ਚੀਨ ਵਲੋਂ ਭਾਰਤ ਖਿਲਾਫ ਕਾਰਵਾਈਆਂ ਜਾਰੀ

ਚੀਨ ਵਲੋਂ ਭਾਰਤ ਖਿਲਾਫ ਕਾਰਵਾਈਆਂ ਜਾਰੀ

*ਤਿੰਨ-ਚਾਰ ਹਫ਼ਤਿਆਂ ਤੋਂ ਅਸਲ ਕੰਟਰੋਲ ਰੇਖਾ ਦੇ ਕਾਫ਼ੀ ਨੇੜੇ ਉਡਾਣ ਭਰ ਰਹੇ ਨੇ ਚੀਨੀ ਜਹਾਜ਼

*ਯੂਕੇ ਤੇ ਭਾਰਤ ਲਈ ਚੀਨ ''ਸਭ ਤੋਂ ਵੱਡਾ ਖ਼ਤਰਾ''  : ਰਿਸ਼ੀ ਸੁਨਕ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ: ਭਾਰਤ ਤੇ ਚੀਨ ਦਰਮਿਆਨ ਫ਼ੌਜੀ ਕਮਾਂਡਰ ਪੱਧਰ ਦੀ ਵਾਰਤਾ ਦੇ ਬਾਵਜੂਦ ਚੀਨ ਦੇ ਲੜਾਕੂ ਜਹਾਜ਼ ਪੂਰਬੀ ਲੱਦਾਖ ਵਿਚ ਤਾਇਨਾਤ ਭਾਰਤੀ ਸੁਰੱਖਿਆ ਬਲਾਂ ਨੂੰ ਭੜਕਾਉਣ ਦਾ ਲਗਾਤਾਰ ਯਤਨ ਕਰ ਰਹੇ ਹਨ। ਚੀਨ ਦੇ ਜਹਾਜ਼ ਪਿਛਲੇ ਤਿੰਨ-ਚਾਰ ਹਫ਼ਤਿਆਂ ਦੌਰਾਨ ਕਈ ਮੌਕਿਆਂ ’ਤੇ ਅਸਲ ਕੰਟਰੋਲ ਰੇਖਾ ਦੇ ਬਿਲਕੁਲ ਨੇੜੇ ਉੱਡਦੇ ਦੇਖੇ ਗਏ ਹਨ। ਇਸ ਨੂੰ ਚੀਨ ਵੱਲੋਂ ਖੇਤਰ ਵਿਚ ਭਾਰਤੀ ਰੱਖਿਆ ਢਾਂਚੇ ਨੂੰ ਜਾਂਚਣ ਦੇ ਯਤਨ ਵਜੋਂ ਦੇਖਿਆ ਜਾ ਰਿਹਾ ਹੈ।  ਸਰਕਾਰੀ ਸੂਤਰ ਨੇ ਦੱਸਿਆ ਕਿ ਭਾਰਤੀ ਹਵਾਈ ਸੈਨਾ ਹਰੇਕ ਸਥਿਤੀ ਦਾ ਜ਼ਿੰਮੇਵਾਰੀ ਨਾਲ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ ਤੇ ਖ਼ਤਰੇ ਨਾਲ ਨਜਿੱਠਣ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਇਸ ਤੋਂ ਇਲਾਵਾ ਇਹ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਕਿ ਮਾਮਲਾ ਕਾਬੂ ਤੋਂ ਬਾਹਰ ਨਾ ਹੋ ਜਾਵੇ। ਚੀਨ ਦੇ ਲੜਾਕੂ ਜਹਾਜ਼ ਜੇ-11 ਸਣੇ ਹੋਰ ਜਹਾਜ਼ਾਂ ਨੇ ਕੰਟਰੋਲ ਰੇਖਾ ਨੇੜੇ ਉਡਾਣ ਭਰੀ ਹੈ। ਭਰੋਸਾ ਬਣਾਏ ਰੱਖਣ ਲਈ ਜਿਹੜੀ ਦਸ ਕਿਲੋਮੀਟਰ ਲੰਮੀ ਲਾਈਨ (ਸੀਬੀਐਮ) ਤੈਅ ਕੀਤੀ ਗਈ ਹੈ, ਉਸ ਦੀ ਉਲੰਘਣਾ ਦੇ ਕਈ ਮਾਮਲੇ ਹਾਲ ਹੀ ਵਿਚ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਭਾਰਤੀ ਹਵਾਈ ਸੈਨਾ ਨੇ ਵੀ ਆਪਣੇ ਸਭ ਤੋਂ ਅਸਰਦਾਰ ਲੜਾਕੂ ਜਹਾਜ਼ਾਂ ਮਿੱਗ-29 ਤੇ ਮਿਰਾਜ 2000 ਨੂੰ ਐਲਏਸੀ ਨੇੜੇ ਤਾਇਨਾਤ ਕਰ ਦਿੱਤਾ ਹੈ ਜੋ ਕਿਸੇ ਵੀ ਚੀਨੀ ਕਾਰਵਾਈ ਦਾ ਇਹ ਮਿੰਟਾਂ ਵਿਚ ਜਵਾਬ ਦੇ ਸਕਦੇ ਹਨ। ਸੂਤਰਾਂ ਮੁਤਾਬਕ ਚੀਨ ਦੀ ਫ਼ੌਜ ਪੀਐਲਏ ਭਾਰਤ ਵੱਲੋਂ ਲੱਦਾਖ ਵਿਚ ਸਰਹੱਦ ਨੇੜੇ ਅਪਗ੍ਰੇਡ ਕੀਤੇ ਜਾ ਰਹੇ ਢਾਂਚੇ ਤੋਂ ਤਣਾਅ ਵਿਚ ਹੈ। ਨਵੇਂ ਉਸਾਰੇ ਜਾ ਰਹੇ ਢਾਂਚੇ ਨਾਲ ਭਾਰਤ ਚੀਨ ਦੇ ਕਬਜ਼ੇ ਵਾਲੇ ਖੇਤਰ ਵਿਚ ਕਾਫ਼ੀ ਅੰਦਰ ਤੱਕ ਨਿਗਰਾਨੀ ਰੱਖਣ ਦੇ ਸਮਰੱਥ ਹੋ ਜਾਵੇਗਾ। ਭਾਰਤੀ ਹਵਾਈ ਸੈਨਾ ਚੀਨੀ ਜਹਾਜ਼ਾਂ ਦੇ ਉਡਣ ਦੇ ਢੰਗਾਂ ਨੂੰ ਵੀ ਬਾਰੀਕੀ ਨਾਲ ਦੇਖ ਰਹੀ ਹੈ। ਇਹ ਕਈ ਵਾਰ ਜ਼ਮੀਨ ਨੇੜੇ ਤੇ ਕਈ ਵਾਰ ਉਚਾਈ ਉਤੇ ਉਡਾਣ ਭਰਦੇ ਦੇਖੇ ਗਏ ਹਨ। ਸੂਤਰਾਂ ਮੁਤਾਬਕ ਚੀਨੀ ਜਹਾਜ਼ਾਂ ਦੀ ਇਹ ਕਾਰਵਾਈ 24-25 ਜੂਨ ਨੂੰ ਸ਼ੁਰੂ ਹੋਈ ਸੀ ਜਦ ਉਨ੍ਹਾਂ ਦਾ ਇਕ ਜਹਾਜ਼ ਪੂਰਬੀ ਲੱਦਾਖ ਵਿਚ ਟਕਰਾਅ ਵਾਲੀ ਥਾਂ ਦੇ ਕਾਫ਼ੀ ਨੇੜੇ ਉਡਿਆ ਸੀ। ਭਾਰਤੀ ਸੈਨਾ ਦੇ ਜਹਾਜ਼ ਵੀ ਪੂਰਬੀ ਲੱਦਾਖ ਵਿਚ ਲਗਾਤਾਰ ਉਡਾਣਾਂ ਭਰ ਰਹੇ ਹਨ। ਸੂਤਰਾਂ ਮੁਤਾਬਕ ਕੋਰ ਕਮਾਂਡਰ ਪੱਧਰ ਦੀ 17 ਜੁਲਾਈ ਨੂੰ ਹੋਈ ਵਾਰਤਾ ਵਿਚ ਵੀ ਇਹ ਮੁੱਦਾ ਚੀਨ ਨਾਲ ਉਠਾਇਆ ਗਿਆ ਸੀ। 

 ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਦੌੜ ਵਿਚ ਸ਼ਾਮਲ ਰਿਸ਼ੀ ਸੁਨਕ ਨੇ  ਕਿਹਾ ਕਿ ਚੀਨ ਇਸ ਸਦੀ ਵਿਚ ਬ੍ਰਿਟੇਨ ਅਤੇ ਦੁਨੀਆ ਦੀ ਸੁਰੱਖਿਆ ਅਤੇ ਖੁਸ਼ਹਾਲੀ ਲਈ ‘ਸਭ ਤੋਂ ਵੱਡਾ ਖ਼ਤਰਾ’ ਹੈ ਅਤੇ ਇਸ ਗੱਲ ਦੇ ਸਬੂਤ ਹਨ ਕਿ ਉਸ ਨੇ ਅਮਰੀਕਾ, ਭਾਰਤ ਸਮੇਤ ਕਈ ਦੇਸ਼ਾਂ ਨੂੰ ਨਿਸ਼ਾਨਾ ਬਣਾਇਆ ਹੈ। ਸਾਬਕਾ ਵਿੱਤ ਮੰਤਰੀ ਸੁਨਕ (42) ਨੇ ਪ੍ਰਧਾਨ ਮੰਤਰੀ ਚੁਣੇ ਜਾਣ 'ਤੇ ਤਕਨੀਕੀ ਖੇਤਰ ਵਿਚ ਚੀਨ ਦੇ ਦਬਦਬੇ ਤੋਂ ਬਚਾਅ ਲਈ ਉੱਤਰ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੀ ਤਰ੍ਹਾਂ 'ਸੁਤੰਤਰ ਰਾਸ਼ਟਰਾਂ' ਦੇ ਇਕ ਨਵੇਂ ਫੌਜੀ ਗਠਜੋੜ ਦੇ ਗਠਨ ਸਮੇਤ ਕਈ ਯੋਜਨਾਵਾਂ ਸ਼ੁਰੂ ਕਰਨ ਦੀ ਗੱਲ ਕਹੀ।

ਕੰਜ਼ਰਵੇਟਿਵ ਪਾਰਟੀ ਦੇ ਲੀਡਰਸ਼ਿਪ ਦੇ ਅਹੁਦੇ ਲਈ ਚੋਣ ਲੜ ਰਹੇ ਸੁਨਕ ਨੇ ਕਿਹਾ ਕਿ ਮੈਂ ਯੂਕੇ ਵਿੱਚ ਚੀਨ ਦੀਆਂ ਸਾਰੀਆਂ 30 ਕਨਫਿਊਸ਼ੀਅਨ ਸੰਸਥਾਵਾਂ ਨੂੰ ਬੰਦ ਕਰ ਦਿਆਂਗਾ, ਜੋ ਕਿ ਵਿਸ਼ਵ ਵਿੱਚ ਸਭ ਤੋਂ ਵੱਡੀ ਗਿਣਤੀ ਹਨ। ਕਨਫਿਊਸ਼ੀਅਸ ਇੰਸਟੀਚਿਊਟ ਚੀਨੀ ਸਰਕਾਰ ਦੁਆਰਾ ਫੰਡ ਕੀਤੇ ਜਾਂਦੇ ਹਨ ਅਤੇ ਸੱਭਿਆਚਾਰ ਅਤੇ ਭਾਸ਼ਾ ਦੇ ਕੇਂਦਰਾਂ ਵਜੋਂ ਸੇਵਾ ਕਰਦੇ ਹਨ ਪਰ ਪੱਛਮ ਅਤੇ ਚੀਨ ਵਿਚਕਾਰ ਤਣਾਅਪੂਰਨ ਸਬੰਧਾਂ ਦੇ ਵਿਚਕਾਰ ਆਲੋਚਕ ਦਾਅਵਾ ਕਰਦੇ ਹਨ ਕਿ ਇਹ ਸੰਸਥਾਵਾਂ ਪ੍ਰਚਾਰ ਦੇ ਸਾਧਨ ਹਨ। ਭਾਰਤੀ ਮੂਲ ਦੇ ਸੰਸਦ ਮੈਂਬਰ ਸੁਨਕ ਨੇ ਕਿਹਾ ਕਿ ਚੀਨ ਅਤੇ ਚੀਨ ਦੀ ਕਮਿਊਨਿਸਟ ਪਾਰਟੀ ਇਸ ਸਦੀ ਵਿੱਚ ਬ੍ਰਿਟੇਨ ਅਤੇ ਦੁਨੀਆ ਦੀ ਸੁਰੱਖਿਆ ਅਤੇ ਖੁਸ਼ਹਾਲੀ ਲਈ ਸਭ ਤੋਂ ਵੱਡੇ ਖਤਰੇ ਹਨ। ਚੀਨ ਵੱਲੋਂ ਪੈਦਾ ਸਾਈਬਰ ਖਤਰਿਆਂ ਨਾਲ ਨਜਿੱਠਣ ਲਈ ਮੈਂ ਸੁਤੰਤਰ ਰਾਸ਼ਟਰਾਂ ਦਾ ਇੱਕ ਨਵਾਂ ਅੰਤਰਰਾਸ਼ਟਰੀ ਗਠਜੋੜ ਬਣਾਵਾਂਗਾ ਅਤੇ ਤਕਨਾਲੋਜੀ ਸੁਰੱਖਿਆ ਵਿੱਚ ਵਧੀਆ ਅਭਿਆਸਾਂ ਨੂੰ ਸਾਂਝਾ ਕਰਾਂਗਾ। ਦਾ ਰੈਡੀ ਫੌਰ ਸਟੇਜ'' ਮੁਹਿੰਮ ਨੇ ਕਿਹਾ ਕਿ ਇਸ ਨਵੇਂ ਸੁਰੱਖਿਆ ਗਠਜੋੜ ਦੇ ਤਹਿਤ ਬ੍ਰਿਟੇਨ ਸਾਈਬਰ ਸੁਰੱਖਿਆ, ਦੂਰਸੰਚਾਰ ਸੁਰੱਖਿਆ ਅਤੇ ਬੌਧਿਕ ਜਾਇਦਾਦ ਦੀ ਚੋਰੀ ਨੂੰ ਰੋਕਣ ਲਈ ਅੰਤਰਰਾਸ਼ਟਰੀ ਮਿਆਰਾਂ ਅਤੇ ਮਾਪਦੰਡਾਂ ਨੂੰ ਪ੍ਰਭਾਵਿਤ ਕਰਨ ਦੀਆਂ ਕੋਸ਼ਿਸ਼ਾਂ ਬਾਰੇ ਜਾਣਕਾਰੀ ਇਕੱਠੀ ਕਰੇਗਾ। ਉੱਤਰੀ ਯੌਰਕਸ਼ਾਇਰ ਵਿੱਚ ਰਿਚਮੰਡ ਤੋਂ ਸੰਸਦ ਮੈਂਬਰ ਸੁਨਕ ਨੇ ਚੀਨ 'ਤੇ ਬ੍ਰਿਟੇਨ ਦੀ ਤਕਨਾਲੋਜੀ ਚੋਰੀ ਕਰਨ ਅਤੇ ਯੂਨੀਵਰਸਿਟੀਆਂ ਵਿੱਚ ਘੁਸਪੈਠ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਚੀਨ ਯੂਕ੍ਰੇਨ ਵਿੱਚ ਹਮਲਿਆਂ ਵਿੱਚ ਸ਼ਾਮਲ ਸੀ, ਉਹ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਸਮਰਥਨ ਕਰਦਾ ਹੈ, ਸ਼ਿਨਜਿਆਂਗ ਅਤੇ ਹਾਂਗਕਾਂਗ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ ਅਤੇ ਵਿਸ਼ਵ ਅਰਥਚਾਰੇ ਨੂੰ ਆਪਣੇ ਹਿੱਤ ਵਿੱਚ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਬੋਰਿਸ ਜਾਨਸਨ ਦੀ ਥਾਂ ਲੈਣ ਲਈ ਸੁਨਕ ਨੂੰ ਵਿਦੇਸ਼ ਮੰਤਰੀ ਲਿਜ਼ ਟਰਸ ਨਾਲ ਸਖ਼ਤ ਟੱਕਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਬੀਤੇ ਸੋਮਵਾਰ ਦੀ ਟੈਲੀਵਿਜ਼ਨ ਬਹਿਸ ਤੋਂ ਪਹਿਲਾਂ ਸੁਨਕ ਨੇ ਆਪਣੇ ਸੰਦੇਸ਼ ਵਿੱਚ ਚੀਨ ਦੀਆਂ ਹਮਲਾਵਰ ਨੀਤੀਆਂ 'ਤੇ ਧਿਆਨ ਕੇਂਦਰਿਤ ਕੀਤਾ। ਸੁਨਕ ਨੇ ਕਿਹਾ ਕਿ ਮੈਂ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਹੋਰ ਵਿਸ਼ਵ ਨੇਤਾਵਾਂ ਨਾਲ ਕੰਮ ਕਰਾਂਗਾ ਤਾਂ ਕਿ ਸਾਰੇ ਪੱਛਮੀ ਦੇਸ਼ ਚੀਨ ਦੇ ਖਤਰੇ ਦਾ ਸਾਹਮਣਾ ਕਰਨ ਲਈ ਇਕਜੁੱਟ ਹੋ ਸਕਣ। ਵਿਰੋਧੀ ਧਿਰ ਨੇ ਸੁਨਕ 'ਤੇ ਵਿੱਤ ਮੰਤਰੀ ਦੇ ਅਹੁਦੇ 'ਤੇ ਰਹਿੰਦੇ ਹੋਏ ਚੀਨ ਪ੍ਰਤੀ 'ਨਰਮ' ਰੁਖ ਰੱਖਣ ਦਾ ਦੋਸ਼ ਲਗਾਇਆ। ਟਰਸ ਦੇ ਬੁਲਾਰੇ ਨੇ ਕਿਹਾ ਕਿ ਟਰਸ ਨੇ ਵਿਦੇਸ਼ ਮੰਤਰੀ ਬਣਨ ਤੋਂ ਬਾਅਦ "ਚੀਨ ਦੇ ਸਾਹਮਣੇ ਬ੍ਰਿਟੇਨ ਦੀ ਸਥਿਤੀ ਨੂੰ ਮਜ਼ਬੂਤ​ਕੀਤਾ" ਅਤੇ "ਚੀਨੀ ਹਮਲੇ ਪ੍ਰਤੀ ਅੰਤਰਰਾਸ਼ਟਰੀ ਪ੍ਰਤੀਕਿਰਿਆ ਦੀ ਅਗਵਾਈ ਕਰਨ ਵਿੱਚ ਮਦਦ ਕੀਤੀ"।

ਜੰਗ ਹੋਣ ’ਤੇ ਭਾਰਤ ਹੀ ਜਿੱਤੇਗਾ: ਰਾਜਨਾਥ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਜੇਕਰ ਕਿਸੇ ਨੇ ਵੀ ਮੁਲਕ ’ਤੇ ਮਾੜੀ ਨਜ਼ਰ ਰੱਖਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਮੂੰਹ ਤੋੜ ਜਵਾਬ ਦੇਣ ਲਈ ਭਾਰਤ ਪੂਰੀ ਤਰ੍ਹਾਂ ਨਾਲ ਤਿਆਰ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਜੇਕਰ ਕੋਈ ਜੰਗ ਹੋਈ ਤਾਂ ਭਾਰਤ ਹੀ ਜਿੱਤੇਗਾ। ਮਕਬੂਜ਼ਾ ਕਸ਼ਮੀਰ ਨੂੰ ਮੁੜ ਹਾਸਲ ਕਰਨ ਦੀ ਵਕਾਲਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਭਾਰਤ ਦਾ ਹਿੱਸਾ ਹੈ। ‘ਕਾਰਗਿਲ ਵਿਜੈ ਦਿਵਸ’ ਦੇ ਸਬੰਧ ’ਚ ਕਰਵਾਏ ਗਏ ਇਕ ਪ੍ਰੋਗਰਾਮ ਦੌਰਾਨ ਉਨ੍ਹਾਂ ਕਿਹਾ,‘‘ਮੈਂ ਤੁਹਾਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਜੇਕਰ ਕਿਸੇ ਵਿਦੇਸ਼ੀ ਤਾਕਤ ਨੇ ਸਾਡੇ ’ਤੇ ਬੁਰੀ ਨਜ਼ਰ ਰੱਖੀ ਅਤੇ ਜੰਗ ਹੋਈ ਤਾਂ ਅਸੀਂ ਜਿੱਤਾਂਗੇ।’’ ਉਨ੍ਹਾਂ ਕਿਹਾ ਕਿ ਭਾਰਤ ਨੇ 1947 ਤੋਂ ਬਾਅਦ ਸਾਰੀਆਂ ਜੰਗਾਂ ਵਿਚ ਪਾਕਿਸਤਾਨ ਨੂੰ ਹਰਾਇਆ ਹੈ ਅਤੇ ਇਨ੍ਹਾਂ ਹਾਰਾਂ ਤੋਂ ਬਾਅਦ ਹੀ ਉਸ ਨੇ ਲੁਕਵੀਆਂ ਜੰਗਾਂ ਦਾ ਰਾਹ ਅਪਣਾਇਆ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਫ਼ੌਜ ਭਵਿੱਖ ਦੀਆਂ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਅਤੇ ਚੀਨ ਨਾਲ ਜੰਗ ਦੌਰਾਨ ਜੰਮੂ ਕਸ਼ਮੀਰ ਦੇ ਲੋਕ ਆਪਣੀ ਫ਼ੌਜ ਨਾਲ ਖੜ੍ਹੇ ਰਹੇ ਸਨ।