ਖ਼ੁਸ਼ ਮਿਜ਼ਾਜ ਸੁਭਾਅ ਬਣਾਕੇ ਹੀ ਮਨੁੱਖ ਜੀਵਨ ਦਾ ਅਨੰਦ ਮਾਣ ਸਕਦਾ ਏ

ਖ਼ੁਸ਼ ਮਿਜ਼ਾਜ ਸੁਭਾਅ ਬਣਾਕੇ ਹੀ ਮਨੁੱਖ ਜੀਵਨ ਦਾ ਅਨੰਦ ਮਾਣ ਸਕਦਾ ਏ

ਹਮੇਸ਼ਾ ਖ਼ੁਸ਼ ਮਿਜ਼ਾਜ਼ ਸੁਭਾਅ ਇਕ ਇਨਸਾਨ ਦਾ ਬੇਸ਼ੁਮਾਰ ਕੀਮਤੀ ਗਹਿਣਾ ਹੁੰਦਾ ਹੈ

 ਜਿਸ ਦੀ ਚਮਕ-ਦਮਕ ਅਤੇ ਖ਼ੁਸ਼ਬੂ ਤੁਹਾਡੇ ਆਲ਼ੇ-ਦੁਆਲ਼ੇ ਦੇ ਵਾਤਾਵਰਨ ਨੂੰ ਮਹਿਕਾ ਦਿੰਦੀ ਹੈ। ਇਹੋ ਜਿਹੇ ਸੁਭਾਅ ਦੇ ਮਾਲਕ ਨੂੰ ਹਰ ਮਿਲਣ ਵਾਲਾ ਵਿਅਕਤੀ ਪਸੰਦ ਕਰਦਾ ਹੈ। ਹਰ ਵਿਅਕਤੀ ਉਸ ਨਾਲ ਬਿਨਾਂ ਕੰਮ ਅਤੇ ਲੋੜ ਤੋਂ ਸ਼ਬਦਾਂ ਦੀ ਸਾਂਝ ਪਾ ਲੈਂਦਾ ਹੈ। ਉਸ ਨਾਲ ਬਿਤਾਏ ਹੋਏ ਪਲਾਂ ਨੂੰ ਆਪਣੀ ਯਾਦਾਂ ਦੀ ਚੰਗੇਰ ਵਿਚ ਸੰਜੋਅ ਕੇ ਰੱਖਦਾ ਹੈ। ਲੋਕਾਂ ਦਾ ਉਸ ਵਿਅਕਤੀ ਦੇ ਪ੍ਰਤੀ ਰਵੱਈਆ ਹਮਦਰਦੀ ਭਰਿਆ ਰਹਿੰਦਾ ਹੈ। ਇਹੋ ਜਿਹਾ ਵਿਅਕਤੀ ਆਪਣੀ ਛੋਟੀ ਜਿਹੀ ਮੁਸਕਾਨ ਨਾਲ ਦੂਸਰੇ ਵਿਅਕਤੀ ਦੇ ਚਿਹਰੇ 'ਤੇ ਰੌਣਕ ਲਿਆ ਦਿੰਦਾ ਹੈ। ਹੱਸਮੁੱਖ ਲੋਕ ਹਮੇਸ਼ਾ ਜ਼ਿੰਦਗੀ ਦਾ ਲੁਤਫ਼ ਉਠਾਉਂਦੇ ਹਨ। ਹਸਮੁੱਖ ਇਨਸਾਨਾਂ ਵਿਚ ਇਕ ਨਿਵੇਕਲੀ ਖਿੱਚ ਹੁੰਦੀ ਹੈ ਜੋ ਕਿ ਹਰ ਵਿਅਕਤੀ ਨੂੰ ਨੇੜੇ ਲਿਆਉਣ ਦੀ ਵਿਸ਼ੇਸ਼ ਤਾਕਤ ਹੁੰਦੀ ਹੈ। ਅਗਰ ਕੋਈ ਵਿਅਕਤੀ ਅਜਿਹੇ ਵਿਅਕਤੀ ਦੇ ਥੋੜ੍ਹਾ ਦੂਰੋਂ ਲੰਘ ਰਿਹਾ ਹੈ ਤਾਂ ਉਹ ਥੋੜ੍ਹੀ ਵੱਧ ਦੂਰੀ ਤਹਿ ਕਰਕੇ ਨੇੜੇ ਹੋ ਕੇ ਲੰਘੇਗਾ ਤਾਂ ਜੋ ਕਿ ਉਹ ਮਿਲ ਕੇ ਜਾਵੇ। ਇਸ ਤਰ੍ਹਾਂ ਦੇ ਇਨਸਾਨਾਂ ਨੂੰ ਆਪਣੇ ਕੰਮ-ਕਾਰ ਵਿਚ ਨਕਾਰਾਤਮਕਤਾ ਕਦੇ ਵੀ ਨਹੀਂ ਝਲਕਦੀ ਸਗੋਂ ਹਰ ਔਖੇ ਕਾਰਜ਼ ਨੂੰ ਵੀ ਖਿੜ੍ਹੇ ਮੱਥੇ ਪੂਰਾ ਕਰ ਲੈਂਦਾ ਹੈ। ਖੁਸ਼ ਮਿਜ਼ਾਜ਼ ਸੁਭਾਅ ਦੇ ਵਿਅਕਤੀ ਦੇ ਚਿਹਰੇ 'ਤੇ ਰੌਣਕ ਹੁੰਦੀ ਹੈ ਅਤੇ ਝੁਰੜੀਆਂ ਚਿਹਰੇ ਤੋਂ ਦੂਰੀ ਬਣਾ ਕੇ ਰੱਖਦੀਆਂ ਹਨ। ਹਸਮੁੱਖ ਲੋਕ ਜ਼ਿੰਦਗੀ ਦੇ ਹਰ ਪਲ ਨੂੰ ਮਾਣਦੇ ਹਨ ਨਾ ਕਿ ਜ਼ਿੰਦਗੀ ਨੂੰ ਕੱਟਦੇ ਹਨ। ਅਜਿਹੇ ਲੋਕਾਂ ਨਾਲ ਵਾਹ-ਵਾਸਤਾ ਰੱਖਣ ਵਾਲੇ ਲੋਕ ਵੀ ਉਨ੍ਹਾਂ ਦੇ ਸਾਹਮਣੇ ਆ ਕੇ ਤਣਾਅ ਮੁਕਤ ਹੋ ਜਾਂਦੇ ਹਨ ਅਤੇ ਉਨ੍ਹਾਂ ਵਾਂਗ ਖ਼ੁਸ਼ ਮਿਜ਼ਾਜ ਹੋਣ ਬਾਰੇ ਲੋਚਦੇ ਹਨ। 

ਜੋ ਲੋਕ ਹਮੇਸ਼ਾ ਆਪਣੇ ਚਿਹਰੇ 'ਤੇ ਉਦਾਸੀ ਦੇ ਮਖੌਟੇ ਦਾ ਲਿਬਾਸ ਪਹਿਨ ਕੇ ਰੱਖਦੇ ਹਨ। ਉਨ੍ਹਾਂ ਦੇ ਚਿਹਰੇ 'ਤੇ ਉਦਾਸੀਆਂ ਦੀਆਂ ਰੇਖਾਵਾਂ ਆਪ ਮੁਹਾਰੇ ਉੱਕਰ ਜਾਂਦੀਆਂ ਹਨ ਜੋ ਕਿ ਚਿਹਰੇ ਦੀ ਰੌਣਕ ਨੂੰ ਤਹਿਸ-ਨਹਿਸ ਕਰ ਦਿੰਦੀਆਂ ਹਨ। ਇਸ ਤਰ੍ਹਾਂ ਵਿਅਕਤੀ ਦੇ ਸੁਭਾਅ ਵਿਚ ਚਿੜਚਿੜਾਪਨ ਉਤਪੰਨ ਹੋ ਜਾਂਦਾ ਹੈ। ਚਿਹਰੇ ਤੋਂ ਆਕਰਸ਼ਣ ਖ਼ੰਭ ਲਾ ਕੇ ਉੱਡ ਜਾਂਦਾ ਹੈ। ਅਜਿਹੇ ਵਿਅਕਤੀ ਤੋਂ ਹਰ ਕੋਈ ਦੂਰੀ ਬਣਾ ਕੇ ਰੱਖਦਾ ਹੈ ਅਤੇ ਨਾ ਹੀ ਕੋਈ ਉਸ ਨਾਲ ਤਾਲੁਕਾਤ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਅਜਿਹੇ ਵਿਅਕਤੀ ਦਾ ਚਿਹਰਾ ਬੁਝਾਰਤ ਬਣ ਜਾਂਦਾ ਹੈ। ਅਜਿਹਾ ਇਨਸਾਨ ਸਮਾਜ ਅਤੇ ਪਰਿਵਾਰਕ ਰਿਸ਼ਤਿਆਂ ਤੋਂ ਟੁੱਟ ਜਾਂਦਾ ਹੈ। ਹਮੇਸ਼ਾਂ ਗੁਸੈਲ਼ੇ, ਕੁੜ੍ਹਨ ਵਾਲੇ, ਚਿੜਚਿੜੇ ਸੁਭਾਅ ਵਾਲੇ ਇਨਸਾਨ ਦੇ ਸਮਾਜਿਕ ਰਿਸ਼ਤੇ ਤਿੜਕੇ ਹੀ ਰਹਿੰਦੇ ਹਨ। ਵਿਅਕਤੀ ਜਿੰਨਾ ਮਰਜ਼ੀ ਸੁਹਣਾ-ਸੁਨੱਖਾ ਅਤੇ ਹੁਸਨ ਦਾ ਮਾਲਕ ਹੋਵੇ ਲੇਕਿਨ ਉਸ ਦਾ ਸੁਭਾਅ ਵਧੀਆ ਨਹੀਂ ਹੈ ਤਾਂ ਉਸ ਨਾਲ ਕੋਈ ਵੀ ਮਿਲਵਰਤਨ ਨਹੀਂ ਰੱਖਣਾ ਚਾਹੁੰਦਾ। ਸੁੰਦਰਤਾ ਸਲੀਕੇ ਦੀ ਕਸਵੱਟੀ 'ਤੇ ਘੱਟ ਹੀ ਖ਼ਰੀ ਉਤਰਦੀ ਹੈ। ਅਸੀਂ ਇਹ ਗੱਲ ਸਹਿਜੇ ਹੀ ਕਹਿ ਸਕਦੇ ਹਾਂ ਕਿ ਵਿਅਕਤੀ ਦੀ ਸੁੰਦਰਤਾ ਸਮੇਂ ਦੇ ਨਾਲ ਢੱਲਦੀ ਰਹਿੰਦੀ ਹੈ ਪਰ ਉਸ ਦਾ ਸੁਭਾਅ ਮੌਤ ਤੱਕ ਆਕਰਸ਼ਣ ਦਾ ਕੇਂਦਰ ਬਣਿਆ ਰਹਿੰਦਾ ਹੈ। ਵਿਅਕਤੀ ਸੁਭਾਅ ਦੀ ਸੁੰਦਰਤਾ ਹਮੇਸ਼ਾ ਹੀ ਆਪਣਾ ਪ੍ਰਭਾਵ ਕਾਇਮ ਰੱਖਦੀ ਹੈ। ਉਦਾਸੀ ਦੇ ਆਲਮ ਵਿਚ ਰਹਿਣ ਵਾਲੇ ਵਿਅਕਤੀ ਦਾ ਕਿਸੇ ਵੀ ਸਮੱਸਿਆ ਦੇ ਆਉੇਣ 'ਤੇ ਹੌਸਲਾ ਤਿੱਤਰ-ਬਿੱਤਰ ਹੋ ਜਾਂਦਾ ਹੈ। ਉਸ ਦੀ ਹਿੰਮਤ ਵੀ ਬੇਹਿੰਮਤੀ ਹੋ ਜਾਂਦੀ ਹੈ। ਅਜਿਹੇ ਮੋੜ 'ਤੇ ਵਿਅਕਤੀ ਦੇ ਸੁਭਾਅ ਕਰਕੇ ਸਾਕ- ਸੰਬੰਧੀ, ਰਿਸ਼ਤੇਦਾਰ ਮੂੰਹ ਫ਼ੇਰ ਲੈਂਦੇ ਹਨ।

ਸੋ, ਅਸੀਂ ਕਹਿ ਸਕਦੇ ਹਾਂ ਕਿ ਵਿਅਕਤੀ ਦਾ ਖ਼ੁਸ਼ ਮਿਜ਼ਾਜ ਸੁਭਾਅ ਇਕ ਸ਼ਕਤੀਸ਼ਾਲੀ ਜ਼ਰੀਆ ਹੈ ਜੋ ਕਿ ਕਿਸੇ ਵੀ ਵਿਅਕਤੀ ਦੇ ਦਿਲ ਵਿਚ ਜਗ੍ਹਾ ਬਣਾਉਣ ਲਈ ਅਹਿਮ ਰੋਲ ਅਦਾ ਕਰਦਾ ਹੈ। ਜੇਕਰ ਕੋਈ ਵੀ ਵਿਅਕਤੀ ਤੁਹਾਡੀ ਕੋਈ ਮਦਦ ਕਰਦਾ ਹੈ ਤਾਂ ਉਸ ਵਿਅਕਤੀ ਦਾ ਖਿੜ੍ਹੇ ਮੱਥੇ ਧੰਨਵਾਦ ਜ਼ਰੂਰ ਕਰੋ। ਇਸ ਨਾਲ ਤੁਹਾਡੇ ਵਲੋਂ ਵਰਤੇ ਗਏ ਧੰਨਵਾਦੀ ਸ਼ਬਦ ਉਸ ਨੂੰ ਖ਼ੁਸ਼ੀ ਪ੍ਰਦਾਨ ਕਰਨਗੇ ਅਤੇ ਉਹ ਵਿਅਕਤੀ ਭਵਿੱਖ ਵਿਚ ਤੁਹਾਡੀ ਮਦਦ ਚਾਈਂ-ਚਾਈਂ ਕਰੇਗਾ।

 

ਕੁਲਦੀਪ ਸਿੰਘ ਬਨੂੜ