ਵਿਵਾਦਤ ਫਿਲਮ: ਸਿੱਖ ਸੰਗਤ ਅਤੇ ਸਿਰਮੌਰ ਸੰਸਥਾਵਾਂ ਦੀ ਭੂਮਿਕਾ

ਵਿਵਾਦਤ ਫਿਲਮ: ਸਿੱਖ ਸੰਗਤ ਅਤੇ ਸਿਰਮੌਰ ਸੰਸਥਾਵਾਂ ਦੀ ਭੂਮਿਕਾ

ਵਿਵਾਦਤ ਫਿਲਮ ‘ਦਾਸਤਾਨ-ਏ-ਸਰਹਿੰਦ’ ਨੂੰ ਦੁਬਾਰਾ ਤੋਂ ਜਿਉਂ ਹੀ ਫਿਲਮ ਪ੍ਰੋਡਿਉਸਰ ਪੁਸ਼ਪਿੰਦਰ ਅਤੇ ਗੁਰਪ੍ਰੀਤ ਘੁੱਗੀ ਵੱਲੋਂ ਪੱਤਰਕਾਰ ਮਿਲਣੀ ਰਾਹੀਂ ਐਲਾਨ ਕੀਤਾ ਗਿਆ ਤਾਂ ਸਿੱਖ ਸੰਗਤਾਂ ਨੇ ਫੌਰਨ ਇਸ ਫਿਲਮ ਨੂੰ ਬੰਦ ਕਰਵਾਉਣ ਲਈ ਆਪਣੇ ਵੱਲੋਂ ਕੋਸ਼ਿਸਾਂ ਆਰੰਭ ਕਰ ਦਿੱਤੀਆਂ।

ਫਿਲਮ ਪ੍ਰੋਡਿਊਸਰ ਅਤੇ ਗੁਰਪ੍ਰੀਤ ਘੁੱਗੀ ਵੱਲੋਂ ਕਥਿਤ ਤੌਰ ’ਤੇ ਇਸਦੀ ਮਨਜੂਰੀ ਮਿਲ ਜਾਣ ਦੀ ਗੱਲ ਵਾਰ-ਵਾਰ ਕਹੀ ਗਈ। ਇਸ ਸਬੰਧੀ ਸਿੱਖ ਸੰਗਤ ਵੱਲੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਵਾਲ ਪੁੱਛੇ ਗਏ ਕਿ ਜਦੋਂ ਤੁਸੀ ਪਿਛਲੇ ਸਾਲ ਇਸ ਤਰ੍ਹਾਂ ਦੀਆਂ ਸਭ ਫਿਲਮਾਂ ਨੂੰ ਬੰਦ ਕਰਨ ਦਾ ਮਤਾ ਲਿਖ ਚੁੱਕੇ ਹੋ, ਤਾਂ ਮਨਜੂਰੀ ਦੇਣ ਦੀ ਕੀ ਤੁਕ ਬਣਦੀ ਹੈ? ਇਸ ਦੌਰਾਨ ਸ੍ਰੋਮਣੀ ਕਮੇਟੀ ਵੱਲੋਂ ਇਸ ਮਸਲੇ ਪ੍ਰਤੀ ਆਏ ਜਵਾਬ ਵਿੱਚ ਦੱਸਿਆ ਗਿਆ ਕਿ ਉਹਨਾਂ ਵੱਲੋਂ ਫਿਲਮ ਨੂੰ ਕਿਸੇ ਕਿਸਮ ਦੀ ਕੋਈ ਮਨਜੂਰੀ ਨਹੀਂ ਦਿੱਤੀ ਅਤੇ ਨਾਲ ਹੀ ਉਹਨਾਂ ਨੇ ਪਿਛਲੇ ਸਾਲ ਵਾਲੇ ਮਤੇ ਦਾ ਹਵਾਲਾ ਦੇ ਕੇ ਫਿਲਮ ਵਾਲਿਆਂ ਨੂੰ ਫਿਲਮ ਸਬੰਧੀ ਬੇਨਤੀ ਵੀ ਕੀਤੀ। ਇਸ ਬਿਆਨ ਨੂੰ ਜਾਰੀ ਹੋਏ ਅੱਜ ਹਫਤੇ ਤੋਂ ਵੱਧ ਦਾ ਵੇਲਾ ਲੰਘ ਗਿਆ ਹੈ ਪਰ ਲੱਗਦਾ ਨਹੀਂ ਕਿ ਫਿਲਮ ਵਾਲਿਆਂ ਵੱਲੋਂ ਸ੍ਰੋਮਣੀ ਕਮੇਟੀ ਦੇ ਬਿਆਨ ਦੀ ਥੋੜੀ ਜਿਹੀ ਵੀ ਪ੍ਰਵਾਹ ਕੀਤੀ ਗਈ ਹੋਵੇ। ਇਸ ਦੌਰਾਨ ਫਿਲਮ ਸਬੰਧੀ ਫ਼ਲੈਕਸਾਂ ਅਤੇ ਪ੍ਰਚਾਰ ਜਾਰੀ ਰਹਿੰਦਾ ਹੈ ਅਤੇ ਫਿਲਮ ਨਾਲ ਸਬੰਧਿਤ ਗੀਤ ਅਤੇ ਵੱਖ-ਵੱਖ ਨਕਲਚੀਆਂ (ਫ਼ਿਲਮੀ ਕਲਾਕਾਰ) ਵੱਲੋਂ ਫਿਲਮ ਵੇਖਣ ਜਾਣ ਦੇ ਸੱਦੇ ਆਉਂਦੇ ਰਹਿੰਦੇ ਹਨ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਬਿਆਨ ਤੋਂ ਅੱਗੇ ਜਾ ਕੇ ਇਸ ਫਿਲਮ ਨੂੰ ਮੁਕੰਮਲ ਤੌਰ ’ਤੇ ਬੰਦ ਕਰਵਾਉਣ ਦਾ ਕੋਈ ਯਤਨ ਨਹੀਂ ਕੀਤਾ। ਸਿੱਖ ਧਾਰਮਿਕ ਵਿਸ਼ਵਾਸ, ਗੁਰਦੁਆਰਾ, ਸਿੱਖ ਰਹਿਤ ਬਹਿਤ ਅਤੇ ਬਾਣੇ ਪ੍ਰਤੀ ਫਿਲਮਾਂ ਬਣਾਉਣ ਵਾਲਿਆਂ ਵੱਲੋਂ ਭਾਰੀ ਬੇਗਾਨਗੀ ਦਿਖਾਉਂਦਿਆ ਇਹਨਾਂ ਨੂੰ ਕੋਹਜ ਤਰੀਕੇ ਦਿਖਾਇਆ ਜਾਂਦਾ ਹੈ ਅਤੇ ਮਨਮੱਤ ਕੀਤੀ ਜਾਂਦੀ ਹੈ। ਗੁਰਦੁਆਰਿਆਂ ਵਿਚ ਮਨਮਤ ਅਤੇ ਮਰਿਯਾਦਾ ਤੋਂ ਉਲਟ ਫਿਲਮਾਉਣ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਜਦੋਂ ਪੰਜਾਬ ਵਿਚ ਹੀ ਫ਼ਿਲਮਾਂ ਬਣਾਉਣ ਵਾਲਿਆਂ ਨੂੰ ਰੋਕਣ ਵਿੱਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਫਲ ਨਹੀਂ ਹੋ ਰਹੀ ਅਤੇ ਫ਼ਿਲਮਾਂ ਦਾ ਰਾਹ ਖੁੱਲਣ ਦੀ ਢਿੱਲ ਦੇ ਰਹੀ ਹੈ ਤਾਂ ਪੰਜਾਬ ਤੋਂ ਬਾਹਰ ਫ਼ਿਲਮਾਂ ਬਣਾਉਣ ਵਾਲਿਆਂ ਨੂੰ ਕਿਸ ਤਰ੍ਹਾਂ ਸਿੱਖਾਂ ਪ੍ਰਤੀ ਕੋਹਜ ਦਿਖਾਉਣ ਤੋਂ ਰੋਕਿਆ ਜਾ ਸਕੇਗਾ।

ਸੰਗਤਾਂ ਦਾ ਵਿਰੋਧ ਲਗਾਤਾਰ ਜਾਰੀ ਹੈ ਅਤੇ ਆਪਣੀ ਬਣਦੀ ਜਿੰਮੇਵਾਰੀ ਨਿਭਾਈ ਜਾ ਰਹੀ ਹੈ। ਸੰਗਤ ਵੱਲੋਂ ਸਿਨੇਮੇ ਵਾਲਿਆਂ ਨੂੰ ਰੋਕਿਆ ਜਾ ਰਿਹਾ ਹੈ, ਫਿਲਮ ਦੇ ਬੋਰਡ ਹਟਾਏ ਜਾ ਰਹੇ ਹਨ ਅਤੇ ਫਿਲਮ ਨੂੰ ਬੰਦ ਕਰਵਾਉਣ ਲਈ ਹਰ ਸੰਭਵ ਤਰੀਕੇ ਯਤਨ ਕੀਤੇ ਜਾ ਰਹੇ ਹਨ ਪਰ ਸ੍ਰੋਮਣੀ ਕਮੇਟੀ ਵੱਲੋਂ ਇੱਕ ਤਰ੍ਹਾਂ ਚੁੱਪ ਹੀ ਵੱਟੀ ਹੋਈ ਹੈ। ਬੀਤੇ ਵਰ੍ਹਿਆਂ ਦੌਰਾਨ ਜਿੰਨੀਆਂ ਵੀ ਸਿੱਖ ਇਤਿਹਾਸ ਉਪਰ ਜਾਂ ਧਾਰਮਿਕ ਫਿਲਮਾਂ ਬਣੀਆਂ ਹਨ ਉਹਨਾਂ ਸਾਰਿਆਂ ਬਾਰੇ ਹਰ ਵਾਰ ਸਿੱਖ ਸੰਗਤ ਦੇ ਵੱਡੇ ਹਿੱਸੇ ਵੱਲੋਂ ਇਤਰਾਜ਼ ਜਤਾਇਆ ਜਾਂਦਾ ਹੈ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਢਿੱਲ ਦੇ ਕਰਕੇ ਹੌਲੀ-ਹੌਲੀ ਸਿਨਮਾ ਮੰਡੀ ਦੇ ਰਾਹ ਖੁੱਲਦੇ ਜਾ ਰਹੇ ਹਨ। ਜਿਹੜੀ ਗੱਲ ਪ੍ਰਤੀ ਸਿੱਖ ਸੰਗਤ ਸੁਚੇਤ ਹੈ ਅਤੇ ਹਰ ਵਾਰ ਆਪਣੀਆਂ ਸਿਰਮੌਰ ਸੰਸਥਾਵਾਂ ਨੂੰ ਇਸ ਗਲਤ ਕਵਾਇਦ ਤੋਂ ਜਾਣੂ ਕਰਵਾਉਂਦੀ ਹੈ, ਉਸ ਗੱਲ ਪ੍ਰਤੀ ਇਹਨਾਂ ਸੰਸਥਾਵਾਂ ਦੀ ਅਜਿਹੀ ਚੁੱਪ ਦੇ ਬਹੁਤ ਖਤਰਨਾਕ ਮਾਇਨੇ ਹਨ। 

ਪੱਤਰਕਾਰ ਮਿਲਣੀ ਵਿਚ ਸਿੱਖ ਸੰਗਤ ਨੂੰ ਫਿਲਮ ਪ੍ਰੋਡਿਊਸਰ ਪੁਸ਼ਪਿੰਦਰ ਸਾਰੋਂ ਬਾਰੇ ਪਤਾ ਲੱਗਦਾ ਹੈ। ਹੁਣ ਇਸ ਪ੍ਰੋਡਿਊਸਰ ਦੇ ਘਟੀਆ ਕਿਰਦਾਰ ਬਾਰੇ ਵੀ ਸੰਗਤ ਨੂੰ ਚਾਨਣਾ ਹੋ ਗਿਆ ਹੈ। ਪੁਸ਼ਪਿੰਦਰ ਸਾਰੋਂ ਦੇ ਕਹਿਣ ਅਨੁਸਾਰ ਉਹ ਸਿੱਖ ਧਰਮ ਦਾ ਪ੍ਰਚਾਰ ਚਾਹੁੰਦਾ ਹੈ। ਪਰ ਪੁਸ਼ਪਿੰਦਰ ਸਾਰੋਂ ਖੁਦ ਅਧਰਮ ਦੇ ਅਨੇਕ ਧੰਦੇ ਕਰਦਾ ਹੈ, ਜਿਸ ਵਿਚ ਉਹ ਸਿਨਮਿਆਂ ਦਾ ਮਾਲਕ ਹੈ, ਇੱਕ ਬੀਅਰ ਬਾਰ ਚਲਾਉਂਦਾ ਹੈ। ਇਹੀ ਨਹੀਂ ਸੋਸ਼ਲ ਮੀਡੀਆ ਵਿੱਚ ਪੁਸ਼ਪਿੰਦਰ ਸਾਰੋਂ ਬਾਰੇ ਆਈ ਜਾਣਕਾਰੀ ਅਨੁਸਾਰ ਇਹਨਾਂ ਸਿਨਮਿਆਂ ਵਿਚ ਉਸਨੇ ਸੰਨ 2017 ਵਿਚ ਸਿਰਸੇ ਵਾਲੇ ਗੁਰਮੀਤ ਰਾਮ ਰਹੀਮ ਦੀਆਂ ਫਿਲਮਾਂ ਵੀ ਸਿੱਖ ਸੰਗਤ ਦੀਆਂ ਭਾਵਨਾਵਾਂ ਦੇ ਵਿਰੁੱਧ ਦਿਖਾਈਆਂ ਹਨ। ਇਹਨਾਂ ਗੱਲਾਂ ਤੋਂ ਸਿੱਧ ਇਹ ਸਪਸ਼ਟ ਹੁੰਦਾ ਹੈ ਕਿ ਇਹ ਫਿਲਮਾਂ ਵਾਲੇ ਲੋਕ ਮਾਇਆਧਾਰੀ ਹਨ। ਜਦੋਂ ਸਰਸੇ ਵਾਲੇ ਦੀਆਂ ਫਿਲਮਾਂ ਚਲਾ ਕੇ ਇਹਨਾਂ ਨੂੰ ਕਮਾਈ ਹੋਣੀ ਸੀ, ਉਦੋਂ ਇਹਨਾਂ ਨੇ ਖੂਬ ਕਮਾਈ ਕੀਤੀ। ਹੁਣ ਸਿੱਖ ਇਤਿਹਾਸ ਦੀ ਘਟੀਆ ਤਰੀਕੇ ਰਾਹੀਂ ਨਕਲ ਤੋਂ ਕਮਾਈਆਂ ਕਰਨ ਦੇ ਲਈ ਫਿਲਮਾਂ ਬਣਾਉਣ ਦੀ ਜਿੱਦ ਲਗਾਤਾਰ ਵਿਰੋਧ ਦੇ ਬਾਵਜੂਦ ਜਾਰੀ ਹੈ। ਇਹਨਾਂ ਸਭ ਗੱਲਾਂ ਤੋਂ ਜਾਣੂ ਹੋਣ ਤੋਂ ਬਾਅਦ ਪਿਛਲੇ ਜਦੋਂ ਪੁਸ਼ਪਿੰਦਰ ਸਾਰੋਂ ਨੂੰ ਇੱਕ ਗੁਰੂਘਰ ਵਿੱਚ ਸਮਾਗਮ ਦੌਰਾਨ ਸਨਮਾਨ ਕਰਵਾਉਣ ਲਈ ਬੁਲਾਇਆ ਜਾ ਰਿਹਾ ਸੀ, ਉਦੋਂ ਸਿੱਖ ਸੰਗਤ ਵੱਲੋਂ ਸੁਚੇਤਤਾ ਵਰਤਦਿਆਂ ਉਸਨੂੰ ਰੋਕ ਦਿੱਤਾ ਗਿਆ। 

ਇਸ ਸਭ ਦੇ ਚੱਲਦਿਆਂ ਪੰਥ ਦੀਆਂ ਸਾਰੀਆਂ ਸੰਸਥਾਵਾਂ ਨੂੰ ਅਜਿਹੀਆਂ ਫਿਲਮਾਂ ਬਣਨ ’ਤੇ ਪੂਰਨ ਰੋਕ ਲਗਾਉਣ ਲਈ ਚਾਰਾਜੋਈ ਅਰੰਭਣੀ ਅਤੇ ਉਸ ’ਤੇ ਸਖਤੀ ਨਾਲ ਪਹਿਰਾ ਦੇਣਾ ਚਾਹੀਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣਾ ਸਿਆਸੀ ਰਸੂਖ ਵਰਤਦਿਆਂ ਪ੍ਰਸ਼ਾਸਨਿਕ ਪੱਧਰ ਉਤੇ ਇਸ ਫਿਲਮ ਨੂੰ ਪੱਕੇ ਤੌਰ ’ਤੇ ਬੰਦ ਕਰਵਾਉਣ ਦੇ ਲਈ ਕਾਰਵਾਈ ਅਰੰਭਣੀ ਚਾਹੀਦੀ ਹੈ। ਇਹ ਅਜਿਹਾ ਸਮਾਂ ਨਹੀਂ ਹੈ, ਜਦੋਂ ਸਿਰਫ ਬਿਆਨ ਦੇਕੇ ਹੀ ਬੁੱਤਾ ਸਾਰ ਦਿੱਤਾ ਜਾਵੇ। ਹੁਣ ਬਿਆਨਾਂ ਤੋਂ ਅੱਗੇ ਵਧਣਾ ਪਵੇਗਾ। ਇਹ ਸਾਰੀ ਢਿੱਲ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੀ ਹੈ ਕਿਉਂਕਿ ਬੀਤੇ ਵਿੱਚ ਅਜਿਹੇ ਫੈਸਲੇ ਇਹ ਕਮੇਟੀ ਲੈ ਰਹੀ ਹੈ ਪਰ ਨਾਲ ਇਹ ਵੀ ਬੀਤੇ ਵਿੱਚ ਗੜਬੜ ਹੋਈ ਹੈ ਕਿ ਜਿਹੜੇ ਫੈਸਲੇ ਅਕਾਲ ਤਖਤ ਸਾਹਿਬ ਤੋਂ ਹੋਣੇ ਚਾਹੀਦੇ ਸਨ ਉਹ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੈ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਿਆਂ ਦੇ ਸੁਚੱਜੇ ਪ੍ਰਬੰਧ ਲਈ ਹੈ ਅਤੇ ਚਾਹੀਦਾ ਤਾਂ ਇਹ ਹੈ ਕਿ ਅਜਿਹੇ ਮਸਲਿਆਂ ’ਤੇ ਫੈਸਲੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੀ ਹੋਣ। ਇਤਿਹਾਸ ਦਾ ਇਹ ਸਮਾਂ ਬਹੁਤ ਅਹਿਮ ਹੈ, ਇਹਨਾਂ ਸੰਸਥਾਵਾਂ ਤੋਂ ਪੰਥ ਦੇ ਠੋਸ ਫੈਸਲੇ ਹੋਣੇ ਚਾਹੀਦੇ ਹਨ।

 

ਭਾਈ ਮਲਕੀਤ ਸਿੰਘ 

ਸੰਪਾਦਕ