ਸੁਲਤਾਨਪੁਰ ਲੋਧੀ ਮਾਮਲਾ: ਕੌਣ ਰਾਹ ਤੋਂ ਭਟਕਿਆ?

ਸੁਲਤਾਨਪੁਰ ਲੋਧੀ ਮਾਮਲਾ: ਕੌਣ ਰਾਹ ਤੋਂ ਭਟਕਿਆ?

ਇਤਿਹਾਸਿਕ ਨਗਰ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਬੇਰ ਸਾਹਿਬ ਦੇ ਸਾਹਮਣੇ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਵਿਚ 23 ਨਵੰਬਰ ਨੂੰ ਪੁਲਸ ਅਤੇ ਨਿਹੰਗ ਸਿੰਘਾਂ ਵਿਚਕਾਰ ਸਵੇਰੇ 4 ਵਜੇ ਦੇ ਤਕਰੀਬਨ ਗੋਲੀਬਾਰੀ ਦੀ ਘਟਨਾ ਵਾਪਰੀ।

ਦੱਸਣ ਮੁਤਾਬਿਕ ਜਥੇਦਾਰ ਬਾਬਾ ਮਾਨ ਸਿੰਘ ਜੀ ਦੇ ਜਥੇ ਦੇ ਸਿੰਘ ਇਥੇ ਮੌਜੂਦ ਸਨ। ਇਸ ਅਸਥਾਨ ਤੋਂ ਬਾਬਾ ਮਾਨ ਸਿੰਘ ਜੀ ਦੇ ਜਥੇ ਨੂੰ ਬਾਹਰ ਕਰਨ ਦੇ ਲਈ ਕੀਤੀ ਕੋਸ਼ਿਸ ਵਿੱਚ ਪੁਲਸ ਵਲੋਂ ਗੋਲੀਆਂ ਅਤੇ ਅੱਥਰੂ ਗੈਸ ਦੇ ਗੋਲਿਆਂ ਨਾਲ ਛਾਉਣੀ ਉਪਰ ਹਮਲਾ ਕੀਤਾ ਗਿਆ। ਇਸ ਵੇਲੇ ਛਾਉਣੀ ਵਿਚ ਸਿੰਘ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿਚ ਬੈਠੇ ਸਨ। ਇਸ ਗੋਲੀਬਾਰੀ ਅਤੇ ਟਕਰਾਅ ਦੌਰਾਨ ਕਈ ਪੁਲਸ ਕਰਮਚਾਰੀ ਤੇ ਕੁਝ ਨਿਹੰਗ ਸਿੰਘ ਜਖਮੀ ਹੋਣ ਅਤੇ ਇੱਕ ਪੁਲਸ ਕਰਮਚਾਰੀ ਦੇ ਮਾਰੇ ਜਾਣ ਦੀ ਖ਼ਬਰ ਵੀ ਹੈ। ਬਾਬਾ ਬਲਬੀਰ ਸਿੰਘ ਅਤੇ ਬਾਬਾ ਮਾਨ ਸਿੰਘ ਜੀ ਦੇ ਜਥੇ ਦਾ ਇਸ ਅਸਥਾਨ ’ਤੇ ਕਬਜ਼ੇ ਨੂੰ ਲੈਕੇ ਵਿਵਾਦ ਹੈ। ਦੋਵਾਂ ਜਥਿਆਂ ਵਲੋਂ ਇਸ ਅਸਥਾਨ ਦਾ ਆਪਣੇ ਕਬਜ਼ੇ ਵਿਚ ਹੋਣ ਦਾ ਦਾਅਵਾ ਰਿਹਾ ਹੈ। ਬਾਬਾ ਬਲਬੀਰ ਸਿੰਘ ਦੇ ਜਥੇ ਨੂੰ ਕਬਜ਼ਾ ਦਿਵਾਉਣ ਲਈ ਪੁਲਸ ਵਲੋਂ ਇਥੇ ਗੋਲੀਬਾਰੀ ਕੀਤੀ ਗਈ। 

ਸ੍ਰੋਮਣੀ ਪੰਥ ਅਕਾਲੀ ਬੁੱਢਾ ਦਲ ਅਤੇ ਤਰਨਾ ਦਲ ਬਾਬਾ ਦੀਪ ਸਿੰਘ ਜੀ ਦੀ ਮਿਸਲ ਸ਼ਹੀਦਾਂ ਤੋਂ ਹੀ ਅੱਗੇ ਵਧੇ ਹਨ। ਮਿਸਲ ਸ਼ਹੀਦਾਂ ਗੁਰੂ ਖਾਲਸਾ ਪੰਥ ਦੀ ਇੱਕੋ ਇੱਕ ਅਜਿਹੀ ਜਥੇਬੰਦੀ ਸੀ, ਜਿਸ ਵਿਚ ਸਾਰੇ ਸਿੰਘ ਗੁਰੂ ਪ੍ਰੇਮ ਅਤੇ ਗੁਰ ਅਸਥਾਨਾਂ ਨੂੰ ਸਮਰਪਿਤ ਸਨ। ਸਿਖਾਂ ਦੀ ਅਜਿਹੀ ਮਿਸਲ ਜਿਹੜੀ ਜਮੀਨ ਜਾਂ ਇਲਾਕੇ ਉਪਰ ਕਬਜ਼ੇ ਨੂੰ ਲੈ ਕੇ ਕਦੇ ਯੁੱਧ ਨਹੀਂ ਸੀ ਕਰਦੀ, ਧਰਮ ਯੁੱਧ ਦੇ ਚਾਅ ਹਿੱਤ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਨਿਸ਼ਕਾਮ ਹੋ ਕੇ ਲੜਦੀ ਰਹੀ। ਇਸ ਮਿਸਲ ਦੇ ਜਥੇਦਾਰ ਬਾਬਾ ਦੀਪ ਸਿੰਘ ਜੀ ਨੇ ਦਰਬਾਰ ਸਾਹਿਬ ਦੀ ਪਵਿੱਤਰਤਾ ਲਈ ਇਤਿਹਾਸਿਕ ਅਤੇ ਮਿਸਾਲੀ ਜੰਗ ਕੀਤੀ। ਫੇਰ ਬਾਬਾ ਗੁਰਬਖਸ਼ ਸਿੰਘ ਜੀ ਨੇ ਦਰਬਾਰ ਸਾਹਿਬ ਦੀ ਪਵਿੱਤਰਤਾ ਕਾਇਮ ਰੱਖਣ ਲਈ ਆਪਣੀ ਜਾਨ ਨਿਛਾਵਰ ਕੀਤੀ। ਅਕਾਲੀ ਬਾਬਾ ਫੂਲਾ ਸਿੰਘ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਉਪਰ ਸੇਵਾ ਸੰਭਾਲ ਦੇਖਦੇ ਰਹੇ ਅਤੇ ਪੰਜਾਬ ਦੀਆਂ ਸਾਰੀਆਂ ਮਿਸਲਾਂ ਨੂੰ ਇਕੱਤਰ ਕਰਨ ਅਤੇ ਪੰਥ ਦੇ ਹੁਕਮ ਤੋਂ ਬਾਹਰ ਜਾਣ ਵਾਲੀਆਂ ਮਿਸਲਾਂ ਅਤੇ ਰਿਆਸਤਾਂ ਨੂੰ ਆਪਣੇ ਕੁੰਡੇ ਹੇਠ ਰੱਖਦੇ ਸਨ। ਇਹੀ ਜਥੇਬੰਦੀ ਹੈ, ਜਿਸ ਦੀ ਅੱਜ ਤੱਕ ਲੋਕ ਮਨਾਂ ਵਿਚ ਇੱਜਤ ਸਤਿਕਾਰ ਹੈ, ਕਿਉਂਕਿ ਇਹ ਕਦੇ ਸਾਧਨਾਂ ਵਾਸਤੇ ਨਹੀਂ ਲੜੇ, ਸਗੋਂ ਗੁਰੂ ਖਾਲਸਾ ਪੰਥ ਦੇ ਅਸੂਲਾਂ ਲਈ ਨਿਸ਼ਕਾਮ ਹੋ ਕੇ ਲੜਦੇ ਰਹੇ। ਨਿਹੰਗ ਸਿੰਘਾਂ ਦੀ ਪਛਾਣ ਇਹੀ ਰਹੀ ਹੈ ਕਿ ਇਹ ਨਾ ਤਾਂ ਕਿਸੇ ਜਮੀਨ ਸਾਧਨ ਉਪਰ ਆਪ ਕਬਜ਼ਾ ਕਰਦੇ ਹਨ, ਨਾ ਹੀ ਕਿਸੇ ਹੋਰ ਦਾ ਕਬਜ਼ਾ ਮੰਨਦੇ ਹਨ, ਸਾਰੀ ਸੰਸਾਰੀ ਵਸਤ ਨੂੰ ਅਕਾਲ ਪੁਰਖ ਦੀ ਵਸਤ ਮੰਨ ਕੇ ਲੋੜ ਅਨੁਸਾਰੀ ਵਸਤਾਂ ਲੈ ਕੇ ਅਗਲੇ ਪੜਾਅ ਲਈ ਨਿਕਲ ਜਾਂਦੇ ਰਹੇ। 

ਬਾਬਾ ਬਲਬੀਰ ਸਿੰਘ ਅਤੇ ਬਾਬਾ ਮਾਨ ਸਿੰਘ ਜੀ, ਦੋਵੇਂ ਜਥੇਦਾਰਾਂ ਨੂੰ ਆਪਣੀ ਅਕਾਲੀ ਪ੍ਰੰਪਰਾ ਮੁਤਾਬਿਕ ਆਪਣੇ ਜਥੇ ਦੇ ਸਿੰਘਾਂ ਦੀ ਅਵਸਥਾ ਉਚੀ ਚੁੱਕਣ ਲਈ ਸੇਵਾ ਕਰਨੀ ਚਾਹੀਦੀ ਹੈ। ਕਿਸੇ ਅਸਥਾਨ, ਜਮੀਨ ਦੇ ਕਬਜ਼ੇ ਨੂੰ ਛੱਡ ਕੇ ਆਪਸ ਵਿਚ ਗੁਰਸਿੱਖਾਂ ਜਿਉਂ ਵਰਤਣ ਦੀ ਕੋਸ਼ਿਸ ਕਰਨੀ ਚਾਹੀਦੀ ਹੈ। ਦੋਵੇਂ ਜਥਿਆਂ ਨੂੰ ਇੱਕ ਦੂਜੇ ਨੂੰ ਵੱਡੇ ਜਿਗਰੇ ਦਿਖਾ ਕੇ ਆਪਣੇ ਗਿਲੇ ਸ਼ਿਕਵੇ ਦੂਰ ਕਰਕੇ, ਇੱਕ ਦੂਜੇ ਨੂੰ ਮੁਆਫ ਕਰਕੇ ਗੁਰੂ ਖਾਲਸਾ ਪੰਥ ਦੀ ਚੜਦੀਕਲਾ ਲਈ ਯਤਨਸ਼ੀਲ ਅਤੇ ਅਸਥਾਨਾਂ ਤੋਂ ਬਾਹਰ ਚੱਕਰਵਰਤੀ ਹੋਣਾ ਚਾਹੀਦਾ ਹੈ। 

ਇਸ ਸਾਰੇ ਮਾਮਲੇ ਵਿੱਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਭੂਮਿਕਾ ਵੀ ਵੇਖਣਯੋਗ ਹੈ। ਦੋਵਾਂ ਦਲਾਂ ਨੂੰ ਇਕੱਠਿਆਂ ਕਰਨ ਅਤੇ ਆਪਸੀ ਕੁੜੱਤਣ ਨੂੰ ਘੱਟ ਕਰਨ ਦੀ ਬਜਾਏ ਸ੍ਰੋ.ਗੁ.ਪ੍ਰ.ਕ ਇਸ ਵੇਲੇ ਵੀ ਆਪਣੇ ਸਿਆਸੀ ਹਿੱਤਾਂ ਨੂੰ ਪੂਰਿਆਂ ਕਰਨ ਲਈ ਜਮੀਨ ਤਲਾਸ਼ ਰਹੀ ਹੈ। ਸਿਆਸੀ ਹਿੱਤਾਂ ਦੀ ਪੂਰਤੀ ਲਈ ਸ੍ਰੋ.ਗੁ.ਪ੍ਰ.ਕ ਅਤੇ ਬਾਦਲ ਦਲ ਨੇ ਰੋਸ ਪ੍ਰਦਰਸ਼ਨ ਦਾ ਰਾਹ ਖੋਲਿਆ ਹੈ, ਤਾਕਿ ਸਿੱਖਾਂ ਨੂੰ ਦਿਖਾਇਆ ਜਾ ਸਕੇ ਕਿ ਉਹ ਸਿੱਖੀ ਅਤੇ ਗੁਰ ਅਸਥਾਨਾਂ ਲਈ ਕਿੰਨੇ ਫ਼ਿਕਰਮੰਦ ਹਨ। ਪਰ ਅਜਿਹਾ ਕਰਦਿਆਂ ਵੀ ਉਹਨਾਂ ਨੂੰ ਇਸ ਗੱਲ ਦਾ ਉੱਕਾ ਖਿਆਲ ਨਹੀਂ ਹੈ ਕਿ ਧਰਨਾ ਕੀ, ਕਿਉਂ ਅਤੇ ਕਿਸ ਦੇ ਖਿਲਾਫ ਲਗਾਉਣਾ ਹੈ। ਗੁਰਦੁਆਰਾ ਸਾਹਿਬ ’ਤੇ ਗੋਲੀ ਪੁਲਸ ਨੇ ਚਲਾਈ ਹੈ, ਇਸ ਹਿਸਾਬ ਨਾਲ ਧਰਨਾ ਥਾਣੇ, ਡਿਪਟੀ ਦਫਤਰ ਜਾਂ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਲਗਾਇਆ ਜਾਣਾ ਚਾਹੀਦਾ ਹੈ ਨਾ ਕਿ ਗੁਰਦੁਆਰਾ ਸਾਹਿਬ ਦੇ ਸਾਹਮਣੇ। ਸ੍ਰੋ.ਗੁ.ਪ੍ਰ.ਕ ਲਈ ਧਰਨਾ ਲਗਾਉਣ ਪਿਛੇ ਮਨਸ਼ਾ ਕੀ ਹਾਸਲ ਕਰਨ ਦੀ ਹੈ, ਇਹ ਤਾਂ ਸ੍ਰੋ.ਗੁ.ਪ੍ਰ.ਕ ਹੀ ਬੇਹਤਰ ਜਾਣਦੀ ਹੋਵੇਗੀ ਪਰ ਗੁਰਦੁਆਰਾ ਸਾਹਿਬ ਧਰਨਾ ਲਗਾਉਣ ਦੀ ਪਿਰਤ ਪਾਉਣੀ ਪੰਥ ਦਾ ਇੱਕ ਹੋਰ ਨੁਕਸਾਨ ਕਰਨਾ ਹੀ ਹੈ। ਗੁਰਦੁਆਰਾ ਸਾਹਿਬਾਨ ਗੁਰੂ ਖਾਲਸਾ ਪੰਥ ਲਈ ਸਤਿਕਾਰਯੋਗ ਅਤੇ ਪਵਿੱਤਰ ਹਨ। ਇੱਥੇ ਦੁਨਿਆਵੀ ਤਖਤਾਂ ਦੇ ਜੁਰਮ ਅਤੇ ਜਰਵਾਣਿਆਂ ਖਿਲਾਫ ਮੋਰਚਾ ਤਾਂ ਲਾਇਆ ਜਾ ਸਕਦੈ ਪਰ ਇਸ ਤਰ੍ਹਾਂ ਦੇ ਧਰਨੇ ਮੁਜਾਹਰੇ ਇਥੇ ਨਹੀਂ ਸੋਭਦੇ।

ਪੁਲਸ ਵਲੋਂ ਗੋਲੀ ਚਲਾਉਣ ’ਤੇ ਸ੍ਰੋ.ਗੁ.ਪ੍ਰ.ਕ ਵਲੋਂ ਸਰਕਾਰ ਨੂੰ ਸਵਾਲ ਕਰਨੇ ਜਾਇਜ਼ ਹਨ, ਪਰ ਇਸ ਦੇ ਲਈ ਲੋੜੀਂਦੀ ਗੰਭੀਰਤਾ ਸ੍ਰੋ.ਗੁ.ਪ੍ਰ.ਕ ਵਿਚ ਦਿਖਾਈ ਨਹੀਂ ਦੇ ਰਹੀ। ਸ੍ਰੋ.ਗੁ.ਪ੍ਰ.ਕ ਅਤੇ ਬਾਦਲ ਦਲ ਆਪਣੇ ਸੁਭਾਅ ਮੁਤਾਬਿਕ ਇਸ ਮਾਮਲੇ ਨੂੰ ਵੀ ਸਿਆਸੀ ਪੱਖ ਤੋਂ ਹੀ ਦੇਖ ਰਹੇ ਹਨ ਅਤੇ ਸਿਆਸੀ ਫਾਇਦਿਆਂ ਲਈ ਆਮ ਆਦਮੀ ਪਾਰਟੀ ਨੂੰ ਘੇਰਨ ਤੋਂ ਇਲਾਵਾ ਇਸ ਮਾਮਲੇ ਦੇ ਧਾਰਮਿਕ ਅਤੇ ਰਵਾਇਤੀ ਪੱਖ ਛੱਡ ਰਹੇ ਹਨ। ਸ੍ਰੋ.ਗੁ.ਪ੍ਰ.ਕ ਜੇਕਰ ਸੱਚਮੁੱਚ ਹੀ ਗੰਭੀਰ ਹੈ ਤਾਂ ਉਨ੍ਹਾਂ ਨੂੰ ਦੋਵਾਂ ਜਥਿਆਂ ਵਿਚਕਾਰ ਚੱਲ ਰਹੇ ਤਣਾਅ ਨੂੰ ਦੂਰ ਕਰਨ ਲਈ ਕਦਮ ਚੁੱਕਣੇ ਚਾਹੀਦੇ ਹਨ ਅਤੇ ਗੁਰਦੁਆਰਿਆਂ ਦੇ ਮਸਲੇ ਵਿਚ ਪੁਲਸ ਅਤੇ ਸਰਕਾਰ ਦੀ ਦਖਲਅੰਦਾਜ਼ੀ ਨਹੀਂ ਹੋਣ ਦੇਣੀ ਚਾਹੀਦੀ। 

 

ਭਾਈ ਮਲਕੀਤ ਸਿੰਘ 

ਸੰਪਾਦਕ