ਬੱਚਿਆਂ ਨੂੰ ਮਾਂ ਬੋਲੀ ਵਿਚ ਪੜ੍ਹਨ ਦਾ ਹੱਕ ਮਿਲੇ: ਯੂ.ਐਨ ਮਾਹਿਰ

ਬੱਚਿਆਂ ਨੂੰ ਮਾਂ ਬੋਲੀ ਵਿਚ ਪੜ੍ਹਨ ਦਾ ਹੱਕ ਮਿਲੇ: ਯੂ.ਐਨ ਮਾਹਿਰ

ਚੰਡੀਗੜ੍ਹ: ਸੰਯੁਕਤ ਰਾਸ਼ਟਰ (ਯੂ.ਐਨ) ਦੇ ਮਾਹਰ ਨੇ ਮਾਂ ਬੋਲੀਆਂ ਦੀ ਅਹਿਮੀਅਤ ਬਾਰੇ ਬਿਆਨ ਦਿੰਦਿਆਂ ਕਿਹਾ ਹੈ ਕਿ ਬੱਚਿਆਂ ਨੂੰ ਉਹਨਾਂ ਦੀ ਆਪਣੀ ਮਾਂ ਬੋਲੀ ਵਿਚ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ ਅਤੇ ਜਿਹੜੇ ਦੇਸ਼ ਇੰਝ ਨਹੀਂ ਕਰ ਰਹੇ ਉਹ ਮਨੁੱਖੀ ਹੱਕਾਂ ਦਾ ਘਾਣ ਕਰ ਰਹੇ ਹਨ।

ਮਨੁੱਖੀ ਅਧਿਕਾਰ ਕਾਉਂਸਲ ਨੂੰ ਜਮ੍ਹਾ ਕਰਵਾਈ ਰਿਪੋਰਟ ਵਿਚ ਘੱਟਗਿਣਤੀਆਂ ਬਾਰੇ ਯੂ.ਐਨ ਦੇ ਖਾਸ ਅਫਸਰ (special rapporteur) ਫਰਨੈਂਡ ਡੀ ਵਰਨੇਸ ਨੇ ਕਿਹਾ ਕਿ ਮਾਂ ਬੋਲੀਆਂ ਵਿਚ ਸਿੱਖਿਆ ਦੇਣ ਦੇ ਬਹੁਤ ਜ਼ਿਆਦਾ ਲਾਹੇ ਹਨ। 

ਉਹਨਾਂ ਕਿਹਾ, "ਇਕ ਸਰਕਾਰੀ ਭਾਸ਼ਾ ਦੀ ਉੱਚ ਮਿਆਰੀ ਸਿੱਖਿਆ ਦੇ ਨਾਲ ਬਾਕੀ ਸਿੱਖਿਆ ਘੱਟਗਿਣਤੀ ਦੀ ਮਾਂ-ਬੋਲੀ ਵਿਚ ਦੇਣ ਦੇ ਸਿੱਟੇ ਜ਼ਿਆਦਾ ਵਧੀਆ ਆਉਂਦੇ ਹਨ; ਇਸ ਨਾਲ ਵਿਦਿਆਰਥੀਆਂ ਦੇ ਪੜ੍ਹਾਈ ਛੱਡਣ ਦੀ ਦਰ ਵਿਚ ਕਮੀ ਆਉਂਦੀ ਹੈ ਜਿਸ ਨਾਲ ਵਧੀਆ ਅਕਾਦਮਕ ਨਤੀਜੇ ਸਾਹਮਣੇ ਆਉਂਦੇ ਹਨ, ਖਾਸ ਕਰਕੇ ਕੁੜੀਆਂ ਦੇ ਮਾਮਲੇ ਵਿਚ ਇਹ ਬਹੁਤ ਕਾਰਗਰ ਸਾਬਤ ਹੁੰਦਾ ਹੈ।"

ਉਹਨਾਂ ਕਿਹਾ ਕਿ ਜੇ ਕਿਸੇ ਘੱਟਗਿਣਤੀ ਭਾਈਚਾਰੇ ਦੇ ਬੱਚਿਆਂ ਨੂੰ ਉਹਨਾਂ ਦੀ ਮਾਂ-ਬੋਲੀ ਵਿਚ ਸਿੱਖਿਆ ਨਹੀਂ ਦਿੱਤੀ ਜਾ ਰਹੀ ਤਾਂ ਇਹ ਮਨੁੱਖੀ ਹੱਕਾਂ ਦੇ ਘਾਣ ਦਾ ਮਾਮਲਾ ਬਣਦਾ ਹੈ।