ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ

ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਲਈ ਸ੍ਰੋਮਣੀ ਕਮੇਟੀ ਦਾ ਇਜਲਾਸ ਅੱਜ ਹੈ। ਪਿਛਲੀਆਂ ਚੋਣਾਂ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਲਗਾਤਾਰ ਦੋ ਵਾਰ SGPC ਦੇ ਪ੍ਰਧਾਨ ਰਹਿ ਚੁੱਕੇ ਹਨ।

ਹਰਜਿੰਦਰ ਸਿੰਘ ਧਾਮੀ, ਸ੍ਰੋਮਣੀ ਅਕਾਲੀ ਦਲ (ਬਾਦਲ) ਸੁਖਬੀਰ ਸਿੰਘ ਬਾਦਲ ਦੇ ਧੜੇ ਨਾਲ ਸਬੰਧਿਤ ਹਨ। ਸ੍ਰੋਮਣੀ ਕਮੇਟੀ ਮੈਂਬਰਾਂ ਵਿੱਚ ਬਾਦਲ ਧੜੇ ਦੇ ਮੈਂਬਰਾਂ ਦੀ ਗਿਣਤੀ ਜਿਆਦਾ ਹੈ। ਬੀਤੇ ਕਾਫੀ ਅਰਸੇ ਤੋਂ ਸ੍ਰੋਮਣੀ ਅਕਾਲੀ ਦਲ (ਬਾਦਲ) ਹੀ ਕਮੇਟੀ ਵਿੱਚ ਪ੍ਰਭਾਵਸ਼ਾਲੀ ਅਤੇ ਭਾਰੂ ਰਿਹਾ ਹੈ। 

ਸ੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਚੋਣ ਸਬੰਧੀ ਪੱਤਰਕਾਰ ਮਿਲਣੀ ਵਿੱਚ ਦੱਸਿਆ ਕਿ ਹਰਜਿੰਦਰ ਸਿੰਘ ਧਾਮੀ ਦੀਆਂ ਪਿਛਲੀਆਂ ਸੇਵਾਵਾਂ ਨੂੰ ਦੇਖਦੇ ਹੋਏ ਇਸ ਵਾਰ ਵੀ ਉਹਨਾਂ ਨੂੰ ਪ੍ਰਧਾਨਗੀ ਦੇ ਅਹੁਦੇ ਲਈ ਉਮੀਦਵਾਰ ਬਣਾਇਆ ਗਿਆ ਹੈ। ਉਹਨਾਂ ਦੇ ਦੱਸਣ ਅਨੁਸਾਰ ਇਹ ਫੈਸਲਾ ਸ੍ਰੋਮਣੀ ਅਕਾਲੀ ਦਲ (ਬਾਦਲ) ਨਾਲ ਸਬੰਧਿਤ ਕਮੇਟੀ ਮੈਂਬਰਾਂ ਦੀ ਸਰਬ ਸੰਮਤੀ ਤੋਂ ਬਾਅਦ ਹੀ ਲਿਆ ਗਿਆ ਹੈ। ਬਾਦਲ ਦਲ ਦੇ ਵਿਰੋਧੀ ਧੜੇ ਦੇ ਮੈਂਬਰਾਂ, ਜਿਸ ਵਿੱਚ ਬੀਬੀ ਜਗੀਰ ਕੌਰ ਅਤੇ ਅਕਾਲੀ ਦਲ (ਸੰਯੁਕਤ) ਵਲੋਂ ਸੁਖਦੇਵ ਸਿੰਘ ਢੀਂਡਸਾ ਦੀਆਂ ਪਾਰਟੀਆਂ ਵੀ ਹਨ, ਨੇ ਆਪਣੇ ਵਲੋਂ ਬਲਬੀਰ ਸਿੰਘ ਘੁੰਨਸ ਨੂੰ ਹਰਜਿੰਦਰ ਸਿੰਘ ਧਾਮੀ ਦੇ ਮੁਕਾਬਲੇ ਖੜਾ ਕੀਤਾ ਹੈ। 

ਇਹ ਪ੍ਰਧਾਨਗੀ ਦੀ ਚੋਣ ਪ੍ਰਕਿਰਿਆ ਵੋਟਾਂ ਰਾਹੀਂ ਹੋਣੀ ਹੈ। ਵੱਧ ਵੋਟਾਂ ਵਾਲੇ ਉਮੀਦਵਾਰ ਨੂੰ ਪ੍ਰਧਾਨਗੀ ਦਾ ਅਹੁਦਾ ਸੌਂਪ ਦਿੱਤਾ ਜਾਵੇਗਾ। ਸਮੂਹ ਸਿੱਖਾਂ ਦੇ ਲਈ ਇਹ ਜਰੂਰੀ ਨਹੀਂ ਕਿ ਇਸ ਵਾਰ ਪ੍ਰਧਾਨ ਕੌਣ ਚੁਣਿਆ ਜਾਵੇਗਾ ਬਲਕਿ ਜਰੂਰੀ ਵੇਖਣਾ ਇਹ ਹੈ ਕਿ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਪ੍ਰਕਿਰਿਆ ਗੁਰਮਤ ਤੋਂ ਕਿੰਨੀ ਜਿਆਦਾ ਉਲਟ ਹੈ। ਗੁਰਮਤਿ ਵਿੱਚ ਸਭ ਧਿਰਾਂ, ਧੜਿਆਂ ਅਤੇ ਮੈਂਬਰਾਂ ਨੇ ਆਪਸ ਵਿੱਚ ਜੁੜਨਾ ਹੁੰਦਾ ਹੈ, ਗੁਰਮਤ ਜੁੜਨਾ ਹੀ ਸਿਖਾਉਂਦੀ ਹੈ। ਦੂਸਰੇ ਪਾਸੇ ਵੋਟਾਂ ਵਾਲੀ ਸਾਰੀ ਕਾਰਵਾਈ ਧੜਿਆਂ ਦੇ ਅਲਹਿਦਾ ਹੋਣ ’ਤੇ ਹੀ ਖੜੀ ਹੈ ਅਤੇ ਗੁਰ ਸੰਗਤ ਨੂੰ ਵੰਡਣ ਵਾਲੀ ਹੈ। ਇਹ ਵੋਟਾਂ ਹੀ ਸਿੱਖ ਸੰਗਤ ਅਤੇ ਗੁਰੂ ਖਾਲਸਾ ਪੰਥ ਵਿੱਚ ਆਪਸੀ ਏਕਤਾ ਨੂੰ ਢਾਹ ਲਾਉਣ ਵਾਲੀਆਂ ਹਨ। ਸਿੱਖ ਸੰਗਤ ਦੁਆਰਾ ਚੁਣੇ ਗਏ ਮੈਂਬਰਾਂ ਦੇ ਪ੍ਰਧਾਨਗੀ ਲਈ ਆਪਸੀ ਮੁਕਾਬਲੇ ਇੱਕ ਤੇ ਇਹਨਾਂ ਮੈਂਬਰਾਂ ਵਿੱਚ ਆਪਸੀ ਰੰਜ, ਈਰਖਾ ਦੇ ਬੀਜ ਬੀਜਦੇ ਹਨ, ਦੂਸਰੀ ਇਸ ਸੇਵਾ ਨੂੰ ਮੁਕਾਬਲੇ ਦੀ ਦੌੜ ਵਿੱਚ ਪਾ ਲੈਂਦੇ ਹਨ। ਜਿਸ ਵਿੱਚ ਜਿੱਤਣ ਲਈ ਸਾਰੀਆਂ ਪਾਰਟੀਆਂ ਗੁਰਮਤ ਤੋਂ ਉਲਟ ਨਜਾਇਜ ਸਾਧਨਾਂ ਅਤੇ ਵਸੀਲਿਆਂ ਨੂੰ ਵੀ ਵਰਤਦੀਆਂ ਹਨ। ਸਿਰਫ ਇਹੀ ਨਹੀਂ ਪਿਛਲੇ ਕਿੰਨੇ ਵਰਿਆਂ ਤੋਂ ਸਿੱਖ ਸੰਗਤ ਨੇ ਵੇਖਿਆ ਹੈ ਕਿ ਉਮੀਦਵਾਰ ਦੀ ਸਹਿਮਤੀ ਵੀ ਉਨ੍ਹਾਂ ਮੈਂਬਰਾਂ ਤੇ ਹੁੰਦੀ ਹੈ ਜੋ ਪਾਰਟੀ ਪ੍ਰਧਾਨ ਦੀਆਂ ਸ਼ਰਤਾਂ ਮੁਤਾਬਿਕ ਚੱਲਣ ਲਈ ਤਿਆਰ ਹੋਣ ਨਾ ਕਿ ਸਿੱਖ ਸੰਗਤ ਦੀਆਂ ਭਾਵਨਾਵਾਂ ਅਨੁਸਾਰ। ਬਾਦਲ ਦਲ ਨਾਲ ਸਬੰਧਿਤ ਕਿੰਨੇ ਸਾਰੇ ਪ੍ਰਧਾਨ, ਬਾਦਲ ਦੀ ਇਛਾ ਅਨੁਸਾਰ ਚੱਲਦੇ ਰਹੇ, ਇਹ ਵੀ ਸਿੱਖਾਂ ਨੂੰ ਵਿਚਾਰਨਾ ਚਾਹੀਦਾ ਹੈ। ਵੋਟ ਪ੍ਰਕਿਰਿਆ ਸ੍ਰੋਮਣੀ ਕਮੇਟੀ ਵਿੱਚ ਬਹੁਤ ਜਿਆਦਾ ਹਾਵੀ ਹੈ। ਫੈਸਲੇ ਬਹੁਗਿਣਤੀ ਮੁਤਾਬਿਕ ਹੋਣੇ ਗੁਰਮਤ ਅਨੁਸਾਰ ਯੋਗ ਨਹੀਂ। ਗੁਰਮਤ ਵਿੱਚ ਗਿਣਤੀ ਕੋਈ ਮਾਇਨੇ ਨਹੀਂ ਰੱਖਦੀ। ਗੁਰਮਤ ਸਿਧਾਂਤ ਹੀ ਮਾਇਨੇ ਰੱਖਦੇ ਹਨ। ਹੁਣ ਇਹੋ ਕਰਨ ਦਾ ਵੇਲਾ ਹੈ ਕਿ ਸਿੱਖ ਸੰਗਤ, ਇਹਨਾਂ ਸੰਸਥਾਵਾਂ ਵਿੱਚ ਫੈਸਲੇ ਪੰਚ ਪ੍ਰਧਾਨੀ ਗੁਰਮਤੇ ਦੇ ਤਰੀਕੇ ਰਾਹੀਂ ਕਰਵਾਉਣ ਲਈ ਕਵਾਇਦ ਸ਼ੁਰੂ ਕਰੇ। 

ਵਿਵਾਦਤ ਫਿਲਮ: ਸ੍ਰੋ.ਗੁ.ਪ੍ਰ.ਕ , ਪ੍ਰਧਾਨ ਅਤੇ ਜਥੇਦਾਰ ਅਕਾਲ ਤਖਤ ਸਾਹਿਬ ਸਵਾਲਾਂ ’ਚ?

ਲੰਘੀ 3 ਨਵੰਬਰ ਨੂੰ ਵਿਵਾਦਤ ਫਿਲਮ ‘ਦਾਸਤਾਨ-ਏ-ਸਰਹਿੰਦ’ ਸਿਨੇਮੇ ਘਰਾਂ ਵਿੱਚ ਲੱਗਣੀ ਸੀ ਪਰ ਸਿੱਖ ਸੰਗਤ ਦੇ ਭਾਰੇ ਵਿਰੋਧ ਕਾਰਨ ਲੱਗ ਨਾ ਸਕੀ। ਜਿੱਥੇ ਕਿਤੇ ਵੀ ਫਿਲਮ ਲੱਗੀ ਸੀ ਸਿੱਖ ਜਥਿਆਂ ਅਤੇ ਸੰਗਤਾਂ ਨੇ ਜਾ ਕੇ ਬੰਦ ਕਰਵਾ ਦਿੱਤੀ। ਫਿਲਮ ਵਾਲਿਆਂ ਕਈ ਥਾਵਾਂ ’ਤੇ ਪ੍ਰਸਾਸ਼ਨ ਦਾ ਵੀ ਸਹਿਯੋਗ ਲਿਆ ਪਰ ਸਫਲ ਨਾ ਹੋ ਸਕੇ। 

ਫਿਲਮ ਵਾਲੇ ਪਹਿਲੇ ਦਿਨ ਤੋਂ ਇਹ ਕਹਿ ਰਹੇ ਹਨ ਕਿ ਸਾਡੇ ਕੋਲ ਸ੍ਰੋ.ਗੁ.ਪ੍ਰ.ਕ ਵੱਲੋਂ ਸਾਰੀਆਂ ਮਨਜ਼ੂਰੀਆਂ ਹਨ ਪਰ ਉਹ ਇਸ ਸਾਲ ਵੀ ਸਾਰੀਆਂ ਓਹੀ ਚਿੱਠੀਆਂ ਵਿਖਾ ਰਹੇ ਹਨ ਜੋ ਪਿਛਲੇ ਸਾਲ ਵਿਖਾਈਆਂ ਸਨ, ਉਹਨਾਂ ਵਿੱਚ ਕਿਤੇ ਵੀ ਫਿਲਮ ਮੁਕੰਮਲ ਹੋਣ ਬਾਅਦ ਕਿਸੇ ਵੀ ਤਰ੍ਹਾਂ ਦੀ ਮਨਜ਼ੂਰੀ ਨਹੀਂ ਹੈ। ਸਗੋਂ ਇਸ ਸਾਲ ਜੂਨ ਵਿੱਚ ਜਦੋਂ ਫਿਲਮ ਵਾਲਿਆਂ ਨੇ ਸ੍ਰੋ.ਗੁ.ਪ੍ਰ.ਕ ਤੋਂ ਫਿਲਮ ਲਈ ਐਨ.ਓ.ਸੀ ਮੰਗੀ ਤਾਂ ਉਹਨਾਂ ਨੇ ਜਵਾਬੀ ਚਿੱਠੀ ਵਿੱਚ ਬਿਲਕੁਲ ਸਪਸ਼ਟ ਕਿਹਾ ਕਿ ਪਿਛਲੇ ਸਾਲ ਦੇ ਮਤੇ ਅਨੁਸਾਰ ਅਜਿਹੀਆਂ ਫ਼ਿਲਮਾਂ ’ਤੇ ਰੋਕ ਲਗਾਈ ਹੋਈ ਹੈ।

ਇਸ ਉਪਰੰਤ ਫਿਲਮ ਵਾਲੇ ਇੱਕ ਨਵਾਂ ਤਰਕ ਲੈ ਕੇ ਆਏ ਕਿ ਇਹ ਮਤਾ ਓਹਨਾ ਦੀ ਫਿਲਮ ’ਤੇ ਲਾਗੂ ਨਹੀਂ ਹੁੰਦਾ ਸਗੋਂ ਭਵਿੱਖ ਦੀਆਂ ਫ਼ਿਲਮਾਂ ’ਤੇ ਲਾਗੂ ਹੋਵੇਗਾ। ਇਹ ਬਿਲਕੁਲ ਬੇਬੁਨਿਆਦੀ ਗੱਲ ਹੈ, ਇਹ ਸਿਧਾਂਤਕ ਫੈਸਲੇ ਹਨ ਕੋਈ ਸਰਕਾਰੀ ਕਨੂੰਨ ਨਹੀਂ ਹੈ ਕਿ ਪਿਛਲੀਆਂ ਭਰਤੀਆਂ ’ਤੇ ਲਾਗੂ ਨਹੀਂ ਹੋਵੇਗਾ ਸਿਰਫ ਨਵੀਆਂ ’ਤੇ ਹੀ ਹੋਵੇਗਾ।

ਇਸ ਤੋਂ ਬਿਨਾਂ ਫਿਲਮ ਵਾਲੇ ਸ੍ਰੋ.ਗੁ.ਪ੍ਰ.ਕ ਪ੍ਰਧਾਨ ਸ.ਹਰਜਿੰਦਰ ਸਿੰਘ ਧਾਮੀ ਅਤੇ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਰਘਵੀਰ ਸਿੰਘ ਬਾਰੇ ਇਹ ਗੱਲ ਕਹਿ ਰਹੇ ਕਿ ਇਹਨਾ ਸਾਨੂੰ ਬੰਦ ਕਮਰੇ ਵਿੱਚ ਕਿਹਾ ਕਿ ਤੁਸੀਂ ਰੌਲਾ ਨਾ ਪਾਉ ਬਸ ਚੁੱਪ ਚਪੀਤੇ ਫਿਲਮ ਚਲਾ ਲਵੋ ਅਤੇ ਨਾਲ ਹੀ ਕਹਿ ਰਹੇ ਹਨ ਕਿ ਗਿਆਨੀ ਰਘਵੀਰ ਸਿੰਘ ਨੇ ਫਿਲਮ ਲਈ ਬਕਾਇਦਾ ਅਰਦਾਸ ਕੀਤੀ ਅਤੇ ਸਾਡੇ ਮੋਢੇ ਥਾਪੜੇ। ਇਹ ਆਪਣੇ ਆਪ ਵਿੱਚ ਕਿੰਨੀ ਵੱਡੀ ਗੱਲ ਹੈ ਜਿਸ ’ਤੇ ਗਿਆਨੀ ਰਘਵੀਰ ਸਿੰਘ ਅਤੇ ਹਰਜਿੰਦਰ ਸਿੰਘ ਧਾਮੀ ਨੇ ਚੁੱਪ ਵੱਟੀ ਹੋਈ ਹੈ। ਉਹ ਸਿੱਖ ਸੰਗਤ ਨੂੰ ਸਾਫ ਕਰਨ ਕਿ ਜੋ ਦਾਅਵਾ ਫਿਲਮ ਵਾਲੇ ਕਰ ਰਹੇ ਉਸ ਵਿੱਚ ਕਿੰਨੀ ਕੁ ਸੱਚਾਈ ਹੈ? 

ਫਿਲਮ ਵਾਲੇ ਜਿਸ ਸਾਬਕਾ ਜਥੇਦਾਰ ਦੀ ਵੀਡੀਓ ਵਿਖਾ ਰਹੇ ਹਨ ਉਸ ਬਾਰੇ ਸਿੱਖਾਂ ਵਿੱਚ ਕਿਸੇ ਕਿਸਮ ਦੀ ਕੋਈ ਦੋਚਿੱਤੀ ਨਹੀਂ ਹੈ, ਸੌਦਾ ਸਾਧ ਨੂੰ ਮੁਆਫੀ ਦੇਣ ਦੇ ਮਸਲੇ ਤੋਂ ਬਾਅਦ ਉਹਨਾਂ ਦੇ ਕਿਸੇ ਵੀ ਸੁਨੇਹੇ ਦੇ ਸੰਗਤ ਵਿੱਚ ਕੋਈ ਮਾਅਨੇ ਨਹੀਂ ਹਨ।      

ਇਸ ਤਰ੍ਹਾਂ ਕਿਸੇ ਵੀ ਗੈਰ ਸਿਧਾਂਤਕ ਕਾਰਵਾਈ ਵਿੱਚ ਸਿੱਖਾਂ ਦੀ ਜਿੰਨੀ ਮਰਜੀ ਵੱਡੀ ਸੰਸਥਾ ਸ਼ਾਮਲ ਹੋਵੇ ਸਿੱਖ ਸੰਗਤ ਸਿਧਾਂਤ ਨਾਲ ਕੋਈ ਸਮਝੌਤਾ ਨਹੀਂ ਕਰਦੀ ਸਗੋਂ ਸੰਸਥਾਵਾਂ ਨੂੰ ਆਪਣੇ ਫੈਸਲੇ ਵਾਪਸ ਲੈਣੇ ਪੈਂਦੇ ਹਨ। ਸੌਦਾ ਸਾਧ ਨੂੰ ਦਿੱਤੀ ਗਈ ਗੈਰ ਸਿਧਾਂਤਕ ਮੁਆਫੀ ਦੀ ਮਿਸਾਲ ਸਾਡੇ ਸਾਹਮਣੇ ਹੈ ਜਿਸ ਨੂੰ ਸੰਗਤ ਵਿੱਚ ਪ੍ਰਵਾਨ ਕਰਵਾਉਣ ਲਈ ਸ੍ਰੋ.ਗੁ.ਪ੍ਰ.ਕ ਨੇ ਅਖਬਾਰਾਂ ਵਿੱਚ 90 ਲੱਖ ਤੱਕ ਦੇ ਇਸ਼ਤਿਹਾਰ ਦਿੱਤੇ ਸਨ ਪਰ ਫਿਰ ਵੀ ਸਿੱਖ ਸੰਗਤ ਨੇ ਇਹ ਗੈਰ ਸਿਧਾਂਤਕ ਫੈਸਲਾ ਪ੍ਰਵਾਨ ਨਹੀਂ ਸੀ ਕੀਤਾ। ਹੁਣ ਵੀ ਵਕਤ ਸਿਰ ਗਿਆਨੀ ਰਘਵੀਰ ਸਿੰਘ ਅਤੇ ਸ.ਹਰਜਿੰਦਰ ਸਿੰਘ ਧਾਮੀ ਨੂੰ ਸਿੱਖ ਸੰਗਤਾਂ ਅੱਗੇ ਸਾਰੀ ਗੱਲ ਸਾਫ ਕਰਨੀ ਚਾਹੀਦੀ ਹੈ।   

 

ਸੰਪਾਦਕ,