ਅਮਰੀਕਾ ਵਿਚ ਪੰਜਾਬੀ ਪਰਿਵਾਰ ਨਾਲ ਵਾਪਰੇ ਹਿੰਸਕ ਦੁਖਾਂਤ ਨੇ ਲੂ ਕੰਡੇ ਕੀਤੇ ਖੜ੍ਹੇ

ਅਮਰੀਕਾ ਵਿਚ ਪੰਜਾਬੀ ਪਰਿਵਾਰ ਨਾਲ ਵਾਪਰੇ  ਹਿੰਸਕ ਦੁਖਾਂਤ ਨੇ ਲੂ ਕੰਡੇ ਕੀਤੇ ਖੜ੍ਹੇ

ਪੰਜਾਬੀ ਪਰਿਵਾਰ ਦੇ ਚਾਰ ਮੈਂਬਰਾਂ ਦੀਆਂ ਲਾਸ਼ਾਂ ਅਮਰੀਕੀ ਸੂਬੇ ਕੈਲੀਫੋਰਨੀਆ ਦੀ ਮਰਸੇਡ ਕਾਊਂਟੀ ਵਿਚੋਂ ਬਰਾਮਦ 

*ਸਿੱਖ ਪਰਿਵਾਰ ਨੂੰ ਜਾਣਦਾ ਸੀ ਕਾਤਲ :   ਪੁਲੀਸ                 

*ਹੱਤਿਆ ਦੇ ਮੁਲਜ਼ਮ ਨੇ 17 ਸਾਲ ਪਹਿਲਾਂ ਵੀ ਲੁੱਟਿਆ ਸੀ ਇਕ ਪਰਿਵਾਰ     

ਅੰਮ੍ਰਿਤਸਰ ਟਾਈਮਜ਼ 

ਕੈਲੀਫੋਰਨੀਆ: ਹੁਸ਼ਿਆਰਪੁਰ ਦੇ ਟਾਂਡਾ ਉੜਮੁੜ ਲਾਗਲੇ ਹਰਸੀ–ਪਿੰਡ ਦੇ ਇਕ ਪੰਜਾਬੀ ਪਰਿਵਾਰ ਦੇ ਚਾਰ ਮੈਂਬਰਾਂ ਅਮਨਦੀਪ ਸਿੰਘ, ਪਤਨੀ ਜਸਲੀਨ ਕੌਰ, 8 ਮਹੀਨਿਆਂ ਦੀ ਬੱਚੀ ਅਰੂਹੀ, ਭਰਾ ਜਸਦੀਪ ਸਿੰਘ ਦੀਆਂ ਲਾਸ਼ਾਂ ਅਮਰੀਕੀ ਸੂਬੇ ਕੈਲੀਫੋਰਨੀਆ ਦੀ ਮਰਸੇਡ ਕਾਊਂਟੀ ’ਵਿਚ ਬਰਾਮਦ ਹੋ ਗਈਆਂ ਹਨ। ਉਹ ਸਾਰੇ ਪਿਛਲੇ ਕੁਝ ਦਿਨਾਂ ਤੋਂ ਭੇਤ ਭਰੀ ਹਾਲਤ ’ਵਿਚ ਲਾਪਤਾ ਸਨ। ਹੁਣ ਪਤਾ ਲੱਗਾ ਹੈ ਕਿ ਉਨ੍ਹਾਂ ਨੂੰ ਬੀਤੇ ਹਫਤੇ ਮਰਸਿਡ ਕਾਉਂਟੀ ਵਿਖੇ ਉਨ੍ਹਾਂ ਦੇ ਨਵੇਂ ਖੋਲ੍ਹੇ ਗਏ ਟਰੱਕਿੰਗ ਕਾਰੋਬਾਰ ਤੋਂ  ਅਗਵਾ ਕੀਤਾ ਗਿਆ ਸੀ। ਇਕ ਦਿਨ ਪਹਿਲਾਂ ਉਨ੍ਹਾਂ ਦੀ ਕਾਰ ਸੜੀ ਹੋਈ ਹਾਲਤ ’ਵਿਚ ਮਿਲੀ ਸੀ।  ਅਮਨਦੀਪ ਸਿੰਘ ਦੇ ਹਰਸੀ-ਪਿੰਡ ਦੇ ਨਾਲ–ਨਾਲ ਜਸਲੀਨ ਕੌਰ ਦੇ ਜਲੰਧਰ ਜ਼ਿਲ੍ਹੇ ਦੇ ਭੋਗਪੁਰ ਲਾਗਲੇ ਪਿੰਡ ਜੰਡੀਰ ’ਵਿਚ ਇਸ ਵੇਲੇ ਸੋਗ ਦਾ ਮਾਹੌਲ ਹੈ।                  ਅਮਰੀਕਾ ਵਿੱਚ ਸਿੱਖ ਪਰਿਵਾਰ ਦੇ ਚਾਰ ਮੈਂਬਰਾਂ ਦੇ ਕਤਲ ਦਾ ਮੈਕਸੀਕੋ ਮੂਲ ਸ਼ੱਕੀ ਵਿਅਕਤੀ ਜੀਸਸ ਮੈਨੁਅਲ ਸਲਗਾਡੋ ਪਹਿਲਾਂ ਪਰਿਵਾਰ ਲਈ ਕੰਮ ਕਰਦਾ ਸੀ ਅਤੇ ਉਸ ਦਾ ਪਰਿਵਾਰ ਨਾਲ ਲੰਮੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਪੁਲੀਸ ਜਾਂਚ ਟੀਮ ਨੇ ਮਸ਼ਕੂਕ ਖ਼ਿਲਾਫ਼ ਮਾਮਲਾ ਤਿਆਰ ਕਰ ਲਿਆ ਹੈ ਅਤੇ ਉਸ ਦੇ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ। ਮੁਲਜ਼ਮ ਨੂੰ ਪਹਿਲਾਂ ਵੀ ਡਕੈਤੀ ਦੇ ਦੋਸ਼ 'ਚ ਜੇਲ੍ਹ ਭੇਜਿਆ ਗਿਆ ਸੀ, ਕਿਉਂਕਿ 17 ਸਾਲ ਪਹਿਲਾਂ ਉਸ ਨੇ ਇਕ ਪਰਿਵਾਰ ਨੂੰ ਬੰਦੂਕ ਦੇ ਜ਼ੋਰ ਨਾਲ ਡਰਾਇਆ ਅਤੇ ਲੁੱਟਿਆ ਸੀ । ਕੈਲੀਫੋਰਨੀਆ ਸੁਧਾਰ ਅਤੇ ਮੁੜ ਵਸੇਬਾ ਵਿਭਾਗ ਨੇ ਦੱਸਿਆ ਕਿ ਜੀਸਸ ਸਾਲਗਾਡੋ, ਜਿਸ ਨੂੰ ਸਿੱਖ ਪਰਿਵਾਰ ਦੇ 4 ਮੈਂਬਰਾਂ ਦੀ ਅਗਵਾ ਕਰਨ ਅਤੇ ਹੱਤਿਆ ਕਰਨ ਦੇ ਸ਼ੱਕ 'ਵਿਚ ਵੀਰਵਾਰ ਨੂੰ ਗਿ੍ਫ਼ਤਾਰ ਕੀਤਾ ਗਿਆ, ਨੂੰ 2007 'ਵਿਚ 11 ਸਾਲ ਦੀ ਸਜ਼ਾ ਸੁਣਾਈ ਗਈ ਸੀ ਅਤੇ 2015 'ਵਿਚ ਰਿਹਾਅ ਹੋਇਆ ਸੀ ਅਤੇ 3 ਸਾਲ ਬਾਅਦ ਪੈਰੋਲ 'ਤੇ ਛੁੱਟੀ ਮਿਲੀ ਸੀ । ਵਿਭਾਗ ਨੇ ਕਿਹਾ ਕਿ ਉਸ 'ਤੇ ਪਾਬੰਦੀਸ਼ੁਦਾ ਪਦਾਰਥ ਰੱਖਣ ਦਾ ਵੀ ਦੋਸ਼ ਸੀ । ਪਰਿਵਾਰ ਦੇ ਮੈਂਬਰਾਂ ਨੇ ਲਾਸ ਏਾਜਲਸ ਟਾਈਮਸ ਨੂੰ ਦੱਸਿਆ ਕਿ ਕਰੀਬ ਦੋ ਦਹਾਕੇ ਪਹਿਲਾਂ ਸਾਲਗਾਡੋ ਉਸ ਪਰਿਵਾਰ ਲਈ ਕੰਮ ਕਰਦਾ ਸੀ, ਜਿਨ੍ਹਾਂ ਦੀ ਆਪਣੀ ਟਰੱਕ ਕੰਪਨੀ ਵੀ ਸੀ, ਪਰ 2004 'ਚ ਪਰਿਵਾਰ ਨੇ ਪੈਸੇ ਚੋਰੀ ਕਰਨ ਦੇ ਸ਼ੱਕ 'ਵਿਚ ਉਸ ਨੂੰ ਕੱਢ ਦਿੱਤਾ ਸੀ ।ਕੈਥੀ ਅਤੇ ਉਸ ਦੀ ਬੇਟੀ ਕੈਟਰੀਨਾ ਨੇ ਸਾਲਗਾਡੋ ਦੀ ਤਸਵੀਰ ਸਾਹਮਣੇ ਆਉਣ 'ਤੇ ਪਹਿਲਾਂ ਤਾਂ ਉਸ ਨੂੰ ਨਹੀਂ ਪਛਾਣਿਆ ।ਸਾਲਗਾਡੋ (ਜੋ ਕਿ ਹੁਣ 48 ਦਾ ਹੈ), ਨੂੰ ਦੱਖਣ ਬਾਅਦ ਕੈਥੀ ਤੇ ਕੈਟਰੀਨਾ ਨੂੰ ਯਕੀਨ ਨਹੀਂ ਹੋਇਆ ਕਿ ਉਹੀ ਵਿਅਕਤੀ ਸੀ ਜਿਸ ਨੇ 17 ਸਾਲ ਪਹਿਲਾਂ ਉਨ੍ਹਾਂ ਨੂੰ ਉਨ੍ਹਾਂ ਦੇ ਹਨ੍ਹੇਰੇ ਗੈਰਾਜ ਵਿਚ ਲੁੱਟਿਆ ਸੀ । ਉਨ੍ਹਾਂ ਨੇ ਦੇਖਿਆ ਕਿ ਦੋਵੇਂ ਅਪਰਾਧਾਂ ਵਿਚ ਅਪਣਾਇਆ ਤਰੀਕਾ ਇਕੋ ਜਿਹਾ ਸੀ, ਬੰਦੂਕ ਦਿਖਾ ਕੇ ਇਕ ਪਰਿਵਾਰ ਨੂੰ ਉਨ੍ਹਾਂ ਦੀ ਸੰਪਤੀ 'ਵਿਚ ਡਰਾਉਣਾ ਅਤੇ ਉਨ੍ਹਾਂ ਨੂੰ ਮਾਰਨ ਦੀ ਧਮਕੀ ਦੇ ਕੇ ਆਦੇਸ਼ ਮੰਨਣ ਲਈ ਮਜਬੂਰ ਕਰਨਾ । ਕੈਟਰੀਨਾ, ਜੋ ਕਿ ਘਟਨਾ ਦੇ ਸਮੇਂ 16 ਸਾਲ ਦੀ ਸੀ, ਨੇ ਯਾਦ ਕਰਦਿਆਂ ਦੱਸਿਆ ਕਿ 19 ਦਸੰਬਰ 2005 ਦੀ ਰਾਤ ਨੂੰ ਉਹ (ਅਪਰਾਧੀ) ਮਾਸਕ ਪਹਿਨੀ ਉਨ੍ਹਾਂ ਨੂੰ ਦੇ ਘਰ ਦਾਖਲ ਹੋਇਆ ਅਤੇ ਉਸ ਦੇ ਪਿਤਾ ਦੇ ਸਿਰ 'ਤੇ ਬੰਦੂਕ ਰੱਖ ਕੇ ਟੇਪ ਨਾਲ ਉਸ ਦੇ ਹੱਥ ਬੰਨ੍ਹ ਦਿੱਤੇ । ਸਾਲਗਾਡੋ ਪਰਿਵਾਰ ਦੇ ਨਾਲ-ਨਾਲ ਕੈਟਰੀਨਾ ਦੇ ਦੋਸਤ, ਜੋ ਉਸ ਦੇ ਘਰ ਮਿਲਣ ਆਇਆ ਸੀ, ਨੂੰ ਵੀ ਗੈਰਾਜ ਵਿਚ ਲੈ ਗਿਆ, ਜਿਥੇ ਪਰਿਵਾਰ ਨੂੰ ਨਕਦੀ ਅਤੇ ਗਹਿਣੇ ਸੁਰੱਖਿਅਤ ਰੱਖੇ ਸਨ ।ਕੈਥੀ ਤੇ ਕੈਟਰੀਨਾ ਨੇ ਕਿਹਾ ਕਿ ਉਨ੍ਹਾਂ ਨੂੰ ਲੁੱਟਣ ਦੇ, ਕੈਥੀ ਦੇ ਵਿਆਹ ਦੀ ਮੁੰਦਰੀ ਵੀ ਲੈ ਗਿਆ, ਬਾਅਦ ਸਾਲਗਾਡੋ ਪਰਿਵਾਰ ਨੂੰ ਵਿਹੜੇ 'ਵਿਚ ਪੂਲ ਕੋਲ ਲੈ ਗਿਆ ਅਤੇ ਉਨ੍ਹਾਂ ਨੂੰ ਪੂਲ 'ਵਿਚ ਛਾਲ ਮਾਰਨ ਲਈ ਮਜਬੂਰ ਕੀਤਾ ਅਤੇ ਭੱਜ ਗਿਆ ।ਸਾਲਗਾਡੋ ਨੂੰ 2007 ਵਿਚ ਦੋਸ਼ੀ ਠਹਿਰਾਇਆ ਗਿਆ ਸੀ |

ਮਰਸਿਡ ਕਾਉਂਟੀ ਸ਼ੈਰਿਫ ਵੇਰਨ ਵੇਰਨਕੀ ਨੇ ਦੱਸਿਆ ਸੀ ਕਿ ਬੀਤੇ ਹਫਤੇ ਸਵੇਰੇ  ਇਕ ਸਿਰਫਿਰੇ  ਵਲੋਂ ਯੋਜਨਾਬੱਧ ਢੰਗ ਨਾਲ ਪਰਿਵਾਰ ਨੂੰ ਅਗਵਾ ਕਰ ਲਿਆ ਗਿਆ ਸੀ, ਜਿਨ੍ਹਾਂ ਦੀਆਂ ਲਾਸ਼ਾਂ  ਮਰਸਿਡ ਸ਼ਹਿਰ ਦੇ ਇੰਡੀਆਨਾ ਰੋਡ ਤੇ ਹੁਚਨਸਨ ਰੋਡ ਨਾਲ ਪੈਂਦੇ ਇਕ ਬਾਗ਼ 'ਵਿਚੋਂ ਬਰਾਮਦ ਕੀਤੀਆਂ  ਗਈਆਂ ਗਈਆਂ ਸਨ।  ਉਨ੍ਹਾਂ ਦੱਸਿਆ ਕਿ ਬਾਗ਼ ਨੇੜੇ ਇਕ ਖੇਤ ਕਾਮੇ ਨੇ ਲਾਸ਼ਾਂ ਵੇਖੀਆਂ ਅਤੇ ਉਸਨੇ ਤੁਰੰਤ ਪ੍ਰਸ਼ਾਸਨ ਨਾਲ ਸੰਪਰਕ ਕੀਤਾ ।  ਉਸ ਮੁਲਜ਼ਮ  ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਦੋਸ਼ੀ ਸਲਗਾਡੋ ਨੇ ਉਨ੍ਹਾਂ ਕੋਲ ਮੰਨਿਆ ਕਿ ਉਹ ਪਰਿਵਾਰ ਨੂੰ ਅਗਵਾ ਕਰਨ 'ਵਿਚ ਸ਼ਾਮਿਲ ਸੀ । ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਟਰੱਕਿੰਗ ਕੰਪਨੀ 'ਵਿਚੋਂ ਕੁਝ ਵੀ ਚੋਰੀ ਨਹੀਂ ਹੋਇਆ ਪਰ ਮਿ੍ਤਕਾਂ ਦੇ ਗਹਿਣੇ ਪਾਏ ਹੋਏ ਸਨ ।  ਪੁਲਿਸ ਮੁਤਾਬਿਕ ਮੁਲਜ਼ਮ ਸਲਗਾਡੋ (48) ਅਜੇ ਵੀ ਹਸਪਤਾਲ 'ਵਿਚ ਬੇਹੋਸ਼ੀ ਦੀ ਹਾਲਤ 'ਵਿਚ ਹੈ । ਇਹ ਵੀ ਪਤਾ ਲੱਗਾ ਹੈ ਕਿ ਜਦੋਂ ਕੁਝ ਹੋਸ਼ ਆਉਣ 'ਤੇ ਉਸ ਨੂੰ ਪੁਲਿਸ ਵਲੋਂ ਇਹ ਪੁੱਛਿਆ ਗਿਆ ਕਿ ਅਗਵਾ ਕੀਤਾ ਗਿਆ ਪਰਿਵਾਰ ਜ਼ਿੰਦਾ ਹੈ ਤਾਂ ਉਸ ਨੇ ਸਿਰ ਫੇਰ ਦਿੱਤਾ । ਸ਼ੈਰਿਫ ਵੇਰਨ ਵੇਰਨਕੀ ਨੇ ਸ਼ੱਕ ਜ਼ਾਹਰ ਕੀਤਾ ਸੀ ਕਿ ਇਹ ਪੈਸੇ ਦੇ ਲੈਣ-ਦੇਣ ਦਾ ਮਾਮਲਾ ਵੀ ਹੋ ਸਕਦਾ ਹੈ ਤੇ ਇਸ 'ਵਿਚ ਇਕ ਤੋਂ ਵੱਧ ਵਿਅਕਤੀ ਸ਼ਾਮਿਲ ਹੋ ਸਕਦੇ ਹਨ ਪਰ ਇਹ ਮੁਲਜ਼ਮ ਦੇ ਜ਼ਬਾਨ ਖੋਲ੍ਹਣ 'ਤੇ ਹੀ ਪਤਾ ਲੱਗੇਗਾ ।

ਦੂਸਰੇ ਪਾਸੇ ਪੀੜਤ ਪਰਿਵਾਰ ਦੇ ਮੈਂਬਰਾਂ ਸੁਖਦੀਪ ਸਿੰਘ ਤੇ ਬਲਵਿੰਦਰ ਸਿੰਘ ਨੇ ' ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦੀ ਕਿਸੇ ਨਾਲ ਵੀ ਕੋਈ ਦੁਸ਼ਮਣੀ ਜਾਂ ਮਤਭੇਦ ਨਹੀਂ ਸੀ ਪਰ ਫਿਰ ਵੀ ਅਜਿਹਾ ਕਿਉਂ ਵਾਪਰਿਆ, ਉਨ੍ਹਾਂ ਦੀ ਸਮਝ ਤੋਂ ਬਾਹਰ ਹੈ ।

ਰਿਪੋਰਟ ਮੁਤਾਬਕ, ਪੀੜਤ ਅਮਨਦੀਪ ਸਿੰਘ ਅਤੇ ਜਸਦੀਪ ਸਿੰਘ ਦੇ ਪਿਤਾ ਰਣਧੀਰ ਸਿੰਘ ਸਿਹਤ ਵਿਭਾਗ ਤੋਂ ਅਤੇ ਮਾਂ ਕਿਰਪਾਲ ਸਿੱਖਿਆ ਵਿਭਾਗ ਤੋਂ ਸੇਵਾਮੁਕਤ ਹਨ।ਪਿਤਾ ਰਣਧੀਰ ਸਿੰਘ ਤੇ ਮਾਤਾ ਕਿਰਪਾਲ ਕੌਰ ਜੋ 5 ਦਿਨ ਪਹਿਲਾਂ ਹੀ ਅਮਰੀਕਾ ਤੋਂ ਹਰਸੀ ਪਿੰਡ ਆਏ ਸਨ ਅਤੇ ਹੇਮਕੁੰਟ ਸਾਹਿਬ ਮੱਥਾ ਟੇਕਣ ਜਾ ਰਹੇ ਸਨ ਤਾਂ ਰਸਤੇ 'ਵਿਚ ਹੀ ਉਨ੍ਹਾਂ ਨੂੰ ਇਹ ਖ਼ਬਰ ਮਿਲ ਗਈ ਤਾਂ ਉਹ ਰਿਸ਼ੀਕੇਸ਼ ਤੋਂ ਵਾਪਸ ਪਿੰਡ ਪਰਤ ਆਏ ।ਅਗਲੇ ਹੀ ਦਿਨ ਉਹ ਅਮਰੀਕਾ ਲਈ ਰਵਾਨਾ ਹੋ ਗਏ । ਇਸ ਘਟਨਾ ਸੰਬੰਧੀ ਮਿਲੇ ਵੇਰਵਿਆਂ ਅਨੁਸਾਰ ਅਗਵਾ ਕਰਨ ਵਾਲਾ ਸਲਗਾਡੋ ਪਹਿਲਾਂ ਤਾਂ ਇਸ ਪਰਿਵਾਰ ਦੇ ਕਿਸੇ ਹੋਰ ਰਿਸ਼ਤੇਦਾਰ ਦਾ ਟਰੱਕ ਚਲਾਉਂਦਾ ਸੀ ਤੇ ਫਿਰ ਉਸ ਤੋਂ ਹਟ ਕੇ ਇਸ ਪਰਿਵਾਰ ਦਾ ਕਰੀਬ ਇਕ ਮਹੀਨਾ ਟਰੱਕ ਚਲਾਇਆ ।ਇਹ ਟਰੱਕ ਯਾਰਡ ਵੀ ਅਜੇ ਨਵਾਂ ਹੀ ਬਣਾਇਆ ਗਿਆ ਸੀ । ਦੋਵੇਂ ਭਰਾ ਟਰੱਕ ਕਾਰੋਬਾਰ ਸੰਭਾਲਦੇ ਸਨ ਤੇ ਛੋਟੇ ਭਰਾ ਦੀ ਪਤਨੀ ਜਸਲੀਨ ਕੌਰ ਦਫ਼ਤਰ ਦਾ ਕੰਮ ਸੰਭਾਲਦੀ ਸੀ । ਜਿਸ ਵੇਲੇ ਉਨ੍ਹਾਂ ਨੂੰ ਅਗਵਾ ਕੀਤਾ ਗਿਆ, ਦੋਸ਼ੀ ਨੇ ਮੂੰਹ 'ਤੇ ਮਾਸਕ ਤੇ ਹੁੱਡ ਵਾਲੀ ਜੈਕਿਟ ਪਾਈ ਹੋਈ ਸੀ, ਕੋਲ ਖਾਲੀ ਬੋਤਲਾਂ ਵਾਲਾ ਲਿਫਾਫਾ ਫੜਿਆ ਹੋਇਆ ਸੀ, ਫਿਰ ਉਹ ਦਫਤਰ ਅੰਦਰ ਗਿਆ ਤੇ ਪਿਸਤੌਲ ਦਿਖਾ ਕੇ ਪਹਿਲਾਂ ਦੋਵਾਂ ਭਰਾਵਾਂ ਨੂੰ ਹੱਥ ਬੰਨ੍ਹ ਕੇ ਅਗਵਾ ਕੀਤਾ ਤੇ ਫਿਰ ਦੋਵਾਂ ਨੂੰ ਆਪਣੇ ਪਿਕਅੱਪ 'ਵਿਚ ਬਿਠਾ ਕੇ ਕਿਧਰੇ ਲੈ ਜਾਂਦਾ ਹੈ ਤੇ ਫਿਰ ਛੇ ਮਿੰਟ ਬਾਅਦ ਵਾਪਸ ਆ ਕੇ ਜਸਲੀਨ ਕੌਰ ਤੇ ਉਸਦੀ ਬੇਟੀ ਆਰੂਹੀ ਢੇਰੀ ਨੂੰ ਅਗਵਾ ਕਰਕੇ ਲੈ ਜਾਂਦਾ ਹੈ | ਇਸ ਤੋਂ ਇਲਾਵਾ ਦੋਵਾਂ ਭਰਾਵਾਂ 'ਵਿਚੋਂ ਇਕ ਦਾ ਫੋਨ ਮੁਲਜ਼ਮ ਨੇ ਆਪਣੇ ਟਰੱਕ ਥੱਲੇ ਦੇ ਕੇ ਤੋੜ ਦਿੱਤਾ ਤੇ ਦੂਸਰੇ ਭਰਾ ਦਾ ਫੋਨ ਰਸਤੇ 'ਵਿਚ ਸੁਟ ਦਿਤਾ।                      

ਕਿੰਨੇ ਚਾਵਾਂ ਨਾਲ ਪਰਿਵਾਰ ਆਪਣੇ ਜਿਗਰ ਦੇ ਟੋਟਿਆਂ ਨੂੰ ਮੋਟੇ ਖ਼ਰਚੇ ਕਰ ਕੇ, ਕਈ ਵਾਰ ਕਰਜ਼ੇ ਚੁੱਕ ਕੇ, ਮਕਾਨ ਗਹਿਣੇ ਧਰ ਕੇ ਜਾਂ ਗਹਿਣੇ–ਗੱਟੇ ਵੇਚ ਕੇ ਸੱਤ ਸਮੁੰਦਰ ਪਾਰ ਭੇਜਦੇ ਹਨ ਤੇ ਅੱਗਿਓਂ ਜਦੋਂ ਕਦੇ ਅਜਿਹਾ ਭਾਣਾ ਵਰਤ ਜਾਂਦਾ ਹੈ ਤਾਂ ਪਰਿਵਾਰ ਨੂੰ ਆਪਣਾ ਭਵਿੱਖ ਹਨੇਰਾ ਜਾਪਣ ਲੱਗਦਾ ਹੈ। ਉੱਧਰ ਅਮਰੀਕੀ ਸੂਬੇ ਇੰਡੀਆਨਾ ਦੇ ਸ਼ਹਿਰ ਇੰਡੀਆਨਾਪੋਲਿਸ ’ਵੀਚ 20 ਸਾਲਾਂ ਦੇ ਇਕ ਭਾਰਤੀ ਵਿਦਿਆਰਥੀ ਦਾ ਕਤਲ ਹੋ ਗਿਆ ਹੈ। ਮੈਕਸੀਕੋ ਦੇਸ਼ ’ਵਿਚ ਇਕ ਵਿਅਕਤੀ ਨੇ ਗੋਲ਼ੀਬਾਰੀ ਕਰ ਕੇ ਇਕ ਮੇਅਰ ਸਮੇਤ 18 ਜਾਨਾਂ ਲੈ ਲਈਆਂ ਹਨ। ਅਮਰੀਕਾ ਦੇ ਗੰਨ ਕਲਚਰ ਨੇ ਉਂਝ ਵੀ ਵਖ਼ਤ ਪਾਇਆ ਹੋਇਆ ਹੈ। ਖ਼ੁਦ ਅਮਰੀਕਨ ਵੀ ਇਸ ਤੋਂ ਡਾਢੇ ਔਖੇ–ਭਾਰੇ ਹਨ ਪਰ ਦੋਵੇਂ ਪ੍ਰਮੁੱਖ ਪਾਰਟੀਆਂ ਉੱਤੇ ਤੇ ਸਰਕਾਰੇ–ਦਰਬਾਰੇ ਹਥਿਆਰ ਮਾਫ਼ੀਆ ਦੇ ਜ਼ੋਰ ਕਾਰਨ ਕਿਸੇ ਦਾ ਕੋਈ ਵੱਸ ਨਹੀਂ ਚੱਲਦਾ।  ਦਰਅਸਲ ਕੋਵਿਡ–19 ਕਰਕੇ ਬਹੁਤ ਸਾਰੇ ਬੇਰੁਜ਼ਗਾਰ ਹੋ ਗਏ ਸਨ ਤੇ ਕਾਰੋਬਾਰ ਠੱਪ ਹੋ ਕੇ ਰਹਿ ਗਏ ਸਨ। ਇਸ ਲਈ ਉਨ੍ਹਾਂ ਲਈ ਮਾਨਸਿਕ ਕਸ਼ਟ ਝੱਲਣਾ ਸੁਭਾਵਿਕ ਹੈ। ਇਸੇ ਲੋਰ ’ਵਿਚ ਹੁਣ ਅਜਿਹੀਆਂ ਹਿੰਸਕ ਵਾਰਦਾਤਾਂ ਅਚਾਨਕ ਵੱਧ ਵਾਪਰਨ ਲੱਗ ਪਈਆਂ ਹਨ।  

ਪੰਜਾਬ ਦੇ ਮੁੱਖ ਮੰਤਰੀ ,ਸੁਖਬੀਰ ਬਾਦਲ ਦੀ ਵਿਦੇਸ਼ ਮੰਤਰੀ ਨੂੰ ਉੱਚ ਪੱਧਰੀ ਜਾਂਚ ਲਈ ਅਪੀਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕੇ ਕਿਹਾ, "ਕੈਲੀਫੋਰਨੀਆ 'ਚ ਅਗਵਾ ਕਰ 4 ਭਾਰਤੀਆਂ ਦੇ ਕਤਲ ਦੀ ਖ਼ਬਰ ਮਿਲੀ, ਜਿਹਨਾਂ ਵਿੱਚ 8 ਮਹੀਨੇ ਦੀ ਬੱਚੀ ਦਾ ਵੀ ਕਤਲ ਕਰ ਦਿੱਤਾ ਗਿਆ।"ਇਸ ਖ਼ਬਰ ਨਾਲ ਦਿਲ ਕਾਫੀ ਦੁਖੀ ਹੋਇਆ ਤੇ ਮੈਂ ਪੀੜਿਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਾਂ, ਨਾਲ ਹੀ ਕੇਂਦਰੀ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਅਪੀਲ ਕਰਦਾ ਹਾਂ ਕਿ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਵੇ।"

ਇਸ ਬਾਰੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਟਵੀਟ ਕਰਦਿਆਂ ਵਿਦੇਸ਼ ਮਾਮਲਿਆਂ ਦੇ ਮੰਤਰੀ ਡਾ. ਜੈਸ਼ੰਕਰ ਨੂੰ ਅਪੀਲ ਕੀਤੀ  ਕਿ ਉਹ ਭਾਰਤੀਆਂ ਦੀ ਰੱਖਿਆ ਅਤੇ ਸੁਰੱਖਿਆ ਦਾ ਮੁੱਦਾ ਅਮਰੀਕੀ ਪ੍ਰਸ਼ਾਸਨ ਕੋਲ ਚੁੱਕਣ।  ਕੈਲੀਫੋਰਨੀਆ 'ਵਿਚ ਸਿੱਖ ਪਰਿਵਾਰ ਨੂੰ ਮਾਰੇ ਜਾਣ ਦੀ ਘਟਨਾ ਤੋਂ ਕੁਝ ਦਿਨਾਂ ਬਾਅਦ ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਨੂੰ ਹੈਰਾਨ ਕਰਨ ਵਾਲੀ ਖ਼ਬਰ ਦੱਸਿਆ ਹੈ ਅਤੇ ਕਿਹਾ ਕਿ ਉਸ ਦੇ ਸਾਨ ਫਰਾਂਸਿਸਕੋ ਵਿਚ ਭਾਰਤੀ ਅਧਿਕਾਰੀ ਸਥਾਨਕ ਅਧਿਕਾਰੀਆਂ ਨਾਲ ਇਸ ਮਾਮਲੇ ਵਿਚ ਸੰਪਰਕ ਵਿਚ ਹਨ । ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਇਹ ਇਕ ਹੈਰਾਨ ਕਰਨ ਵਾਲਾ ਹਾਦਸਾ ਹੈ ਅਤੇ ਅਸੀਂ ਹਰ ਉਹ ਮਦਦ ਕਰਾਂਗੇ ਜੋ ਅਸੀਂ ਕਰ ਸਕਦੇ ਹਾਂ ।