ਦਿੱਲੀ ਅੰਦਰ ਵਧ ਰਹੇ ਪ੍ਰਦੂਸ਼ਣ ਦਾ ਪੱਧਰ ਪਹੁੰਚਿਆ 'ਗੰਭੀਰ' ਸ਼੍ਰੇਣੀ 'ਚ, ਪ੍ਰਾਇਮਰੀ ਸਕੂਲ ਦੋ ਦਿਨਾਂ ਲਈ ਬੰਦ

ਦਿੱਲੀ ਅੰਦਰ ਵਧ ਰਹੇ ਪ੍ਰਦੂਸ਼ਣ ਦਾ ਪੱਧਰ ਪਹੁੰਚਿਆ 'ਗੰਭੀਰ' ਸ਼੍ਰੇਣੀ 'ਚ, ਪ੍ਰਾਇਮਰੀ ਸਕੂਲ ਦੋ ਦਿਨਾਂ ਲਈ ਬੰਦ

 ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਕਈ ਸ਼ਹਿਰਾਂ ਵਿੱਚ ਹਵਾ ਬਣੀ ਜ਼ਹਿਰੀਲੀ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 3 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):- ਕੇਂਦਰ ਸਰਕਾਰ ਨੇ ਦੇਸ਼ ਅੰਦਰ ਵਧਦੇ ਪ੍ਰਦੂਸ਼ਣ ਦੇ ਪੱਧਰ ਨੂੰ ਦੇਖਦੇ ਹੋਏ ਦਿੱਲੀ-ਐੱਨ.ਸੀ.ਆਰ. 'ਚ ਨਿਰਮਾਣ ਕਾਰਜਾਂ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਇਸ ਸੀਜ਼ਨ ਵਿੱਚ ਪਹਿਲੀ ਵਾਰ ਅਜ ਦੇਸ਼ ਦੀ ਰਾਸ਼ਟਰੀ ਰਾਜਧਾਨੀ 'ਚ ਅਸਮਾਨ ਧੂੰਏਂ ਦੀ ਮੋਟੀ ਪਰਤ ਨਾਲ ਛੁਪਿਆ ਹੋਇਆ ਸੀ ਅਤੇ ਪ੍ਰਦੂਸ਼ਣ ਦਾ ਪੱਧਰ 'ਗੰਭੀਰ' ਸ਼੍ਰੇਣੀ 'ਚ ਪਹੁੰਚ ਗਿਆ ਸੀ। ਇਸਦੇ ਨਾਲ ਹੀ ਵਿਗਿਆਨੀਆਂ ਨੇ ਅਗਲੇ ਦੋ ਹਫ਼ਤਿਆਂ ਦੌਰਾਨ ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਪ੍ਰਦੂਸ਼ਣ ਦੇ ਪੱਧਰ ਵਧਣ ਦੀ ਚੇਤਾਵਨੀ ਜਾਰੀ ਕੀਤੀ ਹੈ ਅਤੇ ਨਾਲ ਹੀ ਡਾਕਟਰਾਂ ਵਲੋਂ ਵੀ ਸਾਹ ਦੀ ਸਮੱਸਿਆ ਵਧਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਦਿੱਲੀ ਦੇ ਕਈ ਖੇਤਰਾਂ ਵਿੱਚ ਸ਼ੁੱਕਰਵਾਰ ਨੂੰ ਏਕਿਊਆਈ 450 ਤੋਂ ਉੱਪਰ ਦਰਜ ਕੀਤਾ ਗਿਆ। ਹਵਾ ਦੀ ਗੁਣਵੱਤਾ ਯਾਨੀ ਕਿ ਏਕਿਊਆਈ ਨਰੇਲਾ ਵਿੱਚ 488, ਮੁੰਡਕਾ ਵਿੱਚ 498, ਬਵਾਨਾ ਵਿੱਚ 496 ਅਤੇ ਪੰਜਾਬੀ ਬਾਗ ਵਿੱਚ 484 ਤੱਕ ਪਹੁੰਚ ਗਈ ਹੈ।

ਦਿੱਲੀ ਸਰਕਾਰ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ ਸ਼ੁੱਕਰਵਾਰ ਨੂੰ ਹੰਗਾਮੀ ਮੀਟਿੰਗ ਬੁਲਾਈ ਹੈ। ਸ਼ਹਿਰ ਦਾ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) 402 ਤੱਕ ਪਹੁੰਚ ਗਿਆ ਸੀ, ਜੋ ਇਸ ਪੂਰੇ ਸੀਜ਼ਨ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਰਿਕਾਰਡ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ 24 ਘੰਟੇ ਦੀ ਔਸਤ ਏਕਿਊਆਈ ਬੁੱਧਵਾਰ ਨੂੰ 364, ਮੰਗਲਵਾਰ ਨੂੰ 359, ਸੋਮਵਾਰ ਨੂੰ 347, ਐਤਵਾਰ ਨੂੰ 325, ਸ਼ਨੀਵਾਰ ਨੂੰ 304 ਅਤੇ ਸ਼ੁੱਕਰਵਾਰ ਨੂੰ 261 ਸੀ। ਨਿਰਮਾਣ ਕਾਰਜਾਂ 'ਤੇ ਪਾਬੰਦੀ ਅਤੇ ਸੜਕਾਂ ਕਿਨਾਰੇ ਪਾਣੀ ਛਿੜਕਣ ਦੇ ਬਾਵਜੂਦ ਜੀਂਦ, ਹਰਿਆਣਾ ਦੀ ਹਵਾ ਜ਼ਹਿਰੀਲੀ ਬਣੀ ਹੋਈ ਹੈ। ਜੀਂਦ ਦਾ ਏਕਿਊਆਈ ਵੀਰਵਾਰ ਨੂੰ 416 ਦਰਜ ਕੀਤਾ ਗਿਆ, ਜਿਸ ਕਾਰਨ ਦਿਨ ਭਰ ਮਾਹੌਲ ਧੂੰਏਂ ਵਾਲਾ ਰਿਹਾ।

ਦਿੱਲੀ ਵਿੱਚ ਪ੍ਰਦੂਸ਼ਣ ਦੇ ਖ਼ਤਰਨਾਕ ਪੱਧਰ ਦੇ ਮੱਦੇਨਜ਼ਰ ਪ੍ਰਾਇਮਰੀ ਸਕੂਲਾਂ ਨੂੰ ਦੋ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ। ਐਮਸੀਡੀ ਨੇ ਕਿਹਾ ਕਿ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਦੇ ਹੁਕਮਾਂ ਅਨੁਸਾਰ, ਇਹ ਫੈਸਲਾ ਕੀਤਾ ਗਿਆ ਹੈ ਕਿ ਐਨਸੀਆਰ ਅਤੇ ਆਸ ਪਾਸ ਦੇ ਖੇਤਰਾਂ ਵਿੱਚ ਸਾਰੇ ਐਮਸੀਡੀ ਅਤੇ ਐਮਸੀਡੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ 3 ਅਤੇ 4 ਨਵੰਬਰ ਨੂੰ ਆਨਲਾਈਨ ਮਾਧਿਅਮ ਰਾਹੀਂ ਕਲਾਸਾਂ ਲਾਈਆਂ ਜਾਣਗੀਆਂ। ਹਾਲਾਂਕਿ, ਸਕੂਲ ਅਧਿਆਪਕਾਂ ਅਤੇ ਸਟਾਫ ਲਈ ਖੁੱਲ੍ਹੇ ਰਹਿਣਗੇ।

ਜਿਕਰਯੋਗ ਹੈ ਕਿ ਦਿੱਲੀ ਹੀ ਨਹੀਂ ਗੁਆਂਢੀ ਰਾਜਾਂ ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਕਈ ਸ਼ਹਿਰਾਂ ਵਿੱਚ ਹਵਾ ਜ਼ਹਿਰੀਲੀ ਪਾਈ ਗਈ। ਵੀਰਵਾਰ ਨੂੰ ਹਰਿਆਣਾ ਅਤੇ ਪੰਜਾਬ ਦੇ ਕਈ ਸਥਾਨਾਂ 'ਤੇ ਏਕਿਊਆਈ ਨੂੰ 'ਮਾੜੀ' ਅਤੇ 'ਬਹੁਤ ਮਾੜੀ' ਸ਼੍ਰੇਣੀਆਂ ਵਿੱਚ ਦਰਜ ਕੀਤਾ ਗਿਆ ਸੀ।

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ, ਏਕਿਊਆਈ ਹਿਸਾਰ ਵਿੱਚ 422, ਫਤੇਹਾਬਾਦ ਵਿੱਚ 416, ਜੀਂਦ ਵਿੱਚ 415, ਰੋਹਤਕ ਵਿੱਚ 394, ਕੈਥਲ ਵਿੱਚ 378, ਸੋਨੀਪਤ ਵਿੱਚ 377, ਫਰੀਦਾਬਾਦ ਵਿੱਚ 373, ਭਿਵਾਨੀ ਵਿੱਚ 357 ਅਤੇ ਕਰਨਾਲ ਵਿੱਚ 348 ਦਰਜ ਕੀਤਾ ਗਿਆ।

ਤੁਹਾਨੂੰ ਦੱਸ ਦੇਈਏ ਕਿ ਜ਼ੀਰੋ ਤੋਂ 50 ਦੇ ਵਿਚਕਾਰ ਏਕਿਊਆਈ 'ਚੰਗਾ' ਹੈ, 51 ਤੋਂ 100 'ਤਸੱਲੀਬਖਸ਼' ਹੈ, 101 ਤੋਂ 200 'ਦਰਮਿਆਨਾ' ਹੈ, 201 ਤੋਂ 300 'ਦਰਮਿਆਨਾ' ਹੈ। 301 ਤੋਂ 400 ਦੇ ਸਕੋਰ ਨੂੰ 'ਬੁਰਾ' ਮੰਨਿਆ ਜਾਂਦਾ ਹੈ, 301 ਤੋਂ 400 ਨੂੰ 'ਬਹੁਤ ਮਾੜਾ' ਅਤੇ 401 ਤੋਂ 500 ਨੂੰ 'ਗੰਭੀਰ' ਮੰਨਿਆ ਜਾਂਦਾ ਹੈ।