ਦੇਸ ਵੰਡ ਦਾ ਸਿਖਿਆ ਤੇ ਪੰਜਾਬੀ ਭਾਸ਼ਾ ਨੂੰ ਵੱਡਾ ਹੋਇਆ ਨੁਕਸਾਨ

ਦੇਸ ਵੰਡ ਦਾ ਸਿਖਿਆ ਤੇ ਪੰਜਾਬੀ ਭਾਸ਼ਾ ਨੂੰ ਵੱਡਾ ਹੋਇਆ ਨੁਕਸਾਨ

ਭੱਖਦਾ ਮੁੱਦਾ

ਅੱਜ ਇਹ ਬਹਿਸ ਬੇਲੋੜੀ ਹੈ ਕਿ ਹਿੰਦੁਸਤਾਨ ਦੀ ਦੋ ਦੇਸ਼ਾਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਵੰਡ ਜਾਇਜ਼ ਸੀ ਜਾਂ ਨਾਜਾਇਜ਼ ਪਰ ਇਸ ਗੱਲ ਦਾ ਮੁਲਾਂਕਣ ਜ਼ਰੂਰ ਕੀਤਾ ਜਾ ਸਕਦਾ ਹੈ ਕਿ ਇਸ ਵੰਡ ਨਾਲ ਕੀ ਨੁਕਸਾਨ ਹੋਇਆ? ਅੱਜ ਜਿਸ ਸੰਕਲਪ ਜਾਂ ਵਰਤਾਰੇ ਨੂੰ ਬਹੁ-ਸੱਭਿਆਚਾਰਵਾਦ ਦਾ ਨਾਂਅ ਦਿੱਤਾ ਜਾਂਦਾ ਹੈ। ਉਹ ਤਾਂ ਪੰਜਾਬ ਵਿਚ ਸਦੀਆਂ ਤੋਂ ਪ੍ਰਚੱਲਿਤ ਸੀ। ਇਸ ਬਹੁ-ਸੱਭਿਆਚਾਰਵਾਦ ਨੂੰ ਵਿਕਸਿਤ ਕਰਨ ਵਿਚ ਗੁਰੂ ਸਾਹਿਬਾਨ, ਸੰਤਾਂ-ਭਗਤਾਂ, ਸੂਫ਼ੀ-ਦਰਵੇਸ਼ਾਂ, ਉਦਾਰਚਿਤ ਦਾਨਿਸ਼ਵਰਾਂ ਅਤੇ ਕਲਾਕਾਰਾਂ ਨੇ ਬਣਦਾ ਯੋਗਦਾਨ ਪਾਇਆ ਹੈ। ਬਹੁ-ਸੱਭਿਆਚਾਰਕ ਵਰਤਾਰੇ ਵਿਚ ਰਹਿਣਾ ਪੰਜਾਬੀ ਭਾਸ਼ਾ ਅਤੇ ਰਹਿਣੀ-ਬਹਿਣੀ ਦਾ ਇਕ ਗੌਲਣਯੋਗ ਲੱਛਣ ਜਾਂ ਗੁਣ ਹੈ। ਇਸੇ ਲਈ ਪੰਜਾਬ ਦੀ ਭਾਸ਼ਾ ਵਿਚ ਮਿਸ਼ਰਣ ਹੈ। ਪੰਜਾਬ ਦੀ ਵੰਡ ਨੇ ਪੰਜਾਬੀ ਭਾਸ਼ਾ ਸਾਹਿਤ ਅਤੇ ਸੱਭਿਆਚਾਰ ਨੂੰ ਕੀ ਨੁਕਸਾਨ ਪਹੁੰਚਾਇਆ ਹੈ? ਇਹ ਇਕ ਵਿਸਤ੍ਰਿਤ ਵਿਸ਼ਾ ਹੈ। ਹਾਲ ਦੀ ਘੜੀ ਅਸੀਂ ਗੱਲ ਪੰਜਾਬੀ ਭਾਸ਼ਾ ਦੇ ਨੁਕਸਾਨ ਦੀ ਹੀ ਕਰਨੀ ਹੈ।

ਪੰਜਾਬ ਆਪਣੇ-ਆਪ ਵਿਚ ਇਕ ਮਿੱਸਾ ਸ਼ਬਦ ਹੈ, ਪੰਜ+ਆਬ ਪੰਜ ਸੰਸਕ੍ਰਿਤ ਸ਼ਬਦ 'ਪੰਚ' ਦਾ ਤਦਭਵ ਹੈ ਅਤੇ ਆਬ ਫਾਰਸੀ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਪਾਣੀ। ਅਸੀਂ ਪਾਣੀ ਦਾ ਅਰਥ ਦਰਿਆ ਕਰਕੇ ਪੰਜਾਬ ਨੂੰ ਪੰਜਾਂ ਦਰਿਆਵਾਂ ਦੀ ਧਰਤੀ ਦਾ ਲਕਬ ਦੇ ਦਿੱਤਾ ਹੈ। ਪੰਜਾਬੀ ਵਿਚ ਸੰਸਕ੍ਰਿਤੀ (ਹਿੰਦੀ) ਅਤੇ ਅਰਬੀ-ਫਾਰਸੀ ਦੇ ਸੈਂਕੜੇ ਨਹੀਂ, ਹਜ਼ਾਰਾਂ ਸ਼ਬਦ ਹਨ ਜੋ ਸਾਧਾਰਨ ਲੋਕ ਆਪਣੀ ਆਮ ਬੋਲਚਾਲ ਦੀ ਜ਼ਬਾਨ ਵਿਚ ਵਰਤਦੇ ਹਨ। ਦੇਸ਼ ਵੰਡ ਦਾ ਸਭ ਤੋਂ ਵੱਡਾ ਨੁਕਸਾਨ ਪੰਜਾਬੀ ਭਾਸ਼ਾ ਨੂੰ ਇਹ ਹੋਇਆ ਕਿ ਅਜਿਹੀ ਸਾਰੀ ਸ਼ਬਦਾਵਲੀ, ਮੁਸਲਮਾਨਾਂ ਦੇ ਪੂਰਬੀ ਪੰਜਾਬ ਨੂੰ ਛੱਡ ਜਾਣ ਕਰਕੇ ਅਲੋਪ ਹੋ ਗਈ ਹੈ ਅਤੇ ਲਗਾਤਾਰ ਅਲੋਪ ਹੋ ਰਹੀ ਹੈ। ਮੁਸਲਮਾਨੀ ਸੱਭਿਆਚਾਰ ਦੀ ਉਹ ਸ਼ਬਦਾਵਲੀ ਜੋ ਪੰਜਾਬੀ ਲੋਕ ਉੱਠਦੇ ਬੈਠਦੇ ਸਿੱਖ ਅਤੇ ਸਮਝ ਲੈਂਦੇ ਸਨ, ਅੱਜ ਉਸ ਨੂੰ ਸਮਝਣ ਲਈ ਸ਼ਬਦ ਕੋਸ਼ਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਉਦਾਹਰਨ ਲਈ ਮੁਸਲਮਾਨ ਕਿਸ ਨੂੰ ਕਿਹਾ ਜਾਂਦਾ ਹੈ? ਇਹ ਸਵਾਲ ਇਕ ਵਾਰੀ ਮੈਂ ਆਪਣੇ ਐਮ.ਏ. ਜਮਾਤ ਦੇ ਵਿਦਿਆਰਥੀਆਂ ਨੂੰ ਕੀਤਾ ਪਰ ਕਿਸੇ ਕੋਲ ਇਸ ਦਾ ਕੋਈ ਉੱਤਰ ਨਹੀਂ ਸੀ। ਤੌਹੀਦ, ਕਲਮਾ, ਹੱਜ, ਜ਼ਕਾਤ ਅਤੇ ਮੁਸਲਮਨੀ ਰਹਿਣੀ ਰਹਿਣੀ ਨਾਲ ਸੰਬੰਧਿਤ ਸੈਂਕੜੇ ਸ਼ਬਦਾਂ ਤੋਂ ਅੱਜ ਦੇ ਵਿਦਿਆਰਥੀ ਅਨਜਾਣ ਹਨ ਅਤੇ ਦਿਲਚਸਪ ਗੱਲ ਇਹ ਹੈ ਕਿ ਇਹ ਵਰਤਾਰਾ ਇਕਪਾਸੜ ਨਹੀਂ, ਸਗੋਂ ਦੁਪਾਸੜ ਜਾਂ ਦੁਵੱਲਾ ਹੈ। ਗੁਰਬਾਣੀ ਅਤੇ ਭਗਤੀ ਲਹਿਰ ਦੇ ਕਵੀਆਂ ਨੇ ਭਾਰਤੀ ਸੰਕਲਪਾਤਮਿਕ ਸ਼ਬਦਾਵਲੀ ਜੋ ਵਰਤੀ ਹੈ, ਉਹ ਪੱਛਮੀ ਪੰਜਾਬ ਦੇ ਵਿਦਿਆਰਥੀਆਂ ਲਈ ਅਸਲੋਂ ਓਪਰੀ ਹੈ। ਸੰਸਕ੍ਰਿਤ, ਹਿੰਦੀ, ਅਰਬੀ, ਫ਼ਾਰਸੀ ਅਤੇ ਹੋਰਨਾਂ ਕਈ ਭਾਸ਼ਾਵਾਂ ਦੇ ਸ਼ਬਦ ਤਦਭਵ ਹੋ ਕੇ ਪੰਜਾਬੀ ਵਿਚ ਸਮਾਏ ਹੋਏ ਹਨ। ਇਸੇ ਲਈ ਪ੍ਰਸਿੱਧ ਉਰਦੂ ਵਿਦਵਾਨ ਹਾਫਿਜ਼ ਮਹਿਮੂਦ ਸ਼ੀਰਲੀ ਦਾ ਮੰਨਣਾ ਹੈ ਕਿ ਉਰਦੂ ਵਿਚ ਸੱਠ ਫ਼ੀਸਦੀ ਤੋਂ ਵੱਧ ਸ਼ਬਦ ਪੰਜਾਬੀ ਵਿਚੋਂ ਆਏ ਹਨ ਜਾਂ ਪੰਜਾਬੀ ਮੂਲ ਦੇ ਹਨ। ਸ਼ੀਰਲੀ ਪੰਜਾਬ ਨੂੰ ਹੀ ਉਰਦੂ ਦੀ ਜਨਮ-ਭੂਮੀ ਮੰਨਦਾ ਹੈ। ਦੇਸ਼ ਵੰਡ ਨੇ ਪੰਜਾਬੀ ਨੂੰ ਦੋ ਭਾਗਾਂ ਵਿਚ ਵੰਡ ਦਿੱਤਾ ਹੈ, ਪੂਰਬੀ ਪੰਜਾਬੀ ਅਤੇ ਪੱਛਮੀ ਪੰਜਾਬੀ। ਪੂਰਬੀ ਪੰਜਾਬੀ ਭਾਰਤੀ ਪੰਜਾਬ ਵਿਚ ਵਰਤੀ ਜਾਣ ਵਾਲੀ ਜ਼ਬਾਨ ਹੈ ਜਦ ਕਿ ਪੱਛਮੀ ਪੰਜਾਬੀ ਜਿਸ ਨੂੰ ਕੁਝ ਮੁੱਤਅਬੀ ਜਾਂ 'ਪਾਕ ਪੰਜਾਬੀ' ਵੀ ਕਹਿੰਦੇ ਹਨ, ਲਹਿੰਦੇ ਜਾਂ ਪਾਕਿਸਤਾਨੀ ਪੰਜਾਬ ਵਿਚ ਬੋਲੀ ਜਾਣ ਵਾਲੀ ਹੈ। ਭਾਰਤੀ ਪੰਜਾਬੀ ਪਾਕਿਸਤਾਨੀਆਂ ਦੀ ਸਮਝ ਤੋਂ ਬਾਹਰ ਹੋ ਰਹੀ ਹੈ ਜਦ ਕਿ ਪੱਛਮੀ ਪੰਜਾਬ ਦੀ ਭਾਸ਼ਾ ਭਾਰਤ ਵਿਚ ਵੱਸਣ ਵਾਲਿਆਂ ਲਈ ਓਪਰੀ ਹੋ ਰਹੀ ਹੈ। ਸਿਰਜਣਾਤਮਕ ਸਾਹਿਤ ਨਾਲੋਂ ਇਹ ਦੁਸ਼ਵਾਰੀ ਆਲੋਚਨਾਤਮਿਕ ਜਾਂ ਖੋਜਾਤਮਕ ਸਾਹਿਤ ਨੂੰ ਸਮਝਣ ਵਿਚ ਵਧੇਰੇ ਹੈ।

ਅੱਜ ਇਹ ਮੁਸ਼ਕਿਲ ਸ਼ਬਦਾਂ ਨੂੰ ਸਮਝਣ ਤੱਕ ਨਹੀਂ, ਵਿਆਕਰਣ ਤੱਕ ਵੀ ਫੈਲ ਗਈ ਹੈ। ਉਰਦੂ ਵਿਆਕਰਣ ਵਿਚ ਬਹੁ-ਵਚਨ/ਆਤ/ਪਿਛੇਤਰ ਲਾ ਕੇ ਬਣਦਾ ਹੈ ਜਿਵੇਂ ਜਜ਼ਬਾ ਤੋਂ ਜਜ਼ਬਾਤ, ਵਾਕਿਆ ਤੋਂ ਵਾਕਿਆਤ, ਹਾਲਤ ਤੋਂ ਹਾਲਾਤ, ਇਮਕਾਨ ਤੋਂ ਇਮਕਾਨਾਤ ਆਦਿ ਪਰ ਪੰਜਾਬੀ ਲਿਖਾਰੀਆਂ ਅਤੇ ਬੁਲਾਰਿਆਂ ਵਿਚ ਇਹ ਗ਼ਲਤੀ ਅਕਸਰ ਵੇਖਣ ਨੂੰ ਮਿਲਦੀ ਹੈ ਕਿ ਉਹ ਮੂਲ ਸ਼ਬਦ ਤਾਂ ਫ਼ਾਰਸੀ/ਉਰਦੂ ਦਾ ਰਹਿਣ ਦਿੰਦੇ ਹਨ ਪਰ ਬਹੁਵਚਨ ਪੰਜਾਬੀ ਵਿਆਕਰਣ ਨੇਮਾਂ ਅਨੁਸਾਰ ਬਣਾ ਲੈਂਦੇ ਹਨ ਜਿਵੇਂ ਜਜ਼ਬਾਤਾਂ, ਹਾਲਤਾਂ, ਵਾਕਿਆਤਾਂ ਆਦਿ। ਭਾਸ਼ਾ ਵਿਗਿਆਨ ਦੀ ਦ੍ਰਿਸ਼ਟੀ ਤੋਂ ਇਹ ਵੱਡੀ ਉਕਾਈ ਹੈ ਅਤੇ ਸ਼ਬਦ ਵਿਗਾੜ ਹੈ। ਕਈ ਸੱਜਣ ਅਕਸਰ ਇਹ ਕਹਿੰਦੇ ਸੁਣੇ ਜਾਂਦੇ ਹਨ ਕਿ ਪਾਕਿਸਤਾਨ ਵਿਚਲੀ ਪੰਜਾਬੀ ਵਧੇਰੇ ਸਰਲ ਅਤੇ ਠੇਠ ਹੈ। ਬੋਲਣ ਦੀ ਹੱਦ ਤੱਕ ਤਾਂ ਇਹ ਗੱਲ ਮੰਨੀ ਜਾ ਸਕਦੀ ਹੈ ਪਰ ਲਿਖਤ ਜਾਂ ਕਹਿ ਲਵੋ ਕਿ ਕਿਸੇ ਜ਼ਬਾਨ ਤੋਂ ਜਦੋਂ ਕੋਈ ਵੱਡਾ ਕੰਮ ਲੈਣ ਦਾ ਉਪਰਾਲਾ ਕੀਤਾ ਜਾਂਦਾ ਹੈ ਤਾਂ ਉਥੇ ਇਹ ਸਰਲਤਾ ਜਾਂ ਠੇਠਤਾ ਕਾਇਮ ਨਹੀਂ ਰਹਿੰਦੀ। ਉਦਾਹਰਨ ਪਾਕਿਸਤਾਨ ਰੇਡੀਓ ਅਤੇ ਟੈਲੀਵਿਜ਼ਨ ਉੱਪਰ ਪ੍ਰਸਾਰਿਤ ਹੋਣ ਵਾਲੀਆਂ ਖ਼ਬਰਾਂ ਤੋਂ ਵੇਖੀ ਜਾਂ ਸੁਣੀ ਜਾ ਸਕਦੀ ਹੈ। ਖ਼ਬਰਾਂ ਦਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਾਧਿਅਮ ਅੰਗਰੇਜ਼ੀ ਹੁੰਦਾ ਹੈ ਅਤੇ ਜਿਥੇ ਕਿਧਰੇ ਉਸ ਦੇ ਪੰਜਾਬੀ ਸਮਾਨਾਰਥਕ ਸ਼ਬਦਾਂ ਦੀ ਲੋੜ ਹੁੰਦੀ ਹੈ, ਉਥੇ ਉਹ ਪੰਜਾਬੀ ਸ਼ਬਦਾਵਲੀ ਲੱਭਣ ਦੀ ਬਜਾਏ ਉਰਦੂ/ਫ਼ਾਰਸੀ ਦੇ ਬਣੇ ਬਣਾਏ ਜਾਂ ਘੜੇ-ਘੜਾਏ ਸ਼ਬਦ ਵਰਤ ਲੈਂਦੇ ਹਨ। ਪੰਜਾਬੀ ਖ਼ਬਰਾਂ ਵਿਚ ਹੜ੍ਹ ਨੂੰ ਸੈਲਾਬ ਜਾਂ ਤੁਗਿਆਨੀ ਅਤੇ ਹੁਣ ਪੀੜਤਾਂ ਨੂੰ ਸੈਲਾਬ ਜ਼ਦਗਾਨ, ਦਿਸ਼ਾ ਨੂੰ ਸਿਮਤ, ਪੂਰਬ ਨੂੰ ਮਸ਼ਰਿਕ ਅਤੇ ਪੱਛਮ ਨੂੰ ਮਗਰਬ ਕਹਿ ਕੇ ਸਾਰ ਲੈਂਦੇ ਹਨ। ਉਚਾਰਨ ਵਿਚ ਤਾਂ ਹੋਰ ਵੀ ਮੰਦਾ ਹਾਲ ਹੈ। ਪੰਜਾਬੀ ਵਿਚ ਬਿੰਦੀ ਵਾਲੇ ਅੱਖਰ ਉਰਦੂ/ਫ਼ਾਰਸੀ ਧੁਨੀਆਂ ਲਈ ਵਰਤੇ ਜਾਂਦੇ ਸਨ ਪਰ ਅੱਜ ਇਹ ਅੱਖਰ ਨਾ ਕੋਈ ਸ਼ੁੱਧ ਰੂਪ ਵਿਚ ਉਚਾਰਦਾ ਹੈ ਅਤੇ ਨਾ ਹੀ ਬਿੰਦੀ ਵਾਲੇ ਅੱਖਰ ਵਰਤਦਾ ਹੈ। ਵਿਰਲੇ ਟਾਵੇਂ ਸ਼ਬਦਾਂ ਵਿਚ ਹੀ ਇਹ ਵਰਤੋਂ ਵੇਖਣ ਵਿਚ ਆਉਂਦੀ ਹੈ। ਜੇਕਰ ਦੇਸ਼ ਦੀ ਵੰਡ ਨਾ ਹੁੰਦੀ ਅਤੇ ਸਾਰਾ ਮੁਲਕ ਇਕੱਠਿਆਂ ਰਹਿੰਦਾ ਤਾਂ ਇਹ ਸਮੱਸਿਆਵਾਂ ਨਹੀਂ ਸਨ ਪੈਦਾ ਹੋਣੀਆਂ।

ਦੇਸ਼ ਵੰਡ ਦਾ ਦੂਜਾ ਵੱਡਾ ਨੁਕਸਾਨ ਪੰਜਾਬ ਦੀ ਸਿੱਖਿਆ ਨੂੰ ਹੋਇਆ ਹੈ। ਅਣਵੰਡੇ ਪੰਜਾਬ ਵਿਚ ਲਾਹੌਰ ਸ਼ਹਿਰ ਵਿੱਦਿਆ ਦਾ ਵੱਡਾ ਕੇਂਦਰ ਸੀ। ਕਿਸੇ ਵੇਲੇ ਲਾਹੌਰ ਨੂੰ ਆਕਸਫੋਰਡ ਆਫ ਏਸ਼ੀਆ ਵੀ ਕਿਹਾ ਜਾਂਦਾ ਸੀ ਕਿਉਂਕਿ ਅੰਗਰੇਜ਼ਾਂ ਨੇ ਨਵੀਂ ਵਿਦਿਅਕ ਪ੍ਰਣਾਲੀ ਸਭ ਤੋਂ ਪਹਿਲਾਂ ਇਸੇ ਸ਼ਹਿਰ ਵਿਚ ਪ੍ਰਚੱਲਿਤ ਕੀਤੀ ਸੀ। ਮੱਧਕਾਲੀ ਪੰਜਾਬ ਵਿਚ ਪਹਿਲਾਂ ਸਾਡੇ ਕੋਲ ਮਦਰੱਸੇ, ਮਸੀਤਾਂ, ਪਾਠਸ਼ਾਲਾਵਾਂ, ਗੁਰਦੁਆਰੇ, ਮੰਦਰ ਅਤੇ ਹੋਰ ਧਾਰਮਿਕ ਸਥਾਨ ਵਿੱਦਿਆ ਦੇ ਕੇਂਦਰ ਹੁੰਦੇ ਸਨ ਪਰ ਅੰਗਰੇਜ਼ਾਂ ਨੇ ਸਕੂਲ, ਕਾਲਜ ਲਾਹੌਰ ਵਿਚ ਕਾਇਮ ਕੀਤੇ ਤੇ ਇਥੇ ਹੀ 1882 ਈ. ਵਿਚ ਪੰਜਾਬ ਯੂਨੀਵਰਸਿਟੀ ਕਾਇਮ ਕੀਤੀ। ਕਾਲਜ ਅਤੇ ਯੂਨੀਵਰਸਿਟੀ ਬਣਨ ਨਾਲ ਵਿੱਦਿਆ ਪ੍ਰਸਾਰ ਵਿਚ ਇਕ ਨਵੀਂ ਕ੍ਰਾਂਤੀ ਆਈ। ਪੱਛਮੀ ਵਿੱਦਿਆ ਤਤਕਾਲ ਦੀ ਲੋੜ ਵੀ ਸੀ ਅਤੇ ਰੁਜ਼ਗਾਰ ਪ੍ਰਾਪਤੀ ਦਾ ਮੌਕਾ ਵੀ। ਵੰਡ ਪਿੱਛੋਂ ਪੂਰਬੀ ਪੰਜਾਬ ਵਿਚ ਵਿੱਦਿਆ ਦਾ ਪ੍ਰਸਾਰ ਤਾਂ ਸ਼ੁਰੂ ਹੋ ਗਿਆ ਪਰ ਇਸ ਦੀ ਰਫ਼ਤਾਰ ਮੱਠੀ ਪੈ ਗਈ। ਲਾਇਲਪੁਰ ਦਾ ਖ਼ਾਲਸਾ ਕਾਲਜ, ਜਲੰਧਰ ਵਿਚ ਬਣਿਆ ਅਤੇ ਲਾਇਲਪੁਰ ਵਿਚ ਛੱਡ ਆਏ ਐਗਰੀਕਲਚਰ ਕਾਲਜ ਨੂੰ ਲੁਧਿਆਣੇ ਪੰਜਾਬ ਐਗਲੀਕਲਚਰ ਯੂਨੀਵਰਸਿਟੀ ਦੇ ਰੂਪ ਵਿਚ ਕਾਇਮ ਕੀਤਾ ਗਿਆ। ਦੇਸ਼ ਵੰਡ ਨਾ ਹੁੰਦੀ ਤਾਂ ਪੰਜਾਬ ਵਿਚ ਵਿੱਦਿਆ ਦਾ ਪ੍ਰਚਾਰ, ਪ੍ਰਸਾਰ ਅੱਜ ਨਾਲੋਂ ਕਈ ਗੁਣਾ ਵਧ ਹੁੰਦਾ।

ਦੋਵਾਂ ਪੰਜਾਬਾਂ ਵਿਚ ਪੰਜਾਬੀ ਦੀ ਹੈਸੀਅਤ ਤਸੱਲੀਬਖਸ਼ ਨਹੀਂ। ਭਾਰਤੀ ਪੰਜਾਬ ਵਿਚ ਬੇਸ਼ੱਕ ਇਹ ਸਿੱਖਿਆ ਦਾ ਮਾਧਿਅਮ ਹੈ, ਵਿਸ਼ਾ ਵੀ ਹੈ, ਸਰਕਾਰੀ ਕਾਰ-ਵਿਹਾਰ ਵੀ ਪੰਜਾਬੀ ਵਿਚ ਹੋਣ ਲੱਗ ਪਿਆ ਹੈ ਪਰ ਫਿਰ ਵੀ ਇਹ ਆਪਣੇ ਅਸਲੀ ਹੱਕ ਅਤੇ ਰੁਤਬੇ ਤੋਂ ਮਹਿਰੂਮ ਹੈ। ਪਾਕਿਸਤਾਨ ਵਿਚ ਤਾਂ ਹੋਰ ਵੀ ਮੰਦਾ ਹਾਲ ਹੈ। ਸਕੂਲਾਂ ਵਿਚ ਪੰਜਾਬੀ ਦਾ ਵਿਸ਼ਾ ਨਹੀਂ, ਕਾਲਜਾਂ ਵਿਚ ਇਹ ਅਖ਼ਤਿਆਰੀ ਵਿਸ਼ਾ ਹੈ, ਬੇਸ਼ੱਕ ਯੂਨੀਵਰਸਿਟੀ ਪੱਧਰ 'ਤੇ ਐਮ.ਏ., ਐਮ.ਫਿਲ ਅਤੇ ਪੀ.ਐਚ.ਡੀ. ਤੱਕ ਇਹ ਪੜ੍ਹਾਈ ਜਾਂਦੀ ਹੈ। ਪਾਕਿਸਤਾਨੀ ਪੰਜਾਬ ਵਿਚ ਅਗਾਂਹਵਧੂ ਸੋਚ ਵਾਲੇ ਲੋਕ ਪੰਜਾਬੀ ਨੂੰ ਇਸ ਦਾ ਹੱਕ ਦਿਵਾਉਣ ਲਈ ਜੱਦੋਜਹਿਦ ਕਰ ਰਹੇ ਹਨ, ਮੁਜ਼ਾਹਰੇ ਕਰ ਰਹੇ ਹਨ ਅਤੇ ਨਾਅਰੇਬਾਜ਼ੀ ਹੋ ਰਹੀ ਹੈ। ਜੇਕਰ ਮੁਲਕ ਨਾ ਵੰਡਿਆ ਜਾਂਦਾ ਤਾਂ ਪੰਜਾਬੀ ਦੇ ਹੱਕ ਵਿਚ ਲਹਿਰਾਂ ਹੋਰ ਵੀ ਜ਼ੋਰਦਾਰ ਅਤੇ ਪ੍ਰਚੰਡ ਰੂਪ ਵਿਚ ਚਲਾਈਆਂ ਜਾ ਸਕਦੀਆਂ ਸਨ। ਇਕ, ਇਕੱਲਾ ਤੇ ਦੋ ਯਾਰਾਂ।

 

ਡਾਕਟਰ ਧਰਮ ਸਿੰਘ