ਚੌਥੇ ਸਾਲ ਦਾ ਵਿਦਿਆਰਥੀ ਸੀ। ਇਸ ਦੌਰਾਨ ਭਾਰਤ ਦੇ ਵਿਦੇਸ਼ ਸਕੱਤਰ ਨੇ ਅੱਜ ਰੂਸ ਤੇ ਯੂਕਰੇਨ ਦੇ ਰਾਜਦੂਤਾਂ ਨੂੰ ਸੱਦ ਕੇ ਯੂਕਰੇਨ ਵਿੱਚ ਫਸੇ ਭਾਰਤੀ ਨਾਗਰਿਕਾਂ ਲਈ ‘ਸੁਰੱਖਿਅਤ ਲਾਂਘੇ’ ਦੀ ਆਪਣੀ ਮੰਗ ਦੁਹਰਾਈ ਹੈ।
ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ’ ਮਿਲੀ ਜਾਣਕਾਰੀ ਅਨੁਸਾਰ ਨਵੀਨ ਨਾਲ ਹੋਸਟਲ ਵਿੱਚ ਰਹਿੰਦੇ ਸ੍ਰੀਧਰਨ ਗੋਪਾਲਾਕ੍ਰਿਸ਼ਨਨ ਨੇ ਦੱਸਿਆ ਕਿ ‘ਨਵੀਨ ਦੀ ਯੂਕਰੇਨੀਅਨ ਸਮੇਂ ਅਨੁਸਾਰ ਮੰਗਲਵਾਰ ਸਵੇਰੇ ਸਾਢੇ ਦਸ ਵਜੇ ਦੇ ਕਰੀਬ ਗੋਲੀਆਂ ਲੱਗਣ ਕਰਕੇ ਮੌਤ ਹੋਈ। ਨਵੀਨ ਇਕ ਕਰਿਆਨੇ ਦੀ ਦੁਕਾਨ ਬਾਹਰ ਕਤਾਰ ਵਿੱਚ ਖੜ੍ਹਾ ਸੀ, ਜਦੋਂ ਰੂਸੀ ਫੌਜ ਨੇ ਲੋਕਾਂ ’ਤੇ ਗੋਲੀਆਂ ਚਲਾਈਆਂ। ਸਾਨੂੰ ਉਸ ਦੀ ਮ੍ਰਿਤਕ ਦੇਹ ਬਾਰੇ ਕੁਝ ਨਹੀਂ ਪਤਾ। ਸਾਡੇ ਵਿਚੋਂ ਕੋਈ ਵੀ ਹਸਪਤਾਲ ਨਹੀਂ ਜਾ ਸਕਿਆ, ਜਿੱਥੇ ਉਸ ਦੀ ਮ੍ਰਿਤਕ ਦੇਹ ਰੱਖੀ ਹੋ ਸਕਦੀ ਹੈ।’’
ਰੂਸ ਵੱਲੋਂ ਯੂਕਰੇਨ ’ਤੇ ਕੀਤੇ ਹਮਲੇ ਦੌਰਾਨ ਗੋਲਾਬਾਰੀ ’ਚ ਮਾਰੇ ਗਏ ਕਰਨਾਟਕ ਦੇ ਵਿਦਿਆਰਥੀ ਨਵੀਨ ਸ਼ੇਖਰੱਪਾ ਦੇ ਪਿਤਾ ਗਿਆਨਗੌਦਰ ਨੇ ਦੋਸ਼ ਲਾਇਆ ਕਿ ਯੂਕਰੇਨ ਦੇ ਖਾਰਕੀਵ ਵਿਚ ਫਸੇ ਭਾਰਤੀ ਵਿਦਿਆਰਥੀਆਂ ਨਾਲ ਭਾਰਤੀ ਅੰਬੈਸੀ ਵਿਚੋਂ ਕਿਸੇ ਨੇ ਵੀ ਰਾਬਤਾ ਨਹੀਂ ਕੀਤਾ। ਨਵੀਨ ਦੇ ਚਾਚਾ ਉੱਜਨਗੌੜਾ ਨੇ ਦਾਅਵਾ ਕੀਤਾ ਕਿ ਉਸ ਦਾ ਭਤੀਜਾ ਹੋਰਨਾਂ ਵਿਦਿਆਰਥੀਆਂ ਨਾਲ ਖਾਰਕੀਵ ਦੇ ਇਕ ਬੰਕਰ ਵਿੱਚ ਫਸਿਆ ਹੋਇਆ ਸੀ। ਉਹ ਸਵੇਰੇ ਕਰੰਸੀ ਬਦਲਾਉਣ ਤੇ ਖਾਣ-ਪੀਣ ਦਾ ਸਾਮਾਨ ਲੈਣ ਲਈ ਗਿਆ ਸੀ ਕਿ ਗੋਲੀਬਾਰੀ ਦੀ ਜ਼ੱਦ ਵਿੱਚ ਆਉਣ ਕਰਕੇ ਉਸ ਦੀ ਮੌਤ ਹੋ ਗਈ। ਉੱਜਨਗੌੜਾ ਨੇ ਕਿਹਾ ਕਿ ਅਜੇ ਮੰਗਲਵਾਰ ਸਵੇਰੇ (ਯੂਕਰੇਨੀ ਸਮੇਂ ਅਨੁਸਾਰ) ਹੀ ਨਵੀਨ ਨੇ ਆਪਣੇ ਪਿਤਾ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਦੱਸਿਆ ਸੀ ਕਿ ਬੰਕਰ ਵਿੱਚ ਖਾਣ-ਪੀਣ ਲਈ ਕੁਝ ਨਹੀਂ ਹੈ। ਇਸ ਦੌਰਾਨ ਸੂਬੇ ਦੇ ਮੁੱਖ ਮੰਤਰੀ ਬਸਵਰਾਜ ਬੋਮੱਈ ਨੇ ਪੀੜਤ ਪਰਿਵਾਰ ਨੂੰ ਫੋਨ ਕਰਕੇ ਆਪਣੀ ਸੰਵੇਦਨਾ ਜ਼ਾਹਿਰ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਪੀੜਤ ਵਿਦਿਆਰਥੀ ਦੇ ਪਰਿਵਾਰ ਨਾਲ ਦੁੱਖ ਵੰਡਾਇਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਗ ਦੇ ਝੰਬੇ ਯੂਕਰੇਨ ਵਿੱਚ ਗੋਲੀਬਾਰੀ ਦੀ ਜ਼ੱਦ ਵਿੱਚ ਆ ਕੇ ਮੌਤ ਦੇ ਮੂੰਹ ਪਏ ਭਾਰਤੀ ਵਿਦਿਆਰਥੀ ਨਵੀਨ ਸ਼ੇਖਰੱਪਾ ਗਿਆਨਗੌਦਰ ਦੇ ਪਿਤਾ ਨਾਲ ਗੱਲਬਾਤ ਕਰਕੇ ਪਰਿਵਾਰ ਨਾਲ ਦੁੱਖ ਵੰਡਾਇਆ। ਯੂਰੋਪੀਨ ਕੌਂਸਲ ਦੇ ਪ੍ਰਧਾਨ ਚਾਰਲਸ ਮਿਸ਼ੇਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਕੇ ਯੂਕਰੇਨੀ ਸ਼ਹਿਰ ਖਾਰਕੀਵ ਵਿੱਚ ਭਾਰਤੀ ਵਿਦਿਆਰਥੀ ਦੀ ਮੌਤ ’ਤੇ ਦੁੱਖ ਦਾ ਇਜ਼ਹਾਰ ਕੀਤਾ। ਮਿਸ਼ੇਲ ਨੇ ਕਿਹਾ ਕਿ ਯੂਰੋਪੀਨ ਮੁਲਕਾਂ ਵੱਲੋਂ ਯੂਕਰੇਨ ਤੋਂ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ।
Comments (0)