ਮੋਰਚਾ ਗੁਰੂ ਕਾ ਬਾਗ: ਅੱਜ ਸਾਡੀ ਬਣਦੀ ਜਿੰਮੇਵਾਰੀ 

ਮੋਰਚਾ ਗੁਰੂ ਕਾ ਬਾਗ: ਅੱਜ ਸਾਡੀ ਬਣਦੀ ਜਿੰਮੇਵਾਰੀ 

ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਵਕਤ ਸੰਗਤ ਦੇ ਉੱਦਮਾਂ ਸਦਕਾ

ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਵਕਤ ਸੰਗਤ ਦੇ ਉੱਦਮਾਂ ਸਦਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ’ਚ ਆਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਹਾਇਤਾ ਵਾਸਤੇ, ਉਸ ਦੇ ਫੈਸਲਿਆਂ ਅਤੇ ਹੁਕਮਾਂ ਨੂੰ ਵਰਤੋਂ ਵਿੱਚ ਲਿਆਉਣ, ਉਨ੍ਹਾਂ ਅਨੁਸਾਰ ਕਾਰਵਾਈ ਕਰਨ/ਕਰਵਾਉਣ ਲਈ ਇੱਕ ਵੱਖਰੀ ਜਥੇਬੰਦੀ ਬਣਾਉਣ ਦਾ ਫੈਸਲਾ ਹੋਇਆ, ਇਸ ਦਾ ਨਾਮ ਸ਼੍ਰੋਮਣੀ ਅਕਾਲੀ ਦਲ ਰੱਖਿਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤ ਦੇ ਸਹਿਯੋਗ ਸਦਕਾ ਲਗਾਤਾਰ ਯਤਨ ਕੀਤੇ ਜਿਸ ਸਦਕਾ ਮਹੰਤਾਂ ਪਾਸੋਂ ਗੁਰਦੁਆਰਾ ਪ੍ਰਬੰਧ ਨੂੰ ਅਜ਼ਾਦ ਕਰਵਾਇਆ। 

ਗੁਰਦੁਆਰਾ ਗੁਰੂ ਕਾ ਬਾਗ ਦੇ ਮਹੰਤ ਸੁੰਦਰ ਦਾਸ ਦੇ ਮਾੜੇ ਕੰਮਾਂ ਦੀਆਂ ਸ਼ਿਕਾਇਤਾਂ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਪੁੱਜੀਆਂ ਤਾਂ 31 ਜਨਵਰੀ 1921 ਨੂੰ ਮਹੰਤ ਨੂੰ ਸਮਝਾਇਆ ਪਰ ਕੁਝ ਸਮੇਂ ਬਾਅਦ ਮਹੰਤ ਫਿਰ ਆਕੀ ਹੋ ਗਿਆ। ਫਿਰ 23 ਅਗਸਤ 1921 ਨੂੰ ਸ਼੍ਰੋਮਣੀ ਕਮੇਟੀ ਨੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸੰਭਾਲ ਲਿਆ। ਗੁਰਦੁਆਰਾ ਸਾਹਿਬ ਦੀ ਜਮੀਨ ਮਹੰਤ ਕੋਲ ਹੀ ਰਹੀ। ਫਰਵਰੀ 1922 ਨੂੰ ਮਹੰਤ ਨਾਲ ਇੱਕ ਵਾਰ ਫਿਰ ਸਮਝੌਤਾ ਹੋਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਹੰਤ ਨੂੰ ਗੁਜਾਰੇ ਲਈ 120 ਰੁਪਏ ਮਹੀਨਾ ਨੀਯਤ ਕੀਤਾ ਗਿਆ ਅਤੇ ਸ੍ਰੀ ਅੰਮ੍ਰਿਤਸਰ ਵਿਖੇ ਇੱਕ ਰਹਿਣ ਲਈ ਮਕਾਨ ਦਿੱਤਾ ਗਿਆ। ਪਰ ਥੋੜ੍ਹੇ ਸਮੇਂ ਬਾਅਦ ਮਹੰਤ ਫਿਰ ਆਕੀ ਹੋ ਗਿਆ। 

ਜਦੋਂ ਤੋਂ ਗੁਰਦੁਆਰਾ ਗੁਰੂ ਕੇ ਬਾਗ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਆਇਆ ਸੀ ਉਦੋਂ ਤੋਂ ਹੀ ਇੱਥੇ ਲੰਗਰ ਚਾਲੂ ਸੀ। ਲੰਗਰ ਲਈ ਬਾਲਣ ਗੁਰਦੁਆਰਾ ਸਾਹਿਬ ਦੀ ਜਮੀਨ ਚੋਂ ਹੀ ਆਉਂਦਾ ਸੀ। 8 ਅਗਸਤ 1922 ਨੂੰ ਇਸੇ ਥਾਂ ਤੋਂ 5 ਅਕਾਲੀਆਂ ਨੇ ਲੰਗਰ ਵਾਸਤੇ ਇੱਕ ਸੁੱਕੀ ਕਿੱਕਰ ਛਾਂਗ ਕੇ ਬਾਲਣ ਲਿਆਂਦਾ। ਅਗਲੇ ਦਿਨ ਇੰਨ੍ਹਾ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। 10 ਅਗਸਤ ਨੂੰ ਮਹੰਤ ਪਾਸੋਂ ਇਨ੍ਹਾਂ ਸਿੰਘਾਂ ਵਿਰੁੱਧ ਦਰਖ਼ਾਸਤ ਲਈ ਗਈ ਕਿ ਇਨ੍ਹਾਂ ਨੇ ਮੇਰੀ ਚੋਰੀ ਕੀਤੀ ਹੈ। ਉਸੇ ਹੀ ਦਿਨ ਇਨ੍ਹਾਂ ਸਿੰਘਾਂ ਨੂੰ 6-6 ਮਹੀਨੇ ਦੀ ਕੈਦ ਅਤੇ ਪੰਜਾਹ-ਪੰਜਾਹ ਰੁਪਏ ਜੁਰਮਾਨੇ ਦੀ ਸਜਾ ਦਿੱਤੀ ਗਈ। ਅਗਲੇ ਦਿਨ ਉਥੇ ਪੁਲਸ ਬਿਠਾ ਦਿੱਤੀ ਗਈ। ਫਿਰ 22 ਅਗਸਤ 1922 ਤੋਂ ਅਚਾਨਕ ਗ੍ਰਿਫਤਾਰੀਆਂ ਸ਼ੁਰੂ ਹੋ ਗਈਆਂ। ਪੁਲਸ ਕਪਤਾਨ ਨੇ ਹੁਕਮ ਦੇ ਦਿੱਤਾ ਕਿ ਜੇ ਕੋਈ ਲੱਕੜਾਂ ਵੱਢਣ ਜਾਵੇ ਤਾਂ ਓਹਨੂੰ ਡਾਂਗਾਂ ਨਾਲ ਕੁੱਟਿਆ ਜਾਵੇ। 

26 ਅਗਸਤ 1922 ਨੂੰ ਗੁਰਦੁਆਰਾ ਸਾਹਿਬ ਦੇ ਬਾਹਰ ਵੱਡੀ ਗਿਣਤੀ ’ਚ ਸੰਗਤ ਇਕੱਤਰ ਹੋਈ। ਪੁਲਸ ਨੇ ਇਕੱਤਰ ਹੋਈ ਸੰਗਤ ’ਤੇ ਲਾਠੀਚਾਰਜ ਕਰ ਦਿੱਤਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਜਨਰਲ ਸਕੱਤਰ, ਸਕੱਤਰ ਅਤੇ ਛੇ ਹੋਰ ਮੁਖੀ ਮੈਂਬਰਾਂ ਦੀ ਗ੍ਰਿਫਤਾਰੀ ਹੋਈ। 29 ਅਗਸਤ 1922 ਨੂੰ ਅਕਾਲ ਤਖ਼ਤ ਸਾਹਿਬ ਤੋਂ ਪਹਿਲਾ ਜਥਾ ਇਹ ਪ੍ਰਣ ਕਰਕੇ ਰਵਾਨਾ ਹੋਇਆ ਕਿ ਉਹ ਸ਼ਾਂਤਮਈ ਰਹਿ ਕੇ ਹਰ ਤਰ੍ਹਾਂ ਦਾ ਕਸ਼ਟ ਸਹਾਰਦੇ ਹੋਏ ਗੁਰੂ ਕੇ ਬਾਗ ਵੱਲ ਜਾਣਗੇ। ਰਸਤੇ ਵਿੱਚ ਹੀ ਨਾਕਾ ਸੀ ਜਿਥੇ ਇਹਨਾਂ ਸਿੰਘਾਂ ’ਤੇ ਬਹੁਤ ਜਿਆਦਾ ਕਸ਼ਟ ਹੋਇਆ, ਡਾਂਗਾ ਮਾਰੀਆਂ ਗਈਆਂ, ਬੇਰਹਿਮੀ ਨਾਲ ਕੁੱਟਿਆ ਗਿਆ। ਸਿੰਘ ਵਾਹਿਗੁਰੂ ਦਾ ਜਾਪੁ ਕਰਦੇ ਰਹੇ ਪਰ ਸੀ ਨਹੀਂ ਕੀਤਾ। ਇਸੇ ਤਰ੍ਹਾਂ ਹਰ ਰੋਜ ਕਦੀ 50, ਕਦੀ 60 ਕਦੀ 100 ਸਿੰਘਾਂ ਦਾ ਜਥਾ ਜਾਂਦਾ ਅਤੇ ਸਰਕਾਰ ਦਾ ਤਸ਼ੱਦਦ ਝੱਲਦਾ। ਹਰ ਪਾਸੇ ਸਰਕਾਰ ਦੀ ਨਿੰਦਾ ਹੋਣ ਲੱਗੀ। 

ਫਿਰ 13 ਸਤੰਬਰ 1922 ਨੂੰ ਸਰਕਾਰ ਨੇ ਬਦਨਾਮੀ ਤੋਂ ਬਚਨ ਲਈ ਆਪਣਾ ਪੈਂਤੜਾ ਬਦਲਿਆ। ਗੁਰਦੁਆਰੇ ਦੇ ਰਾਹ ਵਿਚਲੀ ਚੌਂਕੀ ਪੁਲਸ ਨੇ ਚੱਕ ਲਈ ਤਾਂ ਕਿ ਜਥੇ ਗੁਰੂ ਕੇ ਬਾਗ ਪੁੱਜ ਸਕਣ। 13 ਸਤੰਬਰ ਮਗਰੋਂ ਮਾਰ ਕੁਟਾਈ ਬੰਦ ਕੀਤੀ ਗਈ ਅਤੇ ਮੁੜ ਗ੍ਰਿਫਤਾਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਇਸ ਤਰ੍ਹਾਂ 5605 ਸਿੰਘ ਗ੍ਰਿਫਤਾਰ ਹੋ ਗਏ।  

ਸਰਕਾਰ ਇਸ ਵਿਚੋਂ ਨਿਕਲਣਾ ਚਾਹੁੰਦੀ ਸੀ ਪਰ ਕੋਈ ਰਾਹ ਨਹੀਂ ਸੀ ਮਿਲ ਰਿਹਾ। ਸਰਕਾਰ ਚਾਬੀਆਂ ਦੇ ਮੋਰਚੇ ਦੇ ਬਦਲੇ ਵਜੋਂ ਸਿੰਘਾਂ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ ਪਰ ਹੋ ਉਲਟਾ ਗਿਆ। ਅੰਤ ਸਰਕਾਰ ਨੂੰ ਭੱਜਣ ਦਾ ਰਾਹ ਮਿਲ ਗਿਆ, ਸੇਵਾ ਮੁਕਤ ਸਰਕਾਰੀ ਇੰਜੀਨੀਅਰ ਸਰ ਗੰਗਾ ਰਾਮ ਨੇ ਮਹੰਤ ਪਾਸੋਂ ਜਮੀਨ ਠੇਕੇ ’ਤੇ ਲੈ ਲਈ ਅਤੇ ਸਰਕਾਰ ਨੂੰ ਲਿਖ ਦਿੱਤਾ ਕਿ ਮੈਨੂੰ ਪੁਲਸ ਦੀ ਲੋੜ ਨਹੀਂ ਨਾ ਹੀ ਮੈਂ ਸਿੰਘਾਂ ਨੂੰ ਲੰਗਰਾਂ ਵਾਸਤੇ ਬਾਲਣ ਵੱਢਣ ਤੋਂ ਰੋਕਣਾ ਚਾਹੁੰਦਾ ਹਾਂ। ਇਸ ਤਰ੍ਹਾਂ ਸਰਕਾਰ ਨੂੰ ਵੀ ਸੌਖਾ ਰਾਹ ਮਿਲ ਗਿਆ। ਅੰਤ ਸਿਦਕ, ਦ੍ਰਿੜਤਾ ਅਤੇ ਗੁਰੂ ’ਤੇ ਭਰੋਸੇ ਵਾਲਿਆਂ ਦੀ ਜਿੱਤ ਹੋਈ। 

ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਕਿਸੇ ਵੇਲੇ ਗੁਰੂ ਪਾਤਿਸਾਹ ਨੇ ਮਸੰਦ ਥਾਪੇ। ਜਦੋਂ ਉਹ ਗੁਰੂ ਤੋਂ ਬੇਮੁੱਖ ਹੋਏ ਤਾਂ ਗੁਰੂ ਨੇ ਆਪਣੇ ਹੱਥੀਂ ਖਤਮ ਕੀਤੇ। ਫਿਰ ਸੰਗਤ ਨੇ ਮਹੰਤ ਅਤੇ ਪੁਜਾਰੀਆਂ ਨੂੰ ਓਹਨਾ ਦਾ ਬਣਦਾ ਸਤਿਕਾਰ ਦਿੱਤਾ ਪਰ ਜਦੋਂ ਉਹ ਵੀ ਗੁਰੂ ਤੋਂ ਮੂੰਹ ਫੇਰ ਗਏ ਤਾਂ ਸੰਗਤ ਨੇ ਉੱਦਮ ਕੀਤਾ ਅਤੇ ਉਹਨਾਂ ਦੇ ਹੱਥਾਂ ’ਚੋਂ ਗੁਰਦੁਆਰਾ ਪ੍ਰਬੰਧ ਨੂੰ ਵਾਪਸ ਲੈ ਲਿਆ। ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ’ਚ ਆਈ ਅਤੇ ਉਸ ਦੇ ਹੁਕਮਾਂ/ਫੈਸਲਿਆਂ ਨੂੰ ਲਾਗੂ ਕਰਨ/ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਬਣਾਇਆ ਗਿਆ। ਅੱਜ 100 ਸਾਲਾਂ ਬਾਅਦ ਹਲਾਤ ਇਹ ਹਨ ਕਿ ਸ਼੍ਰੋਮਣੀ ਅਕਾਲੀ ਦਲ ਜੋ ਕਿ ਇੱਕ ਨਿਰੋਲ ਰਾਜਸੀ ਪਾਰਟੀ ਬਣ ਕੇ ਰਹਿ ਗਿਆ ਹੈ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਲਾ ਰਿਹਾ ਹੈ। ਇਹ ਦੋਵੇਂ ਸਿੱਖ ਸੰਗਤ ਦੀਆਂ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰ ਪਾ ਰਹੇ ਅਤੇ ਪੰਥ ਦੀਆਂ ਰਵਾਇਤਾਂ ਅਨੁਸਾਰ ਨਹੀਂ ਚੱਲ ਰਹੇ। 100 ਸਾਲ ਪਹਿਲਾਂ ਜਿਸ ਪਵਿੱਤਰ ਕਾਰਜ ਲਈ ਇਹ ਕਮੇਟੀ ਬਣੀ ਸੀ ਅੱਜ ਇਹ ਉਸ ’ਤੇ ਸਹੀ ਨਹੀਂ ਨਿਭ ਰਹੀ।

ਕੋਈ ਮਨੁੱਖ/ਸੰਸਥਾ/ਜਥਾ ਜਦੋਂ ਤੀਕ ਗੁਰੂ ਆਸ਼ੇ ਅਨੁਸਾਰ ਚੱਲਦਾ ਹੈ, ਗੁਰੂ ਦੀ ਬਖਸ਼ਿਸ਼ ਦਾ ਪਾਤਰ ਰਹਿੰਦਾ ਹੈ, ਜਦੋਂ ਉਹ ਗੁਰੂ ਤੋਂ ਮੂੰਹ ਫੇਰ ਲੈਂਦਾ ਹੈ ਉਦੋਂ ਉਸਦਾ ਖਤਮ ਹੋਣਾ ਸੁਭਾਵਿਕ ਹੈ, ਉਹ ਭਾਵੇਂ ਮਸੰਦ ਹੋਣ, ਭਾਵੇਂ ਮਹੰਤ ਤੇ ਭਾਵੇਂ ਕੋਈ ਪ੍ਰਬੰਧਕ ਕਮੇਟੀ। ਉਸ ਸਮੇਂ ’ਚ ਵਿਚਰ ਰਹੇ ਮਨੁੱਖਾਂ ’ਤੇ ਇਹ ਜਿੰਮੇਵਾਰੀ ਆਇਦ ਹੁੰਦੀ ਹੈ ਕਿ ਉਹ ਮੌਜੂਦਾ ਪ੍ਰਬੰਧ ਨੂੰ ਲੋੜ ਅਨੁਸਾਰ ਸੋਧ ਕੇ ਗੁਰਮਤਿ ਅਨੁਸਾਰ, ਆਪਣੀ ਰਵਾਇਤ ਅਨੁਸਾਰ ਕਰਨ ਲਈ ਉੱਦਮ ਕਰਨ। 

ਅੱਜ ਮੌਜੂਦਾ ਸਮੇਂ ’ਚ ਵਿਚਰ ਰਹੇ ਜੀਆਂ ’ਤੇ ਇਹ ਜਿੰਮੇਵਾਰੀ ਆਇਦ ਹੈ ਕਿ ਉਹ ਮਜੂਦਾ ਗੁਰਦੁਆਰਾ ਪ੍ਰਬੰਧ ਨੂੰ ਲੋੜ ਅਨੁਸਾਰ ਸੋਧ ਕੇ ਆਪਣੀ ਰਵਾਇਤ ਅਨੁਸਾਰ ਕਰਨ ਲਈ ਯਤਨਸ਼ੀਲ ਹੋਣ। ਗੁਰੂ ਪਾਤਿਸਾਹ ਮਿਹਰ ਕਰਨ ਅਸੀਂ ਆਪਣੀ ਸਭ ਤੋਂ ਸਿਰਮੌਰ ਜਿੰਮੇਵਾਰੀ ਗੁਰੂ ਦੇ ਅਦਬ ਅਤੇ ਗੁਰਦੁਆਰਿਆਂ ਦੇ ਪ੍ਰਬੰਧ ਸਬੰਧੀ ਬੀਤੇ ਦੀ ਰੌਸ਼ਨੀ ’ਚ ਭਵਿੱਖ ਲਈ ਯਤਨਸ਼ੀਲ ਹੋ ਸਕੀਏ। 

 

ਧੰਨਵਾਦ ,

ਸੰਪਾਦਕ, ਅੰਮ੍ਰਿਤਸਰ ਟਾਈਮਜ਼