ਟਾਈਟਲਰ ਦੇ ਮਾਮਲੇ ਦੀ ਸੁਣਵਾਈ ਲਈ ਵਿਸ਼ੇਸ਼ ਐਮਪੀ-ਐਮਐਲਏ ਅਦਾਲਤ ਵਿੱਚ ਹੋਇਆ ਤਬਦੀਲ

ਟਾਈਟਲਰ ਦੇ ਮਾਮਲੇ ਦੀ ਸੁਣਵਾਈ ਲਈ ਵਿਸ਼ੇਸ਼ ਐਮਪੀ-ਐਮਐਲਏ ਅਦਾਲਤ ਵਿੱਚ ਹੋਇਆ ਤਬਦੀਲ

ਮਾਮਲਾ 1 ਨਵੰਬਰ 84 ਵਿਚ ਤਿੰਨ ਸਿੱਖਾਂ ਦੇ ਕਤਲ, ਗੁਰੂਘਰ ਨੂੰ ਅੱਗ ਲਗਾਉਣ ਅਤੇ ਲੁਟਪਾਟ ਦਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 2 ਜੂਨ (ਮਨਪ੍ਰੀਤ ਸਿੰਘ ਖਾਲਸਾ):-ਦਿੱਲੀ ਦੀ ਇੱਕ ਅਦਾਲਤ ਨੇ 39 ਸਾਲ ਪੁਰਾਣੇ ਸਿੱਖ ਕਤਲੇਆਮ ਦੇ ਮਾਮਲੇ ਵਿੱਚ ਕਾਂਗਰਸ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ ਸੀਬੀਆਈ ਵੱਲੋਂ ਦਾਇਰ ਕੀਤੀ ਸਪਲੀਮੈਂਟਰੀ ਚਾਰਜਸ਼ੀਟ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਰੌਜ਼ ਐਵੇਨਿਊ ਅਦਾਲਤ ਨੇ ਵੀ ਕੇਸ ਨੂੰ ਸੁਣਵਾਈ ਲਈ ਵਿਸ਼ੇਸ਼ ਐਮਪੀ-ਐਮਐਲਏ ਅਦਾਲਤ ਵਿੱਚ ਤਬਦੀਲ ਕਰ ਦਿੱਤਾ ਹੈ।  

ਜਿਕਰਯੋਗ ਹੈ ਕਿ ਕਾਂਗਰਸ ਨੇਤਾ ਦੇ ਖਿਲਾਫ ਨਵੇਂ ਸਬੂਤ ਮਿਲਣ ਤੋਂ ਬਾਅਦ ਚਾਰਜਸ਼ੀਟ 'ਚ ਉਸਦੇ ਨਾਮ ਨਾਮਜ਼ਦ ਕੀਤਾ ਗਿਆ ਸੀ।

ਅਪ੍ਰੈਲ 'ਚ ਕੇਂਦਰੀ ਜਾਂਚ ਏਜੰਸੀ ਨੇ 1984 'ਚ ਰਾਸ਼ਟਰੀ ਰਾਜਧਾਨੀ ਦੇ ਪੁਲ ਬੰਗਸ਼ ਇਲਾਕੇ 'ਚ ਹੋਈ ਹਿੰਸਾ ਦੇ ਸਬੰਧ 'ਚ ਟਾਈਟਲਰ ਦੀ ਆਵਾਜ਼ ਦੇ ਨਮੂਨੇ ਲਏ ਸਨ । 

ਧਿਆਨਦੇਣ ਯੋਗ ਹੈ ਕਿ 22 ਨਵੰਬਰ 2005 ਨੂੰ ਸੀ.ਬੀ.ਆਈ. ਨੇ 1 ਨਵੰਬਰ 1984 ਦੇ ਇਕ ਮਾਮਲੇ ਵਿਚ ਕੇਸ ਦਰਜ ਕੀਤਾ ਸੀ ਜਿਸ ਵਿੱਚ ਗੁਰਦੁਆਰਾ ਪੁਲ ਬੰਗਸ਼ ਆਜ਼ਾਦ ਮਾਰਕੀਟ ਨੂੰ ਭੀੜ ਨੇ ਅੱਗ ਲਗਾ ਦਿੱਤੀ ਸੀ ਅਤੇ ਸਰਦਾਰ ਠਾਕੁਰ ਸਿੰਘ, ਬਾਦਲ ਸਿੰਘ ਅਤੇ ਗੁਰਚਰਨ ਸਿੰਘ ਨਾਮਕ ਤਿੰਨ ਵਿਅਕਤੀਆਂ ਨੂੰ ਸਾੜ ਦਿੱਤਾ ਗਿਆ ਸੀ।   

“ਦਿੱਲੀ ਵਿੱਚ ਸਾਲ 1984 ਦੇ ਸਿੱਖ ਕਤਲੇਆਮ ਦੀਆਂ ਘਟਨਾਵਾਂ ਦੀ ਜਾਂਚ ਲਈ ਕੇਂਦਰ ਸਰਕਾਰ ਵੱਲੋਂ ਸਾਲ 2000 ਵਿੱਚ ਜਸਟਿਸ ਨਾਨਾਵਤੀ ਕਮਿਸ਼ਨ ਆਫ਼ ਇਨਕੁਆਇਰੀ ਦੀ ਸਥਾਪਨਾ ਕੀਤੀ ਗਈ ਸੀ। ਕਮਿਸ਼ਨ ਦੀ ਰਿਪੋਰਟ ‘ਤੇ ਵਿਚਾਰ ਕਰਨ ਤੋਂ ਬਾਅਦ, ਗ੍ਰਹਿ ਮੰਤਰਾਲੇ ਨੇ ਸੀਬੀਆਈ ਨੂੰ ਤਤਕਾਲੀ ਸੰਸਦ ਮੈਂਬਰ ਅਤੇ ਹੋਰਾਂ ਖ਼ਿਲਾਫ਼ ਕੇਸ ਦੀ ਜਾਂਚ ਕਰਨ ਦੇ ਨਿਰਦੇਸ਼ ਜਾਰੀ ਕੀਤੇ ਸਨ । ਸੀਬੀਆਈ ਦੀ ਜਾਂਚ ਦੌਰਾਨ ਰਿਕਾਰਡ 'ਤੇ ਸਬੂਤ ਮਿਲੇ ਹਨ ਕਿ 1 ਨਵੰਬਰ, 1984 ਨੂੰ ਨਾਮਜਦ ਦੋਸ਼ੀਆਂ ਨੇ ਆਜ਼ਾਦ ਮਾਰਕੀਟ, ਦਿੱਲੀ ਵਿਖੇ ਗੁਰਦੁਆਰਾ ਪੁਲ ਬੰਗਸ਼ ਵਿਖੇ ਇਕੱਠੀ ਹੋਈ ਭੀੜ ਨੂੰ ਕਥਿਤ ਤੌਰ 'ਤੇ ਭੜਕਾਇਆ ਅਤੇ ਉਕਸਾਇਆ ਸੀ, ਜਿਸ ਕਾਰਨ ਗੁਰਦੁਆਰਾ ਪੁਲ ਬੰਗਸ਼ ਅਤੇ ਗੁਰਦੁਆਰਾ ਸਾਹਿਬ ਨੂੰ ਅੱਗ ਲਗਾ ਦਿੱਤੀ ਗਈ। ਦੁਕਾਨਾਂ ਨੂੰ ਸਾੜਨ ਅਤੇ ਲੁੱਟਣ ਤੋਂ ਇਲਾਵਾ ਭੀੜ ਦੁਆਰਾ ਤਿੰਨ ਸਿੱਖ ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਗਈ ਸੀ ।

ਅਦਾਲਤ ਅੰਦਰ ਚਲ ਰਹੇ ਮਾਮਲੇ ਦੀ ਸੁਣਵਾਈ 8 ਜੂਨ ਲਈ ਤੈਅ ਕੀਤੀ ਗਈ ਹੈ।