ਪੰਜਾਬ ਵਿਚ ਇਸਾਈ ਮੱਤ ਦੇ ਨਾਂ ਹੇਠ ਵੱਧ ਰਹੇ ਨਵੇਂ ਡੇਰਾਵਾਦ ਦੀ ਜ਼ਮੀਨੀ ਹਕੀਕਤ

ਪੰਜਾਬ ਵਿਚ ਇਸਾਈ ਮੱਤ ਦੇ ਨਾਂ ਹੇਠ ਵੱਧ ਰਹੇ ਨਵੇਂ ਡੇਰਾਵਾਦ ਦੀ ਜ਼ਮੀਨੀ ਹਕੀਕਤ
ਇਕ ਚਰਚ ਦੀ ਤਸਵੀਰ

ਪੰਜਾਬ ਦੇ ਮਾਝਾ ਖੇਤਰ ਵਿੱਚ ਇੰਨੀ ਦਿਨੀਂ ਈਸਾਈ ਧਰਮ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਲੋਕਾਂ ਨੂੰ ਈਸਾਈ ਧਰਮ ਵਿੱਚ ਸ਼ਾਮਿਲ ਕਰਨ ਵਾਲੇ ਮਿਸ਼ਨਰੀ ਵੱਖ-ਵੱਖ ਮਿਸ਼ਨਾਂ ਅਤੇ ਚਰਚਾਂ ਨਾਲ ਸਬੰਧਤ ਹਨ। ਸਿੱਖ ਕੌਮ ਲਈ ਇਹ ਬਹੁਤ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ ਕਿ ਸਿੱਖ ਇਤਿਹਾਸ ਵਿੱਚ ਸਿੱਖ ਸੰਘਰਸ਼ ਦਾ ਹਮੇਸ਼ਾ ਧੁਰਾ ਰਹਿਣ ਵਾਲੇ ਮਾਝੇ ਦੇ ਖੇਤਰ ਵਿੱਚ ਦਲਿਤ ਭਾਈਚਾਰੇ ਨਾਲ ਸਬੰਧਤ ਲੋਕ ਸਿੱਖ ਧਰਮ ਛੱਡ ਈਸਾਈ ਧਰਮ ਪ੍ਰਵਾਨ ਕਰਦੇ ਜਾ ਰਹੇ ਹਨ। ਇਸ ਸਾਰੇ ਵਰਤਾਰੇ ਨੂੰ ਸਮਝਣ ਲਈ ਇਸ ਨੂੰ ਨੇੜਿਉਂ ਵਾਚਣਾ ਬਹੁਤ ਜ਼ਰੂਰੀ ਹੈ। 

ਆਮ ਲੋਕਾਂ ਵਿੱਚ ਇਹ ਧਾਰਨਾ ਬਣੀ ਹੋਈ ਹੈ ਕਿ ਇਸਾਈ ਮਿਸ਼ਨਰੀ ਪੈਸੇ ਜਾਂ ਹੋਰ ਚੀਜ਼ਾਂ ਦੇ ਲਾਲਚ ਦੇ ਕੇ ਗਰੀਬ ਵਰਗ ਨੂੰ ਭਰਮਾ ਲੈਂਦੇ ਹਨ ਅਤੇ ਈਸਾਈ ਧਰਮ ਵਿੱਚ ਪ੍ਰਵੇਸ਼ ਕਰਵਾਉਂਦੇ ਹਨ ਪਰ ਇਹ ਗੱਲ ਏਨੀ ਸਿੱਧੀ ਅਤੇ ਸਪੱਸ਼ਟ ਨਹੀਂ ਹੈ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸ਼ੁਰੂਆਤੀ ਦੌਰ ਵਿੱਚ ਇਨ੍ਹਾਂ ਮਿਸ਼ਨਰੀਆਂ ਵੱਲੋਂ ਪੰਜਾਬ ਦੀ ਧਰਤੀ ਉੱਪਰ ਕਾਨਵੈਂਟ ਸਕੂਲਾਂ ਦੇ ਰਾਹੀਂ ਇਸਾਈ ਧਰਮ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ। ਪਹਿਲੇ ਪਹਿਲ ਲੋਕ ਆਪਣੇ ਬੱਚਿਆਂ ਦੀ ਵਧੀਆ ਪੜ੍ਹਾਈ ਖਾਤਰ ਧਰਮ ਤਬਦੀਲ ਕਰਨ ਲੱਗੇ ਕਿਉਂਕਿ ਇਸ ਦਾ ਕਾਰਨ ਇਹ ਹੈ ਕਿ ਜ਼ਿਆਦਾਤਰ ਕਾਨਵੈਂਟ ਸਕੂਲਾਂ ਵਿੱਚ ਈਸਾਈ ਪਰਿਵਾਰਾਂ ਦੇ ਬੱਚਿਆਂ ਕੋਲੋਂ ਬਹੁਤ ਘੱਟ ਜਾਂ ਕੋਈ ਫ਼ੀਸ ਨਹੀਂ ਵਸੂਲੀ ਜਾਂਦੀ। ਅੱਜ ਦੀ ਮੌਜੂਦਾ ਚਿੰਤਾਜਨਕ ਹਾਲਤ ਲਈ ਸਿੱਖ ਖੁਦ ਵੀ ਕਾਫੀ ਹੱਦ ਤੱਕ ਜ਼ਿੰਮੇਵਾਰ ਹਨ। ਖਾਸਕਰ ਜ਼ਿਮੀਂਦਾਰਾਂ ਵਰਗ ਜਿਸ ਵਿੱਚ ਜੱਟ ਬਰਾਦਰੀ ਦੇ ਲੋਕ ਅੱਜ ਵੀ ਉੱਚ ਜਾਤੀ ਦੇ ਹੋਣ ਦਾ ਭਰਮ ਪਾਲੀ ਬੈਠੇ ਹਨ। ਇਨ੍ਹਾਂ ਲੋਕਾਂ ਵੱਲੋਂ ਆਪਣੀ ਹੀ ਕੌਮ ਦੇ ਗ਼ਰੀਬ ਤਬਕੇ ਦੀ ਸਾਰ ਨਾ ਲੈਣਾ ਅਤੇ ਗੁਰਦੁਆਰਿਆਂ ਵਿੱਚ ਉਨ੍ਹਾਂ ਨੂੰ ਬਣਦੀ ਨੁਮਾਇੰਦਗੀ ਨਾ ਦੇਣ ਕਾਰਨ ਉਸ ਤਬਕੇ ਵਿੱਚ ਨਿਰਾਸ਼ਾ ਦਾ ਆਲਮ ਬਣਿਆ ਹੋਇਆ ਹੈ। 

ਪਹਿਲੇ ਪਹਿਲ ਇਸ ਵਰਗ ਨੇ ਆਪਣੇ ਵੱਖਰੇ ਗੁਰੂ ਘਰ ਬਣਾਉਣੇ ਸ਼ੁਰੂ ਕੀਤੇ ਪਰ ਬਾਅਦ ਵਿੱਚ ਇਹ ਰੁਝਾਨ ਵੱਖਰੇ ਗੁਰੂ ਘਰਾਂ ਤੋਂ ਗਿਰਜਾ ਘਰ ਉਸਾਰਨ ਵੱਲ ਤੁਰ ਪਿਆ ਕਿਉਂ ਜੋ ਗਿਰਜਾਘਰਾਂ ਲਈ ਜ਼ਮੀਨ ਅਤੇ ਇਮਾਰਤ ਵਾਸਤੇ ਪੈਸਾ ਬਾਹਰੋਂ ਆਉਂਦਾ ਸੀ। ਉਸ ਸਮੇਂ ਬੱਚਿਆਂ ਦੀ ਪੜ੍ਹਾਈ ਕਿਤਾਬਾਂ ਅਤੇ ਹੋਰ ਜ਼ਰੂਰੀ ਖਰਚ ਲਈ ਮਿਸ਼ਨਰੀਆਂ ਵੱਲੋਂ ਇਸ ਤਬਕੇ ਦੀ ਮਦਦ ਕੀਤੀ ਜਾਂਦੀ ਸੀ। ਹੌਲੀ ਹੌਲੀ ਲੋਕ ਇਸਾਈਅਤ ਨਾਲ ਜੁੜਨਾ ਸ਼ੁਰੂ ਹੋਏ ਪਰ ਅੱਜ ਸਥਿਤੀ ਬਿਲਕੁਲ ਬਦਲ ਚੁੱਕੀ ਹੈ। ਹੁਣ ਪੈਸੇ ਜਾਂ ਕਿਸੇ ਲਾਲਚ ਨਾਲੋਂ ਜ਼ਿਆਦਾ ਲੋਕ ਵਹਿਮਾਂ ਭਰਮਾਂ ਦੀ ਵਜ੍ਹਾ ਨਾਲ ਧਰਮ ਤਬਦੀਲ ਕਰ ਰਹੇ ਹਨ। ਅੱਜ ਕੱਲ੍ਹ ਜਿਸ ਤਰ੍ਹਾਂ ਨਾਲ ਗਿਰਜਾ ਘਰਾਂ ਵਿੱਚ ਚਮਤਕਾਰ ਰਾਹੀਂ ਦੁੱਖ ਦਰਦ ਬਿਮਾਰੀਆਂ ਕੱਟੇ ਜਾਣ ਦੀਆਂ ਘਟਨਾਵਾਂ ਦਾ ਜ਼ਿਕਰ ਲੋਕਾਂ ਕੋਲੋਂ ਮਾਈਕ ਤੇ ਕਰਵਾਇਆ ਜਾਂਦਾ ਹੈ, ਇਹ ਵਿਦਿਅਕ ਤੌਰ ਤੇ ਘੱਟ ਚੇਤੰਨ ਲੋਕਾਂ ਨੂੰ ਜ਼ਿਆਦਾ ਪ੍ਰਭਾਵਿਤ ਕਰਦਾ ਹੈ ਅਤੇ ਉਹ ਵੇਖੋ ਵੇਖੀ ਗਿਰਜਾਘਰਾਂ ਵਿੱਚ ਆਪਦੀਆਂ ਬਿਮਾਰੀਆਂ ਅਤੇ ਦੁੱਖ ਦਰਦਾਂ ਤੋਂ ਛੁਟਕਾਰਾ ਪਾਉਣ ਲਈ ਜਾਣ ਲੱਗਦੇ ਹਨ। 

ਅੱਜ ਪੰਜਾਬ ਦੇ ਮਾਝੇ ਖੇਤਰ ਤੋਂ ਇਲਾਵਾ ਹੁਸ਼ਿਆਰਪੁਰ ਅਤੇ ਜਲੰਧਰ ਜ਼ਿਲ੍ਹੇ ਵਿੱਚ ਡੇਰਿਆਂ ਦੇ ਰੂਪ ਵਿੱਚ ਵੱਡੇ ਵੱਡੇ ਗਿਰਜਾਘਰ ਬਣੇ ਹਨ ਜਿੱਥੇ ਹਰ ਐਤਵਾਰ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਲੋਕ ਪ੍ਰਾਰਥਨਾ ਲਈ ਇਕੱਠੇ ਹੁੰਦੇ ਹਨ। ਗੁਰਦਾਸਪੁਰ ਜ਼ਿਲ੍ਹੇ ਦਾ ਧਾਰੀਵਾਲ ਸ਼ਹਿਰ ਇਨ੍ਹਾਂ ਗਤੀਵਿਧੀਆਂ ਦਾ ਕੇਂਦਰ ਹੈ। ਇੱਥੇ ਚਾਰ ਚਰਚ ਮੌਜੂਦ ਹਨ ਜੋ ਵੱਖ ਵੱਖ ਮਿਸ਼ਨਾਂ ਨਾਲ ਸਬੰਧਤ ਹਨ ਇਨ੍ਹਾਂ ਨਾਲ ਗੱਲ ਕਰਨ ਤੇ ਪਤਾ ਲੱਗਦਾ ਹੈ ਕਿ ਇਨ੍ਹਾਂ ਚਰਚਾਂ ਵਿੱਚ ਕੰਮ ਕਰਨ ਵਾਲੇ ਪ੍ਰਬੰਧਕ ਇੱਕ ਦੂਸਰੇ ਚਰਚ ਪ੍ਰਤੀ ਚੰਗੇ ਵਿਚਾਰ ਨਹੀਂ ਰੱਖਦੇ ਅਤੇ ਇੱਕ ਦੂਜੇ ਉੱਪਰ ਲੁੱਟ ਖਸੁੱਟ ਕਰਨ ਦੇ ਦੋਸ਼ ਲਾਉਂਦੇ ਹਨ। ਪਹਿਲੇ ਸਮੇਂ ਵਿੱਚ ਖੁੱਲ੍ਹੇ ਚਰਚਾਂ ਦੇ ਪ੍ਰਬੰਧਕ ਅੱਜ ਕੱਲ੍ਹ ਨਵੇਂ ਡੇਰਿਆਂ ਦੇ ਰੂਪ ਵਿੱਚ ਉੱਭਰ ਰਹੇ ਚਰਚਾਂ ਦੇ ਪ੍ਰਚਾਰ ਕਰਨ ਦੇ ਤਰੀਕੇ ਨਾਲ ਸਹਿਮਤ ਨਹੀਂ ਹਨ। ਇਨ੍ਹਾਂ ਵੱਲੋਂ ਖਾਸ ਕਰ ਈਸਾਈ ਧਰਮ ਦੇ ਸਟਾਰ ਪ੍ਰਚਾਰਕ ਵਜੋਂ ਜਾਣੇ ਜਾਂਦੇ ਅੰਕੁਰ ਨਰੂਲਾ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਗਿਆ ਕਿ ਉਹ ਬੰਦਾ ਧਰਮ ਦੇ ਨਾਮ 'ਤੇ ਵਪਾਰ ਕਰ ਰਿਹਾ ਹੈ। ਇਸ ਤੋਂ ਇਲਾਵਾ ਧਾਰੀਵਾਲ ਦੀ ਇੱਕ ਚਰਚ ਵਿੱਚ ਦੌਰਾ ਕਰਨ 'ਤੇ ਪਤਾ ਲੱਗਾ ਕਿ ਉੱਥੇ ਲੋਕ ਹਰ ਐਤਵਾਰ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੁੰਦੇ ਹਨ ਅਤੇ ਪ੍ਰਾਰਥਨਾਂ ਦੇ ਅਖ਼ੀਰ ਵਿੱਚ ਉਹ ਮਾਇਆ ਪਾਸਟਰ ਦੇ ਹੱਥ ਵਿੱਚ ਗੁਪਤ ਢੰਗ ਨਾਲ ਫੜਾਉਂਦੇ ਹਨ। ਹਰ ਐਤਵਾਰ ਚਾਰ ਪਿੰਡਾਂ ਦੇ ਲੋਕਾਂ ਦੀ ਡਿਊਟੀ ਹੁੰਦੀ ਹੈ ਕਿ ਉਹ ਲੰਗਰ ਦਾ ਪ੍ਰਬੰਧ ਕਰਨ ਤਾਂ ਫਿਰ ਇੱਥੇ ਸਵਾਲ ਉੱਠਦਾ ਹੈ ਕਿ ਜੇ ਲੰਗਰ ਦਾ ਪ੍ਰਬੰਧ ਪਿੰਡਾਂ ਦੇ ਗ਼ਰੀਬ ਲੋਕਾਂ ਵੱਲੋਂ ਆਪਣੇ ਖ਼ਰਚੇ ਤੇ ਕੀਤਾ ਜਾਣਾ ਹੈ ਤਾਂ ਹਰ ਐਤਵਾਰ ਇਕੱਠਾ ਹੁੰਦਾ ਚੜ੍ਹਾਵਾ ਕਿੱਥੇ ਜਾ ਰਿਹਾ ਹੈ। 

ਇਸ ਧਰਮ ਦੇ ਆਉਣ ਨਾਲ ਕੰਮੀ ਵਰਗਾਂ ਵਿੱਚ ਇੱਕ ਨਵਾਂ ਰੁਝਾਨ ਵੀ ਚੱਲ ਪਿਆ ਹੈ ਜਿਵੇਂ ਪਹਿਲਾਂ ਲੋਕ ਪੁੰਨਿਆ ਜਾਂ ਮੱਸਿਆ ਵਾਲੇ ਦਿਨ ਮਹੀਨੇ ਵਿੱਚ ਇੱਕ ਛੁੱਟੀ ਕਰਦੇ ਸਨ ਪਰ ਹੁਣ ਇਸ ਵਰਗ ਨਾਲ ਸਬੰਧਤ ਲੋਕ ਹਰ ਐਤਵਾਰ ਕੰਮ ਤੋਂ ਛੁੱਟੀ ਕਰਦੇ ਹਨ ਅਤੇ ਐਤਵਾਰ ਵਾਲੇ ਦਿਨ ਘੱਟੋ ਘੱਟ ਇੱਕ ਦਿਨ ਦੀ ਕਮਾਈ ਗਿਰਜਾਘਰ ਜਾਣ ਅਤੇ ਚੜ੍ਹਾਵਾ ਦੇਣ ਦੇ ਰੂਪ ਵਿੱਚ ਖਰਚ ਦਿੰਦੇ ਹਨ। ਇਸ ਪ੍ਰਕਾਰ ਇਹ ਲੋਕ ਇੱਕ ਮਹੀਨੇ ਵਿੱਚੋਂ ਅੱਠ ਦਿਨਾਂ ਦੀ ਕਮਾਈ ਘਟਾ ਲੈਂਦੇ ਹਨ। ਪਹਿਲਾਂ ਹੀ ਅੱਤ ਦਰਜੇ ਦੀ ਗਰੀਬੀ ਝੱਲ ਰਹੇ ਇਸ ਵਰਗ ਵੱਲੋਂ ਅਜਿਹੇ ਵਹਿਮਾਂ ਭਰਮਾਂ ਵਿੱਚ ਫਸ ਕੇ ਆਪਣੇ ਵਡੇਰਿਆਂ ਦੇ ਸਿੱਧੇ ਸਾਦੇ ਧਰਮ ਨੂੰ ਛੱਡਣਾ ਸਿੱਖ ਕੌਮ ਵਾਸਤੇ ਇੱਕ ਬਹੁਤ ਹੀ ਚਿੰਤਾਜਨਕ ਗੱਲ ਹੈ। 
ਸਾਡੇ ਵੱਲੋਂ ਇਹ ਧਰਮ ਅਪਣਾ ਚੁੱਕੇ ਕੁਝ ਲੋਕਾਂ ਨਾਲ ਗੱਲਬਾਤ ਕਰਨ ਤੇ ਪਤਾ ਲੱਗਾ ਕਿ ਉਹ ਸੁਣੀਆਂ ਸੁਣਾਈਆਂ ਗੱਲਾਂ ਨੂੰ ਹੀ ਸੱਚ ਮੰਨ ਕੇ ਇਹ ਧਰਮ ਅਪਣਾ ਚੁੱਕੇ ਹਨ। ਇੱਕ ਔਰਤ ਨਾਲ ਗੱਲ ਕਰਨ ਤੇ ਉਸ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਗਿਰਜਾਘਰ  ਜਾਂਦੀ ਹੈ। ਉਸ ਦੇ ਮਾਂ ਪਿਓ ਅਤੇ ਉਸ ਤੋਂ ਬਾਅਦ ਉਸ ਦੇ ਸੱਸ ਸਹੁਰਾ ਵੀ ਗਿਰਜਾਘਰ ਜਾਂਦੇ ਸਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਗਿਰਜਾ ਘਰ ਜਾਣ ਤੇ ਕੀ ਮਿਲਦਾ ਹੈ ਤਾਂ ਉਨ੍ਹਾਂ ਕਿਹਾ ਕਿ ਉਥੇ ਜਾਣ ਤੇ ਪ੍ਰਭੂ ਯਿਸੂ ਦੀ ਕਿਰਪਾ ਬਰਸਦੀ ਹੈ। ਉਨ੍ਹਾਂ ਵੱਲੋਂ ਆਪਣੇ ਰਿਸ਼ਤੇਦਾਰਾਂ ਵਿੱਚ ਕੁਝ ਘਰਾਂ ਵਿੱਚ ਹੋਏ ਅਟਪਟੇ ਚਮਤਕਾਰਾਂ ਦਾ ਜ਼ਿਕਰ ਕੀਤਾ ਗਿਆ ਪਰ ਜਦੋਂ ਇਸ ਔਰਤ ਨਾਲ ਡੂੰਘਾਈ ਵਿੱਚ ਗੱਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਸ ਔਰਤ ਦਾ ਘਰ ਵਾਲਾ ਗੁਜ਼ਰ ਚੁੱਕਾ ਹੈ। ਇਸ ਦਾ ਇੱਕ ਜਵਾਨ ਪੁੱਤਰ ਦਰੱਖਤ ਤੋਂ ਡਿੱਗਕੇ ਮਰ ਚੁੱਕਾ ਹੈ ਅਤੇ ਇਸ ਦੇ ਦੋ ਪੁੱਤਰ ਨਸ਼ਾ ਕਰਦੇ ਹਨ ਅਤੇ ਇੱਕ ਪੁੱਤਰ ਦੀ ਘਰਵਾਲੀ ਉਸ ਨੂੰ ਛੱਡ ਕੇ ਜਾ ਚੁੱਕੀ ਹੈ। ਦੂਸਰੀ ਉਦਾਹਰਣ ਸੱਤੀ ਉਰਫ਼ ਸਤਵਿੰਦਰ ਕੌਰ ਦੀ ਹੈ ਜਿਸ ਨੇ ਇੱਕ ਸਾਲ ਪਹਿਲਾਂ ਗਿਰਜਾਘਰ ਜਾਣਾ ਸ਼ੁਰੂ ਕੀਤਾ। ਉਸ ਨੂੰ ਪੁੱਛਣ ਤੇ ਪਤਾ ਲੱਗਾ ਕਿ ਪਹਿਲਾਂ ਉਸ ਦੇ ਪੁੱਤਰ ਨੇ ਗਿਰਜਾਘਰ ਜਾਣਾ ਸ਼ੁਰੂ ਕੀਤਾ ਅਤੇ ਬਾਈਬਲ ਪੜ੍ਹਨੀ ਸ਼ੁਰੂ ਕੀਤੀ। ਉਸ ਦੇ ਬਾਪ ਵੱਲੋਂ ਵਿਰੋਧ ਕੀਤੇ ਜਾਣ ਤੇ ਉਹ ਨਾਨਕਾ ਘਰ ਜਾ ਕੇ ਰਹਿਣ ਲੱਗਾ ਜਿੱਥੇ ਉਹ ਦਾਅਵਾ ਕਰਦਾ ਹੈ ਕਿ ਉਸ ਵੱਲੋਂ ਬਾਈਬਲ ਦਾ ਪਾਠ ਕਰਨ ਤੋਂ ਬਾਅਦ ਉਸ ਘਰ ਉੱਪਰ ਕਿਰਪਾ ਹੋਈ ਅਤੇ ਉਨ੍ਹਾਂ ਦੇ ਬਿਮਾਰ ਪਸ਼ੂ ਠੀਕ ਹੋਣ ਲੱਗੇ ਪਰ ਜਦੋਂ ਇਸ ਔਰਤ ਨੂੰ ਉਸ ਦੇ ਘਰ ਬਾਰੇ ਪੁੱਛਿਆ ਗਿਆ ਤਾਂ ਪਤਾ ਲੱਗਾ ਕਿ ਇਸ ਦਾ ਘਰਵਾਲਾ ਸ਼ਰਾਬੀ ਹੈ ਅਤੇ ਉਹ ਕੋਈ ਵੀ ਮਿਹਨਤ ਮਜ਼ਦੂਰੀ ਨਹੀਂ ਕਰਦਾ। ਇਸ ਔਰਤ ਵੱਲੋਂ ਕਰਜ਼ਾ ਚੁੱਕਿਆ ਹੋਇਆ ਹੈ ਜਿਸ ਦੀਆਂ ਕਿਸ਼ਤਾਂ ਮੋੜਨ ਤੋਂ ਉਹ ਅਸਮਰੱਥ ਹੈ ਅਤੇ ਸਭ ਤੋਂ ਪਹਿਲਾਂ ਇਸਾਈ ਧਰਮ ਅਪਣਾਉਣ ਵਾਲਾ ਇਸ ਦਾ ਪੁੱਤਰ ਵਿਦੇਸ਼ ਵਿਚ ਹੈ ਜੋ ਕਿ ਕੋਈ ਪੈਸਾ ਧੇਲਾ ਨਹੀਂ ਭੇਜਦਾ। ਇਨ੍ਹਾਂ ਦੋ ਉਦਾਹਰਨਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਲੋਕ ਸੁਣੀਆਂ ਸੁਣਾਈਆਂ ਗੱਲਾਂ ਵਿੱਚ ਆਣ ਕੇ ਆਪਣੇ ਧਰਮ ਨੂੰ ਛੱਡ ਬੇਗਾਨੇ ਧਰਮ ਮਗਰ ਤੁਰ ਪਏ ਹਨ।

ਬਟਾਲੇ ਨੇੜੇ ਸਥਿਤ ਨਵਾਂ ਪਿੰਡ ਦੀ ਇੱਕ ਔਰਤ ਜਿਸ ਦੇ ਲੱਕ ਉੱਪਰ ਇੱਕ ਛੋਟਾ ਜਿਹਾ ਗੜ੍ਹ ਸੀ ਪਰ ਉਹ ਡਾਕਟਰੀ ਇਲਾਜ ਕਰਵਾਉਣ ਦੀ ਬਜਾਏ ਜਲੰਧਰ ਵਿੱਚ ਇੱਕ ਡੇਰੇ ਰੂਪੀ ਚਰਚ ਵਿੱਚ ਜਾਂਦੀ ਰਹੀ। ਕਾਫ਼ੀ ਵਾਰ ਜਾਣ ਤੇ ਵੀ ਜਦੋਂ ਉਸ ਨੂੰ ਆਰਾਮ ਨਹੀਂ ਆਇਆ ਤਾਂ ਉਹ ਡਾਕਟਰ ਕੋਲ ਇਸ ਦੇ ਇਲਾਜ ਵਾਸਤੇ ਗਈ ਪਰ ਉਦੋਂ ਤੱਕ ਗੜ੍ਹ ਦਾ ਆਕਾਰ ਵੱਡਾ ਹੋ ਗਿਆ ਅਤੇ ਪਿੰਡ ਦੇ ਡਾਕਟਰ ਵੱਲੋਂ ਇਸ ਦਾ ਇਲਾਜ ਕਰਨ ਤੋਂ ਅਸਮਰੱਥਾ ਜਾਹਰ ਕੀਤੀ ਗਈ ਅਤੇ ਉਸ ਨੇ ਕਿਸੇ ਵੱਡੇ ਡਾਕਟਰ ਕੋਲ ਵਿਖਾਉਣ ਲਈ ਕਿਹਾ। ਇੱਥੇ ਸਾਡੇ ਪੰਜਾਬੀਆਂ ਦਾ ਫ਼ਰਜ਼ ਬਣਦਾ ਹੈ ਕਿ ਇਸ ਨਵੇਂ ਰੂਪ ਵਿੱਚ ਉੱਭਰ ਰਹੇ ਡੇਰਾਵਾਦ ਨੂੰ ਠੱਲ੍ਹ ਪਾਉਣ ਲਈ ਗ਼ਰੀਬ ਵਰਗ ਦੇ ਲੋਕਾਂ ਨੂੰ ਸਮਝਾਇਆ ਜਾਵੇ ਅਤੇ ਉਨ੍ਹਾਂ ਦੀਆਂ ਜ਼ਰੂਰੀ ਲੋੜਾਂ ਪੂਰੀਆਂ ਕਰਨ ਲਈ ਆਰਥਿਕ ਮਦਦ ਦੇ ਨਾਲ ਨਾਲ ਸਮਾਜਿਕ ਬਰਾਬਰੀ ਲਈ ਵੀ ਕੰਮ ਕੀਤਾ ਜਾਵੇ।

ਜੁਝਾਰ ਸਿੰਘ

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ