ਬੀਬੇ ਗੈਂਗਸਟਰ ਬਨਾਮ ਅਜੋਕੇ ਗੈਂਗਸਟਰ

ਬੀਬੇ ਗੈਂਗਸਟਰ ਬਨਾਮ ਅਜੋਕੇ ਗੈਂਗਸਟਰ

ਸਾਡਾ ਸਮਾਜ 

ਅੱਜ ਤੋਂ 77 ਸਾਲ ਪਹਿਲਾਂ ਦੀ ਗੱਲ ਕਰਨ ਲੱਗਾ ਹਾਂ, ਜਦੋਂ ਗੈਂਗਸਟਰ ਸ਼ਬਦ ਸ਼ਾਇਦ ਹੀ ਕਿਸੇ ਦੇ ਮੂੰਹੋਂ ਸੁਣਿਆ ਹੋਵੇਗਾ ਅਤੇ ਇਹ ਅੰਗਰੇਜ਼ੀ ਦੀ ਡਿਕਸ਼ਨਰੀ ਵਿਚ ਹੀ ਲੱਭਦਾ ਸੀ। ਅੱਜ ਪੰਜਾਬੀ ਦੇ ਸਾਰੇ ਅਖ਼ਬਾਰਾਂ ਵਿਚ ਹਰ ਥਾਂ ਗੈਂਗਸਟਰ ਸ਼ਬਦ ਦੀ ਵਰਤੋਂ ਹੋ ਰਹੀ ਹੈ। ਮਾਂ-ਬੋਲੀ ਪੰਜਾਬੀ ਦੀ ਬੁੱਕਲ ਬੜੀ ਜੀ ਆਇਆਂ ਕਹਿਣ ਵਾਲੀ ਹੈ, ਇਸ ਨੇ ‘ਗੈਂਗਸਟਰ’ ਨੂੰ ਵੀ ਆਪਣੀ ਬੁੱਕਲ ਵਿਚ ਲੈ ਲਿਆ ਹੈ ਅਤੇ ਗੈਂਗਸਟਰ ਹੁਣ ਪੰਜਾਬੀ ਹੋ ਗਿਆ ਹੈ।ਦੂਜੀ ਗੱਲ, ਜੇ ਪੰਜਾਬੀ ਯੂਨੀਵਰਸਿਟੀ ਦੀ ਡਿਕਸ਼ਨਰੀ ਦੇਖੀਏ ਤਾਂ ਗੈਂਗਸਟਰ ਦੇ ਅਰਥ ਫ਼ਸਾਦੀ ਅਤੇ ਬਦਮਾਸ਼ ਲਿਖੇ ਹੋਏ ਹਨ- (ਬਦਮਾਅਸ਼ ਫ਼ਾਰਸੀ ਦਾ ਸ਼ਬਦ ਹੈ ਬਦ-ਮੁਆਸ) ਸੋ ਕਿਸੇ ਨੂੰ ਬਦਮਾਸ਼ ਕਹਿਣਾ ਵਧੀਆ ਨਹੀਂ ਲਗਦਾ, ਗਾਲ੍ਹ ਵਰਗਾ ਲਗਦਾ ਹੈ। ਉਸ ਤਰ੍ਹਾਂ ਵੀ ਆਪਾਂ ਬਹੁਤ ਵਾਰੀ ਭੈੜੀ ਗੱਲ ਨੂੰ ਪੰਜਾਬੀ ਦੀ ਥਾਂ ਅੰਗਰੇਜ਼ੀ ਵਿਚ ਕਹਿ ਦਿੰਦੇ ਹਾਂ, ਉਦਾਹਰਨ ਇਕੋ ਹੀ ਬਹੁਤ ਹੈ- ਲੈਟਰੀਨ, ਬਾਥਰੂਮ ਆਦਿ। ਸੋ ਅਖ਼ਬਾਰ ਅਤੇ ਆਪਾਂ ਬਦਮਾਸ਼ ਦੀ ਥਾਂ ਗੈਂਗਸਟਰ ਆਖ ਲੈਂਦੇ ਹਾਂ। ਵੈਸੇ ਅੱਜ ਕੱਲ੍ਹ ਦੇ ਕੁਝ ਨੌਜਵਾਨ ਕਿਸੇ ਮਜਬੂਰੀ ਕਾਰਨ ਕੁਰਾਹੇ ਪੈ ਜਾਂਦੇ ਹਨ ਅਤੇ ਆਪਣੇ ਆਪ ਨੂੰ ਬਦਮਾਸ਼ ਦੀ ਥਾਂ ਗੈਂਗਸਟਰ ਕਹਾਉਣ ਵਿਚ ਹੀ ਫ਼ਖ਼ਰ ਸਮਝਦੇ ਹਨ। ਭਾਈ ਕਾਨ੍ਹ ਸਿੰਘ ਜੀ ਨੇ ‘ਬੀਬੇ’ ਦੇ ਅਰਥ ‘ਭਲਾ’ ਅਤੇ ‘ਨੇਕ’ ਲਿਖੇ ਹਨ ਪਰ ਮੈਂ ‘ਬੀਬਾ’ ਉਸ ਨੂੰ ਸਮਝਦਾ ਹਾਂ ਜਿਸ ਵਿਚ ਸਾਰੇ ਗੁਣਾਂ ਦਾ ਸੁਮੇਲ ਹੋਵੇ: ਫ਼ਰਮਾਬਰਦਾਰ, ਆਦਰ ਕਰਨ ਵਾਲਾ, ਭਲਾ ਚਾਹੁਣ ਵਾਲਾ, ਹਮਦਰਦ ਅਤੇ ਸਿਆਣਾ ਵੀ ਹੋਵੇ।

ਚਲੋ ਅਸਲੀ ਗੱਲ ਕਰੀਏ; ਮੋਗੇ ਦੇ ਬੀਬੇ ਗੈਂਗਸਟਰਾਂ ਦੀ... 77 ਸਾਲ ਪਹਿਲਾਂ 1945 ਵਿਚ ਮੈਂ ਦਸਵੀਂ ਦਾ ਇਮਤਿਹਾਨ ਦਿੱਤਾ ਸੀ। ਮੋਗੇ ਵਿਚ ਜਿਸ ਥਾਂ ਅੱਜ ਕੱਲ੍ਹ ਕੈਂਪ ਕੱਪੜਾ ਮਾਰਕੀਟ ਹੈ, ਉੱਥੇ ਰੇਲ ਪਟੜੀ ਦੇ ਨੇੜੇ ਹੀ ਮੋਤੀ ਰਾਮ ਦਾ ਬਾਗ਼ ਸੀ ਅਤੇ ਹਲਟੀ ਲੱਗੀ ਹੋਈ ਸੀ। ਉੱਥੇ ਅਖਾੜਾ ਵੀ ਸੀ ਜਿੱਥੇ ਮੋਗੇ ਦੇ ਨੌਜਵਾਨ ਮੁੰਡੇ ਡੰਡ ਬੈਠਕਾਂ ਮਾਰਦੇ, ਮਾਲਸ਼ਾਂ ਕਰਦੇ, ਘੁਲ਼ਦੇ, ਹਲਟੀ ਗੇੜ ਕੇ ਨਹਾਉਂਦੇ ਅਤੇ ਸਰੀਰ ਬਣਾਉਂਦੇ ਸਨ। ਉਸ ਸਮੇਂ ਮੋਗਾ ਛੋਟਾ ਹੀ ਹੁੰਦਾ ਸੀ ਤੇ ‘ਮੋਗਾ ਚਾਹ ਜੋਗਾ’ ਹੀ ਕਹਾਉਂਦਾ ਸੀ।

ਪੁਰਾਣੇ ਮੋਗੇ ਸਾਡੇ ਦੁੰਨੇ ਕੇ ਅਗਵਾਰ ਵਿਧਵਾ ਬੇਬੇ ਭੋਲੀ ਰਹਿੰਦੀ ਸੀ। ਉਸ ਦਾ ਇਕੋ-ਇਕ ਮੁੰਡਾ ਸ਼ੇਰਾ ਚੰਗਾ ਜਵਾਨ ਸੀ। ਪੂਰੀ ਲਿਸ਼ਕਦੀ ਟਿੰਡ ਅਤੇ ਤਕੜਾ ਪਹਿਲਵਾਨ। ਉਹ ਵੀ ਰੋਜ਼ ਮੋਤੀ ਰਾਮ ਦੇ ਬਾਗ਼ ਵਿਚ ਆ ਕੇ ਘੁਲ਼ਦਾ ਅਤੇ ਪੱਠਿਆਂ ਨੂੰ ਦਾਅ ਸਿਖਾਉਂਦਾ। ਹੁਣ ਦੂਜਿਆਂ ’ਤੇ ਉਸ ਦੀ ਸਰਦਾਰੀ ਸੀ। ਆਪਣੇ ਆਪ ਨੂੰ ਕੁਝ ਸਮਝਦਾ ਸੀ। ਬਾਕੀ ਮੁੰਡੇ ਉਸ ਤੋਂ ਡਰਦੇ ਅਤੇ ਝੇਪ ਖਾਂਦੇ ਸਨ। ਉਹ ਆਪਣੇ ਆਪ ਨੂੰ ਵੱਡਾ ਬਦਮਾਸ਼ ਅਖਵਾ ਕੇ ਖ਼ੁਸ਼ ਹੁੰਦਾ। ਜੇ ਅੱਜ ਹੁੰਦਾ ਤਾਂ ਆਪਾਂ ਉਸ ਨੂੰ ਗੈਂਗਸਟਰ ਆਖਦੇ। ਉਸ ਨੇ ਆਪਣੇ ਵਰਗੇ ਹੋਰ ਮੁੰਡਿਆਂ ਦੀ ਜੁੰਡਲੀ ਬਣਾ ਲਈ, ਜਿਸ ਨੂੰ ਮਰਜ਼ੀ ਫੜ ਕੇ ਕੁੱਟ ਦੇਣਾ ਅਤੇ ਆਪਣਾ ਦਬਦਬਾ ਕਾਇਮ ਰੱਖਣਾ।

ਉਸ ਸਮੇਂ ਮੋਗੇ ਵਿਚ ਤਿੰਨ ਹੀ ਸਕੂਲ ਸਨ: ਆਰੀਆ, ਦੇਵ ਸਮਾਜ ਅਤੇ ਭੁਪਿੰਦਰਾ ਖ਼ਾਲਸਾ। ਪਿੰਡ ਚੜਿੱਕ ਵੱਲੋਂ ਵੀ ਪਿੰਡਾਂ ਦੇ ਮੁੰਡੇ ਇਕੱਠੇ ਹੋ ਕੇ ਖ਼ਾਲਸਾ ਸਕੂਲ ਆਉਂਦੇ ਸਨ। ਉਨ੍ਹਾਂ ਵਿਚ ਵੀ ਦੋ ਭਰਾ ਤਕੜੇ ਖਾਂਦੇ ਪੀਂਦੇ ਘਰ ਦੇ ਹੁੰਦੇ ਸਨ, ਬੜੇ ਖਰਾਂਟ। ਕੌਡੀ ਦੇ ਵਧੀਆ ਖਿਡਾਰੀ ਅਤੇ ਮਸ਼ਹੂਰ ਜਾਫੀ। ਵੱਡਾ ਭਰਾ ਰੱਸੇ ਦੀ ਟੀਮ ਦਾ ਕਪਤਾਨ ਅਤੇ ਸਦਾ ਬੀਂਡੀ ਲਗਦਾ ਸੀ। ਹਰ ਮੈਚ ਵਿਚ ਝੰਡੀ। ਉਸ ਦਾ ਚੰਗਾ ਤਕੜਾ ਗਰੁੱਪ ਸੀ ਅਤੇ ਦਬਦਬਾ ਵੀ। ਇਹ ਗੱਲ ਸ਼ੇਰੇ ਨੂੰ ਰੜਕਦੀ ਰਹਿੰਦੀ ਅਤੇ ਸ਼ੇਰਾ ਪੂਰੀ ਖਾਰ ਖਾਂਦਾ ਸੀ।

ਮਾਰਚ ਆ ਗਿਆ ਅਤੇ ਦਸਵੀਂ ਦੇ ਇਮਤਿਹਾਨ ਵੀ। ਉਸ ਸਮੇਂ ਪੰਜਾਬ ਯੂਨੀਵਰਸਿਟੀ ਲਾਹੌਰ ਵੱਲੋਂ ਤਿੰਨਾਂ ਸਕੂਲਾਂ ਦਾ ਇਕੋ ਹੀ ਸੈਂਟਰ ਹੁੰਦਾ ਸੀ, ਡੀਐੱਮ ਕਾਲਜ ਦਾ ਸਾਹਮਣਾ ਹਾਲ। ਪੁਲੀਸ ਨਕਲ ਰੋਕਣ ਵਾਸਤੇ ਜਾਂ ਅੱਜ ਵਾਂਗ ਕਰਾਉਣ ਵਾਸਤੇ ਨਹੀਂ ਸੀ ਹੁੰਦੀ। ਨਕਲ ਦਾ ਰਿਵਾਜ ਹੀ ਨਹੀਂ ਸੀ। ਨਕਲ ਦਾ ਰਿਵਾਜ ਆਜ਼ਾਦੀ ਮਿਲਣ ਤੋਂ ਮਗਰੋਂ ਹੀ ਸ਼ੁਰੂ ਹੋਇਆ। ਚੜਿੱਕ ਵਾਲੇ ਵੱਡੇ ਭਰਾ ਦਾ ਵੀ ਦਸਵੀਂ ਦਾ ਇਮਤਿਹਾਨ ਸੀ। ਤਿੰਨ ਪਰਚੇ ਹੋ ਚੁੱਕੇ ਸਨ, ਦੋ ਅਜੇ ਬਾਕੀ ਸਨ। ਉਸ ਦਿਨ ਸ਼ੇਰੇ ਨੇ ਵੱਡੇ ਭਰਾ ਨੂੰ ਕਾਲਜ ਨੇੜੇ ਬਰਫ਼ ਦੇ ਕਾਰਖਾਨੇ ਅੱਗੇ ਜਿੱਥੇ ਅੱਜ ਈਜ਼ੀ ਡੇ ਹੈ, ਘੇਰ ਲਿਆ। ਦੋ ਚਾਰ ਗਾਲ੍ਹਾਂ ਅਤੇ ਫਿਰ ਹੱਥੋ-ਪਾਈ। ਮੁੰਡੇ ਨੇ ਹੱਥ ਜੋੜੇ ਅਤੇ ਮਿੰਨਤ ਕੀਤੀ, “ਬਾਈ, ਮੇਰਾ ਪਰਚਾ ਹੈ ਜਾਣ ਦੇ।” ਸ਼ੇਰਾ ਬਦਮਾਸ਼ ਸੀ ਪਰ ਬੀਬਾ ਸੀ। ਕੁਝ ਸੋਚਿਆ ਹੋਵੇਗਾ। ਸ਼ੇਰੇ ਨੇ ਕਿਹਾ, “ਪੁੱਤ ਤੈਨੂੰ ਲੱਤ ਹੇਠੋਂ ਦੀ ਲੰਘਾਉਣਾ, ਵੱਡਾ ਬਦਮਾਸ਼ ਬਣਿਆ ਫਿਰਦਾ ਏਂ।” ਸ਼ੇਰੇ ਨੇ ਲੱਤ ਉੱਚੀ ਕੀਤੀ, ਉਹ ਵਿਚਾਰਾ ਸਾਰਿਆਂ ਦੇ ਸਾਹਮਣੇ ਸ਼ੇਰੇ ਦੀ ਲੱਤ ਹੇਠੋਂ ਲੰਘ ਗਿਆ। ਸ਼ੇਰੇ ਨੇ ਬੜ੍ਹਕ ਮਾਰੀ ਅਤੇ ਮੂੰਹ ਅੱਗੇ ਘਸੁੰਨ ਰੱਖ ਕੇ ਬੱਕਰਾ ਬੁਲਾਇਆ। ਗੱਲ ਮੁੱਕੀ। ਮੁੰਡੇ ਨੇ ਪਰਚਾ ਦਿੱਤਾ। ਦੂਜਾ, ਆਖ਼ਰੀ ਪਰਚਾ ਵੀ ਦਿੱਤਾ। ਮੁੱਕਿਆ ਇਮਤਿਹਾਨ, ਸ਼ੁਕਰ ਹੋਇਆ।

ਹਫ਼ਤੇ ਕੁ ਮਗਰੋਂ ਚੜਿੱਕ ਵਾਲਾ ਮੁੰਡਾ ਦੋ ਚਾਰ ਸਾਥੀ ਲੈ ਕੇ ਮੋਗੇ ਆ ਗਿਆ। ਉਨ੍ਹਾਂ ਕੋਲ ਹਾਕੀਆਂ ਹੀ ਸਨ। ਉਹ ਬਲਬੀਰ ਉਲੰਪੀਅਨ ਦਾ ਸਮਾਂ ਸੀ। ਹਾਕੀ ਹੀ ਮੁੱਖ ਖੇਡ ਅਤੇ ਹਥਿਆਰ ਹੁੰਦੀ ਸੀ। ਅੱਜ ਵਾਂਗ ਗੈਂਗਸਟਰਾਂ ਕੋਲ ਬੇਸਬਾਲ, ਬੈਟ, ਪਿਸਤੌਲ, ਚਾਕੂ, ਕਿਰਪਾਨਾਂ ਅਤੇ ਜੀਪਾਂ ਨਹੀਂ ਸੀ ਹੁੰਦੀਆਂ। ਮੁੰਡਿਆਂ ਨੇ ਫਿਰ ਤੁਰ ਕੇ ਸ਼ੇਰੇ ਨੂੰ ਬਾਜ਼ਾਰ ਵਿਚ ਹੀ ਫੜ ਲਿਆ ਤੇ ਚੜਿੱਕ ਵਾਲੇ ਨੇ ਇਕੱਲੇ ਹੀ ਉਸ ਨੂੰ ਢਾਹ ਲਿਆ। ਚੰਗੀ ਖੜਕਾਈ ਕੀਤੀ ਅਤੇ ਕਿਹਾ, “ਪੁੱਤ ਨਹੀਂ, ਤੂੰ ਵੱਡਾ ਏਂ; ਬਾਈ, ਅੱਜ ਤਿੰਨ ਵਾਰੀ ਮੇਰੀ ਲੱਤ ਹੇਠੋਂ ਦੀ ਲੰਘਣਾ ਪੈਣਾ।” ਤਿੰਨ ਵਾਰੀ ਸ਼ੇਰੇ ਨੂੰ ਲੱਤ ਹੇਠੋਂ ਦੀ ਲੰਘਾਇਆ। ਉਸ ਦੀ ਕਮੀਜ਼ ਅਤੇ ਕੱਛਾ ਲਹਾ ਲਿਆ। ਉਹ ਇਕੱਲੇ ਲੰਗੋਟ ਨਾਲ ਭੱਜਣ ਲੱਗਾ ਤਾਂ ਮੁੰਡੇ ਨੇ ਕਿਹਾ, “ਬਾਈ, ’ਕੱਲਾ ਜਾਂਗੀਆ ਚੰਗਾ ਨਹੀਂ ਲਗਦਾ।” ਉਸ ਨੂੰ ਉਸ ਦਾ ਕੱਛਾ ਦੇ ਦਿੱਤਾ ਗਿਆ। ਮੁੰਡਿਆਂ ਨੇ ਹਾਕੀ ’ਤੇ ਉਸ ਦੀ ਕਮੀਜ਼ ਟੰਗ ਕੇ ਫਾਟਕਾਂ ਤੋਂ ਲੈ ਕੇ ਅੱਜ ਦੇ ਦੇਵ ਹੋਟਲ ਤੱਕ ਬਾਜ਼ਾਰ ਵਿਚ ਜਲੂਸ ਕੱਢਿਆ ਅਤੇ ਦੱਸਿਆ: “ਇਹ ਹੈ ਤੁਹਾਡੇ ਮੋਗੇ ਦੇ ਬਦਮਾਸ਼ ਦਾ ਝੱਗਾ।”

ਦੱਸਦੇ ਹਨ ਕਿ ਕੁਝ ਦਿਨ ਮਗਰੋਂ ਮੋਗੇ ਦੇ ਕੁਝ ਸਿਆਣੇ ਬੰਦੇ ਲੈ ਕੇ ਸ਼ੇਰਾ ਚੜਿੱਕ ਗਿਆ। ਸੁਲਾਹ ਕਰਵਾਈ, ਹੱਥ ਮਿਲਾਏ ਅਤੇ ਜੱਫੀ ਵੀ ਪਾਈ ਪਰ ਮੁੜ ਕੇ ਸ਼ੇਰਾ ਮੋਗੇ ਨਹੀਂ ਦਿਸਿਆ, ਆਪਣੇ ਨਾਨਕੀਂ ਚਲਾ ਗਿਆ।ਉਹ ਸਮਾਂ ਇੰਨਾ ਖ਼ਤਰਨਾਕ ਨਹੀਂ ਸੀ। ਗੈਂਗਸਟਰ ਤਾਂ ਸਨ ਪਰ ਨਸ਼ਾਮੁਕਤ। ਘਿਓ ਪੀਂਦੇ ਸਨ, ਮਾਰੂ ਹਥਿਆਰ ਨਹੀਂ ਸਨ ਰੱਖਦੇ। ਅੱਜ ਦੀਆਂ ਖ਼ਬਰਾਂ ਪੜ੍ਹ ਕੇ ਬੜਾ ਦੁੱਖ ਹੁੰਦਾ ਹੈ।

 

ਜੋਧ ਸਿੰਘ ਮੋਗਾ