ਕਾਂਗਰਸ ਵਿਚ ਦੁਬਾਰਾ ਚੰਨੀ ਦਾ ਹੋਇਆ ਬੋਲਬਾਲਾ

ਕਾਂਗਰਸ ਵਿਚ ਦੁਬਾਰਾ ਚੰਨੀ ਦਾ ਹੋਇਆ ਬੋਲਬਾਲਾ

ਵਰਕਿੰਗ ਕਮੇਟੀ ਵਿਚ ਚੰਨੀ ਦੀ ਐਂਟਰੀ

 ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਵੜਿੰਗ ਨੂੰ ਹਾਈਕਮਾਂਡ ਨੇ ਪਿਛੇ ਛਡਿਆ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਚੰਡੀਗੜ੍ਹ : ਕਾਂਗਰਸ ਵਰਕਿੰਗ ਕਮੇਟੀ ਪੰਜਾਬ ਦੀ 'ਆਪ' ਸਰਕਾਰ ਭਲੇ ਹੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖਿਲਾਫ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਵਿਜੀਲੈਂਸ ਜਾਂਚ ਕਰ ਰਹੀ ਹੋਵੇ ਪਰ ਕਾਂਗਰਸ ਵਿਚ ਉਨ੍ਹਾਂ ਦਾ ਕੱਦ ਵਧ ਗਿਆ ਹੈ। ਚੰਨੀ ਨੂੰ ਕਾਂਗਰਸ ਵਰਕਿੰਗ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ। ਚੰਨੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ 'ਤੇ ਭਾਰੀ ਹਨ।

ਵਰਕਿੰਗ ਕਮੇਟੀ ਵਿੱਚ ਚਰਨਜੀਤ ਸਿੰਘ ਚੰਨੀ ਦੀ ਐਂਟਰੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਕੀਤੀ ਗਈ ਹੈ। ਕੈਪਟਨ ਮੁੱਖ ਮੰਤਰੀ ਵਜੋਂ ਇਸ ਕਮੇਟੀ ਦਾ ਹਿੱਸਾ ਹੁੰਦੇ ਸਨ। ਜਦਕਿ ਅੰਬਿਕਾ ਸੋਨੀ ਇਸ ਕਮੇਟੀ ਦਾ ਬਾਕਾਇਦਾ ਹਿੱਸਾ ਰਹੇ ਹਨ। ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਨਾ ਹੋਣ ਦੇ ਬਾਵਜੂਦ ਪਾਰਟੀ ਸਿਰਫ਼ 18 ਵਿਧਾਨ ਸਭਾ ਸੀਟਾਂ ਤੱਕ ਹੀ ਸਿਮਟ ਗਈ ਹੈ, ਪਰ ਪੰਜਾਬ ਦੇ ਆਗੂਆਂ ਦਾ ਕੱਦ ਕੌਮੀ ਪੱਧਰ ’ਤੇ ਵਧਿਆ ਹੈ।

ਇਨ੍ਹਾਂ ਆਗੂਆਂ ਨੂੰ ਵੀ ਥਾਂ ਮਿਲੀ

ਰਾਜਸਥਾਨ ਦੇ ਇੰਚਾਰਜ ਹੋਣ ਦੇ ਨਾਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਕਾਂਗਰਸ ਵਰਕਿੰਗ ਕਮੇਟੀ ਏ ਦਾ ਹਿੱਸਾ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਸਾਬਕਾ ਕੇਂਦਰੀ ਮੰਤਰੀ ਅਤੇ ਪਾਰਟੀ ਦੇ ਬੁਲਾਰੇ ਮਨੀਸ਼ ਤਿਵਾੜੀ ਨੂੰ ਵੀ ਸੀਡਬਲਿਊਸੀ ਦੇ ਸਥਾਈ ਇਨਵਾਈਟੀ ਮੈਂਬਰ ਵਜੋਂ ਰੱਖਿਆ ਗਿਆ ਹੈ। ਜੀ-23 ਦਾ ਹਿੱਸਾ ਰਹੇ ਮਨੀਸ਼ ਤਿਵਾੜੀ ਦੇ ਪਹਿਲਾਂ ਪਾਰਟੀ ਨਾਲ ਰਿਸ਼ਤੇ ਵਿਗੜ ਗਏ ਸਨ ਪਰ ਪਿਛਲੇ ਕੁੱਝ ਦਿਨਾਂ ਵਿੱਚ ਇਸ ਵਿੱਚ ਸੁਧਾਰ ਹੋਇਆ ਹੈ।

ਚੰਨੀ 111 ਦਿਨ ਮੁੱਖ ਮੰਤਰੀ ਰਹੇ

ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਤੋਂ ਬਾਅਦ 111 ਦਿਨਾਂ ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ ਚੰਨੀ ਨੂੰ ਕਾਂਗਰਸ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੁੜ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਗਿਆ। ਹਾਲਾਂਕਿ ਚੋਣਾਂ ਤੋਂ ਪਹਿਲਾਂ ਚੰਨੀ ਦੇ ਭਤੀਜੇ ਨੂੰ ਈਡੀ ਨੇ 12 ਕਰੋੜ ਰੁਪਏ ਦੀ ਨਕਦੀ ਸਮੇਤ ਗ੍ਰਿਫ਼ਤਾਰ ਕੀਤਾ ਸੀ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਵਿਜੀਲੈਂਸ ਚੰਨੀ ਖਿਲਾਫ ਭ੍ਰਿਸ਼ਟਾਚਾਰ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਬਾਜਵਾ ਨੂੰ ਝਟਕਾ ਲੱਗਾ ਹੈ

ਚੰਨੀ ਦਾ ਸੀਡਬਲਿਊਸੀ ਮੈਂਬਰ ਬਣਨਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਲਈ ਵੀ ਝਟਕਾ ਮੰਨਿਆ ਜਾ ਰਿਹਾ ਹੈ । ਕਿਉਂਕਿ ਬਾਜਵਾ ਇਸ ਵੇਲੇ ਕੈਪਟਨ ਅਤੇ ਸੁਨੀਲ ਜਾਖੜ ਦੇ ਪਾਰਟੀ ਛੱਡਣ ਤੋਂ ਬਾਅਦ ਸਭ ਤੋਂ ਸੀਨੀਅਰ ਆਗੂ ਹਨ। ਜਾਣਕਾਰੀ ਅਨੁਸਾਰ ਇਹ ਪਹਿਲੀ ਵਾਰ ਹੈ ਕਿ ਪੰਜਾਬ ਦੇ ਚਾਰ ਆਗੂ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਬਣੇ ਹਨ।