ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਗੁਰੂ ਸਾਹਿਬਾਨ ਖਿਲਾਫ ਪੋਸਟਾਂ ਪਾਉਣ ਵਾਲੇ ਦੀ ਜ਼ੋਰਦਾਰ ਨਿਖੇਧੀ

ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਗੁਰੂ ਸਾਹਿਬਾਨ ਖਿਲਾਫ ਪੋਸਟਾਂ ਪਾਉਣ ਵਾਲੇ ਦੀ ਜ਼ੋਰਦਾਰ ਨਿਖੇਧੀ

ਕਮੇਟੀ ਦੋਸ਼ੀ ਖਿਲਾਫ ਕੇਸ ਦਰਜ ਕਰਵਾਏਗੀ: ਹਰਮੀਤ ਸਿੰਘ ਕਾਲਕਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ, 17 ਮਾਰਚ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ’ਤੇ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਗੁਰੂ ਸਾਹਿਬਾਨ ਖਿਲਾਫ ਅਪਮਾਨਜਨਕ ਪੋਸਟਾਂ ਪਾਉਣ ਵਾਲੇ ਸ਼ਖਸ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਐਲਾਨ ਕੀਤਾ ਹੈ ਕਿ ਦਿੱਲੀ ਕਮੇਟੀ ਇਸ ਵਿਅਕਤੀ ਵਿਰੁੱਧ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਏਗੀ।

ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਸਾਰੀ ਦੁਨੀਆਂ ਜਾਣਦੀ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 1699 ਵਿਚ ਖਾਲਸਾ ਪੰਥ ਦੀ ਸਾਜਣਾ ਕੀਤੀ ਤੇ ਖਾਲਸਾ ਪੰਥ ਦੇ ਗੁਰੂ ਸਾਹਿਬ ਦੇ ਦਰਸਾਏ ਰਾਹ ’ਤੇ ਚੱਲਦਿਆਂ ਸਾਰੀ ਦੁਨੀਆਂ ਵਿਚ ਜੱਸ ਖੱਟਿਆ ਹੈ। ਉਹਨਾਂ ਕਿਹਾ ਕਿ ਆਪ ਸਮਾਜਿਕ ਆਗੂ ਇਹ ਮੰਨਦੇ ਹਨ ਕਿ ਸਿੱਖਾਂ ਵੱਲੋਂ ਦੁਨੀਆਂ ਭਰ ਵਿਚ ਮਨੁੱਖਤਾ ਦੀ ਕੀਤੀ ਜਾਰਹੀ  ਸੇਵਾ ਦਾ ਕੋਈ ਸਾਨੀ ਨਹੀਂ ਹੈ ਤੇ ਸਿੱਖ ਕੌਮ ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ ਦੇ ਸਿਧਾਂਤ ’ਤੇ ਚਲਦਿਆਂ ਹਮੇਸ਼ਾ ਸਿੱਖੀ ਸਿਧਾਂਤਾਂ ’ਤੇ ਡਟੀ ਰਹੀ ਹੈ।

ਉਹਨਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਕੁਝ ਵਿਅਕਤੀ ਜੋ ਆਪਣੇ ਆਪ ਨੂੰ ਸਿੱਖੀ ਸਰੂਪ ਵਿਚ ਪੇਸ਼ ਕਰਦੇ ਹਨ, ਉਹ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰ ਰਹੇ ਹਨ।ਅਜਿਹੇ ਅਨਸਰ ਹਿੰਦੂ ਸਿੱਖਾਂ ਦੀ ਆਪਸੀ ਸਾਂਝ ਵਿਚ ਤਰੇੜਾਂ ਪਾਉਣਾ ਚਾਹੁੰਦੇ ਹਨ ਤੇ ਫਿਰਕੂ ਸਦਭਾਵਨਾ ਦੇ ਮਾਹੌਲ ਨੂੰ ਖਰਾਬ ਕਰ ਕੇ ਆਪਸੀ ਲੜਵਾਈਆਂ ਕਰਵਾਉਣਾ ਚਾਹੁੰਦੇ ਹਨ।

ਉਹਨਾਂ ਸੰਗਤਾਂ ਨੂੰ ਅਜਿਹੇ ਅਨਸਰਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ‌ਅਜਿਹੇ ਅਨਸਰ ਆਪਣੇ ਸੌੜੇ ਹਿੱਤਾਂ ਦੀ ਪੂਰਤੀ ਵਾਸਤੇ ਕੋਈ ਵੀ ਰੂਪ ਧਾਰ ਸਕਦੇ ਹਨ ਤੇ ਕਿਸੇ ਵੀ ਹੱਦ ਤੱਕ ਹੇਠਾਂ ਡਿੱਗ ਸਕਦੇ ਹਨ ਤੇ ਸਮਾਜ ਵਿਚ ਨਫਰਤ ਫੈਲਾਉਂਦੇ ਹਨ। ਉਹਨਾਂ ਕਿਹਾ ਕਿ ਅਜਿਹੇ ਅਨਸਰਾਂ ਦੀ ਸੰਗਤਾਂ ਪਛਾਣ ਕਰਨ ਤੇ ਇਹਨਾਂ ਖਿਲਾਫ ਆਪ ਵੀ ਪੁਲਿਸ ਕੋਲ ਬਣਦੀ ਸ਼ਿਕਾਇਤ ਦਰਜ ਕਰਵਾਉਣ।