ਵਿਦਿਆਰਥੀਆਂ ਦੇ ਕਰਵਾਏ ਗਏ ਗੁਰਮਤਿ ਮੁਕਾਬਲੇ
*ਸਿੱਖ ਸੇਵਕ ਸੋਸਾਇਟੀ ਦੇ ਚੇਅਰਮੈਨ ਭਾਈ ਪੁਰੇਵਾਲ, ਸੂਬਾ ਪ੍ਰਧਾਨ ਖਾਲਸਾ ਨੂੰ ਕੀਤਾ ਸਨਮਾਨਿਤ
ਅੰਮ੍ਰਿਤਸਰ ਟਾਈਮਜ਼ ਬਿਊਰੋ
ਜਲੰਧਰ-ਸੰਤ ਜਵਾਲਾ ਗੁਰਮਤਿ ਸੰਗੀਤ ਅਕੈਡਮੀ ਵਲੋਂ ਗੁਰਦੁਆਰਾ ਡੇਰਾ ਸੰਤਗੜ੍ਹ ਵਿਖੇ ਕਰਵਾਏ ਗਏ ਕੀਰਤਨ ਸਮਾਗਮ ਵਿੱਚ ਸਿੱਖ ਸੇਵਕ ਇੰਟਰਨੈਸ਼ਨਲ ਸੁਸਾਇਟੀ ਦੇ ਚੇਅਰਮੈਨ ਭਾਈ ਰਜਿੰਦਰ ਸਿੰਘ ਪੁਰੇਵਾਲ, ਐਡੀਟਰ ਪੰਜਾਬ ਟਾਈਮਜ਼ ਯੂ.ਕੇ, ਸੂਬਾ ਪ੍ਰਧਾਨ ਪਰਮਿੰਦਰ ਪਾਲ ਸਿੰਘ ਖਾਲਸਾ ਤੇ ਉਨ੍ਹਾਂ ਦੇ ਸਾਥੀਆਂ ਨੇ ਹਾਜ਼ਰੀਆਂ ਭਰਕੇ ਵਿਦਿਆਰਥੀਆਂ ਦੇ ਕਰਵਾਏ ਗਏ ਗੁਰਮਤਿ ਮੁਕਾਬਲਿਆ ਦੌਰਾਨ ਅਕੈਡਮੀ ਦੇ ਵਿਦਿਆਰਥੀਆਂ ਪਾਸੋਂ ਗੁਰਬਾਣੀ ਕੀਰਤਨ ਸਰਵਣ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਜਲੰਧਰ ਕਾਰ ਐਸੋਸੀਏਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਬਿੱਟੂ ਤੋਂ ਇਲਾਵਾ ਹਰਦੇਵ ਸਿੰਘ ਗਰਚਾ, ਸਾਹਿਬ ਸਿੰਘ ਆਰਟਿਸਟ, ਸੰਤੀਪ ਸਿੰਘ ਚਾਵਲਾ, ਸੰਤੋਖ ਸਿੰਘ ਦਿੱਲੀ ਪੈਂਟ ਵੱਲੋਂ ਸ਼ਾਮਲ ਹੋ ਕੇ ਜੱਜ ਦੀ ਭੂਮਿਕਾ ਨਿਭਾਈ।ਸਮਾਗਮ ਉਪਰੰਤ ਗੁਰਦੁਆਰਾ ਡੇਰਾ ਸੰਤਗੜ੍ਹ ਦੇ ਮੁਖੀ ਸੰਤ ਭਗਵਾਨ ਸਿੰਘ ਨੇ ਜੱਜ ਦੀ ਭੂਮਿਕਾ ਨਿਭਾਉਣ ਵਾਲੇ ਰਜਿੰਦਰ ਸਿੰਘ ਪੁਰੇਵਾਲ, ਪਰਮਿੰਦਰ ਪਾਲ ਸਿੰਘ ਖਾਲਸਾ ਤੇ ਜਸਬੀਰ ਸਿੰਘ ਬਿੱਟੂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸੰਤ ਭਗਵਾਨ ਸਿੰਘ ਨੇ ਬੱਚਿਆਂ ਨੂੰ ਗੁਰਮਤਿ ਨਾਲ ਜੋੜਨ ਲਈ ਕਿਹਾ ਕਿ ਇਸ ਕੰਮ ਵੱਲ ਸਾਨੂੰ ਵੱਡੇ ਪੱਧਰ ਤੇ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਸਿੱਖ ਸੇਵਕ ਸੁਸਾਇਟੀ ਦੀਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਰਾਜਿੰਦਰ ਸਿੰਘ ਪੁਰੇਵਾਲ ਤੇ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਅਕੈਡਮੀ ਦੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਬਾਣੀ ਤੇ ਬਾਣੇ ਨਾਲ ਜੁੜੇ ਰਹਿਣ ਤੇ ਰਹਿਤ ਮਰਿਆਦਾ ਤੇ ਪਹਿਰਾ ਦਿੰਦੇ ਹੋਏ ਉੱਚ ਵਿੱਦਿਆ ਹਾਸਲ ਕਰਕੇ ਉੱਚ ਅਹੁਦੇ ਤੱਕ ਪਹੁੰਚਣ ਦਾ ਯਤਨ ਕਰਨ। ਉਨ੍ਹਾਂ ਕਿਹਾ ਕਿ ਸਾਡੇ ਵੱਡੇ ਭਾਗ ਹਨ ਕਿ ਸਾਨੂੰ ਸਿੱਖੀ ਜੀਵਨ ਮਿਲਿਆ ਤੇ ਅਸੀਂ ਗੁਰੂ ਦੇ ਹੁਕਮਾਂ ਤੇ ਚੱਲ ਕੇ ਜੀਵਨ ਸਫਲਾ ਕਰ ਸਕਦੇ ਹਾਂ।ਉਨ੍ਹਾਂ ਕਿਹਾ ਕਿ ਸਿੱਖ ਸੇਵਕ ਸੁਸਾਇਟੀ ਵੱਲੋਂ ਬੱਚਿਆਂ ਦੀ ਵਿੱਦਿਆ, ਮੈਡੀਕਲ ਸੇਵਾਵਾਂ ਵੱਲ ਵੱਧ ਤੋਂ ਵੱਧ ਧਿਆਨ ਦਿੱਤਾ ਜਾ ਰਿਹਾ ਹੈ ਤੇ ਜਿੰਨੀ ਵੀ ਸੇਵਾ ਹੋ ਸਕਦੀ ਹੈ ਅਸੀਂ ਪੁਰਾ ਯਤਨ ਕਰ ਰਹੇ ਹਾਂ। ਪਰਮਿੰਦਰ ਪਾਲ ਸਿੰਘ ਖਾਲਸਾ ਨੇ ਅਕੈਡਮੀ ਦੇ ਮੁੱਖ ਪ੍ਰਬੰਧਕ ਸੁਰਜੀਤ ਸਿੰਘ ਸੇਵਕ ਤੇ ਤੰਤੀ ਸਾਜਾਂ ਦੇ ਉਸਤਾਦ ਕਮਲਪ੍ਰੀਤ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੁਰਜੀਤ ਸਿੰਘ ਸੇਵਕ ਗੁਰੂ ਕ੍ਰਿਪਾ ਸਦਕਾ ਪਿਛਲੇ 25 ਸਾਲਾਂ ਤੋਂ ਬੱਚਿਆਂ ਨੂੰ ਗੁਰਬਾਣੀ ਕੀਰਤਨ ਦੀ ਸਿਖਲਾਈ ਬਿਨਾਂ ਫੀਸ ਕਰਵਾ ਰਹੇ ਹਨ ਤੇ ਹੁਣ ਉਹ ਸੰਤ ਜਵਾਲਾ ਸਿੰਘ ਸੰਗੀਤ ਅਕੈਡਮੀ ਵਿੱਚ ਨਿਸ਼ਕਾਮ ਸੇਵਾ ਕਰ ਰਹੇ ਹਨ ਤੇ ਬੱਚਿਆਂ ਨੂੰ ਇਸ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ।
Comments (0)