ਸਿੱਖ ਸਿਧਾਂਤ 'ਤੇ ਪਹਿਰਾ ਦਿਆਂਗੇ : ਸਿੱਖ ਪੰਚਾਇਤ

ਸਿੱਖ ਸਿਧਾਂਤ 'ਤੇ ਪਹਿਰਾ ਦਿਆਂਗੇ : ਸਿੱਖ ਪੰਚਾਇਤ

ਫਰੀਮੌਂਟ ਦੀ ਘਟਨਾ ਖਾਲਸਾ ਗਰੁੱਪ ਦੀ ਸੌੜੀ ਸਿਆਸਤ
ਫਰੀਮੌਂਟ : ਸਿੱਖ ਪੰਚਾਇਤ ਨੇ ਅਖ਼ਬਾਰਾਂ ਦੇ ਨਾਮ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਗੁਰਦੁਆਰਾ ਸਾਹਿਬ ਫਰੀਮੌਂਟ ਦੇ ਪ੍ਰਬੰਧ ਨੂੰ ਲੈ ਕੇ ਐਤਵਾਰ ਨੂੰ ਵਾਪਰੀ ਘਟਨਾ ਦਾ ਉਨ੍ਹਾਂ ਨੂੰ ਅਫ਼ਸੋਸ ਹੈ ਪਰ ਉਨ੍ਹਾਂ ਨੇ ਸਾਧ ਸੰਗਤ ਨੂੰ ਬੇਨਤੀ ਕੀਤੀ ਕਿ ਉਹ ਸਾਰੇ ਤੱਥ ਤੇ ਘਟਨਾਵਾਂ ਵੱਲ ਧਿਆਨ ਦੇਵੇ ਜਿਨ੍ਹਾਂ ਕਰਕੇ ਇਹ ਸੱਭ ਕੁੱਝ ਵਾਪਰਿਆ। ਐਤਵਾਰ ਵਾਲੀ ਘਟਨਾ ਬਾਰੇ ਉਨ੍ਹਾਂ ਨੇ ਹਰਮਿੰਦਰ ਸਿੰਘ ਤੇ ਕੁਲਜੀਤ ਸਿੰਘ ਨੂੰ ਦੋਸ਼ੀ ਠਹਿਰਾਉਂਦੇ ਹੋਏ ਕਿਹਾ ਕਿ ਇਨ੍ਹਾਂ ਵੱਲੋਂ ਸ਼ੁੱਕਰਵਾਰ ਨੂੰ ਇੱਕ ਇਕਰਾਰਨਾਮਾ ਹੋਇਆ ਪਰ ਐਤਵਾਰ ਨੂੰ ਇਹ ਮੁੱਕਰ ਗਏ। ਸਿੱਖ ਪੰਚਾਇਤ ਨੇ ਕਿਹਾ ਕਿ ਇਹ ਦੋਨੋਂ ਸੁਪਰੀਮ ਕੌਂਸਲ ਮੈਂਬਰ ਗੁਰਮੀਤ ਸਿੰਘ ਦੀਆਂ ਕੱਠਪੁਤਲੀਆਂ ਹਨ ਅਤੇ ਇਨਾਂ੍ਹ ਦਾ ਕੋਈ ਵਜੂਦ ਨਹੀਂ। ਸ਼ੁੱਕਰਵਾਰ ਨੂੰ ਸਮਝੌਤਾ ਕਰਾਉਣ ਲਈ ਬਾਹਰਲੇ ਸ਼ਹਿਰਾਂ ਸਮੇਤ ਕਈ ਲੋਕਲ ਸਿੰਘ ਵੀ ਪੰਜ ਸੁਪਰੀਮ ਕੌਂਸਲ ਮੈਂਬਰਾਂ ਨੂੰ ਮਿਲੇ ਅਤੇ ਕਈ ਘੰਟੇ ਮੀਟਿੰਗ ਚੱਲਣ ਤੋਂ ਬਾਅਦ 4 ਮੁੱਦਿਆਂ ਤੇ ਸਮਝੌਤਾ ਹੋਇਆ ਪਰ ਐਤਵਾਰ ਨੂੰ ਇਹ ਗੁਰੂ ਗ੍ਰੰਥ ਤੇ ਸਾਧ ਸੰਗਤ ਦੀ ਹਾਜ਼ਰੀ ਵਿੱਚ ਇਹ ਮੁੱਕਰ ਗਏ ਤੇ ਕਹਿਣ ਲੱਗੇ ਸਮਝੌਤਾ ਹੋਇਆ ਹੀ ਨਹੀਂ। ਇਸ ਕਾਰਣ ਹੀ ਸਥਿਤੀ ਤਣਾਅਪੂਰਨ ਹੋਈ। 
ਗੁਰਮੀਤ ਸਿੰਘ ਨੇ ਟਲੇਰੀ ਸ਼ਹਿਰ ਤੋਂ ਲੈ ਕੇ ਸੈਕਰਾਮੈਂਟੋ ਤੱਕ ਬਾਹਰੋਂ ਬੰਦੇ ਸੱਦੇ ਹੋਏ ਸਨ। ਦੀਵਾਨ ਹਾਲ ਵਿੱਚ ਭਾਈ ਜਸਵਿੰਦਰ ਸਿੰਘ ਜੰਡੀ ਨੇ ਹੋਏ ਇਕਰਾਰਨਾਮੇ ਨੂੰ ਪੜ੍ਹਨ ਲਈ ਟਾਈਮ ਮੰਗਿਆ ਤਾਂ ਇਨ੍ਹਾਂ ਬੰਦਿਆਂ ਨੇ ਸਟੇਜ ਘੇਰ ਲਈ ਤੇ ਧੱਕੇ ਮਾਰਨ ਲੱਗੇ। ਖਾਲਸਾ ਗਰੁੱਪ ਨੇ ਪੂਰੇ 15-20 ਮਿੰਟ ਹੁੱਲੜਬਾਜ਼ੀ ਕੀਤੀ। ਉਸ ਤੋਂ ਬਾਅਦ ਫਰੀਮੌਂਟ ਤੇ ਮਿਲਪੀਟਸ ਵਾਲੀਆਂ ਬੀਬੀਆਂ ਨੇ ਸਟੇਜ ਤੇ ਆ ਕੇ ਸਿਮਰਨ ਸ਼ੁਰੂ ਕੀਤਾ ਤਾਂ ਮਹੌਲ ਸੁਖਾਵਾਂ ਬਣਿਆ। ਉਸ ਤੋਂ ਬਾਅਦ ਸਟੇਜ ਦੀ ਸੇਵਾ ਗ੍ਰੰਥੀ ਸਿੰਘ ਹਰਪ੍ਰੀਤ ਸਿੰਘ ਨੇ ਨਿਭਾਈ। 
ਸਾਰੇ ਵਿਵਾਦ ਤੋਂ ਬਾਅਦ ਗੁਰਮੀਤ ਸਿੰਘ ਤੇ ਬੀਬੀ ਸਰਬਜੀਤ ਕੌਰ ਚੀਮਾ ਨੇ ਇੱਕ ਮੀਟਿੰਗ ਵਿੱਚ ਪੰਜ ਪਿਆਰਾ ਗੁਰਸਿਧਾਂਤ 'ਤੇ ਹੀ ਕਿੰਤੂ ਕਰਕੇ ਇਹ ਮੱਦ ਬਦਲਣ ਦੀ ਵਕਾਲਤ ਕੀਤੀ। ਇਨ੍ਹਾਂ ਨੇ ਕਿਹਾ ਕਿ ਅਸੀਂ ਦੁਨਿਆਵੀ ਲੋਕ ਹਾਂ ਗੁਰੂ ਸਾਹਿਬ ਵੇਲੇ ਦੇ ਪੰਜ ਪਿਆਰਿਆਂ ਦੀ ਬਰਾਬਰੀ ਨਹੀਂ ਕਰ ਸਕਦੇ ਤੇ ਪੱਛਮ ਵਿੱਚ ਰਹਿੰਦੇ ਹਾਂ ਇਸ ਲਈ ਪੰਜ ਪਿਆਰਿਆਂ ਦੀ ਸਰਬ-ਸੰਮਤੀ ਹੋਣੀ ਔਖੀ ਹੈ। ਇਸ ਲਈ ਬਹੁਸੰਮਤੀ ਵਾਲਾ ਸਿਧਾਂਤ ਚਾਹੀਦਾ ਹੈ। ਯਾਦ ਰਹੇ ਇਹੋ ਗੱਲਾਂ ਗੁਰਬਖਸ਼ ਸਿੰਘ ਕਾਲਾ ਅਫਗਾਨਾ ਤੇ ਇੰਦਰਜੀਤ ਸਿੰਘ ਘੱਗਾ ਕਰਦੇ ਹਨ, ਜਿਸ ਵਿੱਚ ਗੁਰਸਿਧਾਂਤ ਨੂੰ ਤਰਕ ਤੇ ਅਜੋਕੇ ਸਮੇਂ ਵਿੱਚ ਢਾਲ ਲੈਣਾ ਚਾਹੀਦਾ ਹੈ। ਗੁਰਮੀਤ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਨਵੀਂ ਪੀੜ੍ਹੀ ਪੰਜ ਪਿਆਰਾ ਸਿਧਾਂਤ ਅਧੀਨ ਸਰਬ-ਸੰਮਤੀ ਕਰਨ ਦੇ ਸਮਰੱਥ ਨਹੀਂ ਹੋਵੇਗੀ, ਇਸ ਲਈ ਬਹੁਸੰਮਤੀ ਦਾ ਸਿਧਾਂਤ ਲਾਗੂ ਕਰ ਦੇਣਾ ਚਾਹੀਦਾ। ਮਤਲਬ ਸਿੱਖ ਸਿਧਾਂਤ ਦੀ ਬਜਾਏ ਕਾਰਪੋਰੇਸ਼ਨ ਸਿਧਾਂਤ ਜ਼ਿਆਦਾ ਢੁੱਕਵਾਂ ਹੈ। 
ਸਿੱਖ ਪੰਚਾਇਤ ਨੇ ਆਪਣੀ ਗੱਲ 'ਤੇ ਪਹਿਰਾ ਦਿੰਦੇ ਹੋਏ ਕਿਹਾ ਕਿ ਚਾਹੇ ਚੋਣਾਂ ਵਿੱਚ ਕੁੱਝ ਮਹੀਨੇ ਹੀ ਰਹਿ ਗਏ ਹਨ ਅਤੇ ਸੰਗਤ ਨੂੰ ਇਹ ਭੰਬਲ਼ਭੂਸਾ ਹੈ ਕਿ ਉੱਨੀ ਦੇਰ ਝਗੜਾ ਕਿਉਂ ਕੀਤਾ ਜਾ ਰਿਹਾ ਹੈ, ਦਾ ਸਪੱਸ਼ਟੀਕਰਣ ਦਿੰਦੇ ਹੋਏ ਕਿਹਾ ਕਿ ਝਗੜਾ ਸਿਧਾਂਤ ਹੈ ਨਾਂ ਕਿ ਗੁਰਦੁਆਰਾ ਪ੍ਰਬੰਧ ਜਾਂ ਚੋਣ ਪ੍ਰੀਕਿਰਿਆ ਦਾ। ਸਿਧਾਂਤ ਦੀ ਉਲੰਘਣਾ ਇੱਕ ਦਿਨ ਵੀ ਮਨਜੂਰ ਨਹੀਂ। ਜਦੋਂ ਕੋਈ ਗੁਰੂ ਦੇ ਸਮਰੱਥ ਹੋਣ ਤੇ ਚੈਲੰਜ ਕਰਨ ਲੱਗ ਪਏ ਤਾਂ ਉਹ ਦਾ ਕੀ ਇਲਾਜ ਹੈ?
ਸਿੱਖ ਪੰਚਾਇਤ ਨੇ ਸਿੱਖਸ ਫਾਰ ਜਸਟਿਸ, ਅਕਾਲੀ ਦਲ ਮਾਨ ਦੇ ਭਾਈ ਟੁਲੇਰੀ ਅਤੇ ਭਜਨ ਸਿੰਘ ਭਿੰਡਰ ਵੱਲੋਂ ਨਸ਼ਲਕੁਸ਼ੀ ਦੇ ਬਹਾਨੇ ਇਸ ਜਨਰਲ ਬਾਡੀ ਵਿੱਚ ਬਾਹਰੋਂ ਆ ਕੇ ਸ਼ਾਮਿਲ ਹੋਣ ਤੇ ਅਫ਼ਸੋਸ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਮਾਨ ਦੇ ਤਕਰੀਬਨ ਸਾਰੇ ਸਿੰਘ ਇਸ ਵਿੱਚ ਸ਼ਾਮਿਲ ਨਹੀ ਹੋਏ ਪਰ ਟੁਲੇਰੀ ਨੇ ਸਾਰਿਆਂ ਦੀ ਪ੍ਰਵਾਹ ਕੀਤੇ ਬਿਨਾ ਪਾਰਟੀ ਵਿਰੁੱਧ ਸਟੈਂਡ ਲਿਆ। ਪੰਚਾਇਤ ਨੇ ਕਿਹਾ ਕਿ ਝਗੜੇ ਵੇਲੇ ਸਿੱਖ ਸੰਸਥਾਵਾਂ ਸਮਝੌਤੇ ਕਰਵਾਉਣ ਆਉਂਦੀਆਂ ਹਨ ਪਰ ਇੱਥੇ ਇਨ੍ਹਾਂ ਨੇ ਸਿੱਧੇ ਰੂਪ ਵਿੱਚ ਖਾਲਸਾ ਧੜੇ ਦੀ ਮਦਦ ਕਰਕੇ ਵਿਵਾਦ ਹੋਰ ਭਖਾਇਆ ਹੈ। ਸਿੱਖ ਪੰਚਾਇਤ ਨੇ ਇਨ੍ਹਾਂ ਨੂੰ ਬੇਨਤੀ ਕੀਤੀ ਕਿ 8 ਦਸੰਬਰ ਵਾਲੀ ਦੁਬਾਰਾ ਹੋਣ ਵਾਲੀ ਮੀਟਿੰਗ ਵਿੱਚ ਦਖ਼ਲ ਨਾ ਦੇਣ ਤਾਂ ਜੋ ਲੋਕਲ ਸੰਗਤ ਆਪਣੇ ਫ਼ੈਸਲੇ ਕਰ ਸਕੇ। ਉਨ੍ਹਾਂ ਨੇ ਜਥੇਬੰਦੀਆਂ ਨੂੰ ਸੁਆਲ ਕੀਤਾ ਕਿ ਜਿਨ੍ਹਾਂ ਦੀ ਮਦਦ ਤੇ ਤੁਸੀਂ ਆਉਂਦੇ ਹੋ, ਉਹ ਪੱਛਮ ਦੀਆਂ ਲੀਹਾਂ ਤੇ ਪੰਜ ਪਿਆਰਾ ਸਿਧਾਂਤ ਨੂੰ ਬਦਲਣ ਦੀ ਵਕਾਲਤ ਕਰਦੇ ਹਨ। ਇਸ ਲਈ ਮਦਦ ਕਰਨ ਵੇਲੇ ਸੋਚ ਵਿਚਾਰ ਕਰ ਲੈਣੀ ਚਾਹੀਦੀ ਹੈ। 
ਇੱਥੇ ਸਾਧ ਸੰਗਤ ਨੂੰ ਇੱਕ ਜਾਣਕਾਰੀ ਦੇਣੀ ਬਣਦੀ ਹੈ ਕਿ ਖਾਲਸਾ ਗਰੁੱਪ ਜਨਰਲ ਬਾਡੀ ਰੁਕਵਾਉਣ ਲਈ ਕੋਰਟ ਵਿੱਚ ਗਿਆ ਸੀ ਅਤੇ ਕੋਰਟ ਨੇ ਇਨ੍ਹਾਂ ਦੀ ਅਪੀਲ ਖ਼ਾਰਜ ਕਰ ਦਿੱਤੀ ਸੀ ਪਰ ਫੇਰ ਵੀ ਇਨ੍ਹਾਂ ਨੇ ਕੋਰਟ ਦੇ ਆਰਡਰਾਂ ਦੀ ਪਰਵਾਹ ਕੀਤੇ ਬਗੈਰ ਜਨਰਲ ਬਾਡੀ ਨਹੀਂ ਹੋਣ ਦਿੱਤੀ। 
ਸਿੱਖ ਪੰਚਾਇਤ ਨੇ ਆਪਣੀ ਗੱਲ ਦੁਹਰਾਉਂਦਿਆਂ ਆਉਣ ਵਾਲੀ ਜਨਰਲ ਬਾਡੀ ਦੇ ਮੁੱਦਿਆਂ ਦਾ ਜ਼ਿਕਰ ਕਰਦੇ ਕਿਹਾ ਕਿ ਸਾਡੀ ਕੋਸ਼ਿਸ਼ ਹੋਵੇਗੀ ਕਿ ਮੌਜੂਦਾ ਸਾਰੇ ਸੁਪਰੀਮ ਕੌਂਸਲ ਮੈਂਬਰ ਸ਼ੁੱਕਰਵਾਰ ਨੂੰ ਕੀਤੇ ਸਮਝੌਤੇ 'ਤੇ ਪਹਿਰਾ ਦੇਣ ਅਤੇ 8 ਦਸੰਬਰ ਨੂੰ ਆਪ ਹੀ ਸੰਗਤ ਨੂੰ ਸੁਣਾ ਦੇਣ। ਜੇ ਉਹ ਪੰਜ ਪਿਆਰਾ ਸਿਧਾਂਤ ਤੇ ਪਹਿਰਾ ਨਹੀਂ ਦੇ ਸਕਦੇ ਤਾਂ ਪਾਸੇ ਹੋ ਜਾਣ ਤੇ ਸੰਗਤ ਆਰਜ਼ੀ ਤੌਰ ਤੇ ਚੋਣਾਂ ਤੱਕ ਨਵੀਂ ਸੁਪਰੀਮ ਕੌਂਸਲ ਚੁਣ ਲਵੇ।



ਗੁਰਦੁਆਰਾ ਸਾਹਿਬ ਫਰੀਮੌਂਟ ਦੀ ਸੁਪਰੀਮ ਕੌਂਸਲ ਵਲੋਂ ਸਰਬਸੰਮਤੀ ਨਾਲ ਲਏ ਗਏ ਫੈਸਲੇ
ਮਿਤੀ , ਨਵੰਬਰ 22 2019 
ਗੁਰੂ ਪਿਆਰੀ ਸਾਧ ਸੰਗਤ ਜੀ , ਪਿਛਲੇ ਕੁਝ ਸਮੇਂ ਤੋਂ ਗੁਰਦਵਾਰਾ ਸਾਹਿਬ ਫਰੀਮੌਂਟ ਵਿਖੇ ਚੱਲ ਰਹੇ ਵਿਵਾਦ ਅਤੇ ਤਲਖੀ ਵਾਲੇ ਮਾਹੌਲ ਤੋਂ ਇਲਾਕੇ ਅਤੇ ਬਾਹਰਲੇ ਇਲਾਕਿਆਂ ਵਿਚ ਬੈਠੀਆਂ ਸੰਗਤਾਂ ਪ੍ਰੇਸ਼ਾਨ ਅਤੇ ਫ਼ਿਕਰਮੰਦ ਸਨ. ਸੰਗਤ ਵਿਚੋਂ ਕੁੱਝ ਸੁਹਿਰਦ ਅਤੇ ਪਤਵੰਤੇ ਸੱਜਣਾਂ ਵਲੋਂ ਲਗਾਤਾਰ ਪਿਛਲੇ ਕੁੱਝ ਹਫਤਿਆਂ ਤੋਂ ਦੋਨਾਂ  ਗਰੁੱਪਾਂ ਨਾਲ ਮੀਟਿੰਗਾਂ ਦਾ ਪ੍ਰਬੰਧ ਕੀਤਾ ਗਿਆ। 
ਦੋਨਾਂ ਗਰੁਪਾਂ ਦੀ ਗੱਲ ਬੜੇ ਧਿਆਨ ਨਾਲ ਵਾਚਣ ਤੋਂ ਬਾਅਦ, ਇਹਨਾਂ ਸਾਂਝੇ ਤੇ ਸੁਹਿਰਦ ਸੱਜਣਾਂ ਵਲੋਂ ਇਹ ਫੈਸਲਾ ਕੀਤਾ ਗਿਆ ਕਿ ਸੁਪਰੀਮ ਕੌਂਸਲ ਦੇ ਪੰਜ ਮੈਂਬਰਾਂ (ਪੰਜ ਪਿਆਰਾ) ਨੂੰ ਮਿਲ ਕੇ ਇਸ ਸਮੱਸਿਆ ਦਾ ਹੱਲ ਲੱਭਣ ਦੀ ਬੇਨਤੀ  ਕੀਤੀ  ਜਾਵੇ, ਲਿਹਾਜ਼ਾ ਅੱਜ ਮਿਤੀ 22 ਨਵੰਬਰ  2019 , ਦਿਨ ਸ਼ੁੱਕਰਵਾਰ ਨੂੰ, ਗੁਰਦਵਾਰਾ ਸਾਹਿਬ ਫਰੀਮੌਂਟ ਵਿਖੇ ਇੱਕ ਵਿਸਥਾਰ ਮੀਟਿੰਗ ਕੀਤੀ ਗਈ।
ਬਹੁਤ ਹੀ ਪ੍ਰੇਮ ਤੇ ਜ਼ਿੰਮੇਵਾਰੀ ਵਾਲੇ ਮਾਹੌਲ ਵਿਚ ਕੋਈ 5 ਘੰਟੇ ਚੱਲੀ ਇਸ ਮੀਟਿੰਗ ਵਿਚ ਸਾਰੇ ਮੈਂਬਰ ਸਾਹਿਬਾਨ ਵਲੋਂ ਬੜੀ ਸੁਹਿਰਦਤਾ ਦਾ ਸਬੂਤ ਦਿੱਤਾ ਗਿਆ। ਇੱਕ  ਦੂਜੇ ਦੀ ਗੱਲ ਨੂੰ ਸੁਣਿਆ ਤੇ ਸਮਝਿਆ ਗਿਆ। ਕਾਫੀ ਮੁੱਦਿਆਂ ਉੱਤੇ ਆਮ ਸਹਿਮਤੀ ਪ੍ਰਗਟ ਕੀਤੀ ਗਈ। ਇਸ ਸਾਰੇ ਵਿਵਾਦ ਨੂੰ ਠੱਲ੍ਹ ਪਾਉਣ ਲਈ ਸਾਂਝੇ ਸੱਜਣਾਂ ਦੀ ਹਾਜ਼ਰੀ ਵਿਚ ਹੇਠ ਲਿਖੇ ਫੈਸਲੇ ਲਏ ਗਏ।
À) ਵੋਟਾਂ ਦੀ ਪ੍ਰਕਿਰਿਆ ਪੂਰੀ ਕਰਨ ਲਈ ਹੇਠ ਲਿਖੇ ਸਾਂਝੇ ਸੱਜਣ ਮੁਕਰਰ ਕੀਤੇ ਗਏ ਹਨ। ਇਹ ਕਮੇਟੀ ਆਪਸ ਵਿੱਚ ਬਹੁਸੰਮਤੀ ਨਾਲ ਕਿਸੇ ਮੁੱਦੇ ਜਾਂ ਵਿਵਾਦ ਬਾਰੇ ਫੈਸਲਾ ਨਹੀਂ ਕਰ ਸਕੇਗੀ। ਅਜਿਹੀ ਸਥਿਤੀ ਵਿੱਚ ਜਿਹੜੇ ਸੁਹਿਰਦ ਵੀਰਾਂ ਨੇ ਸਮਝੌਤਾ ਕਰਾਇਆ ਹੈ ਉਹਨਾਂ ਨੂੰ ਫੈਸਲਾ ਲੈਣ ਦੀ ਖੁੱਲ੍ਹ ਹੋਵੇਗੀ। 
1. ਨਿਰਪਾਲ ਸਿੰਘ ਮੁਸ਼ੀਆਣਾ  
2. ਅਮ੍ਰਿਤਪਾਲ ਪਾਲ ਸਿੰਘ 
3. ਤੇਜਿੰਦਰ ਸਿੰਘ ਧਾਮੀ 
4. ਬਲਜੀਤ ਸਿੰਘ  ਹੰਸਰਾ 
5. ਕਮਲਜੀਤ ਸਿੰਘ  ਧਾਮੀ 
6. ਇਕਬਾਲ  ਸਿੰਘ ਹੁੰਦਲ 
7. ਜੋਤ ਪ੍ਰੀਤ ਸਿੰਘ ਸ਼ਾਹੀ 
8. ਹਰਜਿੰਦਰ ਸਿੰਘ ਬਾਸੀ 
9. ਚਾਰਲੀ ਸਿੰਘ ਚੀਮਾ 
ਉਪਰੋਕਤ ਸੱਜਣ, ਵੋਟਾਂ ਬਣਾਉਣ ਦੀ ਪ੍ਰਕਿਰਿਆ, ਬਿਨਾ ਕਿਸੇ ਭੇਦ ਭਾਵ ਅਤੇ ਨਿਰਪੱਖ ਹੋ ਕੇ ਚਲਾਉਣ ਦਾ ਅਹਿਦ ਲੈ ਕੇ ਪਰਕਿਰਿਆ ਸ਼ੁਰੂ ਕਰਨਗੇ।
ਅ) ਪੰਜ ਪਿਆਰਿਆਂ ਦੇ ਸਿਧਾਂਤ ਦੀ ਰੋਸ਼ਨੀ ਵਿੱਚ ਆਉਣ ਵਾਲੇ ਤਿੰਨ ਮਹੀਨੇ ਭਾਵ ਚੋਣਾਂ ਤੋਂ ਪਹਿਲਾਂ ਜੇਕਰ ਸੰਗਤ ਜਾਂ ਗੁਰਦਵਾਰਾ ਸਾਹਿਬ ਦੀ ਬੇਹਤਰੀ ਲਈ ਕੋਈ ਫੈਸਲਾ ਲੈਣ ਦੀ ਜ਼ਰੂਰਤ ਪੈਂਦੀ ਹੈ ਤਾਂ ਪੰਜ ਸੁਪਰੀਮ ਕੌਂਸਿਲ ਮੈਂਬਰਾਨ ਦੀ ਸਹਿਮਤੀ ਤੋਂ ਬਗੈਰ ਕੋਈ ਵੀ ਮੁੱਦਾ ਪਾਸ ਨਹੀਂ ਕੀਤਾ ਜਾਵੇਗਾ। ਕੋਈ ਵੀ ਫੈਸਲਾ ਬਹੁ ਸੰਮਤੀ ਦੀ ਬਜਾਏ ਸਰਬ ਸੰਮਤੀ ਨਾਲ ਹੀ ਲਿਆ ਜਾ ਸਕਦਾ ਹੈ। ਪਿਛਲੇ ਕੁੱਝ ਮੁੱਦੇ ਜਿਵੇਂ ਕੈਲ਼ੰਡਰ, 8V13 ਪ੍ਰੋਜੈਕਟ,  Phase-੨ ਦੀ ਉਸਾਰੀ ਆਦਿ ਮਾਰਚ ਦੀਆਂ ਚੋਣਾਂ ਤੱਕ ਰਾਖਵੇਂ ਰਹਿਣਗੇ।
Â) ਸਟੇਜ ਕਮੇਟੀ ਕਿਸੇ ਵੀ ਤਰ੍ਹਾਂ ਨਾਲ ਸਟੇਜ ਨੂੰ,  ਚੋਣਾਂ ਵਿਚ  ਜਾਂ ਚੋਣਾਂ ਤੋਂ ਪਹਿਲਾਂ, ਕਿਸੇ ਖਾਸ ਧਿਰ ਦੇ ਮੁਫ਼ਾਦ  ਲਈ ਸਿੱਧੇ ਜਾਂ ਅਸਿੱਧੇ ਰੂਪ ਵਿਚ ਨਹੀਂ ਵਰਤ ਸਕਦੀ।
ਸ) ਖ਼ਜ਼ਾਨਾ ਅਤੇ ਸਟੇਜ ਦਾ ਕੰਟਰੋਲ ਅਗਲੇ ਤਿੰਨ ਮਹੀਨੇ, ਭਾਵ ਚੋਣਾਂ ਤੱਕ ਪਿਛਲੇ ਦਿਨਾਂ ਵਾਂਗ ਬਿਨਾਂ ਕਿਸੇ ਬਦਲਾਅ ਤੋਂ ਚਲਦਾ ਰਹੇਗਾ!


ਹਊਮੈ ਵਿਚ ਗ੍ਰਸਿਆਂ ਨੇ ਸਿੱਖ ਸਿਧਾਂਤ ਨੂੰ ਤਿਲਾਂਜਲੀ ਦਿੰਦਿਆਂ ਕੋਰਟ ਦੇ ਹੁਕਮਾਂ ਦੀ ਵੀ ਪ੍ਰਵਾਹ ਨਹੀਂ ਕੀਤੀ : ਸਿੱਖ ਪੰਚਾਇਤ
ਗੁਰਦੁਆਰਾ ਸਾਹਿਬ ਫਰੀਮੌਂਟ ਸਿੱਖ ਰਾਜਨੀਤੀ ਦੇ ਧੁਰੇ ਵਜੋਂ ਜਾਣਿਆ ਜਾਂਦਾ ਹੈ। ਸ਼ਹੀਦਾਂ ਦੇ ਅਸਥਾਨ ਵਜੋਂ ਜਾਣੇ ਜਾਂਦੇ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਪੰਜ ਪ੍ਰਧਾਨੀ ਭਾਵ ਪੰਜ ਸੁਪਰੀਮ ਕੌਂਸਲ ਮੈਂਬਰਾਂ ਦੀ ਆਪਣੀ ਸਹਿਮਤੀ ਨਾਲ ਚਲਾਇਆ ਜਾ ਰਿਹਾ ਹੈ। ਬਦਕਿਸਮਤੀ ਨਾਲ ਇਸ ਵਾਰ ਪੰਜ ਸੁਪਰੀਮ ਕੌਂਸਲ ਮੈਂਬਰਾਂ ਵਿਚੋਂ ਦੋ ਅਜਿਹੇ ਵਿਅਕਤੀ ਸ਼ਾਮਲ ਹੋ ਗਏ ਜਿਨ੍ਹਾਂ ਨੇ ਆਪਣੀ ਨਿੱਜੀ ਹਾਊਮੈ ਨੂੰ ਪੱਠੇ ਪਾਉਂਦਿਆਂ ਨਾਦਰਸ਼ਾਹੀ ਰਵੱਈਆ ਅਪਣਾਉਂਦਿਆਂ ਫਰੀਮੌਂਟ ਦੀ ਫਿਜ਼ਾ ਵਿਚ ਐਸੀ ਅੱਗ ਲਾਈ ਕਿ ਜਿਹੜੀ ਦਿਨ ਪ੍ਰਤੀ ਦਿਨ ਵਧਦੀ ਹੀ ਜਾ ਰਹੀ ਹੈ। ਈਰਖਾ ਅਤੇ ਹੰਕਾਰ ਵਿਚ ਡੁੱਬੇ ਹੋਏ ਇਨ੍ਹਾਂ ਭੱਦਰਪੁਰਸ਼ਾਂ ਨੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਹਮੇਸ਼ਾ ਨਾਦਰਸ਼ਾਹੀ ਰਵੱਈਆ ਹੀ ਅਪਣਾਇਆ। ਇਨ੍ਹਾਂ ਦੀਆਂ ਆਪਹੁਦਰੀਆਂ ਕਾਰਵਾਈਆਂ ਕਾਰਨ ਕੇਸ ਕੋਰਟ ਵਿਚ ਚੱਲ ਰਿਹਾ ਹੈ। ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਸਿੱਖ ਪੰਚਾਇਤ ਵਲੋਂ ਡੇਢ ਮਹੀਨਾ ਪਹਿਲਾਂ ਜਨਰਲ ਬਾਡੀ ਇਜਲਾਸ ਦੀ ਤਰੀਕ 24 ਨਵੰਬਰ 2019 ਮਿੱਥੀ ਗਈ ਤਾਂ ਕਿ ਪਹਿਲੇ ਹਫ਼ਤਿਆਂ ਦੇ ਇਤਿਹਾਸਕ ਪ੍ਰੋਗਰਾਮਾਂ ਤੋਂ ਬਾਅਦ ਹੀ ਪ੍ਰਬੰਧ ਨੂੰ ਚਲਾਉਣ ਲਈ ਕੋਈ ਸੁਚੱਜਾ ਤੇ ਸੁਚਾਰੂ ਫੈਸਲਾ ਲਿਆ ਜਾ ਸਕੇ। ਹਰਮਿੰਦਰਪਾਲ ਸਿੰਘ ਤੇ ਕੁਲਜੀਤ ਸਿੰਘ ਦੀ ਨਾਲਾਇਕੀ ਤੇ ਮੱਤ ਤੇ ਪਿਆ ਹੋਇਆ ਹੰਕਾਰ ਦਾ ਪਰਦਾ ਜਿਨ੍ਹਾਂ ਨੇ ਪਿਛਲੇ ਅੱਠ ਸਾਲਾਂ ਤੋਂ ਗੁਰਦੁਆਰਾ ਸਾਹਿਬ ਫਰੀਮੌਂਟ ਦੀ ਸ਼ਾਂਤੀ ਨੂੰ ਲਾਂਬੂ ਲਾਇਆ ਹੋਇਆ ਹੈ।


ਗੁਰਮੀਤ ਸਿੰਘ ਸੰਗਤ ਵਿੱਚ ਖੁੱਲੀ ਬਹਿਸ ਲਈ ਆਵੇ : ਜਸਜੀਤ ਸਿੰਘ
ਸਿੱਖ ਪੰਚਾਇਤ ਦੇ ਭਾਈ ਜਸਜੀਤ ਸਿੰਘ ਨੇ ਭਾਈ ਗੁਰਮੀਤ ਸਿੰਘ ਖਾਲਸਾ ਨੂੰ ਸੰਗਤ ਵਿੱਚ ਪੰਜ ਪਿਆਰਾ ਸਿਧਾਂਤ ਨੂੰ ਲੈ ਕੇ ਖੁੱਲ੍ਹੀ ਬਹਿਸ ਦਾ ਸੱਦਾ ਦਿੱਤਾ ਹੈ। ਉਹਨਾਂ ਕਿਹਾ ਕਿ ਸਾਨੂੰ ਗੁਰਮੀਤ ਸਿੰਘ ਵੱਲੋਂ ਕਹੀਆਂ ਗੱਲਾਂ ਅਸਿੱਧੇ ਰੂਪ ਵਿੱਚ ਪਹੁੰਚ ਰਹੀਆਂ ਹਨ, ਕਿਉਂ ਨਾ ਆਪਾਂ ਸੰਗਤ ਵਿੱਚ ਆਪਣਾ-ਆਪਣਾ ਪੱਖ ਰੱਖ ਦਈਏ। ਜਸਜੀਤ ਸਿੰਘ ਨੇ ਕਿਹਾ ਕਿ ਮੈਨੂੰ ਪਤਾ ਲੱਗਾ ਹੈ ਕਿ ਗੁਰਮੀਤ ਸਿੰਘ, ਬੀਬੀ ਸਰਬਜੀਤ ਕੌਰ ਚੀਮਾ ਤੇ ਦਰਸ਼ਨ ਸੰਧੂ ਕਹਿੰਦੇ ਹਨ ਕਿ ਅਸੀਂ ਦੁਨਿਆਵੀ ਲੋਕ ਹਾਂ, ਗੁਰੂ ਸਾਹਿਬ ਵੱਲੋਂ ਸਾਜੇ ਪੰਜ ਪਿਆਰਿਆਂ ਦੀ ਬਰਾਬਰੀ ਨਹੀਂ ਕਰ ਸਕਦੇ ਇਸ ਲਈ ਪੰਜ ਪਿਆਰਿਆਂ ਵਾਲਾ ਸਿਧਾਂਤ ਰੱਖਣਾ ਮੁਮਕਿਨ ਨਹੀਂ। ਉਹਨਾਂ ਵੱਲੋਂ ਮੇਰੇ 'ਤੇ ਇਹ ਦੋਸ਼ ਲਾਇਆ ਗਿਆ ਹੈ ਕਿ ਇਹ ਸਿਧਾਂਤ ਦੀ ਵਕਾਲਤ ਮੈਂ ਆਪਣੀ ਪੰਥ ਵਿਰੋਧੀ ਨੀਤੀ ਅਧੀਨ ਕਰ ਰਿਹਾ ਹਾਂ ਕਿਉਂਕਿ ਪੰਜਾਂ ਵਿੱਚ ਇੱਕ ਵੀ ਬੰਦਾ ਜੇ ਨਾ ਮੰਨੇ ਤਾਂ ਪੰਥ ਦਾ ਕੋਈ ਕੰਮ ਹੋ ਹੀ ਨਹੀਂ ਸਕਦਾ। ਇਹ ਜਸਜੀਤ ਸਿੰਘ ਦੀ ਚਾਲ ਹੈ ਕਿ ਨਵੀਂ ਪੀੜ੍ਹੀ ਕੋਈ ਕੰਮ ਕਰ ਹੀ ਨਾ ਸਕੇ। ਮੈਂ ਕਹਿੰਦਾ ਹਾਂ ਕਿ ਜੇ ਉਹਨਾਂ ਨੂੰ ਆਪਣੀ ਗੱਲ ਏਨੀ ਠੀਕ ਲੱਗਦੀ ਹੈ ਤਾਂ ਸੰਗਤ ਨੂੰ ਵੀ ਖੁੱਲ੍ਹੇ ਰੂਪ ਵਿੱਚ ਦੱਸ ਦੇਣ ਤੇ ਮੈਂ ਆਪਣੀ ਗੱਲ ਰੱਖ ਦਿੰਦਾ ਹਾਂ ਤਾਂ ਜੋ ਸੰਗਤ ਨੂੰ ਪਤਾ ਲੱਗ ਸਕੇ ਕਿ ਅਸਲ ਸੱਚਾਈ ਕੀ ਹੈ। 
ਜਸਜੀਤ ਸਿੰਘ ਨੇ ਕਿਹਾ ਕਿ ਜਿਹੜੇ ਲੋਕਾਂ ਨੂੰ ਲੱਗਦਾ ਹੈ ਕਿ ਪੰਜ ਪਿਆਰਾ ਸਿਧਾਂਤ ਪੱਛਮੀ ਸਿਸਟਮ ਵਿੱਚ ਮੁਮਕਿਨ ਨਹੀਂ, ਉਹ ਘੱਟੋ ਘੱਟ ਗੁਰੂ ਨਾਲ ਦਗਾ ਕਰਨ ਦੀ ਬਜਾਏ ਗੁਰਦੁਆਰੇ ਦਾ ਸੰਵਿਧਾਨ ਬਦਲਣ ਦੀ ਗੱਲ ਕਰਨ ਨਾ ਕਿ ਗੁਰਸਿਧਾਂਤ। ਉਹਨਾਂ ਨੇ ਹੈਰਾਨੀ ਪ੍ਰਗਟ ਕੀਤੀ ਕਿ 30-35 ਸਾਲ ਸਿੱਖ ਸਿਆਸਤ ਵਿੱਚ ਵਿਚਰਨ ਵਾਲੇ ਬੰਦਿਆਂ ਦੀ ਗੁਰਸਿਧਾਂਤ ਬਾਰੇ ਜਾਣਕਾਰੀ ਏਨੀ ਪੇਤਲੀ ਹੋ ਸਕਦੀ ਹੈ? ਇਸ ਤੋਂ ਪਤਾ ਲੱਗਦਾ ਹੈ ਕਿ ਇਹੀ ਕਾਰਣ ਹੈ ਕਿ ਇਹ ਲੋਕ ਪੰਥ ਲਈ ਕੋਈ ਖ਼ਾਸ ਸੇਵਾ ਨਹੀਂ ਕਰ ਸਕੇ। ਇਹਨਾਂ ਦੀ ਸਿਆਸਤ ਤੇ ਕਰਮ ਬੰਦਿਆਂ ਦਾ ਸਾਥ ਦੇਣ ਜਾਂ ਵਿਰੋਧ ਕਰਨ ਵਿੱਚ ਹੀ ਹੈ। ਭਾਈ ਜਸਜੀਤ ਸਿੰਘ ਨੇ ਬੀਬੀ ਸਰਬਜੀਤ ਕੌਰ ਚੀਮਾ ਨੂੰ ਸਲਾਹ ਦਿੱਤੀ ਕਿ ਜੇ ਤੁਸੀਂ ਪੱਛਮੀ ਸਿਸਟਮ ਵਿੱਚ ਸਿਆਸਤ ਕਰਨੀ ਚਾਹੁੰਦੇ ਹੋ ਤਾਂ ਸਿੱਖੀ ਬਾਰੇ ਠੋਸ ਸਮਝ ਗ੍ਰਹਿਣ ਕਰੋ, ਨਹੀਂ ਤਾਂ ਗੈਰਸਿੱਖਾਂ ਵਿੱਚ ਤੁਹਾਡਾ ਕਰਮ ਤੇ ਗੱਲ-ਬਾਤ ਸਿੱਖੀ ਦਾ ਨੁਕਸਾਨ ਕਰਨਗੇ। 
ਮੈਨੂੰ ਬਹੁਤ ਉਮੀਦ ਹੈ ਕਿ ਖਾਲਸੇ ਨੇ ਬਹਿਸ ਲਈ ਨਹੀਂ ਆਉਣਾ ਕਿਉਂ ਕਿ ਕਮਰਿਆਂ ਵਿੱਚ ਬਹਿ ਕੇ ਤੇ ਕੰਨਾਂ ਵਿੱਚ ਫੂਕਾਂ ਮਾਰ ਕੇ ਇਹਨਾਂ ਨੇ ਲੋਕਾਂ ਕੋਲ ਮੇਰਾ ਅਕਸ ਵਿਗਾੜਿਆ ਹੈ ਤੇ ਮੈਂ 20-25 ਸਾਲ ਚੁੱਪ ਰਹਿ ਕੇ ਸਹਿਣ ਕੀਤਾ ਹੈ। ਪਰ ਹੁਣ ਕਈ ਵੀਰਾਂ ਦੀ ਗੱਲ ਮੰਨਦੇ ਹੋਏ ਮੈਂ ਸੰਗਤੀ ਰੂਪ ਵਿੱਚ ਵਿਚਰਨਾ ਸ਼ੁਰੂ ਕੀਤਾ ਹੈ। ਮੇਰਾ ਮੁੱਖ ਮੰਤਵ ਤਾਂ ਪੰਥ ਦੀ ਸੇਵਾ ਹੀ ਰਹੇਗਾ ਪਰ ਹੁਣ ਮੈਂ ਮਹਿਸੂਸ ਕਰਦਾ ਹਾਂ ਕਿ ਅਜਿਹੇ ਬੰਦੇ ਪੰਥਕ ਸਫ਼ਾ ਵਿੱਚੋਂ ਲਾਂਭੇ ਕਰਨੇ ਚਾਹੀਦੇ ਹਨ। ਉਹ ਤਾਂ ਹੀ ਮੁਮਕਿਨ ਹੋ ਸਕੇਗਾ ਜੇ ਸੰਗਤ ਇਹਨਾਂ ਨੂੰ ਅਤੇ ਸਾਨੂੰ ਜਾਣੇ ਅਤੇ ਜਿਹੜਾ ਠੀਕ ਲੱਗੇ ਉਸਦਾ ਸਾਥ ਦਵੇ। ਮੇਰੀ ਇਹਨਾਂ ਨੂੰ ਬੇਨਤੀ ਹੈ ਕਿ ਬਹਿਸ ਦਾ ਸੱਦਾ ਕਬੂਲ ਕਰਨ, ਸ਼ਰਤਾਂ ਇਹ ਤਹਿ ਕਰ ਲੈਣ ਮੇਰੀ ਕੋਈ ਸ਼ਰਤ ਨਹੀਂ। ਬਹਿਸ ਦਾ ਸਮਾਂ, ਸਥਾਨ ਤੇ ਮੁੱਦੇ ਵੀ ਇਹ ਤਹਿ ਕਰ ਲੈਣ। ਮੈਂ ਸਿਰਫ ਦੋ ਮੁੱਦਿਆਂ ਬਾਰੇ ਬਹਿਸ ਕਰਨੀ ਚਾਹਾਂਗਾ ਪਹਿਲਾ ਪੰਜ ਪਿਆਰਾ ਸਿਧਾਂਤ ਤੇ ਪੱਛਮੀ ਤਰਜ਼ੇ ਜ਼ਿੰਦਗੀ ਤੇ ਦੂਜਾ, ਇੱਕ ਦੂਜੇ ਦੇ ਪੰਥ ਪ੍ਰਤੀ ਜਾਂ ਪੰਥ ਵਿਰੋਧੀ ਕੰਮਾਂ ਦੀ ਪੜਚੋਲ। 
ਮੈਨੂੰ ਬੋਲਣ ਲਈ ਇੱਕ ਘੰਟਾ ਚਾਹੀਦਾ ਹੈ ਤੇ ਜੇ ਖੁੱਲ੍ਹੀ ਬਹਿਸ ਨਹੀਂ ਕਰਨੀ ਤਾਂ ਮੈਨੂੰ ਜਿੱਥੇ ਮਰਜ਼ੀ ਸੱਦ ਲੈਣ ਮੈਂ ਇਕੱਲਾ ਆਉਣ ਨੂੰ ਵੀ ਤਿਆਰ ਹਾਂ ਪਰ ਮੇਰੀ ਬਹਿਸ ਦੀ ਬੇਨਤੀ ਕਬੂਲਣ। ਮੈਂ ਬਹਿਸ ਕਰਨ ਬਾਰੇ ਆਪਣਾ ਉਦੇਸ਼ ਸ਼ਪੱਸ਼ਟ ਕਰਨਾ ਚਾਹੁੰਦਾ ਹਾਂ। ਮੈਨੂੰ ਤੁਹਾਡੇ ਨਾਲ ਬਹਿਸ ਕਰਨ ਦਾ ਕੋਈ ਚਾਅ ਨਹੀਂ, ਮੈਂ ਤਾਂ ਸਿਰਫ ਸੰਗਤ ਨਾਲ ਤੁਹਾਡੀ ਜਾਣ ਪਹਿਚਾਣ ਹੀ ਕਰਵਾਉਣੀ ਚਾਹੁੰਦਾ ਹਾਂ ਤਾਂ ਜੋ ਸੰਗਤ ਤੁਹਾਡੇ ਜਾਂ ਸਾਡੇ ਤੋਂ ਹੋਰ ਗੁੰਮਰਾਹ ਨਾ ਹੋਵੇ। ਉਮੀਦ ਹੈ ਪਬਲਿਕ ਵਿੱਚ ਇਸਦਾ ਜੁਆਬ ਦਉਗੇ।