ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੈਂਤੀ ਅੱਖਰੀ ਲੇਖਣੀ ਮੁਕਾਬਲਾ ਕੀਤੇ ਗਏ ਆਯੋਜਿਤ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੈਂਤੀ ਅੱਖਰੀ ਲੇਖਣੀ ਮੁਕਾਬਲਾ ਕੀਤੇ ਗਏ ਆਯੋਜਿਤ

ਦਿੱਲੀ ਗੁਰਦੁਆਰਾ ਕਮੇਟੀ ਪੰਜਾਬੀ ਦੀ ਪ੍ਰਫੁੱਲਤਾ ਵਾਸਤੇ ਕੰਮ ਕਰਦੇ ਰਹਿਣ ਲਈ ਵਚਨਬੱਧ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ, 19 ਅਗਸਤ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਵਿਚ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਪੈਂਤੀ ਅੱਖਰੀ ਲੇਖਣੀ ਮੁਕਾਬਲਾ ਆਯੋਜਿਤ ਕੀਤਾ ਗਿਆ।

ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਦੇ ਚੇਅਰਮੈਨ ਹਰਦਿੱਤ ਸਿੰਘ ਗੋਬਿੰਦਪੁਰੀ ਤੇ ਕੋ ਚੇਅਰਮੈਨ ਰਾਜਿੰਦਰ ਸਿੰਘ ਵਿਰਾਸਤ ਦੇ ਉਪਰਾਲੇ ਨਾਲ ਕਰਵਾਏ ਇਸ ਮੁਕਾਬਲੇ ਵਿਚ 18 ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਤੇ ਖਾਲਸਾ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।

ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਪੈਂਤੀ ਅੱਖਰੀ ਗੁਰਮੁਖੀ ਲਿਖਪੀ ਸਾਨੂੰ ਗੁਰੂ ਸਾਹਿਬਾਨ ਤੋਂ ਮਿਲੀ ਹੈ ਤੇ ਪੈਂਤੀ ਅੱਖਰੀ ਨੇ ਦੁਨੀਆਂ ਵਿਚ ਅਨੋਖੀ ਸ਼ਾਨ ਬਣਾਈ ਹੈ। ਉਹਨਾਂ ਕਿਹਾ ਕਿ ਜੇਕਰ ਕਿਸੇ ਵੀ ਧਰਮ ਦੀ ਲਿਖੀ ਨਾਲ ਤੁਲਨਾ ਕੀਤੀ ਜਾਵੇ ਤਾਂ ਸਿਰਫ ਗੁਰਮੁਖੀ ਅਜਿਹੀ ਲੀਪੀ ਹੈ ਜਿਸ ਵਿਚ ਹਰ ਅੱਖਰ ਦੀ ਆਪਣੀ ਨਿਆਰੀ ਪਛਾਣ ਹੈ।

ਉਹਨਾਂ ਕਿਹਾ ਕਿ ਸਾਡਾ ਮਕਸਦ ਹੈ ਕਿ ਅਸੀਂ ਘਰ-ਘਰ ਮਾਂ ਬੋਲੀ ਪਹੁੰਚਾਈਏ ਜਿਹੜੀ ਵਿਸਰਦੀ ਜਾ ਰਹੀ ਹੈ। ਜਿਹੜੇ ਸਮਾਜ ਵਿਚ ਅਸੀਂ ਰਹਿ ਰਹੇ ਹਾਂ, ਉਥੇ ਮਾਡਰਨ ਘਰਾਂ ਵਿਚ ਹਿੰਦੀ ਸ਼ੁਰੂ ਹੋ ਜਾਂਦੀ ਹੈ। ਇਸ ਲਈ ਦੋ ਮਹੀਨੇ ਪਹਿਲਾਂ ਜੂਨ ਮਹੀਨੇ ਵਿਚ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੇ ਗੁਰਮਤਿ ਕੈਂਪ ਲਗਾਏ ਸਨ ਜਿਸ ਰਾਹੀਂ ਵਿਦਿਆਰਥੀ ਗੁਰਮੁਖੀ ਨਾਲ ਜੁੜੇ ਹਨ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਘਰਾਂ ਵਿਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੋਣ ਦੇ ਬਾਵਜੂਦ ਪੰਜਾਬੀ ਬੋਲੀ ਬੋਲਣੀ ਬੰਦ ਹੈ ਤੇ ਇਹ ਗੱਲ ਸਾਰੀ ਕੌਮ ਵਾਸਤੇ ਚਿੰਤਾ ਦਾ ਵਿਸ਼ਾ ਹੈ।

ਉਹਨਾਂ ਕਿਹਾਕਿ ਹੁਣ ਇਹ ਅਹਿਮ ਜ਼ਿੰਮੇਵਾਰੀ ਕਮੇਟੀ ਨੇ ਚੁੱਕੀ ਹੈ ਕਿ ਘਰ-ਘਰ ਵਿਚ ਇਸ ਮਾਂ ਬੋਲੀ ਦੇ ਪਹਿਰੇਦਾਰਾਂ ਨੂੰ ਖੜ੍ਹੇ ਕਰਨਾ ਹੈ ਤੇ ਅਜਿਹੇ ਕੰਮ ਕਮੇਟੀ ਨਿਰੰਤਰ ਜਾਰੀ ਰੱਖੇਗੀ।

ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਸਾਡੇ ਗੁਰੂਆਂ ਨੂੰ ਬ੍ਰਿਜ ਭਾਸ਼ਾ, ਫਾਰਸੀ ਤੇ ਉਰਦੂ ਸਮੇਤ ਬਹੁਤ ਸਾਰੀਆਂ ਭਾਸ਼ਾਵਾਂ ਦਾ ਗਿਆਨ ਸੀ। ਬਹੁਤ ਸਾਰੀਆਂ ਭਾਸ਼ਾਵਾਂ ਵਿਚ ਗੁਰਬਾਣੀ ਲਿਖੀ ਗਈ ਹੈ। ਪਰ ਗੁਰੂ ਸਾਹਿਬਾਨ ਹਮੇਸ਼ਾ ਗੁਰਮੁਖੀ ਨਾਲ ਜੁੜੇ ਰਹੇ। ਉਹਨਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਸਾਨੂੰ ਸੁਨੇਹਾ ਦਿੱਤਾ ਹੈ ਕਿ ਜਿੰਨੀਆਂ ਵੱਧ ਤੋਂ ਵੱਧ ਭਾਸ਼ਾਵਾਂ ਸਿੱਖ ਸਕਦੇ ਹੋ ਸਿੱਖੋ ਪਰ ਆਪਣੀ ਮਾਂ ਬੋਲੀ ਨਾਲ ਜੁੜੇ ਰਹੋ।

ਉਹਨਾਂ ਕਿਹਾ ਕਿ ਬੱਚਿਆਂ ਨੂੰ ਇਹ ਨਹੀਂ ਪਤਾ ਕਿ ਪੰਜਾਬੀ ਵਿਚ ਉਹ ਯੂ ਪੀ ਐਸ ਸੀ ਦੇ ਪੇਪਰ ਦੇ ਕੇ ਆਈ ਏ ਐਸ, ਆਈ ਪੀ ਐਸ ਜਾਂ ਆਈ ਆਰ ਐਸ ਅਫਸਰ ਬਣ ਸਕਦੇ ਹਨ।

ਉਹਨਾਂ ਕਿਹਾ ਕਿ ਧਾਰਮਿਕ ਸੰਸਥਾਵਾਂ ਦੇ ਨਾਲ-ਨਾਲ ਸਰਕਾਰਾਂ ਦਾ ਵੀ ਫਰਜ਼ ਹੁੰਦਾ ਹੈ ਕਿ ਉਹ ਵੱਖ-ਵੱਖ ਭਾਸ਼ਾਵਾਂ ਦੀ ਪ੍ਰਫੁੱਲਤਾ ਵਾਸਤੇ ਕੰਮ ਕਰਨ। ਉਹਨਾਂ ਕਿਹਾ ਕਿ ਬਹੁਤ ਹੀ ਅਫਸੋਸ ਹੈ ਕਿ ਦਿੱਲੀ ਦੀ ਮੌਜੂਦਾ ਸਰਕਾਰ ਨੇ ਪੰਜਾਬੀ ਪੜ੍ਹਾਉਂਦੇ ਅਧਿਆਪਕਾਂ ਨੂੰ ਬੇਰੋਜ਼ਗਾਰ ਕਰ ਦਿੱਤਾ ਤੇ ਸਕੂਲਾਂ ਵਿਚ ਪੰਜਾਬੀ ਪੜ੍ਹਾਉਣ ਦਾ ਕੰਮ ਠੱਪ ਹੋ ਗਿਆ। ਉਹਨਾਂ ਕਿਹਾ ਕਿ ਇਸ ਸਰਕਾਰ ਨੇ ਵਿਦੇਸ਼ੀ ਭਾਸ਼ਾਵਾਂ ਸਕੂਲਾਂ ਵਿਚ ਲਾਗੂ ਕੀਤੀਆਂ ਹਨ ਤਾਂ ਜੋ ਪੰਜਾਬੀ ਛੇਵੇਂ ਸਤਵੇਂ ਨੰਬਰ ’ਤੇ ਚਲੀ ਜਾਵੇ ਤੇ ਪੰਜਾਬੀ ਭਾਸ਼ਾ ਖਤਮ ਹੀ ਹੋ ਜਾਵੇ।

 ਉਹਨਾਂ ਕਿਹਾ ਕਿ ਜਿਸ ਸਰਕਾਰ ਦੀ ਜ਼ਿੰਮੇਵਾਰੀ ਸੀ ਕਿ ਦੂਜੀ ਭਾਸ਼ਾ ਦਾ ਦਰਜਾ ਪੰਜਾਬੀ ਨੂੰ ਪ੍ਰਾਪਤ ਹੈ, ਉਸਦੀ ਪ੍ਰਫੁੱਲਤਾ ਵਾਸਤੇ ਕੰਮ ਕਰਦੀ ਪਰ ਇਸਨੇ ਪੰਜਾਬੀ ਭਾਸ਼ਾ ਨੂੰ ਦਰਕਿਨਾਰ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਭਾਵੇਂ ਜੋ ਮਰਜ਼ੀ ਕੀਤਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬੀ ਦੀ ਪ੍ਰਫੁੱਲਤਾ ਵਾਸਤੇ ਕੰਮ ਕਰਦੀ ਰਹੇਗੀ।

ਪ੍ਰੋਗਰਾਮ ਦੌਰਾਨ ਮੰਚ ਸੰਚਾਲਨ ਸਰਦਾਰ ਸਵਰਨ ਸਿੰਘ ਨੇ ਕੀਤਾ।

ਇਸ ਮੌਕੇ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਦੇ ਚੇਅਰਮੈਨ ਹਰਦਿੱਤ ਸਿੰਘ ਗੋਬਿੰਦਪੁਰੀ, ਕੋ ਚੇਅਰਮੈਨ ਰਾਜਿੰਦਰ ਸਿੰਘ ਵਿਰਾਸਤ, ਕਮੇਟੀ ਮੈਂਬਰ ਸਰਵਜੀਤ ਸਿੰਘ ਵਿਰਕ, ਭੁਪਿੰਦਰ ਸਿੰਘ ਗਿੰਨੀ ਤੇ ਗੁਰਪ੍ਰੀਤ ਸਿੰਘ ਜੱਸਾ, ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਤੇ ਖਾਲਸਾ ਸਕੂਲਾਂ ਦੇ ਪ੍ਰਿੰਸੀਪਲ, ਸਟਾਫ ਤੇ ਵਿਦਿਆਰਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ।