ਕਿਸਾਨ ਅੰਦੋਲਨ ਦੀ ਦੁਲਾਰੀ ਲਾਡੋ ਰਾਣੀ ‘*ਅਣਜਾਣ’ ਕਿਸਾਨਾਂ ਵਿੱਚ ਜਾ ਕੇ ਉਨ੍ਹਾਂ ਦੀ ਧੀ ਬਣਨ ਵਾਲੀ ‘ਲਾਡੋ ਰਾਣੀ’ ਕਿਸਾਨਾਂ ਨਾਲ ਵਿਛੜਨ ਲਗਿਆਂ ਰੋਈ

ਕਿਸਾਨ ਅੰਦੋਲਨ ਦੀ ਦੁਲਾਰੀ ਲਾਡੋ ਰਾਣੀ ‘*ਅਣਜਾਣ’ ਕਿਸਾਨਾਂ ਵਿੱਚ ਜਾ ਕੇ ਉਨ੍ਹਾਂ ਦੀ ਧੀ ਬਣਨ ਵਾਲੀ ‘ਲਾਡੋ ਰਾਣੀ’ ਕਿਸਾਨਾਂ ਨਾਲ ਵਿਛੜਨ ਲਗਿਆਂ ਰੋਈ

*ਉਚੇਰੀ ਸਿੱਖਿਆ ਲਈ ਸਮ੍ਰਿਤੀ ਹੁਣ ਕੈਨੇਡਾ ਜਾਣ ਦੀ ਤਿਆਰੀ ਵਿੱਚ 

ਅੰਮ੍ਰਿਤਸਰ ਟਾਈਮਜ਼

ਨਵੀਂ ਦਿਲੀ :ਦਿੱਲੀ ਦੀਆਂ ਬਰੂਹਾਂ 'ਤੇ ਕਿਸਾਨ ਅੰਦੋਲਨ ਵਿੱਚ ਹਿੱਸਾ ਲੈ ਚੁੱਕੀ ਭਾਰਤ ਦੀ ਰਾਜਧਾਨੀ ਦਿੱਲੀ ਦੇ ਨਰੇਲਾ ਦੀ ਰਹਿਣ ਵਾਲੀ ਸਮ੍ਰਿਤੀ ਕਿਸਾਨਾਂ ਵਿੱਚ 'ਲਾਡੋ ਰਾਣੀ' ਦੇ ਤੌਰ 'ਤੇ ਜਾਣੀ ਜਾਂਦੀ ਹੈ।ਭਾਵੇਂ ਕਿ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨ ਵਾਪਸ ਲਏ ਜਾਣ ਮਗਰੋਂ ਕਿਸਾਨਾਂ ਦੇ ਦਿੱਲੀ ਦੀਆਂ ਸਰਹੱਦਾਂ ਤੋਂ ਵਾਪਸ ਗਏ ਛੇ ਮਹੀਨੇ ਹੋ ਗਏ ਹਨ ਪਰ ਉਸਦੀ ਕਿਸਾਨਾਂ ਨਾਲ ਹੁਣ ਵੀ ਸਾਂਝ ਬਣੀ ਹੋਈ ਹੈ। ਸਮ੍ਰਿਤੀ ਦੀ ਮਾਂ ਸਮੀਕਸ਼ਾ ਹਾਕੀ ਖੇਡਦੇ ਰਹੇ ਹਨ ਅਤੇ ਪਿਤਾ ਰਜਿੰਦਰ ਆਰਿਆ ਕ੍ਰਿਕਟ ਦੇ ਸ਼ੌਕੀਨ ਹਨ।ਦੋਵਾਂ ਨੇ ਨਰੇਲਾ ਵਿੱਚ ਹੀ ਕੱਪੜਿਆਂ ਦੀ ਦੁਕਾਨ ਖੋਲ੍ਹੀ ਪਰ ਕੁਝ ਸਮੇਂ ਬਾਅਦ ਕੋਰੋਨਾਵਾਇਰਸ ਕਾਰਨ ਲੱਗੇ ਲੌਕਡਾਊਨ ਦੀ ਵਜ੍ਹਾ ਨਾਲ ਕੰਮ ਠੱਪ ਹੋ ਗਿਆ ਅਤੇ ਦੁਕਾਨ ਬੰਦ ਕਰਨੀ ਪਈ।ਇਸ ਪਰਿਵਾਰ ਨੇ ਸਿੰਘੂ ਬਾਰਡਰ ਜਾਣਾ ਸ਼ੁਰੂ ਕੀਤਾ 26 ਜਨਵਰੀ 2021 ਤੋਂ ਬਾਅਦ ਜਦੋਂ ਕਿਸਾਨਾਂ ਦੀ ਟਰੈਕਟਰ ਰੈਲੀ ਹੋਈ।

ਇਸੇ ਦਿਨ ਕਈ ਕਿਸਾਨ ਟਰੈਕਟਰਾਂ ਨਾਲ ਦਿੱਲੀ ਸਥਿਤ ਲਾਲ ਕਿਲ੍ਹੇ ਵੀ ਪਹੁੰਚ ਗਏ ਸਨ।ਗਾਜ਼ੀਪੁਰ ਬਾਰਡਰ ਉੱਤੇ ਬੈਠੇ ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਹੰਝੂਆਂ ਦਾ ਅਸਰ ਅਜਿਹਾ ਹੋਇਆ ਕਿ ਇਹ ਪਰਿਵਾਰ ਵੀ ਕਿਸਾਨਾਂ ਦੇ ਨਾਲ ਜਾ ਕੇ ਖੜ੍ਹ ਗਿਆ।ਅਮਰੀਕ ਸਿੰਘ ਮੋਹਾਲੀ ਦੇ ਚਿੱਲਾ ਪਿੰਡ ਦੇ ਵਸਨੀਕ ਹਨ। ਸਿੰਘੂ ਬਾਰਡਰ ਉੱਤੇ ਉਹ ਆਪਣੇ ਪਿੰਡ ਦੇ ਕੁਝ ਲੋਕਾਂ ਅਤੇ ਸਾਥੀਆਂ ਨਾਲ ਖੇਤੀ ਕਾਨੂੰਨਾਂ ਖਿਲਾਫ਼ ਅੰਦੋਲਨ ਵਿੱਚ ਹਿੱਸਾ ਲੈ ਰਹੇ ਸਨ।ਅਮਰੀਕ ਸਿੰਘ ਸਮ੍ਰਿਤੀ ਤੇ ਉਸ ਦੇ ਮਾਪਿਆਂ ਦੇ ਸਿੰਘੂ ਬਾਰਡਰ ਆਉਣ ਵੇਲੇ ਦਾ ਸਮਾਂ ਯਾਦ ਕਰਦੇ ਹਨ।ਅਮਰੀਕ ਸਿੰਘ ਦੇ ਪਰਿਵਾਰ ਨਾਲ ਖ਼ਾਸ ਸਾਂਝ

ਸਮ੍ਰਿਤੀ ਤੇ ਉਸ ਦੇ ਪਰਿਵਾਰ ਦੀ ਅਮਰੀਕ ਸਿੰਘ ਦੇ ਪਰਿਵਾਰ ਨਾਲ ਖ਼ਾਸ ਲਗਾਅ ਹੈ।ਉਨ੍ਹਾਂ ਦਾ ਅਮਰੀਕ ਸਿੰਘ ਦੇ ਪੰਜਾਬ ਦੇ ਜ਼ਿਲ੍ਹੇ ਮੋਹਾਲੀ ਦੇ ਪਿੰਡ ਚਿੱਲਾ ਅਕਸਰ ਆਉਣਾ ਜਾਣਾ ਹੁੰਦਾ ਹੈ।ਅਮਰੀਕ ਸਿੰਘ ਦੇ ਪੁੱਤਰ ਅਤੇ ਧੀ ਨਾਲ ਸਮ੍ਰਿਤੀ ਦਾ ਭੈਣ ਭਰਾਵਾਂ ਵਾਲਾ ਰਿਸ਼ਤਾ ਕਾਇਮ ਹੋ ਗਿਆ ਹੈ।ਅਕਸਰ ਸਮ੍ਰਿਤੀ ਅਤੇ ਉਸ ਦਾ ਪਰਿਵਾਰ ਅਮਰੀਕ ਸਿੰਘ ਦੇ ਪਰਿਵਾਰ ਨਾਲ ਵੀਡੀਓ ਕਾਲ ਜਾਂ ਫੋਨ ਕਾਲ ਰਾਹੀਂ ਗੱਲਬਾਤ ਕਰਦਾ ਰਹਿੰਦਾ ਹੈ।ਸਮ੍ਰਿਤੀ ਕਹਿੰਦੀ ਹੈ ਕਿ ਉਸਦੇ ਆਪਣੇ ਨਿੱਕੇ ਭਰਾ ਤੋਂ ਇਲਾਵਾ ਵੀ ਕਈ ਭਰਾ ਬਣ ਗਏ ਹਨ।ਉਹ ਕਹਿੰਦੀ ਹੈ ਕਿ ਨਿਊਜ਼ੀਲੈਂਡ ਰਹਿੰਦੇ ਇੱਕ ਨੌਜਵਾਨ ਮਨਪ੍ਰੀਤ ਰੰਧਾਵਾ ਨੇ ਕਿਹਾ ਕਿ ਉਹ ਆਪਣੀ ਧੀ ਨੂੰ ਵੀ ਸਮ੍ਰਿਤੀ ਵਾਂਗ ਹੀ ਪਾਲਣਾ ਚਾਹੁੰਦਾ ਹੈ।ਸਮ੍ਰਿਤੀ ਕੈਨੇਡਾ ਰਹਿੰਦੇ ਦਪਿੰਦਰ ਸਿੱਧੂ ਬਾਰੇ ਗੱਲ ਕਰਦਿਆਂ ਕਹਿੰਦੀ ਹੈ, ''ਉਸ ਦੀ ਕੋਈ ਭੈਣ ਨਹੀਂ ਹੈ ਅਤੇ ਉਹ ਉਸਨੂੰ ਗੁੱਡੀ ਕਹਿੰਦਾ ਹੈ।''

ਪੰਜਾਬੀਆਂ ਵੱਲੋਂ ਨਿੱਘਾ ਸੁਆਗਤ

ਸਮ੍ਰਿਤੀ ਅਤੇ ਉਸਦੇ ਮਾਪੇ ਦੱਸਦੇ ਹਨ ਕਿ ਕਿਸਾਨ ਅੰਦੋਲਨ ਜਦੋਂ ਮੁਲਤਵੀ ਹੋਇਆ ਅਤੇ ਕਿਸਾਨ ਵਾਪਸ ਜਾਣ ਲੱਗੇ ਤਾਂ ਉਹ ਵੀ ਨਾਲ ਹੀ ਪੰਜਾਬ ਰਵਾਨਾ ਹੋਏ ਸਨ।ਉਸ ਮਗਰੋਂ ਉਨ੍ਹਾਂ ਦਾ ਪੰਜਾਬ ਦੇ ਕਈ ਹਿੱਸਿਆਂ ਵਿੱਚ ਜਾਣਾ ਹੋਇਆ। ਲੋਕਾਂ ਵੱਲੋਂ ਸਮ੍ਰਿਤੀ ਤੇ ਉਸਦੇ ਪਰਿਵਾਰ ਦਾ ਇੰਨਾ ਨਿੱਘਾ ਸੁਆਗਤ ਹੋਇਆ ਕਿ ਉਹ ਇਸ ਨੂੰ ਕਦੇ ਨਹੀਂ ਭੁੱਲਣਗੇ।ਸਮ੍ਰਿਤੀ ਕਹਿੰਦੀ ਹੈ, ''ਜੋ ਕਦੇ ਸੋਚਿਆ ਨਹੀਂ ਸੀ ਉਹ ਹੋਇਆ, ਲੋਕਾਂ ਨੇ ਸਾਡੇ ਉੱਤੇ ਫੁੱਲ ਵਰ੍ਹਾਏ, ਸਾਡੇ ਨਾਲ ਭੰਗੜੇ ਪਾਏ। ਅਜਿਹਾ ਸੁਆਗਤ ਦੇਖ ਅਸੀਂ ਹੈਰਾਨ ਹੋ ਗਏ।''

ਸਿੰਘੂ ਬਾਰਡਰ ਦਾ ਘਾਹ ਪਹੁੰਚ ਗਿਆ ਨਿਊਜ਼ੀਲੈਂਡ

 ਨਿਊਜ਼ੀਲੈਂਡ ਰਹਿੰਦੇ ਜਤਿੰਦਰ ਸਿੰਘ ਵੀ ਸਿੰਘੂ ਬਾਰਡਰ 'ਤੇ ਸੰਘਰਸ਼ ਦਾ ਹਿੱਸਾ ਬਣੇ ਸਨ।ਜਿਹੜੀ ਥਾਂ ਉੱਤੇ ਸਮ੍ਰਿਤੀ ਅਤੇ ਉਸ ਦਾ ਪਰਿਵਾਰ ਲੰਗਰ ਦੀ ਸੇਵਾ ਕਰਦਾ ਸੀ ਉੱਥੇ ਘਾਹ ਵੀ ਲਗਾਇਆ ਗਿਆ ਸੀ ਅਤੇ ਇਹ ਘਾਹ ਜਤਿੰਦਰ ਨੇ ਹੀ ਲਗਾਇਆ ਸੀ।ਸਮ੍ਰਿਤੀ ਦੇ ਘਰ ਵਿੱਚ ਗਮਲੇ ਵਿੱਚ ਇਹ ਘਾਹ ਲੱਗਿਆ ਹੈ ਜੋ ਸਿੰਘੂ ਬਾਰਡਰ ਉੱਤੇ ਲਗਾਇਆ ਗਿਆ ਸੀ।ਸਮ੍ਰਿਤੀ ਨੇ ਇਹੀ ਘਾਹ ਭਾਰਤ ਆਏ ਜਤਿੰਦਰ ਨੂੰ ਸੰਘਰਸ਼ ਦੀ ਯਾਦ ਵਜੋਂ ਮੁੜਦੇ ਵੇਲੇ ਗਮਲੇ ਵਿੱਚ ਲਗਾ ਕੇ ਦਿੱਤੇ ਹਨ।ਸਮ੍ਰਿਤੀ ਕਹਿੰਦੀ ਹੈ, ''ਅਸੀਂ ਉਸ ਥਾਂ ਉੱਤੇ ਸਮਾਂ ਬਿਤਾਇਆ, ਗੱਲਾਂ ਸਾਂਝੀਆਂ ਕੀਤੀਆਂ ਹਨ। ਜਦੋਂ ਇਹ ਘਾਹ ਮੈਂ ਵੀਰੇ ਨੂੰ ਦਿੱਤਾ ਤਾਂ ਸਾਰੇ ਭਾਵੁਕ ਹੋ ਗਏ।ਇੱਕ ਸਾਲ ਤੱਕ ਸਿੰਘੂ ਬਾਰਡਰ ਅੰਦੋਲਨ ਕਾਰਨ ਬੰਦ ਰਿਹਾ। ਕਿਸਾਨ ਚਲੇ ਗਏ ਤਾਂ ਰਾਹ ਖੋਲ੍ਹ ਦਿੱਤਾ ਗਿਆ।ਸਮ੍ਰਿਤੀ ਆਪਣੀ ਮਾਤਾ ਸਮੀਕਸ਼ਾ ਨਾਲ ਅਕਸਰ ਉਸੇ ਥਾਂ ਉੱਤੇ ਜਾਂਦੀ ਹੈ ਜਿੱਥੇ ਉਹ ਲੰਗਰ ਦੀ ਸੇਵਾ ਕਰਦੇ ਸਨ।ਇੰਟਸਾਗ੍ਰਾਮ ਰਾਹੀਂ ਲਾਈਵ ਹੋ ਕੇ ਸਮ੍ਰਿਤੀ ਭਾਰਤ ਅਤੇ ਭਾਰਤ ਤੋਂ ਬਾਹਰ ਬੈਠੇ ਲੋਕਾਂ ਨਾਲ ਜੁੜਦੀ ਹੈ।

ਸਮ੍ਰਿਤੀ ਦੇ ਵਿਆਹ ਨੂੰ ਲੈ ਕੇ ਜਦੋਂ ਹੋਈ ਬਹਿਸਬਾਜ਼ੀ

ਗੱਲਬਾਤ ਦੌਰਾਨ ਸਮ੍ਰਿਤੀ ਅਤੇ ਉਸ ਦਾ ਪਰਿਵਾਰ ਉਸ ਦੌਰਾਨ ਆਏ ਰਿਸ਼ਤਿਆਂ ਬਾਰੇ ਵੀ ਜ਼ਿਕਰ ਕਰਕੇ ਹੱਸਦਾ ਹੈ।ਸਮ੍ਰਿਤੀ ਕਹਿੰਦੀ ਹੈ ਕਿ ਉਸ ਦੇ ਵਿਆਹ ਨੂੰ ਲੈ ਕੇ ਤਕਰੀਬਨ ਰੋਜ਼ ਹੀ ਚਰਚਾ ਛਿੜ ਜਾਂਦੀ ਸੀ।ਉੱਚੀ-ਉੱਚੀ ਹੱਸਦੀ ਉਹ ਕਹਿੰਦੀ ਹੈ, ''ਲੰਗਰ ਵਿੱਚ ਸੇਵਾ ਕਰਦੀਆਂ ਕੁਝ ਬੀਬੀਆਂ ਆਪਸ ਵਿੱਚ ਝਗੜਨ ਲੱਗੀਆਂ। ਇਸ ਦਾ ਕਾਰਨ ਇਹ ਸੀ ਕਿ ਉਨ੍ਹਾਂ ਵਿੱਚ ਇਸ ਗੱਲ ਨੂੰ ਲੈ ਕੇ ਆਪਸ ਵਿੱਚ ਬਹਿਸ ਹੋ ਗਈ ਸੀ ਕਿਸ ਦੇ ਮੁੰਡੇ ਦਾ ਵਿਆਹ ਸਮ੍ਰਿਤੀ ਨਾਲ ਹੋਵੇਗਾ।

ਦਿੱਲੀ ਵਾਲਿਆਂ ਲਈ ਸਮ੍ਰਿਤੀ ਤੇ ਪੰਜਾਬ ਹਰਿਆਣਾ ਦੀ 'ਲਾਡੋ ਰਾਣੀ'

ਜਦੋਂ ਇਹ ਪਰਿਵਾਰ ਸਿੰਘੂ ਬਾਰਡਰ ਜਾਣ ਲੱਗਿਆ ਤਾਂ ਦਿੱਲੀ ਵਿੱਚ ਇਨ੍ਹਾਂ ਦੇ ਜਾਣਨ ਵਾਲਿਆਂ ਨੇ ਬਹੁਤ ਮੁਖਾਲਫ਼ਤ ਕੀਤੀ।ਪਰਿਵਾਰ ਕਹਿੰਦਾ ਹੈ ਕਿ ਲੋਕ ਇੱਥੋਂ ਤੱਕ ਕਹਿੰਦੇ ਰਹੇ ਕਿ ਤੁਸੀਂ ਉੱਤੇ ਟਾਈਮ ਪਾਸ ਕਰਨ ਜਾਂਦੇ ਹੋ।ਪਰ ਲੋਕਾਂ ਦਾ ਨਜ਼ਰੀਆ ਉਦੋਂ ਬਦਲਿਆਂ ਜਦੋਂ ਮੀਡੀਆ ਰਾਹੀਂ ਸਮ੍ਰਿਤੀ ਅਤੇ ਉਸ ਦਾ ਪਰਿਵਾਰ ਦੁਨੀਆਂ ਸਾਹਮਣੇ ਆਇਆ।ਸਮ੍ਰਿਤੀ ਕਹਿੰਦੀ ਹੈ, ''ਜਦੋਂ  ਖ਼ਬਰ ਪ੍ਰਸਾਰਿਤ ਹੋਈ ਤਾਂ ਲੋਕਾਂ ਦਾ ਅਚਾਨਕ ਨਜ਼ਰੀਆ ਹੀ ਬਦਲ ਗਿਆ। ਮੇਰੇ ਦੋਸਤ ਜੋ ਮਜ਼ਾਕ ਉਡਾਉਂਦੇ ਸੀ ਉਹ ਆ ਕੇ ਲੰਗਰ ਅਤੇ ਅੰਦੋਲਨ ਬਾਰੇ ਪੁੱਛਣ ਲੱਗੇ ਕਿ ਕਿਵੇਂ ਦੇ ਲੋਕ ਹਨ, ਉੱਥੇ ਕੀ-ਕੀ ਹੁੰਦਾ ਹੈ।''

ਪੰਜਾਬ ਦੇ ਜੋ ਲੋਕ ਸਮ੍ਰਿਤੀ ਨੂੰ ਜਾਣਦੇ ਹਨ ਉਹ ਉਸ ਨੂੰ ਉਸ ਦੇ ਅਸਲੀ ਨਾਮ ਨਾਲੋਂ ਜ਼ਿਆਦਾ ਲਾਡੋ ਰਾਣੀ ਕਹਿੰਦੇ ਹਨ।ਉਹ ਕਹਿੰਦੀ ਹੈ, ''ਦਿੱਲੀ ਵਿੱਚ ਮੇਰੇ ਮੁਹੱਲੇ ਵਾਲਿਆਂ ਨੂੰ ਕੋਈ ਫਰਕ ਨਹੀਂ ਪੈਂਦਾ। ਉਨ੍ਹਾਂ ਲਈ ਮੈ ਸਮ੍ਰਿਤੀ ਹੀ ਹਾਂ ਅਤੇ ਪੰਜਾਬ-ਹਰਿਆਣਾ ਦੇ ਲੋਕਾਂ ਲਈ ਮੈਂ ਲਾਡੋ ਰਾਣੀ ਹਾਂ।''ਉਚੇਰੀ ਸਿੱਖਿਆ ਲਈ ਸਮ੍ਰਿਤੀ ਹੁਣ ਕੈਨੇਡਾ ਜਾਣ ਦੀ ਤਿਆਰੀ ਵਿੱਚ ਹੈ। ਉਹ ਥੇਰਾਪੁਊਟਿਕ ਰੀਕ੍ਰਿਏਸ਼ਨ ਦਾ ਕੋਰਸ ਕਰਨ ਉਹ ਕੈਨੇਡਾ ਜਾ ਰਹੀ ਹੈ।ਗੱਲ ਖ਼ਤਮ ਕਰਦਿਆਂ ਉਹ ਅੰਦੋਲਨ ਦੌਰਾਨ ਦਿੱਲੀ ਵਾਲਿਆਂ ਲਈ ਬਣੇ ਇੱਕ ਗਾਣੇ ਦੇ ਬੋਲ ਦੁਹਾਰਾਉਂਦੀ ਹੋਈ ਕਹਿੰਦੀ ਹੈ।

ਕਈ ਦਿੱਲੀ ਵਾਲਿਆਂ ਦਾ ਲੱਗਣਾ ਨਹੀਂ ਦਿਲ, ਕਰਨਗੇ ਯਾਦ ਦਿਲਦਾਰ ਆਏ ਸੀ

ਮੁੜਾਂਗੇ ਪੰਜਾਬ ਜਦੋਂ ਜਿੱਤ ਕੇ ਮੈਦਾਨ, ਦਿੱਲੀ ਰਾਜਧਾਨੀ ਦੱਸੂ ਸਿੰਘ ਸਰਦਾਰ ਆਏ ਸੀ।