ਬਸਪਾ ਚਾਲ਼ੀ ਸਾਲਾਂ ਵਿੱਚ ਛੇ ਐਮਪੀ ਬਣਾਉਣ ਵਿਚ ਕਾਮਯਾਬ ਰਹੀ

ਬਸਪਾ ਚਾਲ਼ੀ ਸਾਲਾਂ ਵਿੱਚ ਛੇ ਐਮਪੀ ਬਣਾਉਣ ਵਿਚ ਕਾਮਯਾਬ ਰਹੀ

1996 ਵਿਚ ਕੋਈ ਲੋਕ ਸਭਾ ਸੀਟ ਜਿਤ ਨਾ ਸਕੀ  

* ਬਹੁਜਨ ਨਾਇਕ ਕਾਂਸ਼ੀਰਾਮ ਦੇ ਦਿਹਾਂਤ ਬਾਅਦ ਬਸਪਾ ਤਾਸ਼ ਦੇ ਪੱਤਿਆਂ ਵਾਂਗ ਖਿੰਡਰੀ 

 *ਪੰਜਾਬ ਵਿਚ ਜਾਤੀਵਾਦ ਘੱਟ ਹੋਣ ਕਰਕੇ ਬਸਪਾ ਸਫਲ ਨਾ ਹੋ ਸਕੀ

ਪੰਜਾਬ ਵਿੱਚ ਦਲਿਤ ਵਸੋਂ 32 ਫ਼ੀਸਦੀ ਤੋਂ ਵੱਧ ਹੈ ਜਿਸ ਕਾਰਨ ਭਾਰਤ ਦੇ 28 ਸੂਬਿਆਂ ਵਿੱਚੋਂ ਦਲਿਤ ਅਬਾਦੀ ਵਿੱਚ ਪੰਜਾਬ ਪਹਿਲੇ ਨੰਬਰ ਉਪਰ ਹੈ।ਮਨਿਸਟਰੀ ਆਫ਼ ਸੋਸ਼ਲ ਜਸਟਿਸ ਦੀ 2018 ਦੀ ਰਿਪੋਰਟ ਮੁਤਾਬਕ ਪੰਜਾਬ ਵਿੱਚ ਦਲਿਤਾਂ ਦੀਆਂ 39 ਉੱਪ ਜਾਤੀਆਂ ਹਨ। ਇਹ ਲੋਕ ਸਿੱਖ, ਹਿੰਦੂ, ਇਸਾਈ ਅਤੇ ਬੁੱਧ ਧਰਮ ਨੂੰ ਮੰਨਦੇ ਹਨ ਅਤੇ ਇਸ ਤੋਂ ਇਲਾਵਾ ਲੋਕ ਰਵੀਦਾਸੀਏ, ਕਬੀਰਪੰਥੀ, ਬਾਲਮਿਕੀ ਵਿਚਾਰਧਾਰਾਂ ਅਤੇ ਵੱਖ-ਵੱਖ ਡੇਰਿਆ ਨਾਲ ਜੁੜੇ ਹੋਏ ਹਨ। ਪੰਜਾਬ ਵਿੱਚ ਬਸਪਾ, ਖੱਬੇਪੱਖੀ ਪਾਰਟੀਆਂ ਅਤੇ ਕਾਂਗਰਸ ਮੁੱਖ ਤੌਰ ’ਤੇ ਦਲਿਤ ਸਿਆਸਤ ਉਪਰ ਜ਼ੋਰ ਦਿੰਦੀਆਂ ਰਹੀਆਂ ਹਨ ਪਰ ਚੋਣਾਂ ਵਿੱਚ ਦਲਿਤਾਂ ਲਈ ਸੀਟਾਂ ਰਾਖਵੀਆਂ ਹੋਣ ਕਾਰਨ ਹੁਣ ਸਾਰੀਆਂ ਹੀ ਸਿਆਸੀ ਪਾਰਟੀਆਂ ਦਲਿਤ ਵੋਟ ਬੈਂਕ ਨੂੰ ਖਾਸ ਤਵੱਜੋ ਦਿੰਦੀਆਂ ਹਨ।

ਸਾਲ 2024 ਦੀਆਂ ਲੋਕ ਸਭਾ ਚੋਣਾਂ ਲਈ ਪੰਜਾਬ ਦੀਆਂ 13 ਸੀਟਾਂ ਵਿੱਚੋਂ 4 ਦਲਿਤ ਭਾਈਚਾਰੇ ਲਈ ਰਾਖਵੀਆਂ ਹਨ।ਕਾਂਸ਼ੀ ਰਾਮ ਨੇ 1984 ਵਿੱਚ ਬਸਪਾ ਦੀ ਸਥਾਪਨਾ ਕੀਤੀ ਸੀ। ਉਨ੍ਹਾਂ ਨੇ ਪੰਜਾਬ ਵਿੱਚ ਸਾਈਕਲ ਉਪਰ ਯਾਤਰਾਵਾਂ ਕੀਤੀਆਂ ਅਤੇ ਦਲਿਤਾਂ ਦੀ ਚੇਤਨਾ ਵਧਾਉਣ ਦਾ ਕੰਮ ਕੀਤਾ।ਬਹੁਜਨ ਸਮਾਜ ਪਾਰਟੀ ਨੇ ਉੱਤਰ ਪ੍ਰਦੇਸ਼ ਵਿੱਚ ਸੱਤਾ ਦਾ ਸੁੱਖ ਹੰਢਾਇਆ ਪਰ ਕਾਂਸ਼ੀਰਾਮ ਦੀ ਆਪਣੀ ਮਾਤਭੂਮੀ ਯਾਨੀ ਪੰਜਾਬ ਵਿੱਚ ਬਸਪਾ ਸੱਤਾ ਤੋਂ ਬਾਹਰ ਹੀ ਰਹੀ ਹੈ।

ਜ਼ਿਲ੍ਹਾ ਰੋਪੜ ਦੇ ਪਿੰਡ ਖਵਾਸਪੁਰਾ ਦੇ ਜੰਮਪਲ ਮਰਹੂਮ ਬਾਬੂ ਕਾਂਸ਼ੀ ਰਾਮ ਨੇ 1984 ਵਿਚ ਸਥਾਪਤ ਕੀਤੀ ਸੀ।ਬਸਪਾ ਨੇ ਆਪਣੇ ਚਾਲ਼ੀ ਸਾਲਾਂ ਦੇ ਇਤਿਹਾਸ ਵਿਚ ਆਈਆਂ ਸਾਰੀਆਂ ਦਸ ਚੋਣਾਂ ਲੜੀਆਂ ਹਨ। ਛੇ ਵਾਰ ਇਕੱਲਿਆਂ ਅਤੇ ਚਾਰ ਵਾਰ ਗੱਠਜੋੜ ਤਹਿਤ ਚੋਣਾਂ ਲੜੀਆਂ ਤੇ ਪਾਰਟੀ ਤਿੰਨ ਵਾਰੀਆਂ ਵਿਚ ਆਪਣੇ ਛੇ ਐਮਪੀ ਬਣਾਉਣ ਵਿਚ ਕਾਮਯਾਬ ਰਹੀ। ਬਸਪਾ ਦੇ ਸੂਬਾਈ ਪ੍ਰਧਾਨ ਰਹਿ ਚੁੱਕੇ ਅਵਤਾਰ ਸਿੰਘ ਕਰੀਮਪੁਰੀ ਨੂੰ ਇਕ ਵਾਰ ਯੂਪੀ ਤੋਂ ਰਾਜ ਸਭਾ ਮੈਂਬਰ ਬਣਨ ਦਾ ਮਾਣ ਹਾਸਲ ਹੈ। ਪਿਛਲੇ ਢਾਈ ਦਹਾਕਿਆਂ ਵਿਚ ਲੜੀਆਂ ਸਾਰੀਆਂ ਛੇ ਚੋਣਾਂ ਦੌਰਾਨ ਬਸਪਾ ਦੇ ਹੱਥ ਇੱਕ ਵੀ ਸੀਟ ਨਹੀਂ ਲੱਗੀ।

ਬਸਪਾ ਵੱਲੋਂ 1985 ਵਿਚ ਲੜੀ ਪਲੇਠੀ ਚੋਣ ਦੌਰਾਨ ਭਾਵੇਂ ਹੱਥ ਖਾਲੀ ਰਹੇ ਪਰ 1989 ਵਿਚ ਇਸ ਨੂੰ ਸੰਸਦ ਵਿਚ ਦਾਖ਼ਲੇ ਦਾ ਮੌਕਾ ਮਿਲਿਆ ਤੇ ਫਿਲੌਰ ਤੋਂ ਬਸਪਾ ਉਮੀਦਵਾਰ ਵਜੋਂ ਬਸਪਾ ਪੰਜਾਬ ਦੇ ਉਸ ਵੇਲੇ ਜਨਰਲ ਸਕੱਤਰ ਹਰਭਜਨ ਸਿੰਘ ਲਾਖਾ ਜੇਤੂ ਰਹੇ। 1992 ਦੀ ਚੋਣ ਦੌਰਾਨ ਗਰਾਫ ਉਤਾਂਹ ਚੜ੍ਹਿਆ ਤੇ ਹਰਭਜਨ ਲਾਖਾ ਲਗਾਤਾਰ ਦੂਜੀ ਵਾਰ ਫਿਲੌਰ ਤੋਂ ਅਤੇ ਫਿਰੋਜ਼ਪੁਰ ਤੋਂ ਉਸ ਸਮੇਂ ਪਾਰਟੀ ਦੇ ਸੂਬਾ ਪ੍ਰਧਾਨ ਡਾ. ਮੋਹਨ ਸਿੰਘ ਫਲ਼ੀਆਂਵਾਲ਼ਾ ਜੇਤੂ ਰਹੇ। ਇਹ ਤਿੰਨੋਂ ਚੋਣਾਂ ਬਸਪਾ ਨੇ ਆਪਣੇ ਬਲਬੂਤੇ ਲੜੀਆਂ ਸਨ। ਇਸ ਮਗਰੋਂ 1996 ਦੀ ਚੋਣ ਬਸਪਾ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਰਲ਼ ਕੇ ਲੜੀ। ਇਸ ਦੌਰਾਨ ਹੁਸ਼ਿਆਰਪੁਰ ਤੋਂ ਪਾਰਟੀ ਦੇ ਬਾਨੀ ਪ੍ਰਧਾਨ ਕਾਂਸ਼ੀ ਰਾਮ ਵੀ ਸੰਸਦ ਮੈਂਬਰ ਚੁਣੇ ਗਏ ਅਤੇ ਨਾਲ ਹੀ ਫਿਲੌਰ ਤੋਂ ਹੀ ਹਰਭਜਨ ਲਾਖਾ ਤੀਜੀ ਵਾਰ ਅਤੇ ਫਿਰੋਜ਼ਪੁਰ ਤੋਂ ਡਾ. ਮੋਹਨ ਸਿੰਘ ਫਲ਼ੀਆਂਵਾਲ਼ਾ ਦੂਜੀ ਵਾਰ ਜੇਤੂ ਹੋ ਕੇ ਨਿਕਲ਼ੇ। ਪਰ ਦਲਿਤਾਂ ਦੇ ਵਿਹੜਿਆਂ ਵਿਚੋਂ ਉਭਰੀ ਬਸਪਾ ਦੀ ਇਹ ਹੁਣ ਤੱਕ ਦੀ ਅੰਤਲੀ ਜਿੱਤ ਹੋ ਕੇ ਰਹਿ ਗਈ। ਇਸ ਤੋਂ ਬਾਅਦ ਪਾਰਟੀ ਨੇ ਭਾਵੇਂ ਸਾਰੀਆਂ ਛੇ ਚੋਣਾਂ ਵਿਚ ਵੀ ਕਿਸਮਤ ਅਜ਼ਮਾਈ ਕੀਤੀ, ਪਰ ਕਿਸੇ ਵੀ ਬਸਪਾ ਉਮੀਦਵਾਰ ਨੂੰ ਮੁੜ ਪੰਜਾਬ ਤੋਂ ਸੰਸਦ ਵਿਚ ਨਾ ਜਾ ਸਕਿਆ।

ਪਾਰਟੀ ਨੇ 1998 ਵਿਚ ਅਕਾਲੀ ਦਲ (ਅੰਮ੍ਰਿਤਸਰ) ਨਾਲ ਤੇ 1999 ਵਿਚ ਗੁਰਚਰਨ ਸਿੰਘ ਟੌਹੜਾ ਦੀ ਅਗਵਾਈ ਹੇਠਾਂ ਬਣੇ ‘ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ’ ਦੇ ਨਾਲ ਗੱਠਜੋੜ ਕੀਤਾ ਪਰ ਕੋਈ ਗੱਲ ਨਾ ਬਣ ਸਕੀ। ਫੇਰ 2004, 2009 ਅਤੇ 2014 ਦੀਆਂ ਚੋਣਾ ਵਿਚ ਬਸਪਾ ਇਕੱਲਿਆਂ ਲੜੀ ਜਦੋ ਕਿ ਪਿਛਲੀਆਂ 2019 ਦੀਆਂ ਚੋਣਾਂ ਬਸਪਾ ਨੇ ਮੁੜ ਗੱਠਜੋੜ ਦੇ ਤਹਿਤ ਲੜੀਆਂ, ਪਰ ਕੁਝ ਨਾ ਬਣ ਸਕਿਆ। ਇਸ ਦੌਰਾਨ ਬਸਪਾ ਦਾ ਬੈਂਸ ਭਰਾਵਾਂ ਅਤੇ ਡਾ. ਧਰਮਵੀਰ ਗਾਂਧੀ ਦੀ ਪਾਰਟੀ ਨਾਲ ਗੱਠਜੋੜ ਰਿਹਾ। ਇਸ ਤਰ੍ਹਾਂ ਬੀਤੇ ਢਾਈ ਦਹਾਕਿਆਂ ਤੋਂ ਪਾਰਟੀ ਦੇ ਹੱਥ ਕੋਈ ਵੀ ਸੀਟ ਨਹੀਂ ਲੱਗ ਸਕੀ। ਇਸ ਦੇ ਬਾਵਜੂਦ ਐਤਕੀਂ ਫੇਰ ਬਸਪਾ ਨੇ ਇਕੱਲਿਆਂ ਹੀ ਚੋਣਾਂ ਲੜਨ ਦਾ ਫੈਸਲਾ ਲਿਆ ਹੈ। ਹੁਸ਼ਿਆਰਪੁਰ ਤੋਂ ਰਾਕੇਸ਼ ਕੁਮਾਰ ਸੁਮਨ ਨੂੰ ਮੈਦਾਨ ਵਿਚ ਵੀ ਉਤਾਰਿਆ ਜਾ ਚੁੱਕਾ ਹੈ। ਸੂਬਾਈ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੂੰ ਸ੍ਰੀ ਆਨੰਦਪੁਰ ਸਾਹਿਬ ਤੋਂ ਉਤਾਰੇ ਜਾਣ ਦੇ ਚਰਚੇ ਹਨ।

ਵਿਧਾਨ ਸਭਾ ਵਿਚ ਵਿਰੋਧੀ ਧਿਰ ਵੀ ਰਹੀ ਹੈ ਬਸਪਾ

ਹੁਣ ਭਾਵੇਂ ਬਸਪਾ ਪੰਜਾਬ ਵਿਚ ਬਿਖਰਦੀ ਨਜ਼ਰ ਆ ਰਹੀ ਹੈ, ਪਰ 1992 ਵਿਚ ਇਸ ਨੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੀ ਭੂਮਿਕਾ ਵੀ ਨਿਭਾਈ ਹੈ। ਉਦੋਂ ਅਕਾਲੀਆਂ ਨੇ ਚੋਣਾਂ ਦਾ ਬਾਈਕਾਟ ਕੀਤਾ ਸੀ ਅਤੇ ਬਸਪਾ ਦੇ ਨੌਂ ਵਿਧਾਇਕ ਬਣੇ ਸਨ। ਇਸ ਦੌਰਾਨ ਸਤਿਨਾਮ ਕੈਂਥ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਬਣੇ, ਪਰ 1997 ਵਿਚ ਬਸਪਾ ਨੂੰ ਇੱਕ ਸੀਟ ਹੀ ਆਈ ਤੇ ਸ਼ਿੰਗਾਰਾ ਰਾਮ ਸਹੂੰਗੜਾ ਗੜਸ਼ੰਕਰ ਤੋਂ ਦੂਜੀ ਵਾਰ ਵਿਧਾਇਕ ਬਣੇ ਸਨ। ਉਸ ਤੋਂ ਬਾਅਦ 27 ਸਾਲਾਂ ਮਗਰੋਂ 2022 ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਹੀ ਨਵਾਂ ਸ਼ਹਿਰ ਹਲਕੇ ਤੋਂ ਡਾ. ਨਛੱਤਰ ਪਾਲ ਦੇ ਰੂਪ ਵਿਚ ਬਸਪਾ ਦਾ ਇੱਕ ਵਿਧਾਇਕ ਬਣ ਸਕਿਆ ।