ਬਦਲ ਰਹੇ ਹਲਾਤਾਂ ਵਿੱਚ ਪੰਜਾਬ ਅਤੇ ਸਿੱਖਾਂ ਦੀ ਭੂਮਿਕਾ

ਬਦਲ ਰਹੇ ਹਲਾਤਾਂ ਵਿੱਚ ਪੰਜਾਬ ਅਤੇ ਸਿੱਖਾਂ ਦੀ ਭੂਮਿਕਾ

‘ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ’ ਇਹ ਕਹਾਉਤ ਪੰਜਾਬ ਦੇ ਲੋਕਾਂ ਦੇ ਸਦੀਆਂ ਤੋਂ ਮੂੰਹ ’ਤੇ ਰਹੀ ਹੈ। ਇਲਾਕੇ ਪੱਖੋਂ ਪੰਜਾਬ ਇੱਕ ਅਜਿਹਾ ਥਾਂ ਹੈ ਜਿਥੇ ਦਰਿਆ ਵੱਗਦੇ ਹਨ, ਜਮੀਨ ਪੱਧਰੀ ਅਤੇ ਹਰੀ ਭਰੀ ਹੈ, ਨਾਲ ਹੀ ਪੰਜਾਬ ਦੇ ਇਹ ਉਪਜਾਊ ਮੈਦਾਨਾਂ ਦੇ ਉਤਰ ਵੱਲ ਉਚੇ ਬਰਫੀਲੇ ਪਹਾੜ ਹਨ, ਦੱਖਣ ਵੱਲ ਰੇਤੀਲੇ ਗਰਮ ਮਾਰੂ ਮੈਦਾਨ ਹਨ।

ਪੰਜਾਬ ਦਾ ਇਲਾਕਾ ਪੂਰਬ ਅਤੇ ਪੱਛਮ ਦੇ ਦੁਨੀਆਂ ਦੇ ਵੱਡੇ ਇਲਾਕਿਆਂ ਨੂੰ ਜੋੜਦਾ ਹੈ। ਸਦੀਆਂ ਤੋਂ ਪੰਜਾਬ ਫੌਜਾਂ ਅਤੇ ਵਪਾਰ ਦੇ ਲਈ ਵੱਡਾ ਲਾਂਘਾ ਰਿਹਾ ਹੈ। ਮੁਗਲ ਸਲਤਨਤ ਦੇ ਬਣਨ ਤੋਂ ਪਹਿਲਾਂ ਅਤੇ ਕਮਜ਼ੋਰ ਹੋਣ ’ਤੇ ਪੱਛਮ ਤੋਂ ਆਉਣ ਵਾਲੇ ਸਾਰੇ ਧਾੜਵੀ ਅਬਦਾਲੀ, ਨਾਦਰ ਸ਼ਾਹ ਆਦਿ ਪੰਜਾਬ ਵਿਚੋਂ ਦੀ ਹੋ ਕੇ ਹਿੰਦੁਸਤਾਨ ਦੇ ਵੱਡੇ ਇਲਾਕੇ ਵਿਚ ਵੜਦੇ ਰਹੇ ਹਨ। ਵਾਪਸੀ ’ਤੇ ਹਿੰਦੁਸਤਾਨ ਦੀ ਤਬਾਹੀ ਦੇ ਨਾਲ ਇਨ੍ਹਾਂ ਧਾੜਵੀਆਂ ਨੇ ਪੰਜਾਬ ਨੂੰ ਵੀ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ। 

ਮਹਾਰਾਜਾ ਰਣਜੀਤ ਸਿੰਘ ਦੇ ਰਾਜ ਅਤੇ ਅੰਗਰੇਜ਼ਾਂ ਦੇ ਰਾਜ ਦੌਰਾਨ ਇਹ ਲਾਂਘਾ ਬੰਦ ਰਿਹਾ। ਪਾਕਿਸਤਾਨ ਦੇ ਬਣਨ ਨਾਲ ਹਿੰਦੁਸਤਾਨ ਦੇ ਵਿਸ਼ਾਲ ਇਲਾਕੇ ਨਾਲ ਮੱਧ ਏਸ਼ੀਆ ਦਾ ਜ਼ਮੀਨੀ ਵਪਾਰ ਦਾ ਰਸਤਾ ਬੰਦ ਹੋ ਗਿਆ। ਬਰਤਾਨਵੀਆਂ ਅਤੇ ਉਨ੍ਹਾਂ ਦੀ ਦੁਨਿਆਵੀਂ ਪੱਧਰ ’ਤੇ ਸਰਦਾਰੀ ਖ਼ਤਮ ਹੋਣ ਤੋਂ ਬਾਅਦ ਅਮਰੀਕਾ ਨੂੰ ਵੀ ਇਹੀ ਗੱਲ ਜੱਚਦੀ ਸੀ ਕਿ ਬਹੁਤਾ ਵਪਾਰ ਸਮੁੰਦਰੀ ਰਾਹ ਰਾਹੀਂ ਹੋਵੇ। 

ਪਿਛਲੇ ਸਮਿਆਂ ਵਿਚ ਚੀਨ ਨੇ ਬੜੀ ਤੇਜ਼ੀ ਨਾਲ ਉਦਯੋਗ, ਤਕਨੀਕੀ ਅਤੇ ਵਪਾਰ ਪੱਧਰ ’ਤੇ ਵੱਡੀ ਸਮਰੱਥਾ ਕਾਇਮ ਕਰ ਲਈ ਹੈ। ਆਪਣੀ ਧਰਤੀ ਤੋਂ ਬਾਹਰ ਨਿਕਲ ਕੇ ਚੀਨ ਨੇ ਵੱਖ ਵੱਖ ਦੇਸ਼ਾਂ ਵਿਚ ਆਪਣੇ ਅੱਡੇ ਵੀ ਕਾਇਮ ਕਰ ਲਏ ਹਨ। ਅਮਰੀਕਾ ਦੇ ਸਮੁੰਦਰੀ ਵਪਾਰ ਦੇ ਉਲਟ ਚੀਨ ਨੇ ਦੁਨੀਆਂ ਉਪਰ ਪ੍ਰਭਾਵ ਬਣਾਉਣ ਵਜੋਂ ਸਦੀਆਂ ਪੁਰਾਣੇ ਰਵਾਇਤੀ ਰੇਸ਼ਮ ਰਾਹ ਖੋਲ੍ਹਣ ਲਈ ਕਈ ਨਿੱਗਰ ਬੰਦੋਬਸਤ ਕੀਤੇ ਹਨ। ਚੀਨ ਦੇ ਇਸ ਉਦਮ ਨੇ ਜਿਥੇ ਅਮਰੀਕਾ ਨੂੰ ਚੁਣੌਤੀ ਦਿੱਤੀ ਹੈ, ਓਥੇ ਹੀ ਪੰਜਾਬ ਵੀ ਇਸ ਰਾਹ ਦਾ ਅਹਿਮ ਪੜਾਅ ਹੋਣ ਦੇ ਨਾਤੇ ਪੰਜਾਬ ਦੀ ਮਹੱਤਤਾ ਨੂੰ ਫੇਰ ਦੁਨੀਆਂ ਪੱਧਰ ’ਤੇ ਉਜਾਗਰ ਕੀਤਾ ਹੈ। ਇਹਨਾਂ ਹਲਾਤਾਂ ਦੇ ਮੱਦੇਨਜਰ ਪੰਜਾਬ ਦੇ ਹਿੱਸੇ ਮੌਕੇ ਅਤੇ ਖ਼ਤਰੇ ਫੇਰ ਤੋਂ ਆਉਣ ਦੀ ਸੰਭਾਵਨਾ ਬਣ ਗਈ ਹੈ। 

ਪੰਜਾਬ ਹਮੇਸ਼ਾ ਤੋਂ ਹੀ ਫ਼ੌਜਾਂ ਅਤੇ ਵਪਾਰ ਦੇ ਲਈ ਰਸਤਾ ਰਿਹਾ ਹੈ। ਹੁਣ ਦੇ ਸਮੇਂ ਭਾਵੇਂ ਅੰਤਰਰਾਸ਼ਟਰੀ ਵਪਾਰ ਦੇ ਰਸਤੇ ਵਿਚ ਪੰਜਾਬ ਨਹੀਂ ਹੈ, ਪਰ ਫ਼ੌਜਾਂ ਦੀ ਆਵਾਜਾਈ ਅਤੇ ਸੜਕੀ ਪਹੁੰਚ ਦੇ ਪੱਖ ਤੋਂ ਦਿੱਲੀ ਦਰਬਾਰ ਲਈ ਪੰਜਾਬ ਬਹੁਤ ਅਹਿਮ ਹੈ। ਪੰਜਾਬ ਸਰਹੱਦੀ ਸੂਬਾ ਹੈ, ਦਿੱਲੀ ਦਰਬਾਰ ਨੂੰ ਕਸ਼ਮੀਰ ਨਾਲ ਜੋੜਨ ਲਈ ਪੰਜਾਬ ਦੀ ਮਹੱਤਤਾ ਕਿਸੇ ਤੋਂ ਲੁਕੀ ਹੋਈ ਨਹੀਂ। ਦੂਸਰੇ ਪਾਸੇ ਚੀਨ ਅਤੇ ਦੁਨੀਆਂ ਦੀਆਂ ਹੋਰ ਤਾਕਤਾਂ ਪੰਜਾਬ ਦੀ ਧਰਤੀ ਨੂੰ ਆਪਣੇ ਹਿੱਤਾਂ ਦੇ ਲਈ ਵਰਤਣ ਦਾ ਯਤਨ ਕਰਨਗੀਆਂ।  ਪੰਜਾਬ ਦੇ ਜਾਇਆਂ ਨੂੰ ਫੇਰ ਤੋਂ ਨਵੀਆਂ ਮੁਹਿੰਮਾਂ ਦਰਪੇਸ਼ ਆਉਣ ਵਾਲੀਆਂ ਹਨ। ਦੁਨੀਆਂ ਦੀ ਸਿਆਸਤ ਵਿੱਚ ਪੰਜਾਬ ਇੱਕ ਅਹਿਮ ਥਾਂ ਰਹੇਗੀ ਅਤੇ ਪੰਜਾਬ ਵਿੱਚ ਖਾਸਕਰ ਸਿੱਖਾਂ ’ਤੇ ਹੀ ਇਹ ਸਾਰੀ ਜਿੰਮੇਵਾਰੀ ਆਉਣੀ ਹੈ।  

ਸਰਕਾਰਾਂ ਦੇ ਪੱਕੇ ਦੁਸ਼ਮਣ ਅਤੇ ਦੋਸਤ ਕਦੇ ਵੀ ਨਹੀਂ ਹੁੰਦੇ। ਜਦੋਂ ਕਦੇ ਸਰਕਾਰ ਦੇ ਹਿੱਤ ਦੂਸਰੀ ਧਿਰ ਤੋਂ ਪੂਰੇ ਹੁੰਦੇ ਦਿਖਾਈ ਦਿੰਦੇ ਹਨ, ਸਰਕਾਰਾਂ ਦੀਆਂ ਨੀਤੀਆਂ ਬਦਲ ਜਾਂਦੀਆ ਹਨ। ਇਸ ਲਈ ਕਦੇ ਇਹ ਭੁਲੇਖਾ ਨਹੀਂ ਸਿਰਜਣਾ ਚਾਹੀਦਾ ਕਿ ਕੋਈ ਮੁਲਕ ਜਾਂ ਸਰਕਾਰ ਉਨ੍ਹਾਂ ਦੀ ਸਹਾਇਤਾ ਉਪਰ ਆ ਜਾਵੇਗਾ। ਕਿਸੇ ਵੀ ਕੌਮ ਨੂੰ ਆਪਣੇ ਹੱਕਾਂ ਅਤੇ ਅਜ਼ਾਦੀ ਲਈ ਖੁਦ ਹੀ ਲੜਨਾ ਅਤੇ ਸੰਘਰਸ਼ ਕਰਨਾ ਪੈਂਦਾ ਹੈ। 

ਪੋਹ ਦੇ ਮਹੀਨੇ ਵਿੱਚ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਪਹਾੜੀ ਹਿੰਦੂ ਰਾਜਿਆਂ ਅਤੇ ਮੁਗਲਾਂ ਨਾਲ ਲਗਾਤਾਰ ਯੁੱਧ ਕੀਤੇ। ਮੁਗਲਾਂ ਨਾਲ ਯੁੱਧ ਦਾ ਇੱਕ ਕਾਰਨ ਇਥੋਂ ਦੇ ਲੋਕਾਂ ਨੂੰ ਆਪਣੇ ਪੈਰਾਂ ਸਿਰ ਖੜਿਆਂ ਕਰ ਕੇ ਅਜ਼ਾਦੀ ਦੇ ਪਰਵਾਨੇ ਬਣਾਉਣਾ ਵੀ ਸੀ। ਇਸੇ ਰਾਹ ’ਤੇ ਚੱਲਦਿਆਂ ਖਾਲਸਾ ਜੀ ਨੇ ਨਾਦਰ ਸ਼ਾਹ ਅਤੇ ਅਹਿਮਦ ਸ਼ਾਹ ਅਬਦਾਲੀ ਵਰਗੇ ਧਾੜਵੀਆਂ ਨਾਲ ਤਾਂ ਜੰਗ ਕੀਤੇ ਹੀ, ਨਾਲ ਹੀ ਇਥੇ ਸਥਾਪਿਤ ਹੋ ਚੁੱਕੇ ਮੁਗਲ ਹੁਕਮਰਾਨਾਂ ਨੂੰ ਵੀ ਹਰਾਇਆ। ਅਹਿਮਦ ਸ਼ਾਹ ਅਬਦਾਲੀ ਨੂੰ ਖਦੇੜਦਿਆਂ ਸਿੱਖ ਇੰਨੇ ਸਮਰੱਥ ਹੋ ਗਏ ਸਨ ਕਿ ਉਹ ਪੰਜਾਬ ਦੇ ਸਰਦਾਰ ਬਣ ਗਏ। 

ਸਿੱਖ ਸਤਿਗੁਰੂ ਕਲਗੀਧਰ ਜੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਪਰ ਸ਼ਰਧਾ ਦੇ ਸਦਕਾ ਹੀ ਏਨੀ ਸਮਰੱਥਾ ਬਣਾ ਸਕੇ। ਹਰ ਸਿੱਖ ਨੂੰ ਗੁਰ ਭਾਈ ਸਮਝ ਕੇ ਸਮਾਨ, ਵਿਹਾਰ ਅਤੇ ਸਦਾ ਮੁਸੀਬਤਾਂ ਵਿਚ ਇੱਕ ਸਰੀਰ ਦੀ ਤਰ੍ਹਾਂ ਮਹਿਸੂਸ ਕਰਦੇ। ਅਜਰ ਨੂੰ ਜਰਿਆ, ਦੇਖ ਕੇ ਅਣਡਿਠ ਕੀਤਾ। ਆਪਸੀ ਏਕਤਾ ਗੁਣਾਂ ਅਤੇ ਨਿਸ਼ਾਨਿਆਂ ਦੀ ਸਾਂਝ ਵਰਗੇ ਨੁਕਤਿਆਂ ’ਤੇ ਕਾਇਮ ਕੀਤੀ। ਸਿੱਖ ਉਸ ਸਮੇਂ ਵੀ ਮਿਸਲਾਂ ਵਿਚ ਵੰਡੇ ਹੋਏ ਸਨ। ਬਹੁਤ ਸਾਰੀਆਂ ਮਿਸਲਾਂ ਦੇ ਆਪਸੀ ਵੈਰ ਵਿਰੋਧ ਇਲਾਕਿਆਂ ਦੀ ਵੰਡ ਅਤੇ ਹੋਰ ਕਾਰਨਾਂ ਨੂੰ ਲੈ ਕੇ ਸਨ, ਇਥੋਂ ਤੱਕ ਕਿ ਆਪਸੀ ਕਤਲ ਵੀ ਹੋਏ ਸਨ। ਇਸ ਵਖਰੇਵਿਆਂ ਨੂੰ ਆਪਸੀ ਪਾਟੋਧਾੜ ਵਿਚ ਬਦਲ ਕੇ ਸਿੱਖਾਂ ਦਾ ਸੰਘਰਸ਼ ਕੁਚਲਣ ਦੇ ਹਥਕੰਡੇ ਵੀ ਮੁਗਲ ਹਕੂਮਤ ਵਲੋਂ ਅਪਣਾਏ ਗਏ। ਇਸ ਸਭ ਦੇ ਬਾਵਜੂਦ ਪੰਜਾਬ ਦੇ ਭਲੇ ਅਤੇ ਸਾਂਝੇ ਸਰਬੱਤ ਦੇ ਕਾਰਜਾਂ ਲਈ ਸਾਰੀਆਂ ਮਿਸਲਾਂ ਅਕਾਲ ਤਖ਼ਤ ਸਾਹਿਬ ਉਪਰ ਗੁਰਮੁਖਾਂ ਦੇ ਸੱਦਣ ’ਤੇ ਇਕੱਠੀਆਂ ਹੋ ਜਾਂਦੀਆ ਸਨ। ਮਿਲ ਬੈਠ ਕੇ ਗੁਰਮਤੇ ਰਾਹੀਂ ਜਿਹੜਾ ਵੀ ਫੈਸਲਾ ਹੁੰਦਾ ਸੀ, ਹਰ ਮਿਸਲ ਉਸ ਫੈਸਲੇ ’ਤੇ ਨਿਭਦੀ ਸੀ, ਆਪਣੇ ਇਲਾਕੇ ਵਿਚ ਉਹ ਫੈਸਲਾ ਲਾਗੂ ਕਰਦੀ ਸੀ। ਜਿੱਥੇ ਬਹੁਤ ਵੱਡਾ ਕਾਰਜ ਹੁੰਦਾ ਸੀ, ਜਿਹੜਾ ਕਿ ਇੱਕ ਮਿਸਲ ਦੀ ਸਮਰੱਥਾ ਤੋਂ ਜਿਆਦਾ ਜਾਪਦਾ, ਓਥੇ ਸਾਰੀਆਂ ਮਿਸਲਾਂ ਗੁਰਮਤੇ ਮੁਤਾਬਿਕ ਇਕੱਠਿਆਂ ਚੱਲਦੀਆਂ ਸਨ। 

ਅੱਜ ਦੇ ਸਮੇਂ ਵਿਚ ਜਦੋਂ ਪੰਜਾਬ ਅਤੇ ਸਿੱਖ ਦੁਨੀਆਂ ਦੀ ਸਿਆਸਤ ਲਈ ਅਹਿਮ ਬਣ ਰਹੇ ਹਨ ਤਾਂ ਸਿੱਖਾਂ ਦੀ ਆਪਸੀ ਏਕਤਾ, ਇਤਫਾਕ ਨੂੰ ਬਹੁਤ ਵੱਡੀਆਂ ਚੁਣੌਤੀਆਂ ਹਨ। ਏਕਤਾ ਕਰਨ, ਫੈਸਲੇ ਲੈਣ ਅਤੇ ਰੂਹਾਨੀ ਗੁਣਾਂ ਦੇ ਸਦਕਾ ਹੀ ਸਿੱਖ ਆਉਣ ਵਾਲੇ ਔਖੇ ਸਮਿਆਂ ਵਿਚ ਸਰਬੱਤ ਦੇ ਭਲੇ ਦੇ ਪ੍ਰਥਾਏ ਕਾਰਜ ਕਰ ਸਕਦੇ ਹਨ। ਆਪਸੀ ਬਹੁਤ ਸਾਰੇ ਵਖਰੇਵਿਆਂ ਦੇ ਬਾਵਜੂਦ ਦੇਖ ਕੇ ਅਣਡਿੱਠ ਕਰਨਾ ਪਵੇਗਾ। ਇੱਕ ਦੂਜੇ ਵਿਰੋਧੀ ਸਟੇਜੀ ਬਿਆਨਬਾਜ਼ੀ ਤੋਂ ਬੱਚਦੇ ਹੋਏ ਆਪਸੀ ਗੁਣਾਂ ਦੀ ਸਾਂਝ ਵਧਾਕੇ ਹੀ ਚੱਲਣਾ ਪਵੇਗਾ, ਨਹੀਂ ਤਾਂ ਸਿੱਖਾਂ ਵਿਚਲੇ ਕਿਸੇ ਵੀ ਪਾੜੇ ਨੂੰ  ਦਿੱਲੀ ਦਰਬਾਰ ਆਪਣੇ ਫਾਇਦੇ ਲਈ ਵਰਤ ਸਕਦੀ ਹੈ। 

 

ਸੰਪਾਦਕ