ਦਿਲਜੀਤ ਦੁਸਾਂਝ ਮਨਾ ਰਿਹੈ ਬਰਫੀਲੇ ਖੇਤਰ ਵਿੱਚ ਛੁੱਟੀਆਂ

ਦਿਲਜੀਤ ਦੁਸਾਂਝ ਮਨਾ ਰਿਹੈ  ਬਰਫੀਲੇ ਖੇਤਰ ਵਿੱਚ ਛੁੱਟੀਆਂ

ਅੰਮ੍ਰਿਤਸਰ ਟਾਈਮਜ਼ ਬਿਊਰੋ

ਮੁੰਬਈ: ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਅੱਜ-ਕੱਲ੍ਹ ਇਕੱਲਾ ਹੀ ਬਰਫੀਲੇ ਖੇਤਰ ਵਿੱਚ ਛੁੱਟੀਆਂ ਮਨਾ ਰਿਹਾ ਹੈ। ਦਿਲਜੀਤ ਨੂੰ ਫ਼ਿਲਮ ‘ਉੜਤਾ ਪੰਜਾਬ’, ‘ਗੁੱਡ ਨਿਊਜ਼’ ਅਤੇ ‘ਜੱਟ ਐਂਡ ਜੂਲੀਅਟ’ ਲਈ ਜਾਣਿਆ ਜਾਂਦਾ ਹੈ। ਦਿਲਜੀਤ ਨੇ ਹਾਲ ਹੀ ਵਿੱਚ ਇੰਸਟਾਗ੍ਰਾਮ ’ਤੇ ਇਕ ‘ਰੀਲ’ ਸਾਂਝੀ ਕੀਤੀ ਹੈ, ਜਿਸ ਵਿਚ ਉਸ ਨੂੰ ਟੂਰ ’ਤੇ ਜਾਣ ਦੀ ਤਿਆਰੀ ਕਰਦਿਆਂ ਦੇਖਿਆ ਜਾ ਸਕਦਾ ਹੈ। ‘ਰੀਲ’ ਵਿੱਚ ਉਸ ਨੂੰ ਖਾਣਾ ਬਣਾਉਂਦਿਆਂ, ਬੈਗ ਵਿਚ ਕੱਪੜੇ ਪਾਉਂਦਿਆਂ ਦੇਖਿਆ ਜਾ ਸਕਦਾ ਹੈ ਅਤੇ ਉਸ ਨੇ ਸਰਦੀਆਂ ਵਾਲੇ ਕੱਪੜੇ ਪਹਿਨੇ ਹੋਏ ਹਨ। ਉਸ ਨੇ ‘ਰੀਲ’ ਦੀ ਕੈਪਸ਼ਨ ਵਿਚ ਲਿਖਿਆ,‘‘ਇਕੱਲਿਆਂ ਦੀ ਸੈਰ...!’ ਪਰ ਦਿਲਜੀਤ ਦੇ ਚਾਹੁਣ ਵਾਲੇ ਹੈਰਾਨ ਹਨ ਤੇ ਉਹ ਉਸ ਨੂੰ ਪੁੱਛ ਰਹੇ ਹਨ ਕਿ ਜੇਕਰ ‘ਇਕੱਲਿਆਂ ਦੀ ਸੈਰ’ ਹੈ ਤਾਂ ਫਿਰ ਵੀਡੀਓ ਕੌਣ ਬਣਾ ਰਿਹਾ ਹੈ।

ਇਸ ਤੋਂ ਬਾਅਦ ਦਿਲਜੀਤ ਨੇ ਆਖਿਆ, ‘ਵੀਡੀਓ ਕੈਮਰਾਮੈਨ ਦੁਸਾਂਝਵਾਲਾ’ ਬਣਾ ਰਿਹਾ ਹੈ, ਕਿਉਂਕਿ ਇਹ ਤਕਨਾਲੋਜੀ ਦਾ ਯੁੱਗ ਹੈ ਤੇ ਹਰ ਕੋਈ ਕਿਸੇ ਵੀ ਐਂਗਲ ਤੋਂ ਵੀਡੀਓ ਬਣਾ ਸਕਦਾ ਹੈ।’’ ਜਾਣਕਾਰੀ ਅਨੁਸਾਰ ਦਿਲਜੀਤ ਨੂੰ ਹਾਲ ਹੀ ਵਿੱਚ ਫ਼ਿਲਮ ‘ਜੋਗੀ’ ਦੇਖਿਆ ਗਿਆ ਸੀ, ਜਿਸ ਦੀ ਕਹਾਣੀ ਸਾਲ 1984 ਦੌਰਾਨ ਵਾਪਰੇ ਸਿੱਖ ਕਤਲੇਆਮ ’ਤੇ ਆਧਾਰਿਤ ਹੈ।