ਗੁਰੂ ਨਗਰੀ ਅੰਮਿ੍ਤਸਰ ਨੂੰ ਸੁੰਦਰ ਬਣਾਇਆ ਜਾਵੇ   

ਗੁਰੂ ਨਗਰੀ ਅੰਮਿ੍ਤਸਰ ਨੂੰ ਸੁੰਦਰ ਬਣਾਇਆ ਜਾਵੇ   

ਸ੍ਰੋਮਣੀ ਕਮੇਟੀ ,ਮੋਦੀ ਸਰਕਾਰ ਤੇ ਪੰਜਾਬ ਸਰਕਾਰ ਦੀ ਜਿੰਮੇਵਾਰੀ

 ਭਾਰਤ ਦੇ ਵੱਖ-ਵੱਖ ਸੂਬਿਆਂ ਅਤੇ ਬਾਹਰੀ ਮੁਲਕਾਂ ਤੋਂ ਪੰਜਾਬ ਆਉਣ ਵਾਲੇ ਸੈਲਾਨੀਆਂ ਅਤੇ ਯਾਤਰੂਆਂ ਦੀ ਅੰਮਿ੍ਤਸਰ ਪਹਿਲੀ ਪਸੰਦ ਬਣਿਆ ਹੋਇਆ ਹੈ ।ਇਸ ਲਈ  ਸ੍ਰੋਮਣੀ ਕਮੇਟੀ ,ਮੋਦੀ ਸਰਕਾਰ ਤੇ ਪੰਜਾਬ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ ਕਿ ਇਸ ਦੇ ਆਲੇ ਦੁਆਲੇ ਨੂੰ ਸੁੰਦਰ ਬਣਾਇਆ ਜਾਵੇ।ਟੂਰਿਜ਼ਮ ਮੰਤਰਾਲੇ ਵਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਿਕ ਅੰਮਿ੍ਤਸਰ ਵਿਚ ਪਿਛਲੇ 12 ਵਰਿਆਂ ਦੌਰਾਨ ਦੇਸ਼-ਵਿਦੇਸ਼ ਤੋਂ ਕੁੱਲ 20 ਕਰੋੜ 96 ਲੱਖ 73 ਹਜ਼ਾਰ 244 ਸੈਲਾਨੀ ਤੇ ਸ਼ਰਧਾਲੂ ਅੰਮਿ੍ਤਸਰ ਪਹੁੰਚੇ ਹਨ । ਇਨ੍ਹਾਂ 'ਵਿਚ ਵੱਡੀ ਗਿਣਤੀ ਉਨ੍ਹਾਂ ਸ਼ਰਧਾਲੂਆਂ ਦੀ ਹੈ, ਜੋ ਅੰਮਿ੍ਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚੇ ਸਨ।  ਅੰਮਿ੍ਤਸਰ ਆਉਣ ਵਾਲੇ ਸੈਲਾਨੀਆਂ ਅਤੇ ਯਾਤਰੂਆਂ ਦੀ ਵਾਹਗਾ ਸਰਹੱਦ ਦੂਜੀ ਪਸੰਦ ਹੈ ਅਤੇ ਉੱਥੇ ਰੋਜ਼ਾਨਾ ਰਾਸ਼ਟਰੀ ਝੰਡਾ ਉਤਾਰਨ ਦੀ ਰਸਮ ਵਿਚ ਸ਼ਾਮਿਲ ਹੋਣ ਲਈ ਹਜ਼ਾਰਾਂ ਲੋਕ ਪਹੁੰਚ ਰਹੇ ਹਨ ।ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਸ਼ਰਧਾਲੂਆਂ ਨੂੰ ਦਰਪੇਸ਼ ਮੁਸ਼ਕਲਾਂ ਵੱਲ ਸ਼ੋ੍ਮਣੀ   ਕਮੇਟੀ ਅਤੇ ਪ੍ਰਸ਼ਾਸਨ ਨੂੰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ।

ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਸੰਨ 1577 ਈਸਵੀ ਵਿਚ ਵਸਾਏ 'ਸਿਫ਼ਤੀ ਦੇ ਘਰ' ਚੱਕ ਰਾਮਦਾਸ ਪੁਰ, ਜਿਸਨੂੰ ਕਦੇ ਗੁਰੂ ਕਾ ਚੱਕ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਸੀ, ਅਜੋਕੇ ਸਮੇਂ ਵਿਚ ਸ੍ਰੀ ਅੰਮਿ੍ਤਸਰ ਦੇ ਨਾਂਅ ਨਾਲ ਦੇਸ਼ ਵਿਦੇਸ਼ ਵਿਚ ਪ੍ਰਸਿੱਧ ਹੈ ।ਇਸ ਸ਼ਹਿਰ ਵਿਖੇ ਪਵਿੱਤਰ ਅੰਮਿ੍ਤ ਸਰੋਵਰ ਵਿਚ ਸੁਸ਼ੋਭਿਤ ਸੱਚਖੰਡ ਸ੍ਰੀ  ਦਰਬਾਰ ਸਾਹਿਬ  ਦੇ ਦਰਸ਼ਨ ਇਸ਼ਨਾਨ ਕਰਨ ਤੇ ਨਤਮਸਤਕ ਹੋਣ ਲਈ ਰੋਜ਼ਾਨਾ ਲੱਖਾਂ ਸ਼ਰਧਾਲੂ ਤੇ ਹੋਰ ਯਾਤਰੂ ਦੇਸ਼-ਵਿਦੇਸ਼ ਤੋਂ ਪੁੱਜਦੇ ਹਨ ਤੇ ਹਰ ਸ਼ਨੀਵਾਰ, ਐਤਵਾਰ ਛੁੱਟੀ ਵਾਲੇ ਦਿਨ ਜਾਂ ਫਿਰ ਮੱਸਿਆ, ਸੰਗਰਾਂਦ ਤੇ ਗੁਰਪੁਰਬਾਂ ਮੌਕੇ ਇਹ ਗਿਣਤੀ ਕਈ ਗੁਣਾਂ ਵਧ ਜਾਂਦੀ ਹੈ ।ਇਹ ਸ਼ਹਿਰ ਇੱਕ ਪ੍ਰਸਿੱਧ ਧਾਰਮਿਕ ਤੇ ਵਾਪਰਕ ਕੇਂਦਰ ਹੋਣ ਦੇ ਨਾਲ-ਨਾਲ ਦੇਸ਼ ਦੇ ਪ੍ਰਸਿੱਧ ਸੈਰ-ਸਪਾਟੇ ਦੇ ਕੇਂਦਰ ਵਜੋਂ ਵੀ ਵਿਕਸਤ ਹੋ ਚੁਕਾ ਹੈ | ਪਰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਅਤੇ ਯਾਤਰੀਆਂ ਨੂੰ ਸੁੱਖ ਸਹੁੂਲਤਾਂ ਦੇਣ ਦੇ ਮਾਮਲੇ ਵਿਚ ਨਾ ਤਾਂ ਭਾਰਤ ਸਰਕਾਰ,ਪੰਜਾਬ ਸਰਕਾਰ , ਨਾ ਸਥਾਨਕ ਪ੍ਰਸ਼ਾਸਨ ਅਤੇ ਨਾ ਹੀ ਸ਼ੋ੍ਮਣੀ  ਕਮੇਟੀ ਵੱਲੋਂ ਕੋਈ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ, ਜਿਸ ਕਾਰਨ ਇਸ ਗੁਰੂ ਨਗਰੀ ਦੀ ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। 

ਜਲੰਧਰ ਵੱਲੋਂ ਜੀ. ਟੀ. ਰੋਡ ਮਾਰਗ ਰਾਹੀਂ ਸ਼ਹਿਰ 'ਚ ਦਾਖਲ ਹੁੰਦਿਆਂ ਹੀ ਖੁੱਲ੍ਹੀਆਂ-ਡੁੱਲ੍ਹੀਆਂ 8 ਮਾਰਗੀ ਸੜਕਾਂ ਦੇਖ ਕੇ ਬਾਹਰੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਇਹ ਸ਼ਹਿਰ ਵਿਦੇਸ਼ੀ ਸ਼ਹਿਰਾਂ ਵਰਗਾ ਸਾਫ-ਸੁਥਰਾ ਤੇ ਖੁੱਲ੍ਹਾ-ਡੁੱਲ੍ਹਾ ਪ੍ਰਤੀਤ ਹੁੰਦਾ ਹੈ, ਪਰ ਜਿਉਂ ਹੀ ਸ਼ਰਧਾਲੂ ਜੀ. ਟੀ. ਰੋਡ ਤੋਂ ਸ੍ਰੀ ਦਰਬਾਰ ਸਾਹਿਬ ਵੱਲ ਜਾਣ ਲਈ ਮੋੜ ਮੁੜਦੇ ਹਨ ਤਾਂ ਟੁੱਟੀਆਂ ਸੜਕਾਂ ਤੇ ਸਾਫ ਸਫਾਈ ਦੀ ਤਰਸਯੋਗ ਹਾਲਤ ਦੇਖ ਕੇ ਯਾਤਰੂ ਤੇ ਸ਼ਰਧਾਲੂ ਦੁਖੀ ਹੁੰਦੇ ਹਨ।ਸ਼ਰਧਾਲੂਆਂ ਨੂੰ  ਗੱਡੀਆਂ ਦੀ ਪਾਰਕਿੰਗ ਦੀ ਸਮੱਸਿਆ ਸਾਹਮਣੇ ਆਉਂਦੀ ਹੈ। ਭਾਵੇਂ ਸਰਕਾਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਧਰਮ ਸਿੰਘ ਮਾਰਕਿਟ ਨੇੜੇ ਸਾਰਾਗੜ੍ਹੀ ਸਕੂਲ ਦੀ ਵਿਰਾਸਤੀ ਇਮਾਰਤ ਢਾਹ ਕੇ ਇਥੇ ਬਹੁਮੰਜ਼ਲੀ ਪਾਰਕਿੰਗ ਬਣਾਈ ਗਈ ਹੈ ਤੇ ਕਾਰਾਂ ਗੱੱਡੀਆਂ ਵਾਲੇ ਸ਼ਰਧਾਲੂ ਜੀ. ਟੀ. ਰੋਡ, ਸਿਟੀ ਸੈਂਟਰ ਤੋਂ ਧਰਮ ਸਿੰਘ ਮਾਰਕਿਟ ਚੌਕ ਵਾਲੀ ਬਹੁਮੰਜ਼ਲੀ ਪਾਰਕਿੰਗ ਤੱਕ ਨਵੇਂ ਬਣੇ ਐਲੀਵੇਟਡ ਰੋਡ ਰਾਹੀਂ ਪੁਜਦੇ ਹਨ, ਪਰ ਬੱਸਾਂ, ਟਰੱਕਾਂ, ਟਰਾਲੀਆਂ ਅਤੇ ਹੋਰ ਦੋ ਜਾਂ ਤਿੰਨ ਪਹੀਆ ਵਾਹਨਾਂ 'ਤੇ ਜਾਂ ਪੈਦਲ ਆਉਣ ਵਾਲੇ ਸ਼ਰਧਾਲੂ ਜੀ. ਟੀ. ਰੋਡ ਤੋਂ ਵਾਇਆ ਘਿਉ ਮੰਡੀ ਚੌਕ ਜਾਂ ਫਿਰ ਸਿਟੀ ਸੈਂਟਰ ਤੋਂ ਗੁਰਦੁਆਰਾ ਬਾਬਾ ਅਕਾਲੀ ਫੂਲਾ ਸਿੰਘ ਬੁਰਜ ਤੱਕ ਤੇ ਫਿਰ ਸ਼ੇਰਾਂਵਾਲਾ ਗੇਟ ਤੋਂ  ਹਰਿਮੰਦਰ ਸਾਹਿਬ ਤੱਕ ਪੈਦਲ ਹੀ ਪੁੱਜਦੇ ਹਨ ।ਪਰ  ਦਰਬਾਰ ਸਾਹਿਬ ਨੂੰ ਜਾਂਦੀਆਂ ਇਨ੍ਹਾਂ ਸੜਕਾਂ ਦੀ ਹਾਲਤ ਅੱਤ ਦੀ ਮਾੜੀ ਹੈ  । ਆਪਣੇ ਵਾਹਨ ਗੁਰਦੁਆਰਾ ਬੁਰਜ ਅਕਾਲੀ ਫੂਲਾ ਸਿੰਘ ਵਿਖੇ ਖੜ੍ਹੇ ਕਰਕੇ ਬਹੁਤੇ ਸ਼ਰਧਾਲੂ ਤਾਂ ਸ਼ੇਰਾਂਵਾਲਾ ਗੇਟ, ਘਿਉ ਮੰਡੀ, ਜਾਂ ਮਹਾਂ ਸਿੰਘ ਗੇਟ ਤੋਂ ਪੈਦਲ ਅਤੇ ਨੰਗੇ ਪੈਰੀਂ ਹੀ ਸ੍ਰੀ ਹਰਿਮੰਦਰ ਸਾਹਿਬ ਜਾਂਦੇ ਹਨ, ਤੇ ਟੁੱਟੀਆਂ ਸੜਕਾਂ ਤੇ ਫਿਰ ਸੜਕਾਂ ਤੋਂ ਲੰਘਦੀ ਬੇਤਰਤੀਬੀ ਅਵਾਜਾਈ ਵੀ ਪ੍ਰੇਸ਼ਾਨੀ ਦਾ ਕਾਰਣ ਬਣਦੀ ਹੈ । ਨਗਰ ਨਿਗਮ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਆਸਪਾਸ ਦਿਨ ਵਿਚ ਦੋ ਵਾਰ ਸਫਾਈ ਕਰਾਉਣ ਦੇ ਕੀਤੇ ਦਾਅਵੇ ਵੀ ਝੂਠੇ  ਹਨ । ਇਨ੍ਹਾਂ ਸੜਕਾਂ, ਰਸਤਿਆਂ ਅਤੇ ਕੂੜੇ ਕਰਕਟ ਦੀ ਰਾਤ ਸਮੇਂ ਸਫਾਈ ਕੀਤੇ ਜਾਣ ਦੀ ਲੋੜ ਹੈ | 

ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਪੁਖਤਾ ਸੁਰੱਖਿਆ ਪ੍ਰਬੰਧਾਂ ਦੇ ਨਿੱਤ ਕੀਤੇ ਜਾਂਦੇ ਦਾਅਵਿਆਂ ਦੇ ਬਾਵਜੂਦ ਆਏ ਦਿਨ ਸ਼ਰਧਾਲੂਆਂ ਦੇ ਪਰਸ, ਮੋਬਾਈਲ ਆਦਿ ਲੁਟੇਰਿਆਂ ਵੱਲੋਂ ਖੋਹੇ ਜਾਣ ਦੀਆਂ ਘਟਨਾਵਾਂ ਦੇਖਣ ਸੁਨਣ ਨੂੰ ਮਿਲ ਰਹੀਆਂ ਹਨ । ਸ੍ਰੀ ਦਰਬਾਰ ਸਾਹਿਬ ਦੇ ਬਾਹਰ ਬਾਜ਼ਾਰਾਂ ਵਿਚ ਰੁਮਾਲ ਤੇ ਹੋਰ ਸਮਾਨ ਵੇਚਣ ਵਾਲਿਆਂ ਤੋਂ ਇਲਾਵਾ ਮੰਗਤੇ ਵੀ ਦਰਸ਼ਨ ਕਰਨ ਆਏ ਸ਼ਰਧਾਲੂਆਂ ਨੂੰ ਪ੍ਰੇਸ਼ਾਨ ਕਰਦੇ ਹਨ।ਪੁਲੀਸ ਪ੍ਰਸ਼ਾਸ਼ਨ ਇਸ ਵਲ ਧਿਆਨ ਨਹੀਂ ਦੇ ਰਿਹਾ। 

 ਹਰ ਕੋਈ ਯਾਤਰੂ ਸ੍ਰੀ ਦਰਬਾਰ ਸਾਹਿਬ ਸਮੂਹ ਅੰਦਰ ਬਣੀਆਂ ਸਰਾਵਾਂ ਵਿਚ ਹੀ ਰਹਿਣਾ ਲੋਚਦਾ ਹੈ ਤਾਂ ਕਿ ਸਵੇਰ ਸ਼ਾਮ ਸੱਚਖੰਡ ਸਾਹਿਬ ਦੇ ਦਰਸ਼ਨ ਕੀਤੇ ਜਾ ਸਕਣ, ਪਰ ਰੋਜ਼ਾਨਾ ਲੱਖਾਂ ਸ਼ਰਧਾਲੂਆਂ ਦੀ ਆਮਦ ਦੇ ਮੁਕਾਬਲੇ ਸ਼ੋ੍ਮਣੀ ਕਮੇਟੀ ਦੀਆਂ ਕੇਵਲ 8 ਸਰਾਵਾਂ ਤੇ ਗੈਸਟ ਹਾਊਸਾਂ, ਜਿਨ੍ਹਾਂ ਵਿਚ ਸ੍ਰੀ ਗੁਰੂ ਰਾਮਦਾਸ ਸਰਾਂ (ਨਿਵਾਸ), ਸ੍ਰੀ ਗੁਰੂ ਨਾਨਕ ਨਿਵਾਸ, ਸ੍ਰੀ ਗੁਰੂ ਅਰਜਨ ਦੇਵ ਨਿਵਾਸ, ਸ੍ਰੀ ਗੁਰੂ ਹਰਗੋਬਿੰਦ ਨਿਵਾਸ, ਮਾਤਾ ਗੰਗਾ ਜੀ ਨਿਵਾਸ, ਨਿਊ ਅਕਾਲ ਰੈਸਟ ਹਾਊੁਸ, ਬਾਬਾ ਦੀਪ ਸਿੰਘ ਜੀ ਨਿਵਾਸ (ਨੇੜੇ ਗੁ: ਸ਼ਹੀਦਾਂ ਸਾਹਿਬ) ਅਤੇ ਮਾਤਾ ਭਾਗ ਕੌਰ ਨਿਵਾਸ (ਜੀ. ਟੀ. ਰੋਡ) ਆਦਿ ਸਰਾਵਾਂ ਸ਼ਾਮਿਲ ਹਨ ਇਨ੍ਹਾਂ ਵਿਚ ਕੇਵਲ 660 ਕਮਰੇ ਹੀ ਸ਼ਰਧਾਲੂਆਂ ਲਈ ਉਪਬਲਧ ਹਨ । ਇਸ ਕਾਰਨ ਬਹੁਤੇ ਸ਼ਰਧਾਲੂਆਂ ਨੂੰ ਗਰਮੀ ਸਰਦੀ ਦੇ ਮੌਸਮ ਵਿਚ ਸ੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾ ਦੇ ਵਰਾਂਡਿਆਂ ਵਿਚ ਹੀ ਰਾਤ ਕੱਟਣੀ ਪੈਂਦੀ ਹੈ ਜਾਂ ਫਿਰ ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਬਣੇ ਹੋਟਲਾਂ ਵਿਚ ਮਹਿੰਗੇ ਬਹੁ-ਮੰਜ਼ਿਲਾਂ ਹੋਟਲਾਂ ਵਿਚ ਮਹਿੰਗੇ ਭਾਅ ਕਮਰੇ ਕਿਰਾਏ 'ਤੇ ਲੈਣੇ ਪੈਂਦੇ ਹਨ ।8 ਅਰਬ ਦੇ ਕਰੀਬ ਸਾਲਾਨਾ ਬਜਟ ਵਾਲੀ ਸ਼ੋ੍ਮਣੀ ਕਮੇਟੀ ਨੂੰ ਪਰਿਵਾਰਾਂ ਤੇ ਬੱਚਿਆਂ ਸਮੇਤ ਗੁਰੂ ਘਰ ਨਤਮਸਤਕ ਹੋਣ ਲਈ ਬਾਹਰੋਂ ਆਉਣ ਵਾਲੇ ਸ਼ਰਧਾਲੂਆਂ ਦੇ ਰੈਣ ਬਸੇਰੇ ਲਈ ਬਹੁਮੰਜ਼ਲੀਆਂ ਸਰਾਵਾਂ ਤਿਆਰ ਕਰਕੇ ਇਸ ਸਮੱਸਿਆ ਦਾ ਹੱਲ ਪਹਿਲ ਦੇ ਆਧਾਰ 'ਤੇ ਕੱਢਣਾ ਚਾਹੀਦਾ ਹੈ ਤੇ ਸ਼ਰਧਾਲੂਆਂ ਦੀ ਸਹੂਲਤ ਲਈ  ਸਾਫ-ਸੁਥਰੀਆਂ ਕੰਟੀਨਾਂ ਵੀ ਸਥਾਪਿਤ ਕਰਨੀਆਂ ਚਾਹੀਦੀਆਂ ਹਨ ਤਾਂ ਕਿ ਸ਼ਰਧਾਲੂਆਂ ਨੂੰ ਦੁਕਾਨਦਾਰਾਂ ਦੀ ਲੁੱਟ-ਖਸੁੱਟ ਦਾ ਸ਼ਿਕਾਰ ਨਾ ਹੋਣਾ ਪਵੇ |

ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸਕ ਪਿਛੋਕੜ ਤੇ ਸਿਖ ਧਰਮ ਦੀ ਜਾਣਕਾਰੀ ਬਾਰੇ ਅੰਗਰੇਜ਼ੀ ਪੰਜਾਬੀ ਹਿੰਦੀ ਵਿਚ ਪੈਫਲਿਟ ਵੰਡਿਆ ਜਾਣਾ ਚਾਹੀਦਾ ਹੈ ਤਾਂ ਜੋ ਸਿਖੀ ਪ੍ਰਚਾਰ ਵਿਸ਼ਵ ਪੱਧਰ ਉਪਰ ਫੈਲ ਸਕੇ।

 

ਰਜਿੰਦਰ ਸਿੰਘ ਪੁਰੇਵਾਲ