ਕੈਨੇਡਾ ਦੇ ਆਰਥਿਕ ਹਾਲਾਤ ਵਿਗੜਨ ਕਾਰਣ ਪ੍ਰਵਾਸੀ ਵਾਪਸ ਪਰਤਣ ਲਗੇ

ਕੈਨੇਡਾ ਦੇ ਆਰਥਿਕ ਹਾਲਾਤ ਵਿਗੜਨ ਕਾਰਣ ਪ੍ਰਵਾਸੀ ਵਾਪਸ ਪਰਤਣ ਲਗੇ

ਇਹ ਮੰਨਿਆ ਜਾਂਦਾ ਰਿਹਾ ਹੈ ਕਿ ਪਿਛਲੇ ਪੰਜ ਦਹਾਕਿਆਂ ਤੋਂ ਵੱਧ ਅਰਸੇ ਦੌਰਾਨ ਕੈਨੇਡਾ ਪਰਵਾਸ ਕਰ ਗਏ ਲੋਕਾਂ ਦਾ ਤਜਰਬਾ ਆਮ ਤੌਰ ’ਤੇ ਸੁਖਾਵਾਂ ਰਿਹਾ ਹੈ। ਭਰਵੀਂ ਕਮਾਈ ਦਾ ਟੀਚਾ ਹਾਸਲ ਕਰਨ ਲਈ ਕੈਨੇਡਾ ਪਰਵਾਸੀਆਂ ਲਈ ਪਸੰਦੀਦਾ ਟਿਕਾਣਾ ਬਣਿਆ ਰਿਹਾ ਹੈ ਪਰ ਹੁਣ ਹਾਲਾਤ ਵਿਗੜ ਗਏ ਹਨ। ਉੱਥੋਂ ਪਰਵਾਸੀਆਂ ਨੇ ਹੋਰ ਮੁਲਕਾਂ ਦਾ ਰੁਖ਼ ਕਰਨਾ ਸ਼ੁਰੂ ਕਰ ਦਿੱਤਾ ਹੈ ਜਾਂ ਫਿਰ ਉਹ ਵਤਨ ਵਾਪਸ ਮੁੜਨ ਲੱਗ ਪਏ ਹਨ।

ਇੰਸਟੀਚਿਊਟ ਫਾਰ ਕੈਨੇਡੀਅਨ ਸਿਟੀਜ਼ਨਸ਼ਿਪ (ਆਈਸੀਸੀ) ਲਈ ਕਾਨਫਰੰਸ ਬੋਰਡ ਆਫ ਕੈਨੇਡਾ ਦੇ ਕਰਵਾਏ ਹਾਲੀਆ ਸਰਵੇਖਣ ‘ਦਿ ਲੀਕੀ ਬੱਕਿਟ: ਏ ਸਟੱਡੀ ਆਫ ਇਮੀਗ੍ਰੈਂਟ ਰਿਟੈਂਸ਼ਨ ਟ੍ਰੈਂਡਜ਼ ਇਨ ਕੈਨੇਡਾ’ ਤੋਂ ਪਤਾ ਲੱਗਦਾ ਹੈ ਕਿ 1980ਵਿਆਂ ਤੋਂ ਲੈ ਕੇ ਕੈਨੈਡਾ ਆਉਣ ਵਾਲੇ ਪਰਵਾਸੀਆਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਸੀ। 2017 ਅਤੇ 2019 ਵਿਚ ਇਸ ਰੁਝਾਨ ਵਿਚ ਉਛਾਲ ਆਇਆ ਅਤੇ ਇਸ ਵਿਚ ਔਸਤ ਆਮਦ ਨਾਲੋਂ 31 ਫ਼ੀਸਦ ਵਾਧਾ ਹੋਇਆ। ਕੋਵਿਡ-19 ਤੋਂ ਬਾਅਦ ਇਸ ਸੰਖਿਆ ਵਿਚ ਇਸ ਕਰ ਕੇ ਵਾਧਾ ਹੋਇਆ ਕਿਉਂਕਿ ਕੈਨੇਡੀਅਨਾਂ ਦੀ ਆਰਥਿਕ ਹਾਲਤ ਵਿਚ ਆਮ ਤੌਰ ’ਤੇ ਨਿਘਾਰ ਆਇਆ ਸੀ।

ਪਰਵਾਸੀਆਂ ਦੀ ਆਮਦ ਦੀ ਉੱਚੀ ਦਰ ਅਤੇ ਮੋੜਵੇਂ ਪਰਵਾਸ ਨਾਲ ਕੈਨੇਡਾ ਦੇ ਜਨਸੰਖਿਆ ਸਮਤੋਲ ਉਪਰ ਨਾਂਹਮੁਖੀ ਅਸਰ ਪਿਆ ਹੈ। ਸਟੈਟਿਸਟਿਕ ਕੈਨੇਡਾ ਨੇ ਇਹ ਗੱਲ ਦਰਜ ਕੀਤੀ ਹੈ ਕਿ 2010 ਵਿਚ ਕੈਨੈਡਾ ਦੀ 14.1 ਫ਼ੀਸਦ ਆਬਾਦੀ ਦੀ ਉਮਰ 65 ਸਾਲ ਜਾਂ ਇਸ ਤੋਂ ਜਿ਼ਆਦਾ ਸੀ। 2022 ਵਿਚ ਇਹ ਦਰ ਵਧ ਕੇ 19 ਫ਼ੀਸਦ ਹੋ ਗਈ ਸੀ। ਜੇ ਪਰਵਾਸ ਵਿਚ ਕੋਈ ਰੁਕਾਵਟ ਆਈ ਤਾਂ ਇਹ ਰੁਝਾਨ ਹੋਰ ਤੇਜ਼ ਹੋਣ ਦੇ ਆਸਾਰ ਹਨ। ਕੰਮਕਾਜੀ ਉਮਰ ਵਰਗ (15-64) ਦੇ ਹਿਸਾਬ ਨਾਲ 1966 ਵਿਚ 65 ਸਾਲ ਤੋਂ ਵੱਡੀ ਉਮਰ ਦੇ ਕੈਨੇਡੀਅਨਾਂ ਦੀ ਸੰਖਿਆ 7.8 ਫ਼ੀਸਦ ਸੀ; 2022 ਵਿਚ ਇਨ੍ਹਾਂ ਦੀ ਦਰ ਘਟ ਕੇ 3.4 ਫ਼ੀਸਦ ਰਹਿ ਗਈ ਸੀ ਅਤੇ 2050 ਤੱਕ ਇਹ ਸੰਖਿਆ ਤਿੰਨ ਫੀਸਦ ਤੋਂ ਹੇਠਾਂ ਆ ਜਾਣ ਦੀ ਸੰਭਾਵਨਾ ਹੈ। ਇਸ ਕਰਕੇ ਕਰਦਾਤਿਆਂ ਦੀ ਸੰਖਿਆ ਘਟਣ ਅਤੇ ਪੈਨਸ਼ਨਰਾਂ ਤੇ ਆਮਦਨ ਸਹਾਇਤਾ ’ਤੇ ਆਸ਼ਰਿਤਾਂ ਦੀ ਸੰਖਿਆ ਵਧਣ ਕਰ ਕੇ ਸਰਕਾਰੀ ਮਾਲੀਏ ਅਤੇ ਖਰਚ ਉਪਰ ਸਿੱਧਾ ਪ੍ਰਭਾਵ ਪੈਂਦਾ ਹੈ। ਬਜ਼ੁਰਗਾਂ ਦੀ ਕੁੱਲ ਸੰਖਿਆ ਵਧਣ ਨਾਲ ਦੇਸ਼ ਦੀ ਸਿਹਤ ਪ੍ਰਣਾਲੀ ਉਪਰ ਵੀ ਦਬਾਅ ਵਧ ਜਾਂਦਾ ਹੈ।

ਬਜ਼ੁਰਗਾਂ ਦੇ ਮੁਕਾਬਲੇ ਕੰਮਕਾਜੀ ਉਮਰ ਵਰਗ ਦੇ ਕੈਨੇਡੀਅਨਾਂ ਦਾ ਬਦਲ ਰਿਹਾ ਅਨੁਪਾਤ ਸਰਕਾਰ ਅਤੇ ਨੀਤੀਘਾੜਿਆਂ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ। ਨੀਤੀਘਾੜਿਆਂ ਨੇ ਕੌਮਾਂਤਰੀ ਵਿਦਿਆਰਥੀਆਂ ਨੂੰ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸਥਾਈ ਨਿਵਾਸ  ਦਾ ਦਰਜਾ ਦੇਣ ਸਮੇਤ ਕੈਨੈਡਾ ਦੇ ਬਹੁਤੇਰੇ ਪਰਵਾਸ ਬਦਲਾਂ ਰਾਹੀਂ ਨੌਜਵਾਨਾਂ ਨੂੰ ਆਵਾਸ ਦਾ ਸੱਦਾ ਦੇਣ ’ਤੇ ਟੇਕ ਰੱਖੀ ਹੋਈ ਸੀ ਅਤੇ ਇਹ ਸਿਲਸਿਲਾ ਹਾਲੇ ਵੀ ਜਾਰੀ ਹੈ। ਕੈਨੇਡਾ ਦੀ 2024 ਵਿਚ 485000 ਅਤੇ 2025 ਵਿਚ 5 ਲੱਖ ਲੋਕਾਂ ਨੂੰ ਆਵਾਸ ਲਈ ਸੱਦਣ ਦੀ ਯੋਜਨਾ ਹੈ। ਕੈਨੇਡਾ ਪੁੱਜੇ ਪਰਵਾਸੀਆਂ ਵਿਚ ਉਚ ਹੁਨਰਮੰਦ ਕਾਮੇ, ਆਰਜ਼ੀ ਵਿਦੇਸ਼ੀ ਕਾਮੇ ਤੇ ਕੌਮਾਂਤਰੀ ਵਿਦਿਆਰਥੀ ਸ਼ਾਮਲ ਹਨ। ਇਨ੍ਹਾਂ ਵਿਚੋਂ ਹਰ ਵੰਨਗੀ ਦੇ ਕਾਮਿਆਂ ਦੀਆਂ ਆਪੋ-ਆਪਣੀਆਂ ਮੁਸ਼ਕਲਾਂ ਹਨ। ਉਚ ਹੁਨਰਮੰਦ ਕਾਮੇ  ਉਤਸ਼ਾਹ ਨਾਲ ਕੈਨੇਡਾ ਪਹੁੰਚਦੇ ਹਨ ਪਰ ਉਨ੍ਹਾਂ ਨੂੰ ਇੱਥੇ ਪਹੁੰਚਦਿਆਂ ਹੀ ਕਈ  ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹੁਨਰ ਤੇ ਤਜਰਬਾ ਹੋਣ ਦੇ ਬਾਵਜੂਦ ਇਨ੍ਹਾਂ ਵਿਚੋਂ ਕਈਆਂ ਨੂੰ ਆਪਣੀ ਮੁਹਾਰਤ ਮੁਤਾਬਕ ਕੰਮ ਲੱਭਣ ਵਿਚ ਦਿੱਕਤਾਂ ਪੇਸ਼ ਆਉਂਦੀਆਂ ਹਨ; ਉਨ੍ਹਾਂ ਨੂੰ ਆਪਣੇ ਪਰਿਵਾਰਾਂ ਦਾ ਗੁਜ਼ਰ ਬਸਰ ਕਰਨ ਲਈ ਕਈ ਵਾਰ ਘੱਟ ਉਜਰਤ ਵਾਲੇ ਕੰਮ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਬਹੁਤੇ ਕੇਸਾਂ ਵਿਚ ਕੈਨੇਡੀਅਨ ਮਾਲਕ ਨਵੇਂ ਕਾਮਿਆਂ ਦੀ ਵਿਦਿਅਕ ਯੋਗਤਾ ਤੇ ਤਜਰਬੇ ਨੂੰ ਨਹੀਂ ਦੇਖਦੇ। ਕੁਝ ਮਾਲਕ ਉੱਤਰੀ ਅਮਰੀਕਾ ਵਿਚ ਪੜ੍ਹੇ ਵਿਅਕਤੀਆਂ ਨੂੰ ਕੰਮ ਦੇਣਾ ਪਸੰਦ ਕਰਦੇ ਹਨ ਭਾਵੇਂ ਉਨ੍ਹਾਂ ਕੋਲ ਦੂਜੇ ਪਰਵਾਸੀਆਂ ਜਿੰਨੀ ਵਿਦਿਅਕ ਯੋਗਤਾ ਤੇ ਤਜਰਬਾ ਨਹੀਂ ਹੁੰਦਾ।

ਲਾਇਸੈਂਸ ਲੈਣ ਦੀ ਪ੍ਰਕਿਰਿਆ ਕਾਫ਼ੀ ਗੁੰਝਲਦਾਰ ਤੇ ਖਰਚੀਲੀ ਹੈ ਅਤੇ ਇਸ ਨੂੰ ਪੂਰਾ ਕਰਨ ਵਿਚ ਕਾਫ਼ੀ ਸਮਾਂ ਲਗਦਾ ਹੈ। ਕੈਨੇਡਾ ਵਲੋਂ ਸਕੂਲ ਵਿਚ ਦਾਖ਼ਲੇ ਤੋਂ ਫੌਰੀ ਬਾਅਦ ਪਾਰਟ-ਟਾਈਮ ਕੰਮ ਕਰਨ ਦੀ ਖੁੱਲ੍ਹ ਦੇਣ ਦੇ ਨੇਮ ਸਰਲ ਕਰਨ ਤੋਂ ਬਾਅਦ ਕੌਮਾਂਤਰੀ ਵਿਦਿਆਰਥੀਆਂ ਦੀ ਆਮਦ ਵਿਚ ਵਾਧਾ ਹੋਇਆ ਸੀ। ਇਸ ਨਾਲ ਕੈਨੇਡੀਅਨ ਅਰਥਚਾਰੇ ਨੂੰ ਵੀ ਭਰਵਾਂ ਲਾਭ ਮਿਲਿਆ। 2022 ਤੱਕ ਸਿੱਖਿਆ ਸੰਸਥਾਵਾਂ ਵਿਚ 8 ਲੱਖ ਤੋਂ ਜਿ਼ਆਦਾ ਸਟੱਡੀ ਪਰਮਿਟ ਧਾਰਕ ਦਾਖ਼ਲ ਸਨ। ਸਾਲ 2022 ਵਿਚ ਕੈਨੇਡਾ ਦੀ ਕੁੱਲ ਘਰੇਲੂ ਪੈਦਾਵਾਰ ਵਿਚ ਕੌਮਾਂਤਰੀ ਵਿਦਿਆਰਥੀਆਂ ਦਾ ਯੋਗਦਾਨ ਅੰਦਾਜ਼ਨ 22 ਅਰਬ ਡਾਲਰ ’ਤੇ ਪਹੁੰਚ ਗਿਆ ਸੀ ਅਤੇ ਇਸ ਨਾਲ ਕਰੀਬ 200000 ਨੌਕਰੀਆਂ ਪੈਦਾ ਕਰਨ ਵਿਚ ਮਦਦ ਮਿਲੀ ਸੀ।

ਕੌਮਾਂਤਰੀ ਵਿਦਿਆਰਥੀਆਂ ਨੂੰ ਆਮ ਤੌਰ ’ਤੇ ਘੱਟੋ-ਘੱਟ ਉਜਰਤ ਅਦਾ ਕੀਤੀ ਜਾਂਦੀ ਹੈ ਜਿਸ ਨਾਲ ਛੋਟੇ ਅਤੇ ਪ੍ਰਚੂਨ ਕਾਰੋਬਾਰੀਆਂ ਨੂੰ ਆਪਣੇ ਕਾਰੋਬਾਰ ਚਲਾਉਣ ਵਿਚ ਕਾਫ਼ੀ ਮਦਦ ਮਿਲਦੀ ਹੈ। ਦੋ ਸਾਲਾਂ ਦੀ ਪੜ੍ਹਾਈ ਅਤੇ ਇਕ ਸਾਲ ਕੈਨੇਡਾ ਵਿਚ ਕੰਮ ਕਰਨ ਦਾ ਤਜਰਬਾ (1560 ਘੰਟੇ) ਲੈਣ ਤੋਂ ਬਾਅਦ ਕੋਈ ਸ਼ਖ਼ਸ ਸਥਾਈ ਨਿਵਾਸ (ਪੀਆਰ) ਲਈ ਦਰਖਾਸਤ ਦੇਣ ਦੇ ਯੋਗ ਹੋ ਜਾਂਦਾ ਹੈ ਪਰ ਪੀਆਰ ਵਿਆਪਕ ਦਰਜਾਬੰਦੀ ਪ੍ਰਣਾਲੀ (ਸੀਆਰਐੱਸ) ਦੇ ਅੰਕਾਂ ਦੇ ਆਧਾਰ ’ਤੇ ਦਿੱਤਾ ਜਾਂਦਾ ਹੈ। ਸੀਆਰਐੱਸ ਅੰਕ ਆਧਾਰਿਤ ਪ੍ਰਣਾਲੀ ਹੈ ਜਿਸ ਦੀ ਵਰਤੋਂ ਕਿਸੇ ਦੇ ਸਕੋਰ ਅਤੇ ਐਕਸਪ੍ਰੈੱਸ ਐਂਟਰੀ ਪੂਲ ਵਿਚ ਇਸ ਦੇ ਦਰਜੇ ਨੂੰ ਮਾਪਣ ਲਈ ਕੀਤੀ ਜਾਂਦੀ ਹੈ। ਸੀਆਰਐੱਸ ਅੰਕ ਵਡੇਰੇ ਤੌਰ ’ਤੇ ਬਿਨੈਕਾਰ ਦੀ ਭਾਸ਼ਾਈ ਹੁਨਰ, ਵਿਦਿਆ, ਕੰਮ ਦੇ ਤਜਰਬੇ ਅਤੇ ਉਮਰ ਨਾਲ ਜੁੜੇ ਹੁੰਦੇ ਹਨ। ਪੀਆਰ ਲਈ ਦਰਖਾਸਤਕਾਰਾਂ ਦੇ ਡ੍ਰਾਅ ਦੇ ਹਰ ਗੇੜ ਵਿਚ ਸੀਆਰਐੱਸ ਕੱਟ-ਆਫ ਜ਼ੁਦਾ ਹੁੰਦੀ ਹੈ। ਸਾਲ 2022 ਵਿਚ ਵੱਖੋ ਵੱਖਰੇ ਡ੍ਰਾਅ ਲਈ ਸੀਆਰਐੱਸ ਸਕੋਰ 491 ਤੋਂ 557 ਵਿਚਕਾਰ ਸੀ। ਕੱਟ-ਆਫ ਕੀਮਤ ਪੂਲ ਵਿਚ ਬਿਨੈਕਾਰਾਂ ਦੀ ਸੰਖਿਆ, ਉਨ੍ਹਾਂ ਦੇ ਸੀਆਰਐੱਸ ਅੰਕਾਂ ਤੇ ਆਵਾਸ ਅਧਿਕਾਰੀਆਂ ਦੀਆਂ ਤੈਅ ਕੀਤੀਆਂ ਅਰਜ਼ੀਆਂ ਦੇ ਆਧਾਰ ’ਤੇ ਨਿਰਧਾਰਤ ਕੀਤੀ ਜਾਂਦੀ ਹੈ। 23 ਅਕਤੂਬਰ 2023 ਨੂੰ ਪੂਲ ਵਿਚ 214873 ਅਰਜ਼ੀਆਂ ਸਨ ਅਤੇ ਇਨ੍ਹਾਂ ’ਚੋਂ ਸਿਰਫ਼ 3600 ਬਿਨੈਕਾਰਾਂ ਦਾ ਸਕੋਰ 431 ਜਾਂ ਇਸ ਤੋਂ ਜਿ਼ਆਦਾ ਸੀ ਅਤੇ ਇਨ੍ਹਾਂ ਨੂੰ 26 ਅਕਤੂਬਰ ਦੇ ਡ੍ਰਾਅ ਲਈ ਸੱਦਿਆ ਗਿਆ ਸੀ। ਘੱਟੋ-ਘੱਟ ਲੋੜਾਂ ਪੂਰੀਆਂ ਕਰਨ ਵਾਲੇ ਹੋਰ ਬਿਨੈਕਾਰਾਂ ਨੂੰ ਹੋਰ ਤਰੀਕਿਆਂ ਦੀ ਵਰਤੋਂ ਕਰ ਕੇ ਵਾਧੂ ਅੰਕ ਜੁਟਾਉਣ ਲਈ ਕਈ ਮਹੀਨਿਆਂ ਜਾਂ ਫਿਰ ਸਾਲਾਂ ਦੀ ਇੰਤਜ਼ਾਰ ਕਰਨੀ ਪਵੇਗੀ। ਤਦ ਤੱਕ ਉਨ੍ਹਾਂ ਕੋਲ ਤਿੰਨ ਸਾਲਾਂ ਦੇ ਵਰਕ ਪਰਮਿਟ ਤਹਿਤ ਆਰਜ਼ੀ ਕਾਮੇ ਦਾ ਦਰਜਾ ਰਹੇਗਾ। ਕਿਸੇ ਮਾਲਕ ਤੋਂ ਸਿੱਧੇ ਤੌਰ ’ਤੇ ਨੌਕਰੀ ਦੀ ਪੇਸ਼ਕਸ਼ ਮਿਲਣ ਜਾਂ ਉਸ ਜ਼ਰੀਏ ਲੇਬਰ ਮਾਰਕਿਟ ਇੰਪੈਕਟ ਅਸੈਸਮੈਂਟ (ਐੱਲਐੱਮਆਈਏ) ਪ੍ਰਵਾਨਗੀ ਪ੍ਰਾਪਤ ਕਰ ਕੇ ਵਾਧੂ ਅੰਕ ਹਾਸਲ ਕੀਤੇ ਜਾ ਸਕਦੇ ਹਨ। ਦੇਖਣ ਨੂੰ ਇਹ ਸਾਧਾਰਨ ਕੰਮ ਜਾਪਦਾ ਹੈ ਪਰ ਜਦੋਂ ਪੂਲ ’ਚ ਬਹੁਤ ਸਾਰੀਆਂ ਅਰਜ਼ੀਆਂ ਹੋਣ ਤੇ ਨਵੀਆਂ ਦਰਖਾਸਤਾਂ ਦੀ ਸੰਖਿਆ ਘੱਟ ਹੋਵੇ ਤਾਂ ਬਹੁਤ ਸਾਰੇ ਉਮੀਦਵਾਰਾਂ ਨੂੰ ਪੀਆਰ ਲਈ ਦਰਖਾਸਤ ਦੇਣ ਦਾ ਸੱਦਾ ਨਹੀਂ ਮਿਲਦਾ।

ਕਦੀ ਕਦੀ ਸਰਕਾਰ ਸੀਆਰਐੱਸ ਅੰਕਾਂ ਦੀ ਲੋੜ ਵਿਚ ਢਿੱਲ ਦੇ ਦਿੰਦੀ ਹੈ ਜਿਵੇਂ ਇਸ ਨੇ 2021 ਵਿਚ ਸਕੋਰ ਘਟਾ ਕੇ 75 ਕਰ ਦਿੱਤਾ ਸੀ ਜਿਸ ਨਾਲ ਹਜ਼ਾਰਾਂ ਬਿਨੈਕਾਰਾਂ ਨੂੰ ਲਾਭ ਮਿਲਿਆ ਸੀ। ਉਂਝ, ਇਸ ਤਰ੍ਹਾਂ ਦੀਆਂ ਛੋਟਾਂ ਬਾਬਤ ਕੋਈ ਸਪੱਸ਼ਟਤਾ ਨਹੀਂ ਹੈ ਕਿ ਛੋਟ ਕਿੰਨੀ ਕੁ ਮਿਲੇਗੀ ਜਾਂ ਕਦੋਂ ਮਿਲੇਗੀ। ਸਿੱਟੇ ਵਜੋਂ ਕਈ ਕੌਮਾਂਤਰੀ ਵਿਦਿਆਰਥੀ ਆਪਣੇ ਦੇਸ਼ ਪਰਤ ਜਾਂਦੇ ਹਨ। ਦੇਖਣ ਵਿਚ ਆਇਆ ਹੈ ਕਿ ਭਾਰਤੀ ਵਿਦਿਆਰਥੀ ਕਾਫ਼ੀ ਦੇਰ ਡਟੇ ਰਹਿੰਦੇ ਹਨ ਅਤੇ ਆਪਣਾ ਸੀਆਰਐੱਸ ਸਕੋਰ ਵਧਾਉਣ ਲਈ ਲੰਮਾ ਸਮਾਂ ਉਡੀਕ ਕਰਦੇ ਹਨ ਅਤੇ ਕਈ ਹੋਰ ਹਥਕੰਡੇ ਵੀ ਅਪਣਾਉਂਦੇ ਹਨ ਪਰ ਇਹ ਗੱਲ ਸਾਰਿਆਂ ’ਤੇ ਨਹੀਂ ਢੁਕਦੀ। ਸੀਬੀਸੀ ਨਿਊਜ਼ ਨੇ 30 ਅਪਰੈਲ 2022 ਨੂੰ ਸਟੈਟਿਸਟਿਕ ਕੈਨੇਡਾ ਦੇ ਹਵਾਲੇ ਨਾਲ ਰਿਪੋਰਟ ਦਿੱਤੀ ਸੀ ਕਿ 50% ਕੌਮਾਂਤਰੀ ਵਿਦਿਆਰਥੀਆਂ ਕੋਲ ਪੜ੍ਹਾਈ ਦਾ ਸਮਾਂ ਪੂਰਾ ਹੋਣ ਤੋਂ ਬਾਅਦ ਕੋਈ ਟੈਕਸ ਰਿਕਾਰਡ ਨਹੀਂ ਸੀ ਜਿਸ ਤੋਂ ਇਸ ਸਮਝਿਆ ਜਾਂਦਾ ਹੈ ਕਿ ਉਹ ਆਪਣੇ ਵਤਨ ਪਰਤ ਗਏ ਹਨ। ਇਸੇ ਚੈਨਲ ਨੇ ਆਈਸੀਸੀ ਦੇ ਸਰਵੇਖਣ ਦਾ ਵੀ ਹਵਾਲਾ ਦਿੱਤਾ ਜਿਸ ਵਿਚ ਕਿਹਾ ਗਿਆ ਸੀ ਕਿ ਯੂਨੀਵਰਸਿਟੀ ਦੀ ਪੜ੍ਹਾਈ ਵਾਲੇ ਨਵੇਂ ਕੈਨੇਡੀਅਨਾਂ ’ਚੋਂ 23 ਫ਼ੀਸਦ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਅਗਲੇ ਦੋ ਸਾਲਾਂ ਵਿਚ ਦੇਸ਼ ਛੱਡ ਕੇ ਚਲੇ ਜਾਣ ਦੀ ਯੋਜਨਾ ਬਣਾਈ ਹੈ।

ਸਿਸਟਮ ਨਾਲ ਜੁੜੀਆਂ ਬੰਦਸ਼ਾਂ ਅਤੇ ਨੀਤੀਗਤ ਕਮਜ਼ੋਰੀਆਂ ਤੋਂ ਇਲਾਵਾ ਇਸ ਮੁਲਕ ਵਿਚ ਜਿ਼ੰਦਗੀ ਦੀ ਗੁਜ਼ਰ ਬਸਰ ਮਹਿੰਗੀ ਹੋਣ ਕਰ ਕੇ ਪਰਵਾਸੀ ਇੱਥੇ ਵੱਸਣ ਦਾ ਆਪਣਾ ਸੁਫ਼ਨਾ ਤਿਆਗਣ ਲਈ ਮਜਬੂਰ ਹੋ ਰਹੇ ਹਨ। ਕੈਨੇਡਾ ਮਹਿੰਗਾਈ ਦੀ ਮਾਰ ਹੇਠ ਹੈ ਅਤੇ ਉਜਰਤਾਂ ਵਿਚ ਖੜੋਤ ਆ ਜਾਣ ਕਰ ਕੇ ਕੈਨੇਡੀਅਨਾਂ ਦੀ ਅਸਲ ਕਮਾਈ ਘਟ ਰਹੀ ਹੈ। ਕੈਨੇਡਾ ਵਿਚ ਆਉਣ ਲਈ ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਜਿਹੇ ਪ੍ਰੋਗਰਾਮ ਉਪਲਬਧ ਹਨ ਪਰ ਇਕੇਰਾਂ ਇੱਥੇ ਆਉਣ ਤੋਂ ਬਾਅਦ ਇਨ੍ਹਾਂ ਨੂੰ ਸੰਭਾਲਣ ਜਾਂ ਬਰਕਰਾਰ ਰੱਖਣ ਦਾ ਕੋਈ ਹੀਲਾ ਵਸੀਲਾ ਨਹੀਂ। ਸਥਾਈ ਨਿਵਾਸ ਦਾ ਰਾਹ ਕਾਫ਼ੀ ਜਟਿਲ ਤੇ ਉਲਝਣਾਂ ਭਰਿਆ ਹੈ; ਇਸ ਵਿਚ ਸਪੱਸ਼ਟਤਾ ਦੀ ਕਮੀ ਹੈ ਅਤੇ ਇਸ ਦਾ ਸੰਚਾਲਨ ਅਣਕਿਆਸੀਆਂ ਨੀਤੀਆਂ ਕਰਦੀਆਂ ਹਨ।

 

ਅਮਰਜੀਤ ਭੁੱਲਰ

*ਲੇਖਕ ਨਾਰਦਰਨ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਹਨ