ਹੋਲਾ ਮਹੱਲਾ

ਹੋਲਾ ਮਹੱਲਾ

ਦਸਵੇਂ ਪਾਤਿਸਾਹ ਨੇ ਖ਼ਾਲਸਾ ਜੀ ਨੂੰ ਅਹਿਮ ਰੁਤਬਾ ਬਖ਼ਸ਼ਿਸ਼ ਕਰਦਿਆਂ ਬੇਅੰਤ ਬਰਕਤਾਂ ਦਾ ਧਾਰਨੀ ਬਣਾਇਆ।

 ਬਾਣੀ, ਬਾਣਾ, ਸ਼ਸਤਰ ਅਤੇ ਘੋੜੇ ਬਖ਼ਸ਼ੇ। ਉੱਚੇ ਦੁਮਾਲੇ, ਜੰਗੀ ਵਿੱਦਿਆ, ਸਿਦਕ ਸ਼ਹਾਦਤਾਂ ਅਤੇ ਇੱਥੋਂ ਤੱਕ ਕਿ ਆਪਣਾ ਸਾਰਾ ਤੇਜ ਹੀ ਬਖ਼ਸ਼ ਦਿੱਤਾ। ਇਹ ਬਖ਼ਸ਼ਿਸ਼ਾਂ ਖ਼ਾਲਸਾ ਜੀ ਨੂੰ ਆਪੋ ਆਪਣੇ ਇਲਾਕਿਆਂ ਵਿਚ ਨਿਆਂ ਕਰਨ ਲਈ ਕੀਤੀਆਂ ਗਈਆਂ ਹਨ। ਉਹ ਰਾਜ ਜਿਸ ਦਾ ਨਿਜ਼ਾਮ, ਸਿਆਸਤ ਅਤੇ ਅਦਾਲਤ ਖ਼ਾਲਸਾਈ ਨੇਮਾਂ ਅਨੁਸਾਰ ਹੋਵੇ। ਅਜਿਹਾ ਰਾਜ ਜਿਹੜਾ ਇਨਸਾਫ ਦੀਆਂ ਬੁਨਿਆਦਾਂ 'ਤੇ ਖੜ੍ਹਾ ਹੋਵੇ, ਜਿੱਥੇ ਨਿਤਾਣੇ ਦੀ ਰੱਖਿਆ ਹੋਵੇ ਤੇ ਜਰਵਾਣੇ ਦੀ ਭੱਖਿਆ ਹੋਵੇ। ਜਿੱਥੇ ਹਰ ਕੋਈ ਨਿਰਭਉ ਨਿਰਵੈਰ ਹੋ ਕੇ ਵਿਚਰਦਾ ਹੋਵੇ, ਜਿੱਥੇ ਵਪਾਰੀਆਂ ਦਾ ਮਾਲ, ਕਿਰਤੀਆਂ ਦੀ ਕਿਰਤ ਅਤੇ ਹੱਕਦਾਰਾਂ ਦੇ ਹੱਕ ਸੁਰੱਖਿਅਤ ਹੋਣ। ਦਸਵੇਂ ਪਾਤਿਸਾਹ ਜੀ ਨੇ ਖਾਲਸਾ ਜੀ ਨੂੰ ਇਸ ਤਰ੍ਹਾਂ ਦਾ ਰਾਜ ਸਥਾਪਤ ਕਰਨ ਦੀ ਯੋਗਤਾ ਬਖ਼ਸ਼ੀ ਹੈ ਅਤੇ ਇਹ ਭਰੋਸਾ ਵੀ ਦਿਵਾਇਆ ਕਿ "ਖ਼ਾਲਸਾ ਰਾਜ ਕਰੇਗਾ" ਅਤੇ "ਕੋਈ ਵੀ ਆਕੀ ਨਹੀਂ ਰਹੇਗਾ"। 

ਇਤਿਹਾਸ ਗਵਾਹ ਹੈ ਕਿ ਸਾਡੇ ਵਡੇਰਿਆਂ ਨੇ ਅਜਿਹਾ ਨਿਜ਼ਾਮ ਸਥਾਪਤ ਕਰਨ ਲਈ ਭਾਰੀ ਜੱਦੋਜਹਿਦ ਕੀਤੀ, ਘੱਲੂਘਾਰੇ ਹੰਢਾਏ, ਬਿਪਰ ਸੰਸਕਾਰ ਦੀਆਂ ਸਾਜਿਸ਼ਾਂ ਨਾਲ ਟੱਕਰ ਲਈ ਅਤੇ ਆਪਣੀ ਜ਼ਮੀਰ ਤੇ ਅਣਖ ਨਾਲ ਕਦੇ ਵੀ ਸਮਝੌਤਾ ਨਹੀਂ ਕੀਤਾ। ਅਕਾਲ ਪੁਰਖ ਦੇ ਹੁਕਮ ਵਿਚ ਘੁੰਮ ਰਿਹਾ ਸਮੇਂ ਦਾ ਪਹੀਆ ਖ਼ਾਲਸਾ ਜੀ ਨੂੰ ਬਾਰ-ਬਾਰ ਅਜਿਹੇ ਹਾਲਾਤ ਦੇ ਸਨਮੁੱਖ ਕਰਦਾ ਰਹੇਗਾ ਜਿਥੇ ਉਸ ਨੂੰ ਜੰਗ ਅਤੇ ਸੁਲ੍ਹਾ ਦੇ ਦੋਰਾਹੇ 'ਤੇ ਖੜ੍ਹਾ ਕੀਤਾ ਜਾਵੇਗਾ ਅਤੇ ਉਸ ਨੂੰ ਆਪਣੀਆਂ ਰਵਾਇਤਾਂ ਉੱਪਰ ਸਾਬਤ ਕਦਮੀ ਨਾਲ ਪਹਿਰਾ ਦਿੰਦਿਆਂ ਚੋਣ ਕਰਨੀ ਹੋਵੇਗੀ ਕਿ ਉਹ ਕਿਹੜਾ ਰਸਤਾ ਅਖਤਿਆਰ ਕਰੇ। ਜਮੀਰ ਮਾਰ ਕੇ, ਬੇਕਿਰਕੀ ਅਤੇ ਜਿੱਲਤ ਭਰੀ ਜਿੰਦਗੀ ਨਾਲੋਂ ਖਾਲਸਾ ਜੀ ਨੇ ਹਮੇਸ਼ਾ ਜੰਗ ਨੂੰ ਚੁਣਿਆ ਹੈ ਅਤੇ ਵਾਹਿਗੁਰੂ ਜੀ ਦੇ ਖਾਲਸਾ ਦੀ ਸਦਾ ਵਾਹਿਗੁਰੂ ਦੀ ਮਿਹਰ ਨਾਲ ਫਤਹਿ ਹੁੰਦੀ ਰਹੀ ਹੈ।  

ਸੰਮਤ 1757 (1700 ਈ.) ਦੀ ਜਦੋਂ ਹੋਲੀ ਆਈ ਤਾਂ ਗੁਰੂ ਦਸਮੇਸ ਪਿਤਾ ਜੀ ਦੀ ਹਜ਼ੂਰੀ ਵਿਚ ਪਹਲੋਂ ਤਿਆਰੀ ਆਰੰਭੀ ਗਈ। ਹੋਲਗੜ੍ਹ ਇਕ ਨਵਾਂ ਸਥਾਨ ਰਚਿਆ ਗਿਆ। ਹੋਲੇ ਤੋਂ ਅਗਲੇ ਦਿਨ ਖਾਲਸਾ ਦਲ ਦੇ ਦੋ ਹਿਸੇ ਕੀਤੇ ਗਏ। ਇਕ ਹਿਸਾ ਤਾਂ ਹੋਲਗੜ੍ਹ ਉਤੇ ਕਬਜ਼ਾ ਕਰ ਮੋਰਚੇ ਲਾ ਕੇ ਬੈਠ ਗਿਆ ਤੇ ਦੂਸਰਾ ਹਿਸਾ ਉਹਨਾਂ ਉਤੇ ਧਾਵੀ ਹੋ ਕੇ ਚੜ੍ਹਿਆ। ਇਸ ਦੀ ਅਗਵਾਈ ਗੁਰੂ ਜੀ ਆਪ ਕਰ ਰਹੇ ਸਨ। ਅਗੇ ਨਿਸ਼ਾਨ ਸਾਹਿਬ ਲਾਏ ਗਏ। ਵਿਉਂਤ ਦਰਸਾਈ ਗਈ ਕਿ ਸਮਝੋ ਹੋਲਗੜ੍ਹ ਇਕ ਕਿਲ੍ਹਾ ਹੈ ਜੋ ਵੈਰੀ ਦੇ ਹਥ ਹੈ। ਅਸਾਂ ਅਜ ਹੱਲਾ ਕਰਕੇ ਪੈਣਾ ਹੈ। ਅਗੋਂ ਓਹ ਤਿਆਰ ਬਰ ਤਿਆਰ ਹਨ ਕਿ ਸਾਨੂੰ ਕਬਜ਼ਾ ਨਾ ਕਰਨ ਦੇਣ। ਗੋਲੀ ਨਾਲ ਮਾਰ ਦੇਣ ਦਾ ਹੁਕਮ ਬੰਦ ਸੀ, ਕਿਉਂਕਿ ਦੋਵੇਂ ਪਾਸੇ ਖਾਲਸਾ ਸੀ। ਇਹ ਤਾਂ ਖਾਲਸੇ ਨੇ ਆਪੋ ਵਿਚ ਮਸ਼ਕ ਕਰਨੀ ਸੀ ਤੇ ਗੁਰੂ ਸਾਹਿਬ ਨੇ ਇਸ ਨਕਲੀ ਯੁਧ ਰਾਹੀਂ ਜਾਚ ਸਿਖਾਉਣੀ ਸੀ। ਸੋ ਗੁਰੂ ਜੀ ਨਿਸ਼ਾਨਾਂ ਦੀ ਤਾਬਿਆ ਸਾਰੇ ਦਲ ਨੂੰ ਨਾਲ ਲੈ ਕੇ ਅਗੇ ਵਧੇ ਅਤੇ ਹੋਲਗੜ੍ਹ ’ਤੇ ਜਾ ਬਿਰਾਜੇ। ਕਾਫੀ ਸਮਾਂ (ਡੇਢ ਪਹਿਰ) ਦੁਵਲੀ ਘਮਸਾਨ ਪਿਆ ਰਿਹਾ। ਰੋਕਣ ਵਾਲੇ ਦਲ ਦੇ ਸਫੈਦ ਕਪੜੇ ਸਨ ਅਤੇ ਸਤਿਗੁਰਾਂ ਦੇ ਦਲ ਦੇ ਹਲਕੇ ਕੇਸਰ ਰੰਗ ਦੇ ਕਪੜੇ ਸਨ। ਇਤਨਾ ਕੁ ਫਰਕ ਹੁੰਦਾ ਸੀ। ਕਾਫੀ ਸਮੇਂ ਦੀ ਦੁਵਲੀ ਜਦੋ ਜਹਿਦ ਮਗਰੋਂ ਹੋਲਗੜ੍ਹ ਵਾਲੇ ਹਾਰ ਗਏ ਤੇ ਸਤਿਗੁਰੂ ਜੀ ਜੈਕਾਰੇ ਗਜਾਂਦੇ ਅੰਦਰ ਆ ਵੜੇ। ਧਾਵਾ ਕਾਮਯਾਬ ਹੋਇਆ ਤੇ ਸਾਰੀ ਫੌਜ ਇਕਮਿਕ ਹੋ ਗਈ। ਉਸੇ ਥਾਵੇਂ ਦੀਵਾਨ ਸਜਿਆ। ਇਸ ਤਰ੍ਹਾਂ ਇਸ ਹੱਲੇ ਜਾਂ ਹੋਲੇ ਦਾ ਨਾਂ ਹੋਲਾ ਮਹਲਾ ਟਿਕ ਗਿਆ। ਇਹ ਬੋਲਾ ‘ਮਾਯ ਹਲਾ’ ਸਤਿਗੁਰਾਂ ਨੇ ਆਪ ਰਚਿਆ ਸੀ। ਜਿਸ ਦਾ ਮਤਲਬ ਸੀ ਬਣਾਉਟੀ ਹਮਲਾ। ਪਹਿਲਾ ਮਾਯ ਹਲਾ ਸਤਿਗੁਰਾਂ ਨੇ ਹੋਲੇ ’ਤੇ ਮੁਕਰਰ ਕੀਤਾ। ਇਹ ਮਾਯ ਹਲਾ ਬੋਲਚਾਲ ਵਿਚ ‘ਮਹਲਾ’ ਬਣ ਗਿਆ। ਮਹਾਨ ਕੋਸ਼ ਅਨੁਸਾਰ ‘ਹੋਲੇ’ ਦਾ ਅਰਥ ਹੱਲਾ ਅਤੇ ਹੱਲੇ ਦੀ ਥਾਂ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਨੂੰ ਸ਼ਸਤ੍ਰ ਅਤੇ ਯੁਧ ਵਿਦਿਆ ਵਿਚ ਨਿਪੁੰਨ ਕਰਨ ਹਿਤ ਇਹ ਰੀਤ ਚਲਾਈ ਸੀ ਕਿ ਦੋ ਦਲ ਬਣਾ ਕੇ ਮੁਖੀ ਸਿੰਘਾਂ ਦੀ ਅਗਵਾਈ ਹੇਠ ਇਕ ਖ਼ਾਸ ਥਾਂ ’ਤੇ ਕਬਜ਼ਾ ਕਰਨਾ। ਗੁਰੂ ਸਾਹਿਬ ਇਸ ਨਕਲੀ ਜੰਗ ਦੇ ਜੌਹਰ ਦੇਖਦੇ ਸਨ ਤੇ ਦੋਹਾਂ ਦਲਾਂ ਨੂੰ ਸਿਖਿਆ ਦਿੰਦੇ ਸਨ। ਜਿਹੜਾਂ ਦਲ ਕਾਮਯਾਬ ਹੁੰਦਾ ਉਸ ਨੂੰ ਦੀਵਾਨ ਵਿਚ ਸਿਰੋਪਾ ਬਖ਼ਸ਼ਦੇ ਸਨ। ਅਜ ਤਕ ਖਾਲਸਾ ਪੰਥ ਵਿਚ ‘ਮਹਲੇ’ ਦਾ ਰਿਵਾਜ਼ ਹੈ ਜਿਸ ਤਹਿਤ ਖਾਲਸਾ ਨਿਸ਼ਾਨਾਂ ਦੀ ਤਾਬਿਆ ਇਕ ਗੁਰ ਅਸਥਾਨ ਤੋਂ ਦੂਜੇ ਤਕ ਜਾਂ ਮੁੜ ਓਸੇ ਟਿਕਾਣੇ ਤਕ ਚੜ੍ਹ ਕੇ ਜਾਂਦਾ ਹੈ। 

ਇਤਿਹਾਸਕ ਗਵਾਹੀਆਂ ਦੱਸਦੀਆਂ ਹਨ ਕਿ ਅਜਿਹੀਆਂ ਮਸ਼ਕਾ ਤੋਂ ਬਾਅਦ ਖਾਲਸਾ ਜੀ ਨੇ ਲਹੂ ਵੀਟਵੀਆਂ ਜੰਗਾਂ ਕਿਸੇ ਰਾਜਸੀ ਸੱਤਾ ਦੀ ਲਾਲਸਾ ਖਾਤਰ ਨਹੀਂ ਲੜੀਆਂ ਬਲਕਿ ਕੇਸਰੀ ਨਿਸ਼ਾਨਾਂ ਦੀ ਸਰਬਲੰਦੀ ਖ਼ਾਤਰ ਲੜੀਆਂ ਹਨ। ਇਹ ਕੇਸਰੀ ਨਿਸ਼ਾਨ ਜੋ ਲੋੜਵੰਦਾਂ, ਨਿਮਾਣਿਆਂ ਨਿਤਾਣਿਆਂ ਅਤੇ ਲਤਾੜਿਆ ਹੋਇਆਂ ਲਈ ਆਸ ਦੀ ਕਿਰਨ ਹਨ। ਇਹ ਨਿਸ਼ਾਨ ਖ਼ਾਲਸਾ ਜੀ ਦੀ ਉੱਚੀ ਸੁਰਤ ਦੇ ਪ੍ਰਤੀਕ ਹਨ।

ਅੱਜ ਸਿੱਖ ਕਿਰਦਾਰ ਨੂੰ ਵਰਤਮਾਨ ਨਿਰਾਸ਼ਾ ਦੇ ਆਲਮ ਵਿੱਚੋਂ ਕੱਢ ਕੇ ਅਤੀਤ ਦੇ ਬੁਲੰਦ ਕਿਰਦਾਰ ਨਾਲ ਇੱਕ ਮਿੱਕ ਕਰਨਾ ਸਮੇਂ ਦੀ ਲੋੜ ਬਣ ਚੁੱਕੀ ਹੈ। ਸਿੱਖ ਨੌਜਵਾਨ ਪੀੜੀ ਦੀ ਸ਼ਕਤੀ ਨੂੰ ਨਿਯਮਬੱਧ ਕਰਨ ਅਤੇ ਰਵਾਇਤਾਂ ਅਨੁਸਾਰ ਅਗਲੇ ਰਾਹ ਉਲੀਕ ਸਕਣ ਦੀ ਦ੍ਰਿਸ਼ਟੀ ਬਣਾਉਣ ਲਈ ਹੋਲਾ ਮਹਲਾ ਗੁਰੂ ਵਲੋਂ ਬਖਸ਼ਿਆ ਰਾਹ ਹੈ। ਸਤਿਗੁਰਾਂ ਨੇ ਖਾਲਸਾ ਜੀ ਨੂੰ ਫੌਜ ਰੂਪ ਵਿਚ ਸਾਜਿਆ ਹੈ, ਫੌਜ ਲਈ ਆਪਣੀ ਸ਼ਕਤੀ ਨੂੰ ਲਗਾਤਾਰ ਉਸੇ ਰੂਪ ਵਿਚ ਬਣਾਈ ਰੱਖਣ ਅਤੇ ਪਰਖ ਦੇ ਲਈ ਮਸ਼ਕ ਕਰਨਾ ਜਰੂਰੀ ਹੁੰਦਾ ਹੈ। ਹੋਲਾ ਮਹਲਾ ਦੇ ਅਸਲ ਰੂਪ ਵਿਚ ਨੂੰ ਸਮਝਕੇ ਖਾਲਸਾ ਜੀ ਨੂੰ ਆਪਣੀ ਹਸਤੀ ਦੀ ਪਛਾਣ ਕਰਨੀ ਚਾਹੀਦੀ ਹੈ।

 

ਸੰਪਾਦਕ