ਬਾਦਲ ਸਾਬ੍ਹ! ਹੁਣ ਚਿੜੀਆਂ ਨੇ ਖੇਤ ਚੁਗ ਲਿਆ ਹੈ!!

ਬਾਦਲ ਸਾਬ੍ਹ! ਹੁਣ ਚਿੜੀਆਂ ਨੇ ਖੇਤ ਚੁਗ ਲਿਆ ਹੈ!!

ਜਸਪਾਲ ਸਿੰਘ ਹੇਰਾਂ

ਜਿਸ ਦਿਨ ਗੁਰੂ ਨਗਰੀ ਸੁਲਤਾਨਪੁਰ ਲੋਧੀ ਨੂੰ ਬਾਦਲ ਦਲ ਵੱਲੋਂ ਚਿੱਟਾ ਕਰਨ ਦੀ ਮੁਹਿੰਮ ਵਿੱਢੀ ਗਈ ਸੀ, ਉਸ ਦਿਨ ਬਜ਼ੁਰਗ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਮਨ ਦੀਆਂ ਭਾਵਨਾਵਾਂ ਸੰਗਤਾਂ ਨਾਲ ਸਾਂਝੀਆ ਕੀਤੀਆਂ। ਭਾਵੇਂ ਕਿ ਬਾਦਲ ਦੇ ਢਿੱਡ ਦੀਆਂ ਹੋਰ ਕੋਈ ਨਹੀਂ ਜਾਣ ਸਕਦਾ, ਇਸ ਕਾਰਨ ਪੱਕਾ ਨਹੀਂ ਆਖਿਆ ਜਾ ਸਕਦਾ ਕਿ ਵੱਡੇ ਬਾਦਲ ਨੇ ਜੋ ਕਿਹਾ, ਉਹ ਮਨੋ ਸੀ ਜਾਂ ਫਿਰ ਕਿਸੇ ਸਿਆਸੀ ਡਰਾਮੇਬਾਜ਼ੀ ਦਾ ਹਿੱਸਾ ਸੀ। ਬਾਦਲ ਦਾ ਇਹ ਭਾਸ਼ਣ ਸ਼ੋਸਲ ਮੀਡੀਏ ਉਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਭਾਸ਼ਣ 'ਚ ਬਾਦਲ ਸਾਹਿਬ, ਬਾਣੀ ਕੰਠ ਕਰਨ 'ਤੇ ਜ਼ੋਰ ਦਿੰਦੇ ਹਨ। ਉਨਾਂ ਅਨੁਸਾਰ ਹਰ ਵਿਦਿਆਰਥੀ ਨੂੰ ਉਸ ਦੀ ਉਮਰ ਅਨੁਸਾਰ ਐਨੀ-ਕੁ ਬਾਣੀ ਜ਼ਰੂਰ ਕੰਠ ਚਾਹੀਦੀ ਹੈ। 

ਅਸੀਂ ਵੀ ਸਮਝਦੇ ਹਾਂ ਕਿ ਹਰ ਸਿੱਖ ਨੂੰ ਬਾਣੀ ਜ਼ਰੂਰ ਕੰਠ ਹੋਣੀ ਚਾਹੀਦੀ ਹੈ। ਨਿੱਤਨੇਮ ਉਸ ਦੇ ਜੀਵਨ ਦਾ ਜ਼ਰੂਰੀ ਹਿੱਸਾ ਹੋਣਾ ਚਾਹੀਦਾ ਹੈ। ਅੱਜ ਕੌਮ 'ਚ ਨਿਘਾਰ ਇਸ ਕਾਰਨ ਹੀ ਆਇਆ ਹੋਇਆ ਹੈ ਕਿ ਅਸੀਂ ਗੁਰਬਾਣੀ ਤੋਂ ਟੁੱਟ ਗਏ ਹਾਂ। ਬਾਣੀ ਨਾਲ ਜੁੜ ਕੇ ਹੀ ਮਨੁੱਖ ਗੁਰਸਿੱਖ ਬਣਦਾ ਹੈ ਅਤੇ ਗੁਰਸਿੱਖ ਮਨੁੱਖ ਹੀ ਸੱਚਾ ਸਿੱਖ ਹੁੰਦਾ ਹੈ।

ਪ੍ਰੰਤੂ ਬਾਦਲ ਵੱਲੋਂ ਸਿੱਖਾਂ ਨੂੰ ਗੁਰਬਾਣੀ ਨਾਲ ਜੁੜਨ ਦਾ ਸੱਦਾ ਦੇਣਾ ਅਜੀਬ ਤੇ ਹਾਸੋਹੀਣਾ ਹੈ। ਕੀ ਇਹ ਉਮਰ ਦਾ ਪ੍ਰਭਾਵ ਹੈ ਜਾਂ ਅੱਗਾ ਵਿਖਾਈ ਦੇਣ ਦਾ ਅਸਰ ਹੈ। ਜਿਸ ਬਾਦਲ ਦੇ ਰਾਜ 'ਚ ਸਿੱਖੀ ਸਿਧਾਂਤਾਂ ਨੂੰ ਵੱਡਾ ਖੋਰਾ ਲੱਗਿਆ, ਸਿੱਖੀ ਤੇ ਬ੍ਰਾਹਮਣੀ ਕਰਮਕਾਂਡ ਦੀ ਅਮਰ ਵੇਲ ਚੜ੍ਹਾਈ ਗਈ, ਗੁਰੂ ਸਾਹਿਬ ਦੀ ਨਿਰੰਤਰ ਬੇਅਦਬੀ ਹੋਈ, ਉਸ ਬਾਦਲ ਦੇ ਮੂੰਹੋਂ ਗੁਰਬਾਣੀ ਨਾਲ ਜੁੜਨ ਦੀ ਸਿਖਿਆ, ਇਉਂ ਲਗਦੀ ਹੈ ਜਿਵੇਂ ਕੋਈ ਠੱਗ, ਠੱਗੀ ਨਾ ਮਾਰਨ ਦੀ ਸਿਖਿਆ ਦੇ ਰਿਹਾ ਹੋਵੇ।

ਬੁੱਢੀ ਉਮਰ ਦੀ ਸਿਖਿਆ ਤਾਂ ਹੀ ਅਸਰ ਕਰਦੀ ਹੈ, ਜੇ ਤੁਹਾਡਾ ਪਹਿਲਾ ਜੀਵਨ ਉੱਚਾ-ਸੁੱਚਾ ਰਿਹਾ ਹੋਵੇ। ਜੇ ਤੁਸੀਂ ਪਹਿਲੇ ਜੀਵਨ 'ਚ ਧਰਮ ਦਾ ਨਾਸ ਕੀਤਾ ਹੋਵੇ, ਫਿਰ ਤੁਹਾਡੀ ਸਿਖਿਆ, ਸਿਰਫ਼ ਹਾਸੇ-ਠੱਠੇ ਦਾ ਸਬੱਬ ਬਣਦੀ ਹੈ; ਜਿਵੇਂ ਬਾਦਲ ਸਾਹਿਬ ਦੀ ਧਾਰਮਿਕ ਭਾਸ਼ਣ ਵਾਲੀ ਵੀਡੀਓ ਦੇ ਵਾਇਰਲ ਹੋਣ 'ਤੇ ਲੋਕਾਂ ਵੱਲੋਂ ਕੀਤੀਆਂ ਜਾ ਰਹੀਆਂ ਟਿੱਪਣੀਆਂ ਤੋਂ ਸਾਬਤ ਹੋ ਰਿਹਾ ਹੈ। ਹੁਣ ਸਮਾਂ ਬਦਲ ਚੁੱਕਾ ਹੈ, ਲੋਕ ਅੱਖਾਂ ਤੇ ਕੰਨ ਖੋਲ੍ਹ ਕੇ ਰੱਖਦੇ ਹਨ। ਇਸ ਲਈ ਉਹ ਬਾਦਲ ਸਾਹਿਬ ਵੱਲੋਂ ਧਾਰਮਿਕ ਨਕਾਬ ਪਾ ਕੇ ਰਾਜਨੀਤੀ ਕਰਨ ਨੂੰ ਬਾਖੂਬੀ ਸਮਝ ਗਏ ਹਨ ਤੇ ਉਨ੍ਹਾਂ ਦੀ ਇਹ ਧਾਰਮਿਕ ਸਿੱਖਿਆ ਕਿਵੇਂ ਵੀ ਮੰਨਣ ਲਈ ਤਿਆਰ ਨਹੀਂ। ਅਸੀਂ ਸਮਝਦੇ ਹਾਂ ਕਿ ਬਾਦਲ ਸਾਹਿਬ ਦੇ ਇਸ ਧਾਰਮਿਕ ਭਾਸ਼ਣ 'ਤੇ ਲੋਕਾਂ ਦੀਆਂ ਨਾਂਹ ਪੱਖੀਆਂ ਟਿੱਪਣੀਆਂ, ਬਾਦਲ ਵਰਗਿਆਂ ਲਈ ਚਿਤਾਵਨੀ ਹਨ ਕਿ ਜੇ ਲੋਕਾਂ ਦੇ ਮਨ ਜਿੱਤ ਕੇ ਰੱਖਣੇ ਹਨ, ਤਾਂ ਜਿੰਦਗੀ 'ਚ ਸੱਚਾ-ਸੁੱਚਾ ਵਿਵਹਾਰ ਕਰਨਾ ਪਵੇਗਾ। ਹੁਣ ਬਾਦਲ ਸਾਹਿਬ ਖੁਦ ਹੀ ਮੰਨ ਰਹੇ ਹਨ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਵੀ ਸ਼ਾਇਦ ਬਾਣੀ ਕੰਠ ਨਾ ਹੋਵੇ, ਪਰ ਆਪਣੇ ਕੀਤੇ ਸਿੱਖ ਸਿਧਾਂਤਾਂ ਦੇ ਵਿਰੋਧੀ ਕੰਮਾਂ ਬਾਰੇ ਕੁਝ ਨਹੀਂ ਬੋਲ ਰਹੇ। ਸਿੱਖਾਂ ਦੀ ਚੁਣੀ ਹੋਈ ਧਾਰਮਿਕ ਸੰਸਥਾ ਦਾ ਪੂਰਨ ਰੂਪ 'ਚ ਰਾਜਨੀਤੀਕਰਨ ਦੇ ਦੋਸ਼ੀ ਖੁਦ ਬਾਦਲ ਸਾਹਿਬ ਹੀ ਤਾਂ ਹਨ। ਉਸ ਦੇ ਭੇਜੇ ਲਿਫਾਫੇ 'ਚੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਨਿਕਲਦੇ ਰਹੇ ਹਨ ਅਤੇ ਗੁਰੂ ਦੀ ਗੋਲਕ, ਉਸ ਦੀ ਨਿੱਜੀ ਜਗੀਰ ਬਣੀ ਹੋਈ ਹੈ। ਖੁਦ ਸ਼੍ਰੋਮਣੀ ਕਮੇਟੀ ਦੀ ਧਾਰਮਿਕਤਾ ਦਾ ਭੋਗ ਪਾ ਕੇ , ਹੁਣ ਉਸ ਨੂੰ ਧਾਰਮਿਕ ਹੋਣ ਦੀ ਸਿਖਿਆ ਦੇਣਾ ''ਨੌਂ ਸੋ ਚੂਹੇ ਖਾਕੇ-ਬਿੱਲੀ ਹੱਜ ਨੂੰ ਚੱਲੀ” ਵਾਲੀ ਗੱਲ ਤੋਂ ਵੱਧ ਕੁਝ ਨਹੀਂ।

ਅਸੀਂ ਸਮਝਦੇ ਹਾਂ ਕਿ ਬਾਦਲ ਸਾਹਿਬ ਦੀਆਂ ਇਹਨਾਂ ਸਿਖਿਆਵਾਂ ਦਾ ਕਿਧਰੇ ਕੋਈ ਅਸਰ ਹੋਣ ਵਾਲਾ ਨਹੀਂ, ਕਿਉਂਕਿ ਹੁਣ ਉਸ ਦੇ ਆਪਣੇ ਹੱਥ ਵੱਸ ਹੀ ਕੁਝ ਨਹੀਂ ਰਿਹਾ ਹੈ, ਸਾਰਾ ਕਰਤਾ ਧਰਤਾ ਹੁਣ ਸੁਖਬੀਰ ਬਾਦਲ ਹੈ। ਸੁਲਤਾਨਪੁਰ ਲੋਧੀ ਨੂੰ ਚਿੱਟਾ ਕਰਕੇ, ਬਾਦਲ ਦਲ ਦੇ ਮੱਥੇ 'ਤੇ ਲੱਗਿਆ ਬੇਅਦਬੀ ਦਾ ਕਾਲਾ ਧੱਬਾ ਇਸ ਕਰਕੇ ਚਿੱਟਾ ਨਹੀਂ ਹੋਣਾ। ਪਾਪ ਬਖ਼ਸ਼ਿਆ ਜਾ ਸਕਦਾ ਹੈ, ਪ੍ਰੰਤੂ ਪਾਪ ਨੂੰ ਲੁਕਾਉਣ ਲਈ ਕੌਮ ਨੂੰ ਗੁੰਮਰਾਹ ਕਰਨਾ, ਕੌਮ ਨੂੰ ਦਬਾਉਣਾ, ਬਖ਼ਸ਼ਣਯੋਗ ਨਹੀਂ। ਸਵੇਰ ਦਾ ਭੁੱਲਿਆ, ਸ਼ਾਮ ਨੂੰ ਘਰ ਪਰਤ ਆਵੇ ਤਾਂ ਬਖ਼ਸ਼ ਦਿੱਤਾ ਜਾਂਦਾ ਹੈ, ਪ੍ਰੰਤੂ ਜੇ ਉਹ ਰਾਤ ਦੇ ਕਾਲੇ ਹਨੇਰੇ ਤੋਂ ਬਾਅਦ ਪਰਤਦਾ ਹੈ, ਤਾਂ ਇਹ ਸ਼ੰਕਾ ਬਣੀ ਰਹਿੰਦੀ ਹੈ ਕਿ ਰਾਤ ਦੇ ਕਾਲੇ ਹਨੇਰੇ 'ਚ  ਉਸ ਨੇ ਕੋਈ ਗੁਨਾਹ ਜ਼ਰੂਰ ਕੀਤਾ ਹੋਵੇਗਾ। ਇਥੇ ਤਾਂ ਬਾਦਲਕਿਆਂ ਦਾ ਗੁਨਾਹ, ਬਾਦਲਕਿਆਂ ਦੇ ਪਾਪ ਦਿਨ ਦੇ ਚਿੱਟੇ ਚਾਨਣ ਵਾਗੂੰ ਸਾਫ਼ ਹਨ। ਫਿਰ ਬਖ਼ਸ਼ਣ ਦੀ ਸੋਚ ਕਿਥੋਂ ਪੈਦਾ ਹੋ ਸਕਦੀ ਹੈ?

ਗੁਰਬਾਣੀ ਸਾਨੂੰ ਇਹ ਸਿਖਿਆ ਵੀ ਦਿੰਦੀ ਹੈ ਕਿ ਮਨੁੱਖ ਦੀ ਸੋਚ, ਉਮਰ ਦੇ ਕਿਸੇ ਪੜਾਅ 'ਤੇ ਬਦਲ ਸਕਦੀ ਹੈ ਪ੍ਰੰਤੂ ਉਸ ਦੀ ਬਦਲੀ ਸੋਚ ਦਾ ਮਨੁੱਖਤਾ ਨੂੰ ਸਬੂਤ ਮਿਲਣਾ ਚਾਹੀਦਾ ਹੈ। ਗੁਰੂ ਤੇ ਸੰਗਤ ਦੋਵੇਂ ਬਖ਼ਸ਼ਣਹਾਰ ਹਨ ਪ੍ਰੰਤੂ ਗੁਨਾਹ ਪ੍ਰਤੀ ਸੱਚੇ ਮਨੋ ਪਛਤਾਵਾ ਹੋਵੇ ਤੇ ਭੁੱਲ ਦੇ ਸੁਧਾਰ ਵੱਲ ਤੁਰਿਆ ਜਾਵੇ। ਜਿਸ ਆਰਐਸਐਸ. ਦੀ ਗੁਲਾਮੀ ਕਰਕੇ ਬਾਦਲਾਂ ਨੇ ਸਿੱਖ ਕੌਮ ਨਾਲ ਗ਼ਦਾਰੀ ਕੀਤੀ ਹੈ, ਉਸ ਨਾਲ ਗੱਠਜੋੜ ਦਾ ਢੰਡੋਰਾ ਬਾਦਲ ਸਾਹਿਬ ਉਪਰੋਕਤ ਸਿਖਿਆ ਦੇਣ ਦੇ ਅਗਲੇ ਦਿਨ ਹੀ ਮੁੜ ਪਿੱਟਦੇ ਹਨ।

ਇਸ ਤੋਂ ਸਾਫ਼ ਜ਼ਾਹਰ ਹੈ ਕਿ ਕੌਮ ਨਾਲ ਗ਼ਦਾਰੀ ਬਾਦਲਾਂ ਦੇ ਖੂਨ 'ਚ ਰਚ ਚੁੱਕੀ ਹੈ, ਜਿਸ ਨੂੰ ਹੁਣ ਵੱਖ ਨਹੀਂ ਕੀਤਾ ਜਾ ਸਕਦਾ। ਇਸ ਕਾਰਨ ਬਾਦਲ ਸਾਹਿਬ ਦੇ ਅਜਿਹੇ ਕਥਿਤ ਧਾਰਮਿਕ ਭਾਸ਼ਣ ਡਰਾਮੇਬਾਜ਼ੀ ਤੋਂ ਵੱਧ ਕੁਝ ਨਹੀਂ ਜਾਪਦੇ। ਪ੍ਰਕਾਸ਼ ਸਿੰਘ ਬਾਦਲ ਦੀ ਇਸ ਭਾਸ਼ਣੀ ਸੁਰ ਵਿਚ ਜੇ ਰਤਾ ਮਾਤਰ ਕੋਈ ਸੱਚ ਮੰਨ ਵੀ ਲਿਆ ਜਾਵੇ ਤਾਂ ਵੀ ਇਸ ਹਾਲਾਤ ਵਿਚ ਸਿਰਫ ਇੰਨਾ ਹੀ ਕਿਹਾ ਜਾ ਸਕਦਾ ਹੈ ਕਿ ''ਅਬ ਪਛਤਾਏ ਕਿਆ ਹੋਏ-ਜਬ ਚਿੜੀਆ ਚੁਗ ਗਈ ਖੇਤ”।