ਸਿਰਦਾਰ ਕਪੂਰ ਸਿੰਘ ਨੂੰ ਯਾਦ ਕਰਦਿਆਂ .........

ਸਿਰਦਾਰ ਕਪੂਰ ਸਿੰਘ ਨੂੰ ਯਾਦ ਕਰਦਿਆਂ .........

ਥੋੜ੍ਹੀ ਜਿਹੀ ਰਾਜਨੀਤਕ ਸੂਝ ਬ੍ਹੁਝ ਰੱਖਣ ਵਾਲਾ ਕੋਈ ਵੀ ਸਿੱਖ, ਸਿਰਦਾਰ ਕਪੂਰ ਸਿੰਘ ਨੂੰ ਜਾਨਣ ਤੋਂ ਇਨਕਾਰੀ ਨਹੀਂ ਹੋ ਸਕਦਾ।

ਸਿਰਦਾਰ ਕਪੂਰ ਸਿੰਘ ਨੂੰ ਸਿੱਖਾਂ ਵਿੱਚ ਵੱਡੇ ਵਿਦਵਾਨ ਵਜੋਂ ਵੇਖਿਆ ਜਾਂਦਾ ਹੈ, ਜਿਨ੍ਹਾਂ ਨੇ ਸਿੱਖਾਂ ਦਾ ਭਵਿੱਖ ਦਾ ਰਾਹ ਤੈਅ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ। ਸਿਰਦਾਰ ਸਾਹਿਬ ਦਾ ਦੇਹਾਂਤ 13 ਅਗਸਤ 1986 ਨੂੰ 77 ਵਰ੍ਹਿਆਂ ਦੀ ਉਮਰ ਵਿੱਚ ਜਗਰਾਉਂ ਵਿੱਚ ਹੋਇਆ। ਸਿਰਦਾਰ ਕਪੂਰ ਸਿੰਘ ਦੀ ਮਿਹਨਤ ਅਤੇ ਪੰਥ ਪ੍ਰਤੀ ਸੇਵਾਵਾਂ ਦੇ ਸਦਕੇ ਸਿੱਖਾਂ ਵਿੱਚ ਉਹਨਾਂ ਨੂੰ ਸਨਮਾਨ ਨਾਲ ਯਾਦ ਕੀਤਾ ਜਾਂਦਾ ਹੈ। ਅੰਗਰੇਜ਼ਾਂ ਤੋਂ ਅਜ਼ਾਦੀ ਮਿਲਣ ਤੋਂ ਬਾਅਦ ਵੀ ਸਿੱਖ ਸਮਸਿਆਵਾਂ ਦਾ ਹੱਲ ਨਾ ਹੋਣ ਦੀ ਜੜ੍ਹ ਫੜਦਿਆਂ ਉਹਨਾਂ ਨੇ ਸਿੱਖਾਂ ਨੂੰ ਹਲੂਣਾ ਦਿੱਤਾ, ਨਵੇਂ ਰਾਹ ਬਾਰੇ ਸੋਚਣ ਲਈ ਅਗਾਹ ਕੀਤਾ। ਜਿਥੇ ਕਿਤੇ ਉਹ ਸਿੱਖਾਂ ਦਾ ਪ੍ਰਤੀਨਿਧ ਬਣ ਕੇ ਗਏ, ਓਹਨਾਂ ਨੇ ਸਿੱਖਾਂ ਦੇ ਮਾਣ ਨੂੰ ਹਾਨੀ ਨਾ ਹੋਣ ਦਿੱਤੀ। ਇਹਨਾਂ ਸਿਫਤਾਂ ਕਰਕੇ ਉਹਨਾਂ ਨੂੰ 'ਨੈਸ਼ਨਲ ਪ੍ਰੋਫੈਸਰ ਆਫ ਸਿੱਖਇਜ਼ਮ' ਦਾ ਟਾਈਟਲ ਦਿੱਤਾ ਗਿਆ। 

ਸਿਰਦਾਰ ਕਪੂਰ ਸਿੰਘ ਅੰਗ੍ਰੇਜ਼ਾਂ ਦੇ ਸਮੇਂ ਪੜਾਈ ਕਰਕੇ ਆਈ.ਸੀ.ਐਸ ਅਫ਼ਸਰ ਬਣੇ। ਆਪਣੀ ਪੜ੍ਹਾਈ ਦੌਰਾਨ ਉਹਨਾਂ ਨੇ ਹਰ ਵਿਸ਼ੇ ਸਮੇਤ ਦਰਸ਼ਨ (ਫਿਲਾਸਫੀ) ਦੇ ਵਿਸ਼ੇ ਦੇ, ਪਹਿਲੇ ਦਰਜੇ ਤੇ ਸਫਲ ਹੁੰਦੇ ਰਹੇ। ਜਿਸਦਾ ਨਤੀਜਾ ਇਹ ਹੋਇਆ ਕਿ ਹਰ ਇੱਕ ਗੱਲ ਤੇ ਉਹ ਬਹੁਤ ਡੂੰਘਾਈ ਨਾਲ ਗੱਲ ਕਰਨ ਦੇ ਸਮਰਥ ਬਣੇ। ਪੰਜਾਬੀ, ਹਿੰਦੀ, ਬ੍ਰਿਜ, ਸੰਸਕ੍ਰਿਤ, ਫਾਰਸੀ ਦੇ ਜਾਣੂ ਹੋਣ ਦੇ ਨਾਲ ਉਹਨਾਂ ਦੀ ਅੰਗਰੇਜ਼ੀ ਬੋਲੀ ਵਿੱਚ ਵੀ ਪਕੜ ਬਾਕਮਾਲ ਸੀ, ਅੰਗਰੇਜ਼ੀ ਬੋਲੀ ਦੇ ਵਿਦਵਾਨ ਵੀ ਉਹਨਾਂ ਦੀਆਂ ਲਿਖਤਾਂ ਪੜਕੇ ਹੈਰਾਨ ਹੋ ਜਾਂਦੇ ਸਨ। ਇੱਕ ਵਾਰ ਡਾਕਟਰ ਗੰਡਾ ਸਿੰਘ ਨੇ ਉਹਨਾਂ ਨੂੰ 'ਕਮਿਊਨਲ ਅਵਾਰਡ' ਉਤੇ ਲੇਖ ਲਿਖਕੇ ਭੇਜਣ ਲਈ ਕਿਹਾ, ਜਦੋਂ ਡਾਕਟਰ ਗੰਡਾ ਸਿੰਘ ਨੂੰ ਲੇਖ ਮਿਲਿਆ ਤਾਂ ਉਹ ਇੱਕ ਲੇਖ ਨਾ ਹੋਕੇ ਇੱਕ ਕਿਤਾਬ ਵਾਂਗ ਛਾਪਿਆ ਜਾ ਸਕਦਾ ਸੀ। ਬਾਅਦ ਵਿੱਚ ਜਦੋਂ ਇਹ ਕਿਤਾਬ ਰੂਪ ਵਿੱਚ ਛਾਪਿਆ ਗਿਆ ਤਾਂ ਇਸ ਵਿੱਚ ਸਿਰਦਾਰ ਕਪੂਰ ਸਿੰਘ ਹੋਣਾਂ ਨੇ 1947 ਨਾਲ ਸਬੰਧਿਤ ਘਟਨਾਵਾਂ ਅਤੇ ਹੋਰ ਵੇਰਵਿਆਂ ਨੂੰ ਸ਼ਾਮਲ ਕੀਤਾ। ਉਦੋਂ ਤੋਂ ਲੈ ਕੇ ਹੁਣ ਤੱਕ ਇਹ ਲਿਖਤ 'ਸਾਚੀ ਸਾਖੀ' ਨਾਮ ਹੇਠ ਕਿਤਾਬ ਰੂਪ ਵਿੱਚ ਅਨੇਕਾਂ ਵਾਰ ਛਾਪੀ ਜਾ ਚੁੱਕੀ ਹੈ। ਇਹ ਕਿਤਾਬ ਵਿੱਚ ਸਿਰਦਾਰ ਸਾਹਿਬ ਨੇ ਤੱਥਾਂ ਅਤੇ ਦਲੀਲਾਂ ਸਮੇਤ ਸਿੱਖ ਆਗੂਆਂ ਦੇ ਰਾਹ ਤੋਂ ਥਿੜਕ ਜਾਣ ਦੀ ਗੱਲ ਸੰਗਤਾਂ ਸਾਹਮਣੇ ਲਿਆਂਦੀ। ਇਸ ਵਿੱਚ ਦੱਸਿਆ ਗਿਆ ਕਿ ਕਿਵੇਂ ਵਾਰ-ਵਾਰ ਮੌਕਾ ਮਿਲਦਿਆਂ ਹੋਇਆਂ ਸਿੱਖ ਆਗੂ ਅਜ਼ਾਦ ਤੌਰ ’ਤੇ ਕੋਈ ਫ਼ੈਸਲਾ ਨਾ ਲੈ ਸਕੇ ਅਤੇ ਹਿੰਦੂ ਧਿਰਾਂ ਦੇ ਆਗੂਆਂ ਦੀਆਂ ਕਪਟ ਭਰੀਆਂ ਗੱਲਾਂ ਨਾ ਸਮਝ ਸਕੇ। ਇਹ ਪਹਿਲੀ ਅਜਿਹੀ ਲਿਖਤ ਸੀ, ਜਿਹੜੀ ਸਿੱਖ ਮਾਨਸਿਕਤਾ ਨੂੰ ਅਜ਼ਾਦੀ ਲਈ ਤਰਾਸ਼ਣ ਲੱਗੀ। ਅਜ਼ਾਦੀ ਤੋਂ ਥੋੜੇ ਜਿਹੇ ਵਕਫ਼ੇ ਬਾਅਦ ਹੀ ਉਹਨਾਂ ਨੇ ਸਮਝ ਲਿਆ ਕਿ ਭਾਵੇਂ ਅਜ਼ਾਦੀ ਮਿਲ ਗਈ ਹੈ, ਪਰ ਸਿੱਖ ਅਜੇ ਵੀ ਗੁਲਾਮ ਹਨ। ਅਜਿਹੀ ਸਪਸ਼ਟ ਗੱਲ ਪਹਿਲਾਂ ਕਦੇ ਕਿਸੇ ਨੇ ਵੀ ਨਹੀਂ ਕੀਤੀ ਸੀ। ਸਾਚੀ ਸਾਖੀ ਤੋਂ ਇਲਾਵਾ ਉਹਨਾਂ ਨੇ ਤਕਰੀਬਨ 12 ਕਿਤਾਬਾਂ ਲਿਖੀਆਂ ਅਤੇ ਅਨੇਕਾਂ ਲੇਖ ਲਿਖੇ। ਸਾਚੀ ਸਾਖੀ ਕਿਤਾਬ ਤੋਂ ਇਲਾਵਾ ਜੇਕਰ ਪੜ੍ਹਨ ਵਾਲੇ ਇਹਨਾਂ ਦੀਆਂ ਬਾਕੀ ਲਿਖਤਾਂ ਪੜ੍ਹਨ ਤਾਂ ਇਹਨਾਂ ਦੀ ਕਮਾਲ ਦੀ ਸਮਝ ਅਤੇ ਲਿਖਤ ਉੱਤੇ ਅਸ਼ ਅਸ਼ ਕਰ ਉਠਣਗੇ। ਸਿੱਖ ਇਤਿਹਾਸ, ਸੰਸਾਰ ਇਤਿਹਾਸ, ਦਰਸ਼ਨ, ਧਰਮ, ਸਾਹਿਤ, ਸਿਆਸਤ, ਜੋਤਿਸ਼, ਭੂਗੋਲ, ਖਗੋਲ, ਸਭਿਆਚਾਰ ਬਾਰੇ ਉਹਨਾਂ ਦੀਆਂ ਲਿਖਤਾਂ ਅੱਵਲ ਦਰਜੇ ਦੀਆਂ ਹਨ। ਪ੍ਰਿੰਸੀਪਲ ਸਰਦਾਰੀ ਲਾਲ ਪ੍ਰਾਸ਼ਰ ਨਾਲ ਉਹਨਾਂ ਦਾ ਸੰਵਾਦ ਹੋਇਆ ਤਾਂ ਉਹਨਾਂ ਨੇ ਇਸ ਸੰਵਾਦ ਨੂੰ "ਪ੍ਰਾਸ਼ਰਪ੍ਰਸ਼ਨ" ਨਾਮ ਦੀ ਅੰਗਰੇਜ਼ੀ ਦੀ ਬਹੁਮੁੱਲੀ ਕਿਤਾਬ ਵਿੱਚ ਸਾਂਭਿਆ। ਇਸ ਲਿਖਤ ਤੋਂ ਪਤਾ ਚੱਲਦਾ ਹੈ ਕਿ ਨਾ ਕੇਵਲ ਉਹ ਸਿੱਖ ਸਿਧਾਂਤਾਂ ਦੀ ਵੱਡੀ ਵਿਆਖਿਆ ਕਰਨ ਦੇ ਕਾਬਲ ਸਨ, ਬਲਕਿ ਹੋਰਨਾਂ ਧਰਮਾਂ ਬਾਰੇ ਵੀ ਪਾਠਕਾਂ ਨੂੰ ਦੰਗ ਕਰਨ ਵਾਲੇ ਤੱਥ ਪੇਸ਼ ਕਰਦੇ ਹਨ। 1960 ਵਿੱਚ ਸ਼ਿਮਲੇ ਵਿੱਚ ਵਿਸ਼ਵ ਧਰਮ ਸੰਮੇਲਨ ਦੌਰਾਨ ਉਹਨਾਂ ਨੇ ਡਾਕਟਰ ਰਾਧਾ ਕ੍ਰਿਸ਼ਨਨ ਨੂੰ ਆਪਣੀਆਂ ਦਲੀਲਾਂ ਨਾਲ ਸਿੱਧ ਕੀਤਾ ਕਿ ਸਿੱਖ ਹਿੰਦੂਆਂ ਦਾ ਹਿੱਸਾ ਨਹੀਂ ਹਨ।   

ਬਤੌਰ ਡਿਪਟੀ ਕਮਿਸਨਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਾਸ਼ਨ ਦੀ ਜ਼ਿਮੇਵਾਰੀ ਨਿਭਾਉਂਦਿਆਂ ਉਹ ਪਹਿਲਾਂ ਸਿੱਖਾਂ ਆਗੂਆਂ ਨੂੰ ਸਿੱਖ ਹਿਤਾਂ ਲਈ ਉਦਮ ਕਰਨ ਲਈ ਪ੍ਰੇਰਣਾ ਕਰਦੇ ਰਹੇ ਫੇਰ ਨੌਕਰੀ ਤੋਂ ਪਾਸੇ ਹੁੰਦਿਆਂ ਉਹਨਾਂ ਨੇ ਅਜ਼ਾਦ ਇੰਡੀਆ ਦੀ ਸਿਆਸਤ ਸਮਝਦਿਆਂ ਵੀ ਦੇਰੀ ਨਾ ਲਗਾਈ। ਸਿਆਸਤ ਵਿੱਚ ਆਉਣ ’ਤੇ ਉਹਨਾਂ ਨੇ ਬੜੀ ਛੇਤੀ ਅਕਾਲੀ ਪਾਰਟੀ ਦੇ ਆਗੂਆਂ ਦੀ ਸਿਆਸਤ ਨੂੰ ਸਮਝ ਲਿਆ। ਉਹਨਾਂ ਨੇ ਬਿਨਾਂ ਕਿਸੇ ਹਿਚਕਿਚਾਹਟ ਦੇ ਅਕਾਲੀ ਪਾਰਟੀ ਦੇ ਆਗੂਆਂ ਦੇ ਡੋਲਦੇ ਕਿਰਦਾਰ ਨੂੰ ਲੋਕਾਂ ਸਾਹਮਣੇ ਰੱਖਿਆ। ਅਨੰਦਪੁਰ ਦੇ ਮਤੇ ਰਾਹੀਂ ਉਹਨਾਂ ਨੇ ਸਿੱਖ ਸਟੇਟ ਦਾ ਸੁਪਨਾ ਅਕਾਲੀ ਪਾਰਟੀ ਦੇ ਅੱਗੇ ਰੱਖਿਆ, ਜਿਸ ਨੂੰ ਆਧਾਰ ਬਣਾ ਕੇ ਅਕਾਲੀ ਪਾਰਟੀ ਨੇ ਸੰਘਰਸ਼ ਕੀਤਾ। ਇਸ ਤਰ੍ਹਾਂ ਉਹ ਸਿੱਖ ਰਾਜਨੀਤੀ ਦੇ ਮਾਰਗ ਦਰਸ਼ਕ ਬਣੇ। ਸਿੱਖ ਮਸਲਿਆਂ ਪ੍ਰਤੀ ਹਮਦਰਦੀ ਵਾਲੀ ਸੋਚ ਰੱਖਦਿਆ ਉਹਨਾਂ ਨੇ ਕਈ ਵਾਰ ਸੰਤ ਜਰਨੈਲ ਸਿੰਘ ਜੀ ਨਾਲ ਵੀ ਮੁਲਾਕਾਤ ਕੀਤੀ।  

ਸਿਰਦਾਰ ਕਪੂਰ ਸਿੰਘ ਜੀ ਮੂਲ ਰੂਪ ਵਿੱਚ ਵਿਦਵਾਨ ਸਨ। ਉਹਨਾਂ ਨੇ ਕੋਸ਼ਿਸ ਕੀਤੀ ਕਿ ਸਿੱਖ ਸਿਧਾਤਾਂ ਅਤੇ ਦਰਸ਼ਨ ਨੂੰ ਪ੍ਰਚਾਰਿਆ ਜਾਵੇ। ਆਪਣੀ ਵਿਦਿਆ ਦੇ ਦਮ ’ਤੇ ਰਾਜਨੀਤੀ ਵਿੱਚ ਵੀ ਵੱਡੇ-ਵੱਡੇ ਆਗੂਆਂ ਦੇ ਉਹ ਪੈਰ ਥਿੜਕਾ ਦਿੰਦੇ ਸਨ। ਪੰਜਾਬੀ ਸੂਬਾ ਮੋਰਚਾ ਸਮੇਂ ਉਹਨਾਂ ਨੇ ਪਾਰਲੀਮੈਂਟ ਵਿੱਚ ਆਪਣਾ ਭਾਸ਼ਣ ਦਿੱਤਾ, ਜਿਹੜਾ ਕਿ ਯਾਦਗਾਰੀ ਭਾਸਣ ਬਣਿਆ। ਇਸ ਭਾਸ਼ਣ ਵਿੱਚ ਉਹਨਾਂ ਨੇ ਸਮੇਂ-ਸਮੇਂ ’ਤੇ ਹਿੰਦੂ ਆਗੂਆਂ ਦੀਆਂ ਵਧੀਕੀਆਂ ਅਤੇ ਧੋਖੇਬਾਜ਼ੀਆਂ ਨੂੰ ਬੇਪਰਦ ਕੀਤਾ। ਸਿਰਦਾਰ ਕਪੂਰ ਸਿੰਘ ਜੀ ਨੇ ਆਪਣੀ ਵਿਦਿਆ ਅਤੇ ਗਿਆਨ ਕਰਕੇ ਸਿੱਖ ਰਾਜਨੀਤੀ ਦੀ ਦਿਸ਼ਾ ਤਹਿ ਕੀਤੀ। 

ਵਿਦਵਾਨ ਓਹੀ ਹੁੰਦਾ ਜੋ ਭਵਿੱਖ ਦੀ ਤਸਵੀਰ ਦਾ ਅੰਦਾਜਾ ਲਾ ਸਕੇ ਅਤੇ ਢੁਕਵੇਂ ਹੱਲ ਸੁਝਾਅ ਸਕੇ। ਹੁਣ ਜਦੋਂ ਇੰਡੀਆ ਆਪਣਾ 76ਵਾਂ ਅਜਾਦੀ ਦਿਹਾੜਾ ਮਨਾ ਰਿਹਾ ਹੈ ਤਾਂ ਸਭ ਕਾਸੇ ਦੀ ਤਸਵੀਰ ਪਹਿਲਾਂ ਨਾਲੋਂ ਵਧੇਰੇ ਸਪਸ਼ਟ ਹੈ, ਸਿਰਦਾਰ ਸਾਹਿਬ ਦੀਆਂ ਕਹੀਆਂ ਗੱਲਾਂ ਕਿੰਨੀ ਦਫ਼ਾ ਸੱਚੀਆਂ ਹੋਈਆਂ। ਹਲਾਤ ਹੋਰ ਪੇਚੀਦਾ ਹੋਣੇ ਹਨ, ਉਹਨਾਂ ਦੀਆਂ ਲਿਖਤਾਂ ਤੋਂ ਸੇਧ ਲੈਣ ਦੀ ਲੋੜ ਹੈ। ਇਸ ਦੇ ਨਾਲ ਹੀ ਸਾਨੂੰ ਆਪਣੀ ਸਮਰੱਥਾ ਪਛਾਣਦਿਆਂ ਬਣ ਰਹੇ ਹਲਾਤਾਂ ਨਾਲ ਨਜਿੱਠਣ ਲਈ ਤਿਆਰੀ ਕਰਨ ਦੀ ਲੋੜ ਹੈ। ਗੁਰੂ ਪਾਤਿਸਾਹ ਮਿਹਰ ਕਰਨ, ਸਾਨੂੰ ਸੇਵਾ ਸਿਮਰਨ ਅਤੇ ਸੰਗਤ ਬਖਸ਼ਿਸ਼ ਕਰਨ, ਸਾਡਾ ਸਭ ਕੁਝ ਇਥੋਂ ਹੀ ਖੜ੍ਹਨਾ ਹੈ। 

 

ਸੰਪਾਦਕ