ਪੰਜਾਬ ਦੀ ਮਸ਼ਹੂਰ ਗਾਇਕਾ ਤੇ ਅਦਾਕਾਰਾ ਅਨਵਰੀ ਬਾਈ ਅਂੰਮਿ੍ਤਸਰੀ

ਪੰਜਾਬ ਦੀ ਮਸ਼ਹੂਰ ਗਾਇਕਾ ਤੇ ਅਦਾਕਾਰਾ ਅਨਵਰੀ ਬਾਈ ਅਂੰਮਿ੍ਤਸਰੀ

ਸਾਂਝੇ ਪੰਜਾਬ ਦੀ ਉੱਘੀ ਗਾਇਕਾ ਅਤੇ ਅਦਾਕਾਰਾ

 ਅਨਵਰ ਉਰਫ਼ ਅਨਵਰੀ ਬਾਈ ਉਰਫ਼ ਅਨਵਰੀ ਬੇਗ਼ਮ ਦੀ ਪੈਦਾਇਸ਼ 1907 ਵਿੱਚ ਅੰਮ੍ਰਿਤਸਰ ਦੇ ਪੰਜਾਬੀ ਮੁਸਲਿਮ ਪਰਿਵਾਰ ਵਿੱਚ ਹੋਈ। ਉਸ ਦੀ ਮਾਂ ਦਾ ਨਾਮ ਬਿੱਲੋ ਸੀ ਜੋ ਉਸਤਾਦ ਬਹਿਰੇ ਵਹੀਦ ਖ਼ਾਨ (ਕਿਰਾਨਾ ਘਰਾਣਾ) ਦੀ ਸ਼ਾਗਿਰਦ ਸੀ। ਬਿੱਲੋ ਆਪਣੀ ਧੀ ਨੂੰ ‘ਪਾਰੋ’ ਦੇ ਨਾਮ ਨਾਲ ਬੁਲਾਉਂਦੀ ਹੁੰਦੀ ਸੀ। ਅਨਵਰੀ ਨੇ ਕਲਾਸਕੀ ਸੰਗੀਤ ਦੀ ਸ਼ੁਰੂਆਤੀ ਤਾਲੀਮ ਉਸਤਾਦ ਓਮਰਾਓ ਖ਼ਾਂ (ਦਿੱਲੀ ਘਰਾਣਾ) ਅਤੇ ਸ਼ਕੂਰ ਖ਼ਾਨ ਸਾਰੰਗੀ ਵਾਦਕ ਤੋਂ ਹਾਸਿਲ ਕੀਤੀ। ਉਸ ਕੋਲ ਠੁਮਰੀ, ਦਾਦਰਾ ਤੇ ਖ਼ਿਆਲ ਨੂੰ ਉਮਦਗੀ ਨਾਲ ਪੇਸ਼ ਕਰਨ ਦਾ ਹੁਨਰ ਵੀ ਸੀ।

ਜਦੋਂ ਹਕੀਮ ਰਾਮ ਪ੍ਰਸ਼ਾਦ ਨੇ ਆਪਣੇ ਨਵੇਂ ਫਿਲਮਸਾਜ਼ ਅਦਾਰੇ ਪਲੇਆਰਟ ਫੋਟੋਟੋਨ ਕੰਪਨੀ, ਲਾਹੌਰ ਦੇ ਬੈਨਰ ਹੇਠ ਏ. ਆਰ. ਕਾਰਦਾਰ ਉਰਫ਼ ਅਬਦੁੱਲ ਰਸ਼ੀਦ ਕਾਰਦਾਰ (ਲਾਹੌਰ) ਦੀ ਹਿਦਾਇਤਕਾਰੀ ਵਿੱਚ ਉਰਦੂ/ਹਿੰਦੀ ਫਿਲਮ ‘ਹੀਰ ਰਾਂਝਾ’ ਉਰਫ਼ ‘ਹੂਰ-ਏ-ਪੰਜਾਬ’ (1932) ਸ਼ੁਰੂ ਕੀਤੀ ਤਾਂ ਆਲ ਇੰਡੀਆ, ਲਾਹੌਰ ਦੀ ਮਸ਼ਹੂਰ ਗੁਲੂਕਾਰਾ ਅਤੇ ਬੁਲਬੁਲ-ਏ-ਪੰਜਾਬ ਮਿਸ ਅਨਵਰੀ ਬਾਈ ਨੂੰ ਨਵੇਂ ਚਿਹਰੇ ਵਜੋਂ ਪੇਸ਼ ਕੀਤਾ। ਮਿਸ ਅਨਵਰੀ ਬਾਈ ਨੇ ਮਿਸ ਅਨਵਰ ਦੇ ਨਾਮ ਨਾਲ ‘ਹੀਰ’ ਦਾ ਕਿਰਦਾਰ ਨਿਭਾਇਆ, ਰਾਂਝੇ ਦਾ ਕਿਰਦਾਰ ਰਾਵਲਪਿੰਡੀ ਦਾ ਗੱਭਰੂ ਮੁਹੰਮਦ ਰਫ਼ੀਕ ਗਜ਼ਨਵੀ ਬੀ. ਏ. ਨਿਭਾ ਰਿਹਾ ਸੀ। ਵਾਰਿਸ ਸ਼ਾਹ ਦੇ ਮਸ਼ਹੂਰ ਮੁਹੱਬਤੀ ਕਿੱਸੇ ਉੱਤੇ ਬਣੀ ਇਹ ਦੋਵਾਂ ਕਲਾਕਾਰਾਂ ਦੀ ਪਹਿਲੀ ਫਿਲਮ ਸੀ। ਫਿਲਮ ਦੀ ਕਹਾਣੀ ਪ੍ਰੋਫੈਸਰ ਆਬਿਦ ਅਲੀ ਆਬਿਦ, ਸੰਵਾਦ ਲਾਲਾ ਯਾਕੂਬ, ਸਕਰੀਨ ਪਲੇਅ ਐੱਮ. ਸਾਦਿਕ, ਕਲਾ-ਨਿਰਦੇਸ਼ਿਕ ਐੱਮ. ਇਸਮਾਇਲ, ਐਡੀਟਿੰਗ ਏ. ਆਰ. ਕਾਰਦਾਰ, ਫੋਟੋਗ੍ਰਾਫੀ ਵੀ. ਐੱਮ. ਵਿਆਸ, ਗੀਤ ਤੇ ਕਲਾਮ ਵਾਰਿਸ਼ ਸ਼ਾਹ ਅਤੇ ਸੰਗੀਤਕ ਤਰਜ਼ਾਂ ਰਫ਼ੀਕ ਗਜ਼ਨਵੀ (ਸਹਾਇਕ ਭਾਈ ਗ਼ੁਲਾਮ ਹੈਦਰ ‘ਅੰਮ੍ਰਿਤਸਰੀ) ਨੇ ਤਿਆਰ ਕੀਤੀਆਂ ਸਨ। ਫਿਲਮ ਦੇ ਇਸ਼ਤਿਹਾਰਾਂ ’ਤੇ ਮੌਜੂਦ ਸਿਰਫ਼ ਤਿੰਨ ਗੀਤਾਂ ਦਾ ਹਵਾਲਾ ਮਿਲ ਪਾਇਆ ਹੈ, ਜਿਨ੍ਹਾਂ ’ਚ ਦੋ ਗੀਤ ਪੰਜਾਬੀ ਜ਼ੁਬਾਨ ਵਿੱਚ ‘ਰਾਂਝੇ ਨੂੰ ਲਿਆਵੋ ਮੋੜ ਕੇ ਨਾ ਜਾਵੀਂ ਰਾਂਝਣਾ ਵੇ’ ਤੇ ‘ਟੁਰ ਚੱਲਿਆ ਨੀਂ ਰਾਂਝਾ ਮੇਰੀ ਪ੍ਰੀਤ ਨੂੰ ਤੋੜ ਕੇ’ ਅਤੇ ਤੀਜੀ ਉਰਦੂ ਗ਼ਜ਼ਲ ‘ਉੱਠ ਏ ਵਫ਼ਾ ਸ਼ਾਰ ਮੇਰਾ ਹਾਲੇ ਜ਼ਾਰ ਦੇਖ’ ਸੀ। ਇਹ ਫਿਲਮ 9 ਸਤੰਬਰ 1932 ਨੂੰ ਕੈਪੀਟਲ ਸਿਨਮਾ, ਮੈਕਲੋਡ ਰੋਡ, ਲਾਹੌਰ ਅਤੇ ਸਟਾਰ ਸਿਨਮਾ, ਭਾਟੀ ਗੇਟ, ਲਾਹੌਰ ਵਿਖੇ ਰਿਲੀਜ਼ ਹੋਈ, ਪਰ ਫਲਾਪ ਰਹੀ।

ਇਸ ਫਿਲਮ ਦੌਰਾਨ ਰਫ਼ੀਕ ਗ਼ਜ਼ਨਵੀ ਤੇ ਅਨਵਰੀ ਦਰਮਿਆਨ ਮੁਹੱਬਤ ਨੇ ਜਨਮ ਲਿਆ, ਨਤੀਜੇ ਵਜੋਂ ਦੋਵਾਂ ਨੇ ਵਿਆਹ ਕਰ ਲਿਆ। ਇਸ ਤੋਂ ਬਾਅਦ ਰਫ਼ੀਕ ਅਨਵਰੀ ਨੂੰ ਨਾਲ ਲੈ ਕੇ ਬੰਬਈ ਚਲਾ ਗਿਆ। ਬੰਬਈ ਜਾ ਕੇ ਉਸ ਨੇ ਮਹਾਰਾਸ਼ਟਰ ਸਿਨੇਟੋਨ ਦੀ ਨਾਨਾਸਾਹਬ ਡੀ. ਸ਼ਰਪੋਤਦਾਰ ਨਿਰਦੇਸ਼ਿਤ ਇਤਿਹਾਸਕ ਫਿਲਮ ‘ਪ੍ਰਿਥਵੀਰਾਜ ਸੰਯੋਗਿਤਾ’ (1933) ਦੇ 12 ਗੀਤਾਂ ਦਾ ਸੰਗੀਤ ਤਿਆਰ ਕੀਤਾ। ਉਨ੍ਹਾਂ ਨੇ ਫਿਲਮ ’ਚ ‘ਕਵੀ ਚੰਦ ਬਰਦਾਈ’ ਦਾ ਪਾਰਟ ਵੀ ਅਦਾ ਕੀਤਾ। ਇਸ ਫਿਲਮ ਤੋਂ ਬਾਅਦ ਰਫ਼ੀਕ ਨੇ ਅਨਵਰੀ ਬਾਈ ਨੂੰ ਤਲਾਕ ਦੇ ਦਿੱਤਾ। ਥੋੜ੍ਹੇ ਸਮੇਂ ਬਾਅਦ ਅਨਵਰੀ ਦੇ ਘਰ ਇੱਕ ਧੀ ਨੇ ਜਨਮ ਲਿਆ, ਜਿਸ ਦਾ ਨਾਮ ਜ਼ਰੀਨਾ ਰੱਖਿਆ ਗਿਆ।

ਜ਼ਰੀਨਾ ਨੇ ‘ਨਸਰੀਨ’ ਦੇ ਫਿਲਮੀ ਨਾਮ ਨਾਲ ਕਾਰਦਾਰ ਪ੍ਰੋਡਕਸਨਸ਼, ਬੰਬੇ ਦੀ ਏ. ਆ. ਕਾਰਦਾਰ ਨਿਰਦੇਸ਼ਿਤ ਇਤਿਹਾਸਕ ਹਿੰਦੀ ਫਿਲਮ ‘ਸ਼ਾਹਜਹਾਨ’ (1946) ਵਿੱਚ ‘ਰੂਹੀ’ ਦਾ ਪਾਰਟ ਨਿਭਾਇਆ ਸੀ। ਇਸ ਤੋਂ ਇਲਾਵਾ ਗੁਪਤਾ ਆਰਟ ਪ੍ਰੋਡਕਸ਼ਨਜ਼, ਲਾਹੌਰ ਦੀ ਫਿਲਮ ‘ਏਕ ਰੋਜ਼’ (1947) ਵਿੱਚ ਅਲ ਨਾਸਿਰ ਨਾਲ ਕੰਮ ਕੀਤਾ ਸੀ। ਉਹ ਲਿਆਕਤ ਆਗਾ ਨਾਲ ਵਿਆਹ ਤੋਂ ਬਾਅਦ ਜ਼ਰੀਨਾ ਆਗਾ ਕਹਾਈ। ਉਨ੍ਹਾਂ ਦੀਆਂ ਧੀਆਂ ਸਲਮਾ ਆਗਾ ਅਤੇ ਸਬਿਤਾ ਆਗਾ ਲੰਡਨ ਵਿੱਚ ਪੈਦਾ ਹੋਈਆਂ। ਰਫ਼ੀਕ ਗ਼ਜ਼ਨਵੀ ਨਾਲ ਤਲਾਕ ਹੋਣ ਤੋਂ ਬਾਅਦ ਅਨਵਰੀ ਆਪਣੀ ਧੀ ਨਾਲ ਲਾਹੌਰ ਆ ਗਈ ਸੀ। ਜਦੋਂ ਲਾਹੌਰ ਵਿੱਚ ਐੱਮ. ਸੀ. ਸਹਿਗਲ ਅਤੇ ਅਮਰ ਚੰਦ ਭਾਟੀਆ ਨੇ ਅੰਮ੍ਰਿਤ ਫਿਲਮਜ਼, ਲਾਹੌਰ ਦੇ ਬੈਨਰ ਹੇਠ ਹਿੰਦੀ/ਉਰਦੂ ਫਿਲਮ ‘ਆਂਸੂਓਂ ਕੀ ਦੁਨੀਆ’ ਉਰਫ਼ ‘ਸਾਰੋਜ ਆਫ ਮੈਨ’ (1936) ਸ਼ੁਰੂ ਕੀਤੀ। ਇਸ ਦਾ ਨਿਰਦੇਸ਼ਨ ਅੰਮ੍ਰਿਤਸਰ ਦੇ ਏ. ਪੀ. ਉਰਫ਼ ਆਨੰਦ ਪ੍ਰਸ਼ਾਦ ਕਪੂਰ ਸਨ। ਕਪੂਰ ਨੇ ਫਿਲਮ ਵਿੱਚ ਅਨਵਰੀ ਨੂੰ ਸਾਥੀ ਹੀਰੋਇਨ ਦਾ ਕਿਰਦਾਰ ਦਿੱਤਾ। ਫਿਲਮ ਦੇ ਗੀਤ ਵਲੀ ਸਾਹਿਬ ਅਤੇ ਸੰਗੀਤ ਦੀਆਂ ਤਰਜ਼ਾਂ ਉਸਤਾਦ ਝੰਡੇ ਖ਼ਾਨ ਨੇ ਤਿਆਰ ਕੀਤੀਆਂ, ਪਰ ਫਿਲਮ ਦੇ ਗੀਤਾਂ ਦਾ ਕੋਈ ਹਵਾਲਾ ਨਹੀਂ ਮਿਲ ਸਕਿਆ।

1937 ਵਿੱਚ ਅਨਵਰੀ ਬਾਈ ਆਲ ਇੰਡੀਆ ਰੇਡੀਓ, ਲਾਹੌਰ ਦੀ ਪ੍ਰਸਿੱਧ ਗਾਇਕਾ ਬਣ ਚੁੱਕੀ ਸੀ, ਜਿਸ ਦੇ ਚਰਚੇ ਲਾਹੌਰ ਹੀ ਨਹੀਂ ਬਲਕਿ ਦਿੱਲੀ, ਬੰਬਈ ਦੇ ਰੇਡੀਓ ਸਟੇਸ਼ਨਾਂ ਉੱਤੇ ਵੀ ਹੋਣ ਲੱਗ ਪਏ ਸਨ। ਲਾਹੌਰ ਰੇਡੀਓ ਉੱਤੇ ਉਸ ਨੇ ਅਨੇਕਾਂ ਗੀਤ, ਗ਼ਜ਼ਲਾਂ ਗਾਈਆਂ, ਜਿਨ੍ਹਾਂ ਵਿੱਚ ਖ਼ਿਆਲ ਪੁਰੀਆ ਧਨਾਸਰੀ ‘ਆਜੋ ਰੇ ਬਾਲਮ’ ਤੋਂ ਇਲਾਵਾ ਪੰਜਾਬੀ ਗੀਤ ‘ਦਿਲਬਰ ਯਾਰ ਆਜਾ ਰੌਂਦੀ ਹੱਸਾਂ’ ਤੇ ਠੁਮਰੀ ‘ਤੇਰੇ ਬਿਨ ਬੈਚੇਨ’ ਆਦਿ ਸ਼ਾਮਿਲ ਹਨ। 1939 ਦੇ ਜ਼ਮਾਨੇ ’ਚ ਆਲ ਇੰਡੀਆ ਰੇਡੀਓ ਸਟੇਸ਼ਨ, ਬੰਬਈ ਦੇ ਨਫ਼ੀਸ ਪੰਜਾਬੀ ਨਿਰਦੇਸ਼ਿਕ ਜੇ. ਕੇ. ਮਹਿਰਾ ਉਰਫ਼ ਜੁਗਲ ਕਿਸ਼ੋਰ ਮਹਿਰਾ ਦਾ ਅਨਵਰੀ ਬਾਈ ਨਾਲ ਰਾਬਤਾ ਹੋਇਆ ਜੋ ਉਸ ਦੇ ਹੁਸਨ ਤੇ ਗਾਇਕੀ ਦਾ ਮੁਰੀਦ ਸੀ। ਪੰਜਾਬ ਵੰਡ ਤੋਂ ਬਾਅਦ ਜੁਗਲ ਕਿਸ਼ੋਰ ਬੰਬਈ ਤੋਂ ਲਾਹੌਰ ਚਲਾ ਗਿਆ ਅਤੇ ਉੱਥੇ ਆਲ ਇੰਡੀਆ ਰੇਡੀਓ, ਲਾਹੌਰ ਦਾ ਨਿਰਦੇਸ਼ਕ ਬਣ ਗਿਆ।

ਅਨਵਰੀ ਤੇ ਉਸ ਦੀ ਧੀ ਪਹਿਲਾਂ ਹੀ ਲਾਹੌਰ ਆ ਚੁੱਕੀਆਂ ਸਨ। ਹੌਲੀ-ਹੌਲੀ ਮਹਿਰਾ ਦਾ ਅਨਵਰੀ ਦੇ ਘਰ ਆਉਣਾ-ਜਾਣਾ ਵੀ ਸ਼ੁਰੂ ਹੋ ਗਿਆ। ਜੁਗਲ ਕਿਸ਼ੋਰ ਨੂੰ ਅਹਿਸਾਸ ਹੋ ਗਿਆ ਸੀ ਨਸਰੀਨ ਇੱਕ ਉੱਭਰ ਰਹੀ ਸਟਾਰ ਅਦਕਾਰਾ ਹੈ, ਜਿਸ ਦਾ ਮਿਲਣਾ ਮੁਸ਼ਕਿਲ ਹੀ ਨਹੀਂ ਨਾ-ਮੁਮਕਿਨ ਵੀ ਹੈ। ਲਿਹਾਜ਼ਾ ਉਸ ਨੇ ਅਨਵਰੀ ਨਾਲ ਹੀ ਵਿਆਹ ਕਰਨ ਦਾ ਫ਼ੈਸਲਾ ਕਰ ਲਿਆ। ਇਹ ਵਿਆਹ ਤਦ ਹੀ ਸੰਭਵ ਹੋ ਸਕਦਾ ਸੀ ਜੇਕਰ ਉਹ ਇਸਲਾਮ ਕਬੂਲ ਕਰਦਾ ਹੈ। ਅਖ਼ੀਰਨ ਉਸ ਨੇ ਇਸਲਾਮ ਕਬੂਲ ਕਰ ਕੇ 1947 ਵਿੱਚ ਅਨਵਰੀ ਨਾਲ ਵਿਆਹ ਕਰਾ ਲਿਆ ਅਤੇ ਆਪਣਾ ਨਾਮ ਬਦਲ ਕੇ ਅਹਿਮਦ ਸਲਮਾਨ ਰੱਖ ਲਿਆ।

ਫਿਰ ਕੁਝ ਸਮਾਂ ਲਾਹੌਰ ਰਹਿਣ ਤੋਂ ਬਾਅਦ ਉਹ ਲੰਡਨ ਦੇ ਇੱਕ ਸ਼ਹਿਰ ਵਿੱਚ ਪੱਕੇ ਤੌਰ ’ਤੇ ਆਣ ਵੱਸੇ। ਇੱਥੇ ਆ ਕੇ ਦੋਵੇਂ ਜਣੇ ਸ਼ਾਸਤਰੀ ਸੰਗੀਤ ਨੂੰ ਸਮਰਪਿਤ ਹੋ ਗਏ। ਅਨਵਰੀ ਦੀ ਸ਼ਖ਼ਸੀਅਤ ਹੀ ਅਜਿਹੀ ਸੀ ਕਿ ਉਹ ਜਿੱਥੇ ਵੀ ਜਾਂਦੀ ਉੱਥੇ ਕਈ ਅਫ਼ਸਾਨੇ ਛੱਡ ਜਾਂਦੀ। 1980 ਵਿੱਚ ਉਸ ਦਾ ਖ਼ਾਵੰਦ ਜੁਗਲ ਕਿਸ਼ੋਰ ਮਹਿਰਾ ਉਰਫ਼ ਅਹਿਮਦ ਸਲਮਾਨ ਅਕਾਲ ਚਲਾਣਾ ਕਰ ਗਿਆ। 4 ਅਪਰੈਲ 2004 ਨੂੰ ਧੀ ਨਸਰੀਨ ਵੀ ਫ਼ੌਤ ਹੋ ਗਈ। ਆਪਣੀ ਧੀ ਨੂੰ ਬੇਪਨਾਹ ਮੁਹੱਬਤ ਕਰਨ ਵਾਲੀ ਅਨਵਰੀ ਹੁਣ ’ਕੱਲੀ ਰਹਿ ਗਈ ਸੀ, ਜਿਸ ਕੋਲ ਉਸ ਦੀਆਂ ਦੋਹਤੀਆਂ ਸਲਮਾ ਆਗਾ ਅਤੇ ਸਬਿਤਾ ਆਗਾ ਹੀ ਰਹਿ ਗਈਆਂ ਸਨ। ਉਹ ਤਨਹਾਈ ਵਿੱਚ ਆਪਣੀ ਧੀ ਨੂੰ ਯਾਦ ਕਰ ਕੇ ਬੜਾ ਰੋਂਦੀ। ਫਿਰ ਧੀ ਦੀ ਮੌਤ ਤੋਂ ਇੱਕ ਸਾਲ ਬਾਅਦ ਅਨਵਰੀ ਬਾਈ ਵੀ ਲੰਦਨ ਵਿੱਚ 5 ਅਪਰੈਲ 2005 ਨੂੰ 98 ਸਾਲਾਂ ਦੀ ਚੰਗੀ ਉਮਰ ਭੋਗ ਕੇ ਰੁਖ਼ਸਤ ਹੋ ਗਈ। ਉਸ ਨੂੰ ਕਰਾਚੀ ਲਿਆ ਕੇ ਸਪੁਰਦ-ਏ-ਖ਼ਾਕ ਕੀਤਾ ਗਿਆ।

ਅਨਵਰੀ ਬਾਈ ਤੇ ਜ਼ਰੀਨਾ ਤੋਂ ਬਾਅਦ ਦੋਹਤੀ ਸਲਮਾ ਆਗਾ ਨੇ ਉਨ੍ਹਾਂ ਦੀ ਅਦਾਕਾਰਾਨਾ ਤੇ ਸੰਗੀਤਕ ਵਿਰਾਸਤ ਨੂੰ ਅੱਗੇ ਤੋਰਿਆ। ਸਲਮਾ ਆਗਾ ਨੂੰ ਪਹਿਲੀ ਵਾਰ ਉੱਘੇ ਫਿਲਮਸਾਜ਼ ਤੇ ਹਿਦਾਇਤਕਾਰ ਬੀ. ਆਰ. ਚੋਪੜਾ ਉਰਫ਼ ਬਲਦੇਵ ਰਾਜ ਚੋਪੜਾ ਨੇ ਆਪਣੇ ਫਿਲਮਸਾਜ਼ ਅਦਾਰੇ ਬੀ. ਆਰ. ਫਿਲਮਜ਼, ਬੰਬੇ ਦੀ ਫਿਲਮ ‘ਨਿਕਾਹ’ (1982) ਵਿੱਚ ਨਵੀਂ ਅਦਾਕਾਰਾ ਤੇ ਗਾਇਕਾ ਵਜੋਂ ਪੇਸ਼ ਕਰਵਾਇਆ ਸੀ। ਇਸ ਫਿਲਮ ਵਿੱਚ ਉਸ ਦਾ ਗਾਇਆ ਗੀਤ ‘ਦਿਲ ਕੇ ਅਰਮਾ ਆਂਸੂਓਂ ਮੇਂ ਬਹਿ ਗਏ’ ਬੜਾ ਮਕਬੂਲ ਹੋਇਆ ਸੀ। ਬਾਅਦ ਵਿੱਚ ਇਸੇ ਸਲਮਾ ਆਗਾ ਨੇ ਕਈ ਹਿੰਦੀ ਫਿਲਮਾਂ ਵਿੱਚ ਅਦਾਕਾਰੀ ਕੀਤੀ ਤੇ ਗੀਤ ਗਾਏ। ਉਸ ਨੇ ਕਈ ਪੰਜਾਬੀ ਫਿਲਮਾਂ ਵਿੱਚ ਵੀ ਗੀਤ ਗਾਏ ਜੋ ਬਹੁਤ ਮਸ਼ਹੂਰ ਹੋਏ ਅਤੇ ਉਸ ਦੇ ਗਾਏ ਗੀਤਾਂ ਦੇ ਕਈ ਕਈ ਗ਼ੈਰ-ਫਿਲਮੀ ਪੰਜਾਬੀ, ਹਿੰਦੀ, ਉਰਦੂ ਗ੍ਰਾਮੋਫੋਨ ਰਿਕਾਰਡ ਤੇ ਆਡੀਓ ਕੈਸੇਟ ਵੀ ਜਾਰੀ ਹੋਏ।

ਅੱਜਕੱਲ੍ਹ ਸਲਮਾ ਆਗਾ ਦੀ ਧੀ ਸ਼ਾਸ਼ਾ ਆਗਾ ਬੌਲੀਵੁੱਡ ਫਿਲਮਾਂ ਰਾਹੀਂ ਆਪਣੀ ਪਰਿਵਾਰਕ ਵਿਰਾਸਤ ਨੂੰ ਅੱਗੇ ਵਧਾ ਰਹੀ ਹੈ।

 

ਮਨਦੀਪ ਸਿੰਘ ਸਿੱਧੂ