ਪੰਜਾਬ ਵਿੱਚ ਨਵੇਂ ਚਰਚ ਸਥਾਪਤ ਕਰਨ ਵਾਲੇ ਡੇਰੇਦਾਰ ਤਾਂਤਰਿਕ ਨੁਮਾ ਪਾਦਰੀਆਂ ਦਾ ਕਥਿਤ ਠੱਗੀ ਮਾਇਆ ਜਾਲ 

ਪੰਜਾਬ ਵਿੱਚ ਨਵੇਂ ਚਰਚ ਸਥਾਪਤ ਕਰਨ ਵਾਲੇ ਡੇਰੇਦਾਰ ਤਾਂਤਰਿਕ ਨੁਮਾ ਪਾਦਰੀਆਂ ਦਾ ਕਥਿਤ ਠੱਗੀ ਮਾਇਆ ਜਾਲ 

ਜ਼ਿਆਦਾਤਰ ਡੇਰਾਨੁਮਾ ਚਰਚ ਤੇ ਪਾਦਰੀ ਦੁਆਬਾ ਖੇਤਰ ਵਿੱਚ 

 ਵਿਸ਼ੇਸ਼ ਰਿਪੋਰਟ    

ਪੰਜਾਬ ਵਿਚ ਡੇਰਾਨੁਮਾ ਪਾਦਰੀਆਂ ਨੇ ਅੰਧ ਵਿਸ਼ਵਾਸ ਤੇ ਅਖੌਤੀ ਚਮਤਕਾਰਾਂ ਰਾਹੀਂ ਪੰਜਾਬ ਵਿਚ ਠੱਗੀ ਜਾਲ ਫੈਲਾਇਆ ਹੋਇਆ ਹੈ।ਪੰਜਾਬ ਵਿੱਚ ਇਸ ਸਮੇਂ ਜੇ ਸਥਾਪਤ ਪਾਸਟਰਾਂ ਦੀ ਗੱਲ ਕਰੀਏ ਤਾਂ ਇਹ ਜ਼ਿਆਦਾਤਰ ਦੁਆਬਾ ਖੇਤਰ ਵਿੱਚ ਹੀ ਹਨ ਅਤੇ ਬਕਾਇਦਾ ਵੱਡੇ-ਵੱਡੇ ਚਰਚ ਸਥਾਪਤ ਕੀਤੇ ਗਏ ਹਨ।ਇਨ੍ਹਾਂ ਵਿੱਚ ਪਾਸਟਰ ਅੰਕੁਰ ਯੂਸਫ਼ ਨਰੂਲਾ, ਪਾਸਟਰ ਹਰਪ੍ਰੀਤ ਦਿਓਲ ਖੋਜੇਵਾਲ, ਪਾਸਟਰ ਬਜਿੰਦਰ ਸਿੰਘ ਅਤੇ ਪਾਸਟਰ ਅੰਮ੍ਰਿਤ ਸੰਧੂ ਪ੍ਰਮੁੱਖ ਹਨ।ਇਹ ਸਾਰੇ ਪਾਸਟਰ ਬਿਮਾਰ ਵਿਅਕਤੀਆਂ ਨੂੰ ਠੀਕ ਕਰਨ, ਨਸ਼ੇ ਛੁਡਵਾਉਣ ਦਾ ਪ੍ਰਚਾਰ ਜ਼ੋਰ ਸ਼ੋਰ ਨਾਲ ਕਰਦੇ ਹਨ ਜਿਸ ਦੀ ਗਵਾਹੀ ਭਰਦੀਆਂ ਹਨ ਇਨ੍ਹਾਂ ਵੱਲੋਂ ਆਪੋ-ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਅਪਲੋਡ ਕੀਤੀਆਂ ਵੀਡੀਓਜ਼। 

ਮੁਹਾਲੀ ਜ਼ਿਲ੍ਹੇ ਦੇ ਨਿਊ ਚੰਡੀਗੜ੍ਹ ਇਲਾਕੇ ਵਿੱਚ ਸੜਕ ਉੱਤੇ ਲੱਗੇ ਵੱਡੇ-ਵੱਡੇ ਹੋਰਡਿੰਗਜ਼ ਉੱਤੇ ਸ਼ਰਾਬ ਛੁਡਾਉਣ, ਲੋਕਾਂ ਦੀਆਂ ਗੰਭੀਰ ਬਿਮਾਰੀਆਂ ਠੀਕ ਕਰਨ ਤੋਂ ਇਲਾਵਾ ਪਾਸਟਰ ਬਜਿੰਦਰ ਸਿੰਘ ਦੀਆਂ ਵੱਡੀਆਂ-ਵੱਡੀਆਂ ਤਸਵੀਰਾਂ ਦੇਖਣ ਨੂੰ ਮਿਲਦੀਆਂ ਹਨ। ਅੱਜਕਲ੍ਹ ਉਹ ਵਡੇ ਵਿਵਾਦਾਂ ਵਿਚ ਘਿਰ ਚੁਕਾ ਹੈ।ਜਿਸ ਥਾਂ ਉੱਤੇ ਇਹ ਤਸਵੀਰਾਂ ਲੱਗੀਆਂ ਹੋਈਆਂ ਹਨ ਇਸ ਨੂੰ ਨਾਮ ਦਿੱਤਾ ਗਿਆ ਹੈ "ਚਰਚ ਆਫ਼ ਗਲੋਰੀ ਅਤੇ ਵਿਜ਼ਡਮ" ਜਿਸ ਦੇ ਕਰਤਾ ਧਰਤਾ ਪਾਸਟਰ ਬਜਿੰਦਰ ਸਿੰਘ ਹਨ।

ਕੁਰਾਲੀ ਤੋਂ ਚੰਡੀਗੜ੍ਹ ਨੂੰ ਆਉਂਦੇ ਹੋਏ ਬੜੌਦੀ ਟੋਲ ਪਲਾਜ਼ਾ ਦੇ ਬਿਲਕੁਲ ਨਾਲ ਲੱਗਦੀ ਕਈ ਏਕੜ ਜ਼ਮੀਨ ਦੀ ਬਕਾਇਦਾ ਚਾਰਦੀਵਾਰੀ ਕਰ ਕੇ ਉੱਥੇ ਉਸਾਰੀ ਦਾ ਕੰਮ ਚੱਲ ਰਿਹਾ ਹੈ। ਇਹ ਜ਼ਮੀਨ ਬਿਲਕੁਲ ਸੜਕ ਦੇ ਨਾਲ ਲੱਗਦੀ ਹੈ ਅਤੇ ਇਸੇ ਥਾਂ ਉੱਤੇ ਹੀ ਪਾਸਟਰ ਬਜਿੰਦਰ ਸਿੰਘ ਨੇ ਆਪਣੇ ਵੱਡੇ-ਵੱਡੇ ਬੋਰਡ ਲਗਾਏ ਹੋਏ ਹਨ।ਚਰਚ ਨਾਲ ਜੁੜੇ ਲੋਕਾਂ ਦਾ ਦਾਅਵਾ ਹੈ ਕਿ ਉਨ੍ਹਾਂ ਦੀਆਂ ਪੰਜਾਬ ਵਿੱਚ ਕਈ ਹੋਰ ਵੀ ਬਰਾਂਚਾਂ ਹਨ। ਸਥਾਨਕ ਲੋਕਾਂ ਮੁਤਾਬਕ ਪੰਜ ਕੁ ਸਾਲ ਪਹਿਲਾਂ ਪਾਸਟਰ ਬਜਿੰਦਰ ਨੇ ਠੇਕੇ ਉੱਤੇ ਜ਼ਮੀਨ ਲੈ ਕੇ ਐਤਵਾਰ ਵਾਲੇ ਦਿਨ ਪ੍ਰਾਥਨਾ ਸ਼ੁਰੂ ਕੀਤੀ ਸੀ ਅਤੇ ਦੇਖਦਿਆਂ ਹੀ ਦੇਖਦਿਆਂ ਇੱਥੇ ਹੁਣ ਵੱਡਾ ਇਕੱਠ ਹੋਣ ਲੱਗਾ ਹੈ।ਐਤਵਾਰ ਨੂੰ ਤਾਂ ਇਥੇ ਲੋਕਾਂ ਦੀ ਭੀੜ ਬਹੁਤ ਜ਼ਿਆਦਾ ਹੁੰਦੀ ਹੈ। ਸ਼ੋਸਲ ਮੀਡੀਆ ਰਾਹੀਂ ਬਕਾਇਦਾ ਇਹ ਆਪਣਾ ਪ੍ਰਚਾਰ ਕਰਦੇ ਹਨ।ਹਾਲਾਂਕਿ ਇਸ ਘਟਨਾ ਸਬੰਧੀ ਪਾਦਰੀ ਬਜਿੰਦਰ ਸਿੰਘ ਦਾ ਕਹਿਣਾ ਹੈ ਕਿ ਕੁੜੀ ਕੈਂਸਰ ਤੋਂ ਪੀੜਤ ਸੀ ਅਤੇ ਹੋਰਨਾਂ ਲੋਕਾਂ ਵਾਂਗ ਉਹ ਵੀ ਪਰਾਥਨਾ ਲਈ ਚਰਚ ਵਿੱਚ ਆਈ ਸੀ ਪਰ ਉਨ੍ਹਾਂ ਦੀ ਇਸ ਕੁੜੀ ਨਾਲ ਮੁਲਾਕਾਤ ਨਹੀਂ ਹੋ ਸਕੀ।ਉਨ੍ਹਾਂ ਸਪਸ਼ਟ ਕੀਤਾ ਕਿ ਕਿਸੇ ਤੋਂ ਵੀ ਪਰਾਥਨਾ ਲਈ ਪੈਸੇ ਨਹੀਂ ਲਈ ਗਏ।

ਚਰਚ ਦੇ ਮੈਨੇਜਰ ਅਵਤਾਰ ਸਿੰਘ ਮੁਤਾਬਕ  ਇਹ ਚਰਚ ਬਿਸ਼ਪ ਬਜਿੰਦਰ ਸਿੰਘ ਵੱਲੋਂ ਚਲਾਇਆ ਜਾਂਦਾ ਹੈ ਅਤੇ ਇਸ ਚਰਚ ਦਾ ਖਰਚਾ ਇੱਥੇ ਪਰਾਥਨਾ ਲਈ ਆਉਣ ਵਾਲੇ ਲੋਕਾਂ ਦੇ ਦਾਨ ਨਾਲ ਚਲਦਾ ਹੈ।ਅਵਤਾਰ ਸਿੰਘ ਦਸਤਾਰ ਸਜਾਉਂਦੇ ਹਨ ਅਤੇ ਉਨ੍ਹਾਂ ਦਾ ਸਬੰਧ ਅੰਮ੍ਰਿਤਸਰ ਜ਼ਿਲ੍ਹੇ ਨਾਲ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਵਿਆਹ ਇੱਕ ਇਸਾਈ ਕੁੜੀ ਨਾਲ ਹੋਇਆ ਸੀ, ਜਿਸ ਤੋਂ ਬਾਅਦ ਉਹ ਵੀ ਇਸਾਈ ਧਰਮ ਨਾਲ ਜੁੜ ਗਏ।ਉਨ੍ਹਾਂ ਦੱਸਿਆ ਕਿ ਜੇ ਕੋਈ ਮਰੀਜ਼ ਪ੍ਰਾਥਨਾ ਲਈ ਆਉਂਦਾ ਹੈ ਤਾਂ ਉਸ ਲਈ ਦੁਆ ਕੀਤੀ ਜਾਂਦੀ ਹੈ ਅਤੇ ਨਾਲ ਹੀ ਉਸ ਨੂੰ ਡਾਕਟਰੀ ਇਲਾਜ ਕਰਵਾਉਣ ਲਈ ਵੀ ਆਖਿਆ ਜਾਂਦਾ ਹੈ। ਅਵਤਾਰ ਸਿੰਘ ਨੇ ਦਾਅਵਾ ਕੀਤਾ ਕਿ ਉਹ ਬਿਮਾਰ ਹੋਣ ਉੱਤੇ ਖ਼ੁਦ ਵੀ ਦਵਾਈਆਂ ਲੈਂਦੇ ਹਨ।

ਪੰਜਾਬ ਵਿੱਚ ਕੁਝ ਸਮੇਂ ਤੋਂ ਧਰਮ ਪਰਿਵਰਤਨ ਦਾ ਮੁੱਦਾ ਭੱਖਿਆ ਹੋਇਆ ਹੈ। ਸਿੱਖ ਆਗੂਆਂ ਦਾ ਦਾਅਵਾ ਹੈ ਕਿ ਇਹ ਧਰਮ ਪਰਿਵਤਨ ਲਾਲਚ ਅਤੇ ਗੁਮਰਾਹ ਕਰਕੇ ਕਰਵਾਇਆ ਜਾ ਰਿਹਾ ਹੈ।ਮਸੀਹੀ ਭਾਈਚਾਰੇ ਨਾਲ ਸਬੰਧਤ ਆਗੂ ਜਬਰੀ ਧਰਮ ਪਰਿਵਰਤਨ ਕੀਤੇ ਜਾਣ ਦੀਆਂ ਖ਼ਬਰਾਂ ਨੂੰ ਰੱਦ ਕਰਦੇ ਹਨ। ਮੁੱਖ ਧਾਰਾ ਦੇ ਗਿਰਜਾ ਘਰਾਂ ਨਾਲ ਜੁੜੇ ਆਗੂ ਕਹਿੰਦੇ ਹਨ ਅੰਧ ਵਿਸ਼ਵਾਸ਼ ਰਾਹੀ ਪ੍ਰਚਾਰ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਦੂਜੇ ਪਾਸੇ ਚਮਤਕਾਰ ਦਿਖਾਉਣ ਦਾ ਦਾਅਵਾ ਕਰਨ ਵਾਲੇ ਪਾਦਰੀ ਡੇਰਾਨੁਮਾ ਚਰਚ ਪੰਜਾਬ 'ਵਿਚ ਉਸਾਰ ਚੁਕੇ ਹਨ। ਜਲੰਧਰ ਨੇੜਲੇ ਪਿੰਡ ਤਾਜਪੁਰ 'ਵਿਚ ਚਰਚ ਸਥਾਪਤ ਕਰਨ ਵਾਲੇ ਬਜਿੰਦਰ ਸਿੰਘ ਵੱਲੋਂ ਚਰਚ ਨੂੰ "ਚਰਚ ਆਫ਼ ਗਲੋਰੀ ਅਤੇ ਵਿਜ਼ਡਮ" ਨਾਮ ਦਿੱਤਾ ਗਿਆ ਹੈ। ਬਜਿੰਦਰ ਸਿੰਘ ਦਾ ਸਬੰਧ ਹਰਿਆਣੇ ਦੇ ਜਾਟ ਪਰਿਵਾਰ ਨਾਲ ਹੈ ਅਤੇ ਬਿਸ਼ਪ ਬਣਨ ਤੋਂ ਪਹਿਲਾਂ ਉਹ ਇੰਜੀਨੀਅਰ ਸੀ।ਜਲੰਧਰ ਨੇੜਲੇ ਪਿੰਡ ਤਾਜਪੁਰ ਦੇ ਜਿਸ ਚਰਚ ਵਿੱਚ ਕੈਂਸਰ ਪੀੜਤ ਕੁੜੀ ਦੀ ਮੌਤ ਹੋਈ ਸੀ ਉਹ ਵੀ ਬਜਿੰਦਰ ਸਿੰਘ ਦਾ ਹੀ ਸੀ।

ਕਪੂਰਥਲਾ ਜ਼ਿਲ੍ਹੇ ਦੇ ਪਿੰਡ ਖੋਜੇਵਾਲਾ ਵਿੱਚ ਬਣੇ "ਦਿ ਓਪਨ ਡੋਰ ਚਰਚ" ਨੂੰ ਸਥਾਪਤ ਕਰਨ ਵਾਲੇ ਹਰਪ੍ਰੀਤ ਦਿਓਲ ਦਾ ਸਬੰਧ  ਜੱਟ ਸਿੱਖ ਪਰਿਵਾਰ ਨਾਲ ਹੈ।ਕਪੂਰਥਲਾ ਜ਼ਿਲ੍ਹੇ ਦੇ ਪਿੰਡ ਖੋਜੇਵਾਲਾ ਵਿੱਚ ਬਣੇ "ਦਿ ਓਪਨ ਡੋਰ ਚਰਚ"  ਪਿੰਡ ਦੇ ਵਿਚਕਾਰ ਬਣਿਆ ਹੈ ਜਿਸ ਦੀ ਵਿਸ਼ਾਲ ਉਸਾਰੀ ਅਧੀਨ ਇਮਾਰਤ ਦੂਰ ਤੋਂ ਹੀ ਨਜ਼ਰ ਆਉਂਦੀ ਹੈ।ਪਿੰਡ ਦੀ ਜ਼ਿਆਦਾਤਰ ਆਬਾਦੀ ਐਨ ਆਰ ਆਈ ਹੈ। ਪਿੰਡ ਦੇ ਵਿਚਕਾਰ ਪਾਸਟਰ ਹਰਪ੍ਰੀਤ ਦਿਓਲ ਨੇ ਆਪਣਾ ਦਫ਼ਤਰ ਬਣਾਇਆ ਹੋਇਆ ਹੈ, ਜਿੱਥੇ ਸੁਰੱਖਿਆ ਲਈ ਬਾਊਂਸਰ ਵੀ ਮੌਜੂਦ ਰਹਿੰਦੇ ਹਨ।ਪਿੰਡ ਦੇ ਬਜ਼ੁਰਗ ਫ਼ਕੀਰ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਇੱਥੇ ਬਹੁਤ ਜ਼ਿਆਦਾ ਲੋਕ ਆਉਂਦੇ ਹਨ। ਇਸ ਕਰ ਕੇ ਪਿੰਡ ਦੇ ਬਾਹਰ ਖੇਤਾਂ ਵਿੱਚ ਲੋਕਾਂ ਦੇ ਲਈ ਪ੍ਰਾਥਨਾ ਘਰ ਬਣਾਇਆ ਗਿਆ ਹੈ।

ਪਾਸਟਰ ਦਿਓਲ ਦੇ ਬਾਰੇ  ਉਨ੍ਹਾਂ ਦੱਸਿਆ ਕਿ ਇਨ੍ਹਾਂ ਦਾ ਸਬੰਧ ਜੱਟ ਸਿੱਖ ਪਰਿਵਾਰ ਨਾਲ ਹੈ ਅਤੇ ਕਾਫ਼ੀ ਸਮਾਂ ਪਹਿਲਾਂ ਇਨ੍ਹਾਂ ਦੇ ਪਿਤਾ ਵਿਦੇਸ਼ ਗਏ ਸਨ ਅਤੇ ਉੱਥੇ ਉਨ੍ਹਾਂ ਨੇ ਇਸਾਈ ਧਰਮ ਅਪਣਾ ਲਿਆ।ਉਨ੍ਹਾਂ ਦੱਸਿਆ ਕਿ ਵਾਪਸ ਆ ਕੇ ਉਨ੍ਹਾਂ ਪਿੰਡ ਵਿੱਚ ਛੋਟਾ ਚਰਚ ਸਥਾਪਤ ਕੀਤਾ ਪਰ ਜਦੋਂ ਦਾ ਹਰਪ੍ਰੀਤ ਦਿਓਲ ਨੇ ਚਰਚ ਸੰਭਾਲਿਆ ਹੈ ਤਾਂ ਇਸਾਈ ਸੰਗਤ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਹੈ।ਪਾਸਟਰ ਹਰਪ੍ਰੀਤ ਦਿਓਲ ਨੇ ਨਾਲ ਉਨ੍ਹਾਂ ਦੀ ਪਤਨੀ ਗੁਰਸ਼ਰਨ ਕੌਰ ਵੀ ਚਰਚ ਦਾ ਕੰਮ ਕਾਜ ਦੇਖਦੇ ਹਨ।ਪਾਸਟਰ ਦਿਓਲ  ਪੱਤਰਕਾਰਾਂ ਨਾਲ ਗੱਲ ਕਰਨ ਤੋਂ ਝਿਜਕਦੇ ਹਨ ।ਉਨ੍ਹਾਂ ਨਾਲ ਮੁਲਾਕਾਤ ਵੀ ਕੀਤੀ ਪਰ ਉਨ੍ਹਾਂ ਕਿਸੇ ਵੀ ਮੁੱਦੇ ਉੱਤੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।

ਜਲੰਧਰ ਜ਼ਿਲ੍ਹੇ ਦੇ ਖਾਂਬਰਾ ਪਿੰਡ ਵਿੱਚ ''ਦਾ ਚਰਚ ਆਫ਼ ਸਾਈਨਜ਼ ਐਂਡ ਵੰਡਰਜ਼'' ਦੇ ਕਰਤਾ ਧਰਤਾ ਪਾਸਟਰ ਅੰਕੁਰ ਯੂਸਫ਼ ਨਰੂਲਾ ਹਨ। ਚਰਚ ਦੀ ਵੈੱਬਸਾਈਟ ਵਿੱਚ ਇਸ ਗੱਲ ਦਾ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਦਾ ਚਰਚ "ਪੰਜਾਬ ਵਿੱਚ ਸਭ ਤੋਂ ਵੱਡਾ ਅਤੇ ਤੇਜ਼ੀ ਨਾਲ ਵੱਧ ਰਿਹਾ ਚਰਚ ਹੈ।ਵੈੱਬਸਾਈਟ ਵਿੱਚ ਦਾਅਵਾ ਕੀਤਾ ਗਿਆ ਹੈ ਇਸਾਈ ਧਰਮ ਵਿੱਚ ਆਉਣ ਤੋਂ ਪਹਿਲਾਂ ਅੰਕੁਰ ਨਰੂਲਾ ਨਸ਼ੇ ਕਰਦੇ ਸੀ ਅਤੇ ਖ਼ੁਦਕੁਸ਼ੀ ਕਰਨ ਤੱਕ ਪਹੁੰਚ ਗਏ ਸੀ ਪਰ ਇਸਾਈ ਧਰਮ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਪੂਰੀ ਤਰਾਂ ਬਦਲ ਗਈ।ਅੰਕੁਰ ਨਰੂਲਾ ਦਾ ਸਬੰਧ ਹਿੰਦੂ ਖੱਤਰੀ ਪਰਿਵਾਰ ਨਾਲ ਹੈ।

ਖਾਂਬਰਾ ਪਿੰਡ ਦੇ ਖੇਤਾਂ ਵਿੱਚ ਵਿਸ਼ਾਲ ਇਮਾਰਤ ਉਸਾਰੀ ਅਧੀਨ ਹੈ ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਇਸ ਚਰਚ ਦਾ ਘੇਰਾ ਕਿੰਨਾ ਜ਼ਿਆਦਾ ਹੈ।ਚਰਚ ਦੇ ਬਾਹਰ ਟੀਨ ਦੀ ਛੱਤ ਹੇਠ ਬਹੁਤ ਸਾਰੇ ਮਰੀਜ਼ ਬੈਠੇ ਹੋਏ ਸਨ। ਇਨ੍ਹਾਂ ਵਿੱਚ ਇੱਕ ਬਿਹਾਰ ਸੂਬੇ ਦੇ ਸੁਰਜੀਤ ਕੁਮਾਰ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਲੱਤ ਵਿੱਚ ਤਕਲੀਫ਼ ਹੈ ਅਤੇ ਇਸ ਦੇ ਇਲਾਜ ਲਈ ਉਹ ਇੱਥੇ ਆਏ ਹਨ।ਉਨ੍ਹਾਂ ਦੱਸਿਆ ਕਿ ਯੂ ਟਿਊਬ ਉੱਤੇ ਵੀਡੀਓ ਦੇਖ ਕੇ ਉਨ੍ਹਾਂ ਨੂੰ ਚਰਚ ਬਾਰੇ ਪਤਾ ਲੱਗਾ ਸੀ। ਵਕੀਲ ਕੁਮਾਰ ਨੇ ਦੱਸਿਆ ਕਿ ਇੱਥੇ ਪਰਾਥਨਾ ਅਤੇ ਲੱਤ ਉੱਤੇ ਲਾਉਣ ਲਈ ਤੇਲ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਅਜਿਹਾ ਹੋਣ ਨਾਲ ਤਕਲੀਫ ਖਤਮ ਹੋ ਜਾਵੇਗੀ।

ਵਕੀਲ ਕੁਮਾਰ ਵਰਗੇ ਹੋਰ ਵੀ ਬਹੁਤ ਸਾਰੇ ਮਰੀਜ਼ ਇਸ ਚਰਚ ਦੇ ਬਾਹਰ ਬੈਠੇ ਦਿਖਾਈ ਦਿੱਤੇ।

ਖਾਂਬਰਾ ਪਿੰਡ ਦੇ ਨੌਜਵਾਨ ਜਸਬੀਰ ਸਿੰਘ ਨੇ ਦੱਸਿਆ ਕਿ ਪੰਜ- ਛੇ ਸਾਲਾਂ ਦੇ ਵਿੱਚ ਇਸ ਚਰਚ ਨੇ ਤਰੱਕੀ ਕੀਤੀ ਹੈ। ਪਹਿਲਾਂ 2008 ਵਿੱਚ ਤਿੰਨ ਲੋਕਾਂ ਦੇ ਨਾਲ ਪਾਸਟਰ ਅੰਕੁਰ ਨੇ ਚਰਚ ਸ਼ੁਰੂ ਕੀਤੀ ਸੀ। ਇਹ ਛੋਟੀ ਥਾਂ ਉੱਤੇ ਸੀ ਪਰ ਜਿਵੇਂ ਲੋਕਾਂ ਦੀ ਗਿਣਤੀ ਵਧਦੀ ਗਈ ਇਹ ਜ਼ਮੀਨ ਖਰੀਦ ਕੇ ਹੁਣ ਇਨ੍ਹਾਂ ਨੇ ਪੱਕਾ ਚਰਚ ਸਥਾਪਤ ਕਰ ਲਿਆ ਹੈ ਜੋ ਹੁਣ ਉਸਾਰੀ ਅਧੀਨ ਹੈ।

ਹਰਪ੍ਰੀਤ ਸਿੰਘ ਮੁਤਾਬਕ ਪੰਜਾਬੀ ਲੋਕਾਂ ਤੋਂ ਇਲਾਵਾ ਬਿਹਾਰ, ਯੂਪੀ ਦੇ ਪ੍ਰਵਾਸੀ ਮਜ਼ਦੂਰ ਇੱਥੇ ਬਹੁਤ ਵੱਡੀ ਗਿਣਤੀ ਵਿੱਚ ਐਤਵਾਰ ਨੂੰ ਆਉਂਦੇ ਹਨ।

ਅੰਕੁਰ ਨਰੂਲਾ ਚਰਚ ਦੀ ਵੈੱਬਸਾਈਟ ਵਿੱਚ ਇਸ ਗੱਲ ਦਾ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਦਾ ਚਰਚ "ਪੰਜਾਬ ਵਿੱਚ ਸਭ ਤੋਂ ਵੱਡਾ ਅਤੇ ਤੇਜ਼ੀ ਨਾਲ ਵੱਧ ਰਿਹਾ ਚਰਚ ਹੈ।" "ਦਿ ਚਰਚ ਆਫ਼ ਸਾਈਨਜ਼ ਐਂਡ ਵੰਡਰਜ਼" ਨੇ ਆਪਣੇ ਤਿੰਨ ਲੱਖ ਸ਼ਰਧਾਲੂ ਹੋਣ ਦਾ ਦਾਅਵਾ ਕੀਤਾ ਹੈ।ਚਰਚ ਦਾ ਦਾਅਵਾ ਹੈ ਕਿ ਉਹ ਹਰ ਹਫ਼ਤੇ ਇੱਕ ਲੱਖ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਂਦੇ ਹਨ। ਪਾਸਟਰ ਅੰਕੁਰ ਨਰੂਲਾ ਦੇ ਦੋ ਚਰਚ ਹਨ, ਇੰਨਾ ਵਿਚੋਂ ਇੱਕ ਜਲੰਧਰ ਨੇੜਲੇ ਖਾਂਬਰਾ ਪਿੰਡ ਵਿੱਚ ਅਤੇ ਦੂਜਾ ਗੁਰਦਾਸਪੁਰ ਵਿੱਚ।ਚਰਚ ਵੱਲੋਂ ਆਪਣੀ ਵੈੱਬਸਾਈਟ ਉੱਤੇ ਕਈ ਵੀਡੀਓਜ਼ ਅਪਲੋਡ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਮਰੀਜ਼ਾਂ ਦੀ ਬਿਮਾਰੀ ਇਸ ਚਰਚ ਵਿੱਚ ਆ ਕੇ ਕਿਵੇਂ ਠੀਕ ਹੋਈ ਉਸ ਦਾ ਜ਼ਿਕਰ ਕੀਤਾ ਗਿਆ ਹੈ।ਵਾਰ-ਵਾਰ ਇਸ ਚਰਚ ਨਾਲ ਸਬੰਧਿਤ ਲੋਕਾਂ ਨਾਲ ਫੋਨ ਰਾਹੀਂ ਰਾਬਤਾ ਕਾਇਮ ਕਰਨ ਦੀ ਕੋਸ਼ਿਸ ਕੀਤੀ ਪਰ ਕਿਸੇ ਨੇ ਵੀ ਫ਼ੋਨ ਕਾਲ ਦਾ ਜਵਾਬ ਨਹੀਂ ਦਿੱਤਾ।

ਪੰਜਾਬ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਪ੍ਰੋ. ਇਮੈਨੁਅਲ ਨਾਹਰ ਨੇ ਆਖਿਆ ਕਿ ਇਸਾਈ ਧਰਮ ਦੇ ਅੰਦਰ ਕੁਝ ਅਖੌਤੀ ਪਾਸਟਰ ਆ ਗਏ ਜਿੰਨ੍ਹਾਂ ਨੇ ਧਰਮ ਨੂੰ ਕਾਰੋਬਾਰ ਦਾ ਰੂਪ ਦੇ ਦਿੱਤਾ ਹੈ।ਉਨ੍ਹਾਂ ਮੁਤਾਬਕ ਅਜਿਹੇ ਅਖੌਤੀ ਪਾਸਟਰਾਂ ਦੀ ਬਕਾਇਦਾ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ਗੱਲ ਦਾ ਪਤਾ ਲਗਾਉਣਾ ਚਾਹੀਦਾ ਹੈ ਕਿ ਉਨ੍ਹਾਂ ਕੋਲੋਂ ਵਿੱਤੀ ਸਾਧਨ ਕਿੱਥੋਂ ਆ ਰਹੇ ਹਨ।ਪ੍ਰੋਫ਼ੈਸਰ ਨਾਹਰ ਮੁਤਾਬਕ ਇਸਾਈ ਧਰਮ ਪੰਜਾਬ ਵਿੱਚ ਬਹੁਤ ਪੁਰਾਣਾ ਹੈ ਅਤੇ ਕਦੇ ਵੀ ਤਰਨਤਾਰਨ ਦੇ ਚਰਚ ਵਿੱਚ ਹੋਏ ਹਮਲੇ ਵਰਗੀ ਘਟਨਾ ਨਹੀਂ ਵਾਪਰੀ।ਉਹ ਕਹਿੰਦੇ ਹਨ, ''ਚਰਚਾਂ ਦੇ ਨਾਂ ਉੱਤੇ ਚੱਲਣ ਵਾਲੇ ਨਿੱਜੀ ਕਾਰੋਬਾਰ ਬੰਦ ਹੋਣੇ ਚਾਹੀਦੇ ਹਨ, ਭਾਵੇਂ ਕੋਈ ਤੇਲ ਵੇਚਦਾ ਹੈ ਜਾਂ ਪਾਣੀ, ਅਸੀਂ ਅਜਿਹੇ ਲੋਕਾਂ ਦੇ ਹੱਕ ਵਿਚ ਨਹੀਂ ਹਾਂ।''

 

ਪ੍ਰਗਟ ਸਿੰਘ ਜੰਡਿਆਲਾ ਗੁਰੂ