ਅਮਰੀਕੀ ਸੈਨੇਟ ਨੇ ਪਾਸ ਮਤੇ ਵਿਚ ਅਰੁਣਾਚਲ ਪ੍ਰਦੇਸ਼ ਨੂੰ ਭਾਰਤ ਦਾ ਅਟੁੱਟ ਹਿੱਸਾ ਕਰਾਰ ਦਿੱਤਾ, ਚੀਨ ਦੇ ਹਮਲਾਵਰ ਰੁਖ ਦੀ ਨਿੰਦਾ

ਅਮਰੀਕੀ ਸੈਨੇਟ ਨੇ ਪਾਸ ਮਤੇ ਵਿਚ ਅਰੁਣਾਚਲ ਪ੍ਰਦੇਸ਼ ਨੂੰ ਭਾਰਤ ਦਾ ਅਟੁੱਟ ਹਿੱਸਾ ਕਰਾਰ ਦਿੱਤਾ, ਚੀਨ ਦੇ ਹਮਲਾਵਰ ਰੁਖ ਦੀ ਨਿੰਦਾ

ਅੰਮ੍ਰਿਤਸਰ ਟਾਈਮਜ਼  ਬਿਊਰੋ

ਸੈਕਰਾਮੈਂਟੋ , ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕੀ ਸੈਨੇਟ ਨੇ ਇਕ ਮਤਾ ਪਾਸ ਕੀਤਾ ਹੈ ਜਿਸ ਵਿਚ ਇਕ ਵਾਰ ਫਿਰ ਪੁਸ਼ਟੀ ਕੀਤੀ ਗਈ ਹੈ ਕਿ ਅਰਣਾਚਲ ਪ੍ਰਦੇਸ਼ ਰਾਜ ਭਾਰਤ ਦਾ ਅਟੁੱਟ ਹਿੱਸਾ ਹੈ। ਇਹ ਮਤਾ ਸੈਨੇਟਰ ਬਿਲ ਹੇਗਰਟੀ ਤੇ ਜੈਫ  ਮਰਕਲੇ ਵੱਲੋਂ ਪੇਸ਼ ਕੀਤਾ ਗਿਆ ਸੀ। ਪਿਛਲੇ 6 ਸਾਲਾਂ ਦੌਰਾਨ ਅਸਲ ਨਿਯੰਤਰਣ ਰੇਖਾ ਨੇੜੇ ਪੂਰਬੀ ਸੈਕਟਰ ਵਿਚ ਭਾਰਤ ਤੇ ਚੀਨ ਵਿਚਾਲੇ ਵੱਡੀਆਂ ਝੜਪਾਂ ਹੋ ਚੁੱਕੀਆਂ ਹਨ। ਚੀਨ ਉਪਰ ਇਹ ਵੀ ਦੋਸ਼ ਲਾਇਆ ਜਾਂਦਾ ਹੈ ਕਿ ਉਸ ਨੇ ਹੌਲੀ ਹੌਲੀ ਅਰੁਣਾਚਲ ਪ੍ਰਦੇਸ਼ ਦੇ ਕਾਫੀ ਖੇਤਰ ਉਪਰ ਨਜਾਇਜ਼ ਕਬਜ਼ਾ ਕਰ ਲਿਆ ਹੈ। ਮਤਾ ਪਾਸ ਹੋਣ 'ਤੇ ਸੈਨੇਟਰ ਹੇਗਰਟੀ ਨੇ ਕਿਹਾ ਹੈ ਕਿ ਇਸ ਸਮੇ ਜਦੋਂ ਚੀਨ ਭਾਰਤੀ ਪ੍ਰਸ਼ਾਂਤ ਮਹਾਸਾਗਰ ਖਿੱਤੇ ਦੀ ਆਜ਼ਾਦ ਹੋਂਦ ਲਈ ਖਤਰਾ ਬਣਿਆ ਹੋਇਆ ਹੈ ਤਾਂ  ਇਹ ਅਹਿਮ ਹੋ ਜਾਂਦਾ ਹੈ ਕਿ ਖਿੱਤੇ ਵਿਚ ਅਮਰੀਕਾ ਆਪਣੇ ਰਣਨੀਤਿਕ ਭਾਈਵਾਲਾਂ ਖਾਸ ਕਰਕੇ ਭਾਰਤ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੋਵੇ। ਮਤੇ ਵਿਚ ਸਪਸ਼ਟ ਤੌਰ 'ਤੇ ਅਰੁਣਾਚਲ ਪ੍ਰਦੇਸ਼ ਨੂੰ ਭਾਰਤ ਦਾ ਅਟੁੱਟ ਹਿੱਸਾ ਮੰਨਿਆ ਗਿਆ ਹੈ ਤੇ ਅਸਲ ਨਿਯੰਤਰਣ ਰੇਖਾ ਦੇ ਨਾਲ ਮੌਜੂਦਾ ਸਥਿੱਤੀ ਬਦਲਣ ਦੇ ਮਕਸਦ ਨਾਲ ਚੀਨ ਵੱਲੋਂ ਕੀਤੀਆਂ ਜਾਂਦੀਆਂ ਫੌਜੀ ਕਾਰਵਾਈਆਂ ਦੀ ਨਿੰਦਾ ਕੀਤੀ ਗਈ ਹੈ।  ਮਤੇ ਵਿਚ ਭਾਰਤ ਨਾਲ ਰਣਨੀਤਿਕ ਭਾਈਵਾਲੀ ਹੋਰ ਮਜਬੂਤ ਬਣਾਉਣ ਉਪਰ ਵੀ ਜੋਰ ਦਿੱਤਾ ਗਿਆ ਹੈ।