ਭਾਰਤ ਲਈ ਚੀਨ ਦਾ ਖਤਰਾ ਵਧਿਆ
*ਸ੍ਰੀਲੰਕਾ ਵੱਲੋਂ ਚੀਨੀ ਸਮੁੰਦਰੀ ਬੇੜੇ ਨੂੰ ਦਾਖਲੇ ਦੀ ਖੁੱਲ੍ਹ
*ਭਾਰਤ ਨੂੰ ਚੀਨ ਦੀ ਮਨਸ਼ਾ ’ਤੇ ਸ਼ੱਕ
*ਚੀਨ ਨੂੰ ਭਾਰਤੀ ਖੇਤਰ ਵਿਚ ਘੁਸਪੈਠ ਨਹੀਂ ਕਰਨ ਦੇਵਾਂਗੇ: ਰਾਜਨਾਥ
ਅੰਮ੍ਰਿਤਸਰ ਟਾਈਮਜ਼
ਕੋਲੰਬੋ: ਸ੍ਰੀਲੰਕਾ ਸਰਕਾਰ ਨੇ ਚੀਨ ਦੇ ਉੱਚ ਤਕਨੀਕ ਨਾਲ ਲੈਸ ਖੋਜੀ ਸਮੁੰਦਰੀ ਜਹਾਜ਼ ਨੂੰ ਹੰਬਨਟੋਟਾ ਦੀ ਦੱਖਣੀ ਬੰਦਰਗਾਹ ਅੰਦਰ 16 ਅਗਸਤ ਨੂੰ ਦਾਖ਼ਲ ਹੋਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਬੇੜਾ 22 ਅਗਸਤ ਤੱਕ ਬੰਦਰਗਾਹ ’ਤੇ ਰਹੇਗਾ। ਚੀਨ ਦੀਆਂ ਇਹਨਾਂ ਜੰਗੀ ਨੀਤੀਆਂ ਕਾਰਣ ਭਾਰਤ ਲਈ ਖਤਰਾ ਵਧ ਰਿਹਾ ਹੈ।
ਬੈਲਿਸਟਿਕ ਮਿਜ਼ਾਈਲ ਅਤੇ ਸੈਟੇਲਾਈਟ ਟਰੈਕਿੰਗ ਨਾਲ ਲੈਸ ਚੀਨੀ ਸਮੁੰਦਰੀ ਬੇੜੇ ‘ਯੁਆਨ ਵੈਂਗ 5’ ਨੇ ਪਹਿਲਾਂ 11 ਤੋਂ 17 ਅਗਸਤ ਤੱਕ ਬੰਦਰਗਾਹ ’ਤੇ ਰੁਕਣਾ ਸੀ। ਭਾਰਤ ਵੱਲੋਂ ਸੁਰੱਖਿਆ ਸਬੰਧੀ ਤੇ ਦੇਸ਼ ਦੀ ਜਾਸੂਸੀ ਹੋਣ ਦੀਆਂ ਚਿੰਤਾਵਾਂ ਦਾ ਮੁੱਦਾ ਚੁੱਕੇ ਜਾਣ ਮਗਰੋਂ ਸ੍ਰੀਲੰਕਾ ਦੇ ਵਿਦੇਸ਼ ਮੰਤਰਾਲੇ ਨੇ ਪਿਛਲੇ ਹਫ਼ਤੇ ਕੋਲੰਬੋ ਸਥਿਤ ਚੀਨੀ ਸਫ਼ਾਰਤਖ਼ਾਨੇ ਨੂੰ ਸਮੁੰਦਰੀ ਜਹਾਜ਼ ਦੀ ਯਾਤਰਾ ਮੁਲਤਵੀ ਕਰਨ ਦੀ ਅਪੀਲ ਕੀਤੀ ਸੀ। ਸ੍ਰੀਲੰਕਾ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਉਨ੍ਹਾਂ ਸਰਕਾਰ ਵੱਲੋਂ ਬੇੜੇ ਨੂੰ ਦਿੱਤੀ ਗਈ ਮਨਜ਼ੂਰੀ ਦੀ ਜਾਣਕਾਰੀ ਚੀਨੀ ਸਫ਼ਾਰਤਖਾਨੇ ਨੂੰ ਦੇ ਦਿੱਤੀ ਹੈ। ‘ਕੌਮਾਂਤਰੀ ਫ਼ਰਜ਼ਾਂ ਨੂੰ ਦੇਖਦਿਆਂ ਸ੍ਰੀਲੰਕਾ ਸਾਰੇ ਮੁਲਕਾਂ ਦੇ ਜਾਇਜ਼ ਹਿੱਤਾਂ ਦੀ ਰਾਖੀ ਕਰਦਾ ਰਹੇਗਾ।’ ਭਾਰਤ ਵੱਲੋਂ ਇਤਰਾਜ਼ ਪ੍ਰਗਟਾਏ ਜਾਣ ਮਗਰੋਂ ਸ੍ਰੀਲੰਕਾ ਸਰਕਾਰ ਨੇ ਸਬੰਧਤ ਧਿਰਾਂ ਨਾਲ ਕੂਟਨੀਤਕ ਚੈਨਲਾਂ ਰਾਹੀਂ ਉੱਚ ਪੱਧਰੀ ਵਿਚਾਰ ਵਟਾਂਦਰਾ ਕੀਤਾ ਤਾਂ ਜੋ ਆਪਸੀ ਸਹਿਮਤੀ ਅਤੇ ਵਾਰਤਾ ਨਾਲ ਇਹ ਮਾਮਲਾ ਸੁਲਝਾਇਆ ਜਾ ਸਕੇ। ਚੀਨੀ ਸਫ਼ਾਰਤਖਾਨੇ ਨੇ 12 ਅਗਸਤ ਨੂੰ ਬੇੜੇ ਦੀ ਆਮਦ ਦੀਆਂ ਨਵੀਆਂ ਤਰੀਕਾਂ ਦਿੱਤੀਆਂ ਸਨ। ਹੰਬਨਟੋਟਾ ਬੰਦਰਗਾਹ ਨੂੰ ਰਣਨੀਤਕ ਤੌਰ ’ਤੇ ਅਹਿਮ ਮੰਨਿਆ ਜਾਂਦਾ ਹੈ ਅਤੇ ਇਸ ਬੰਦਰਗਾਹ ਨੂੰ ਚੀਨ ਤੋਂ ਮਿਲੇ ਕਰਜ਼ੇ ਨਾਲ ਵਿਕਸਤ ਕੀਤਾ ਗਿਆ ਹੈ। -ਭਾਰਤ ਨੇ ਕਿਹਾ ਹੈ ਕਿ ਉਹ ਸਾਰੇ ਘਟਨਾਕ੍ਰਮ ’ਤੇ ਨਿਗਰਾਨੀ ਰੱਖ ਰਿਹਾ ਹੈ ਤਾਂ ਜੋ ਮੁਲਕ ਦੀ ਸੁਰੱਖਿਆ ਅਤੇ ਆਰਥਿਕ ਹਿੱਤਾਂ ’ਤੇ ਕੋਈ ਅਸਰ ਨਾ ਪਵੇ। ਭਾਰਤ ਨੂੰ ਖ਼ਦਸ਼ਾ ਹੈ ਕਿ ਚੀਨੀ ਸਮੁੰਦਰੀ ਜਹਾਜ਼ ਆਪਣੀ ਟਰੈਕਿੰਗ ਪ੍ਰਣਾਲੀ ਰਾਹੀਂ ਸ੍ਰੀਲੰਕਾਈ ਬੰਦਰਗਾਹ ’ਤੇ ਰਹਿ ਕੇ ਭਾਰਤੀ ਟਿਕਾਣਿਆਂ ਦੀ ਜਾਸੂਸੀ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ। ਭਾਰਤ ਪਹਿਲਾਂ ਵੀ ਚੀਨੀ ਫ਼ੌਜੀ ਬੇੜਿਆਂ ਦੀ ਹਿੰਦ ਮਹਾਸਾਗਰ ’ਚ ਆਮਦ ਦਾ ਸਖ਼ਤ ਨੋਟਿਸ ਲੈਂਦਿਆਂ ਸ੍ਰੀਲੰਕਾ ਕੋਲ ਵਿਰੋਧ ਜਤਾਉਂਦਾ ਆਇਆ ਹੈ। ਸ੍ਰੀਲੰਕਾ ਨੇ 2017 ਵਿਚ ਹੰਬਨਟੋਟਾ ਬੰਦਰਗਾਹ ਚੀਨੀ ਮਰਚੈਂਟ ਪੋਰਟ ਹੋਲਡਿੰਗਜ਼ ਨੂੰ ਉਸ ਸਮੇਂ 99 ਸਾਲਾਂ ਲਈ ਲੀਜ਼ ’ਤੇ ਦੇ ਦਿੱਤੀ ਸੀ ਜਦੋਂ ਉਹ ਕਰਜ਼ੇ ਦੀ ਅਦਾਇਗੀ ਨਹੀਂ ਕਰ ਸਕਿਆ ਸੀ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਚੀਨ ਨੂੰ ਭਾਰਤੀ ਇਲਾਕੇ ਅੰਦਰ ਘੁਸਪੈਠ ਕਰਨ ਦਾ ਮੌਕਾ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਵਿਰੋਧੀ ਧਿਰਾਂ ਨੂੰ ਦੇਸ਼ ਦੀ ਸੁਰੱਖਿਆ ਨਾਲ ਜੁੜੇ ਮੁੱਦਿਆਂ ’ਤੇ ਸਿਆਸਤ ਨਾ ਕਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਮੁਲਕ ਦੇ ਲੋਕਾਂ ਦੀ ਸੁਰੱਖਿਆ ਨੂੰ ਤਰਜੀਹ ਦਿੰਦੀ ਹੈ। ਰਾਜਨਾਥ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਦੇਸ਼ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ।
Comments (0)