ਖਾਲਸਾ ਦਿਹਾੜੇ 'ਤੇ ਨਗਰ ਕੀਰਤਨ ਮੌਕੇ ਸਾਢੇ ਪੰਜ ਲੱਖ ਤੋਂ ਵੱਧ ਸਿੱਖ ਸੰਗਤਾਂ ਨਾਲ ਸਰੀ ਖਾਲਸਾਈ ਜਾਹੋ-ਜਲਾਲ ਵਿੱਚ ਰੰਗਿਆ ਗਿਆ

ਖਾਲਸਾ ਦਿਹਾੜੇ 'ਤੇ ਨਗਰ ਕੀਰਤਨ ਮੌਕੇ ਸਾਢੇ ਪੰਜ ਲੱਖ ਤੋਂ ਵੱਧ ਸਿੱਖ ਸੰਗਤਾਂ ਨਾਲ ਸਰੀ ਖਾਲਸਾਈ ਜਾਹੋ-ਜਲਾਲ ਵਿੱਚ ਰੰਗਿਆ ਗਿਆ

ਸਿੱਖ ਨਸਲਕੁਸ਼ੀ1984 ਨੂੰ ਕੈਨੇਡਾ ਦੀ ਪਾਰਲੀਮੈਂਟ ਵਿੱਚ ਮਾਨਤਾ ਅਤੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਲਈ ਇਨਸਾਫ ਸਾਡਾ ਮੁੱਖ ਮਕਸਦ''- ਐਨ.ਡੀ.ਪੀ. ਨੈਸ਼ਨਲ ਆਗੂ ਜਗਮੀਤ ਸਿੰਘ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸਰੀ : (ਡਾ. ਗੁਰਵਿੰਦਰ ਸਿੰਘ) : ਕੈਨੇਡਾ ਦੀ ਧਰਤੀ 'ਤੇ 'ਸਿੱਖ ਵਿਰਾਸਤ' ਮਹੀਨੇ ਦੌਰਾਨ ਖਾਲਸਾ ਦਿਹਾੜੇ ਨੂੰ ਸਮਰਪਿਤ, ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ ਸਰੀ ਵਲੋਂ ਸਜਾਏ ਮਹਾਨ ਨਗਰ ਕੀਰਤਨ ਵਿੱਚ ਦੇਸ਼ ਵਿਦੇਸ਼ ਤੋਂ, ਸਾਢੇ ਪੰਜ ਲੱਖ ਤੋਂ ਵੱਧ ਸਿੱਖ ਸੰਗਤਾਂ ਨੇ ਹਾਜ਼ਰੀ ਲਵਾਈ ਅਤੇ ਸਰੀ ਸ਼ਹਿਰ ਖਾਲਸਾਈ ਜਾਹੋ-ਜਲਾਲ ਵਿੱਚ ਰੰਗਿਆ ਗਿਆ। ਕੈਨੇਡਾ ਦੇ ਮੂਲ ਨਿਵਾਸੀਆਂ ਦੀ ਰਵਾਇਤੀ ਅਰਦਾਸ ਨਾਲ ਆਰੰਭ ਹੋਏ ਨਗਰ ਕੀਰਤਨ ਮੌਕੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪਾਲਕੀ ਦੇ ਵਿੱਚ ਸੁਸ਼ੋਭਿਤ ਕੀਤੇ ਹੋਏ ਸਨ, ਜਿਨ੍ਹਾਂ ਦੇ ਅੱਗੇ ਗੱਤਕੇ ਦੇ ਤਿਆਰ-ਬਰ-ਤਿਆਰ ਸਿੱਖ ਬੱਚੇ-ਬੱਚੀਆਂ ਸਲਾਮੀ ਦੇ ਰਹੇ ਹਨ। ਸਿੱਖੀ ਮਰਿਆਦਾ ਅਨੁਸਾਰ ਪ੍ਰਭਾਵਸ਼ਾਲੀ ਤੇ ਮਨਮੋਹਕ ਢੰਗ ਨਾਲ ਸਜਾਏ ਗਏ ਗੁਰੂ ਗ੍ਰੰਥ ਸਾਹਿਬ ਦੇ ਵਾਹਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ।

ਗੁਰੂ ਨਾਨਕ ਸਾਹਿਬ ਦੇ ਆਰੰਭ ਕੀਤੇ ਸਿੱਖੀ ਸਿਧਾਂਤਾ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਗਟ ਕੀਤੇ ਖਾਲਸੇ, ਗੁਰਬਾਣੀ ਦੀ ਪ੍ਰੇਰਨਾ ਤੇ ਇਤਿਹਾਸ ਨੂੰ ਵਰਤਮਾਨ ਵਿੱਚ ਅਪਨਾਉਂਦਿਆਂ, ਇਸ ਵਾਰ ਨਗਰ ਕੀਰਤਨ ਵਿੱਚ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਅਤੇ ਸਿੱਖ ਸੰਘਰਸ਼ ਤੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੀ ਸ਼ਹਾਦਤ ਕੇਂਦਰ ਬਿੰਦੂ ਰਹੀ। ਸਰੀ, ਵੈਨਕੂਵਰ ਅਤੇ ਐਬਟਸਫੋਰਡ ਦੇ ਵੱਖ -ਵੱਖ ਪੰਜਾਬੀ ਸਕੂਲਾਂ ਦੇ ਬੱਚੇ ਨਗਰ ਕੀਰਤਨ ਦੇ ਨਾਲ ਨਾਲ ਗੁਰਬਾਣੀ ਦਾ ਕੀਰਤਨ ਕਰ ਰਹੇ ਸਨ। ਨਗਰ ਕੀਰਤਨ ਦੌਰਾਨ ਵੱਡੀ ਗਿਣਤੀ ਵਿਚ ਨੌਜਵਾਨ ਖਾਲਿਸਤਾਨ ਦੇ ਝੰਡੇ ਲਹਿਰਾ ਰਹੇ ਸਨ ਅਤੇ ਖਾਲਸਾ ਰਾਜ ਦੀ ਕਾਮਨਾ ਕਰ ਰਹੇ ਸਨ। ਸਰੀ ਵਿਚ ਚਲਦੇ ਪ੍ਰਮੁੱਖ ਰੇਡੀਓ ਸਟੇਸ਼ਨਾਂ ਅਤੇ ਟੀ.ਵੀ. ਚੈਨਲਾਂ ਵੱਲੋਂ ਸਟੇਜਾਂ ਸਜਾਈਆਂ ਗਈਆਂ ਸਨ, ਜਿੱਥੋਂ ਗੁਰਬਾਣੀ ਦਾ ਕੀਰਤਨ ਪ੍ਰਸਾਰਤ ਹੋ ਰਿਹਾ ਸੀ, ਢਾਡੀਆਂ ਦੀਆਂ ਵਾਰਾਂ ਗੂੰਜ ਰਹੀਆਂ ਸਨ ਅਤੇ ਲੀਡਰਾਂ ਦੇ ਭਾਸ਼ਣ ਸੁਣਾਈ ਦੇ ਰਹੇ ਸਨ।

  ਨਗਰ ਕੀਰਤਨ ਦੀ ਮੁੱਖ ਸਟੇਜ ਤੋਂ ਸੰਬੋਧਨ ਕਰਦਿਆਂ ਕੈਨੇਡਾ ਦੀ ਨੈਸ਼ਨਲ ਪਾਰਟੀ ,ਨਿਊ ਡੈਮੋਕਰੇਟਿਕ ਪਾਰਟੀ ਦੇ ਕੌਮੀ ਲੀਡਰ ਸਰਦਾਰ ਜਗਮੀਤ ਸਿੰਘ ਨੇ ਜਿੱਥੇ ਸਿੱਖ ਨਸਲਕੁਸ਼ੀ 1984 ਦੇ ਮਹਾਂ ਦੁਖਾਂਤ ਦੀ ਮਾਨਤਾ ਲਈ ਕੈਨੇਡਾ ਦੀ ਪਾਰਲੀਮੈਂਟ ਵਿੱਚ ਲੱਖਾਂ ਦਸਤਕਾਂ ਵਾਲੀ ਪਟੀਸ਼ਨ ਪੇਸ਼ ਕਰਨ ਅਤੇ ਮਾਨਤਾ ਦਿਵਾਉਣ ਦੀ ਵਚਨਬੱਧਤਾ ਪ੍ਰਗਟਾਈ, ਉੱਥੇ ਉਹਨਾਂ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਨੂੰ ਯਾਦ ਕਰਦਿਆਂ, ਉਹਨਾਂ ਦੀ ਸ਼ਹਾਦਤ ਲਈ ਇਨਸਾਫ ਦੀ ਆਵਾਜ਼ ਉਠਾਉਣ ਦਾ ਅਹਿਦ ਲਿਆ। ਇੰਡੀਅਨ ਸਟੇਟ ਵੱਲੋਂ ਕੀਤੀ ਗਈ ਸਿੱਖਾਂ ਦੀ ਨਸਲਕੁਸ਼ੀ ਬਾਰੇ ਬੋਲਦਿਆਂ ਉਨਾਂ ਕਿਹਾ ਕਿ ਇਸ ਦੇ ਪ੍ਰਵਾਨਗੀ ਨਾਲ ਜਿੱਥੇ ਅੰਤਰਰਾਸ਼ਟਰੀ ਪੱਧਰ 'ਤੇ 'ਜ਼ੁਲਮੀ ਹਕੂਮਤ' ਦਾ ਚਿਹਰਾ ਨੰਗਾ ਹੋਏਗਾ, ਉਥੇ ਸਿੱਖਾਂ ਨਾਲ ਹੋਈ ਬੇਇਨਸਾਫੀ ਦੀ ਗੱਲ ਸੰਸਾਰ ਜਾਣ ਸਕੇਗਾ। ਭਾਈ ਗਿਆਨ ਸਿੰਘ ਗਿੱਲ ਨੇ ਜਗਮੀਤ ਸਿੰਘ ਦਾ, ਪਾਰਲੀਮੈਂਟ ਵਿੱਚ ਉਹਨਾਂ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮਿਲ ਕੇ, ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੀ ਸ਼ਹਾਦਤ ਲਈ ਇੰਡੀਅਨ ਏਜੰਸੀਆਂ ਦੀ ਸਾਜਿਸ਼ ਨੂੰ ਨੰਗਾ ਕਰਨ ਲਈ, ਜੈਕਾਰਿਆਂ ਦੀ ਗੂੰਜ ਵਿੱਚ ਧੰਨਵਾਦ ਕੀਤਾ।

 ਨਗਰ ਕੀਰਤਨ ਦੀ ਮੁੱਖ ਸਟੇਜ ਤੋਂ ਸਰੀ ਦੀ ਮੌਜੂਦਾ ਮੇਅਰ ਬਰਿੰਡਾ ਲੌਕ ਅਤੇ ਸਾਬਕਾ ਮੇਅਰ ਡੱਗ ਮੁਕੰਮਲ ਨੇ ਵੀ ਸੰਬੋਧਨ ਕੀਤਾ। ਸਿੱਖਾਂ ਤੋਂ ਇਲਾਵਾ ਹਿੰਦੂ, ਇਸਾਈ, ਮੂਲ ਨਿਵਾਸੀ, ਮੁਸਲਿਮ, ਯਹੂਦੀ, ਖੱਬੇ ਪੱਖੀ, ਤਰਕਸ਼ੀਲ ਅਤੇ ਹੋਰਨਾਂ ਕੌਮਾਂ ਦੇ ਲੱਖਾਂ ਦੀ ਗਿਣਤੀ ਵਿਚ ਨੌਜਵਾਨ, ਬੱਚੇ ਅਤੇ ਬਜ਼ੁਰਗ ਉਤਸ਼ਾਹ ਨਾਲ ਸ਼ਾਮਲ ਹੋਏ। ਬੀ ਸੀ ਦੇ ਪ੍ਰੀਮੀਅਰ ਡੇਵਿਡ ਈਬੀ ਆਪਣੇ ਕੈਬਨਿਟ ਮੰਤਰੀਆਂ ਸਮੇਤ ਨਗਰ ਕੀਰਤਨ ਵਿਚ ਸ਼ਾਮਿਲ ਹੋਏ। ਬੀ ਸੀ ਯੂਨਾਈਟਡ ਆਗੂ ਕੇਵਿਨ ਫਾਲਕਨ ਅਤੇ ਬੀ ਸੀ ਕੰਜ਼ਰਵੇਟਿਵ ਆਗੂ ਜੌਹਨ ਰਸਟਿਡ ਵੀ ਆਪੋ ਆਪਣੀ ਪਾਰਟੀਆਂ ਦੇ ਉਮੀਦਵਾਰਾਂ ਤੇ ਕਾਰਕੁੰਨਾਂ ਨਾਲ ਹਾਜ਼ਰ ਸਨ। ਉਹਨਾਂ ਤੋਂ ਇਲਾਵਾ ਐਡਮਿੰਟਨ ਤੋਂ ਕੰਸਰਵੇਟਿਵ ਐਮ ਪੀ ਟਿਮ ਉਪਲ, ਕੈਲਗਰੀ ਤੋਂ ਕੰਸਰਵੇਟਿਵ ਐਮ ਪੀ ਜਸਰਾਜ ਸਿੰਘ ਹੱਲਣ, ਫੈਡਰਲ ਮੰਤਰੀ ਹਰਜੀਤ ਸਿੰਘ ਸੱਜਣ, ਸਰੀ ਨਿਊਟਨ ਤੋਂ ਲਿਬਰਲ ਐਮ ਪੀ ਸੁੱਖ ਧਾਲੀਵਾਲ, ਸਰੀ ਸੈਂਟਰ ਤੋਂ ਐਮ ਪੀ ਰਣਦੀਪ ਸਿੰਘ ਸਰਾਏ ਤੋਂ ਇਲਾਵਾ ਹੋਰ ਕਈ ਸ਼ਖਸੀਅਤਾਂ ਨੇ ਨਗਰ ਕੀਰਤਨ ਵਿਚ ਸ਼ਮੂਲੀਅਤ ਕੀਤੀ ਤੇ ਸੰਗਤਾਂ ਨੂੰ ਵਿਸਾਖੀ ਦੇ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ।

ਨਗਰ ਕੀਰਤਨ ਦੌਰਾਨ ਸਿੱਖ ਮੋਟਰਸਾਈਕਲ ਕਲੱਬਾਂ ਦੇ ਮੈਂਬਰਾਂ ਨੇ ਜਿਥੇ ਕੈਨੇਡਾ ਵਿਚ ਸਿੱਖੀ ਦੀ ਸ਼ਾਨ ਦਾ ਪ੍ਰਦਰਸ਼ਨ ਕੀਤਾ, ਉਥੇ ਸਿੱਖ ਸੰਸਥਾਵਾਂ ਨਾਲ ਜੁੜੇ ਸਿੱਖ ਨੌਜਵਾਨਾਂ, 'ਟਰਬਨ ਵਿੱਲਾ' ਦੇ ਭਾਈ ਹਰਮਨਜੋਤ ਸਿੰਘ, ਸਿੱਖ ਰਾਈਡਰਜ਼ ਦੇ ਨੌਜਵਾਨਾਂ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ ਅਲੂਮਨੀ ਐਸੋਸੀਏਸ਼ਨ ਦੇ ਮੈਂਬਰਾਂ ਨੇ ਬੱਚਿਆਂ ਤੇ ਗੈਰ ਸਿੱਖਾਂ ਦੇ ਸਿਰਾਂ ਦੇ ਕੇਸਰੀ ਦਸਤਾਰਾਂ ਸਜਾਉਣ ਦੀ ਸੇਵਾ ਨਿਭਾਈ। ਜਿੱਥੇ ਮੰਤਰੀਆਂ ਹੈਰੀ ਬੈਂਸ ਅਤੇ ਜਗਰੂਪ ਬਰਾੜ ਨੇ ਦਸਤਾਰਾਂ ਸਜਵਾਈਆਂ, ਉੱਥੇ ਐਮ ਪੀ ਟਿਮ ਉਪਲ ਤੇ ਐਮ ਪੀ ਜਸਰਾਜ ਸਿੰਘ ਹੱਲਣ ਨੇ ਦਸਤਾਰਾਂ ਸਜਾਉਣ ਦੀ ਸੇਵਾ ਵਿਚ ਯੋਗਦਾਨ ਪਾਇਆ।

 ਖਾਲਸਾ ਪੰਥ ਦੀ ਸ਼ਾਨ ਸਰੀ ਨਗਰ ਕੀਰਤਨ ਜਿੱਥੇ ਖਾਲਸਾ ਦਿਹਾੜੇ, ਗੁਰੂ ਸਾਹਿਬਾਨ ਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਸੀ, ਉੱਥੇ ਇੰਡੀਅਨ ਸਟੇਟ ਦੀ ਧੱਕੇ ਕਾਰਨ ਭਾਈ ਸਾਹਿਬ ਦਾ ਨਾਂ ਇਸ ਵਾਰ ਵਿਸ਼ੇਸ਼ ਤੌਰ ਤੇ ਸੰਗਤਾਂ ਵੱਲੋਂ ਉਭਾਰਿਆ ਗਿਆ, ਤਾਂ ਕਿ ਇੰਡੀਅਨ ਸਟੇਟ ਵਲੋਂ ਕੈਨੇਡਾ ਦੀ ਧਰਤੀ 'ਤੇ ਇੱਥੋਂ ਦੇ ਇੱਕ ਨਾਗਰਿਕ ਨੂੰ ਇੱਥੇ ਕਤਲ ਕੀਤੇ ਜਾਣ ਦਾ ਸੱਚ ਅਤੇ ਧੱਕੇਸ਼ਾਹੀ ਦੁਨੀਆ ਸਾਹਮਣੇ ਰੱਖੀ ਜਾ ਸਕੇ। ਇਸ ਮੌਕੇ 'ਤੇ 'ਰੈਡੀਕਲ ਦੇਸੀ' ਵੱਲੋਂ ਏਅਰ ਇੰਡੀਆ ਬੰਬ ਧਮਾਕੇ ਦੀ ਮੁੜ ਜਾਂਚ ਦੀ ਪਟੀਸ਼ਨ ਨੂੰ ਮਿਲੇ ਬੇਮਿਸਾਲ ਹੁੰਗਾਰੇ ਦਾ ਪ੍ਰਭਾਵ ਨਗਰ ਕੀਰਤਨ ਵਿੱਚ ਵੇਖਿਆ ਜਾ ਸਕਦਾ ਸੀ, ਜਿੱਥੇ ਇਸ ਪਿੱਛੇ ਭਾਰਤੀ ਏਜੰਸੀਆਂ ਦੀ 'ਸ਼ੱਕੀ ਭੂਮਿਕਾ' ਦੀ ਜਾਂਚ ਦੀ ਮੰਗ ਕੀਤੀ ਗਈ। ਖਾਲਿਸਤਾਨ ਦੀ ਮੰਗ ਕਰਦੇ ਪੰਜਾਬ ਰੈਫਰੈਂਡਮ ਦੀ ਜ਼ੋਰਦਾਰ ਆਵਾਜ਼ ਤੋਂ ਇਲਾਵਾ, ਖਾਲਸਾ ਏਡ ਸੰਸਥਾ ਦੇ ਸਟਾਲ, ਸਿੱਖ ਕੌਮ ਦੇ ਮਹਾਨ ਸੇਵਾਦਾਰ ਭਗਤ ਪੂਰਨ ਸਿੰਘ ਪਿੰਗਲਵਾੜਾ ਸੰਸਥਾ ਤੋਂ ਇਲਾਵਾ ਕਈ ਹੋਰ ਮਾਨਵ ਸੇਵੀ ਸੰਸਥਾਵਾਂ ਸਮੇਤ, ਵੱਖ-ਵੱਖ ਸਟਾਲ ਬੇ-ਮਿਸਾਲ ਉਤਸ਼ਾਹ ਦਾ ਕੇਂਦਰ ਸਨ।

      ਨਗਰ ਕੀਰਤਨ ਵਿੱਚ 'ਸ਼ਬਦ ਲੰਗਰ' ਦੇ ਰੂਪ ਵਿੱਚ ਕੈਨੇਡੀਅਨ ਸਿੱਖ ਸਟਡੀਜ਼ ਅਤੇ ਟੀਚਿੰਗ ਸੁਸਾਈਟੀ, ਵਿਵੇਕ ਗੜ ਪ੍ਰਕਾਸ਼ਨ, ਗੁਲਾਟੀ ਪ੍ਰਕਾਸ਼ਨ ਅਤੇ ਪੰਜਾਬ ਗਾਰਡੀਅਨ ਅਖਬਾਰ ਵੱਲੋਂ ਵਿਸ਼ੇਸ਼ ਤੌਰ 'ਤੇ ਕਿਤਾਬਾਂ ਦੇ ਲੰਗਰ ਸਮੇਤ ਹੋਰਨਾ ਸੰਸਥਾਵਾਂ ਵੱਲੋਂ ਪੁਸਤਕਾਂ ਦੇ ਸਟਾਲ ਖਿੱਚ ਦਾ ਕੇਂਦਰ ਬਣੇ ਰਹੇ। ਸਾਰੇ ਰਸਤੇ ਸ਼ਰਧਾਲੂਆਂ ਵੱਲੋਂ ਸਵਾਦੀ ਪਕਵਾਨਾਂ, ਫ਼ਲਾਂ ਤੇ ਤਾਜ਼ੇ ਰਸ ਦੇ ਲੰਗਰ ਲਾਏ ਗਏ ਸਨ। ਨਗਰ ਕੀਰਤਨ ਵਿੱਚ ਦਰਬਾਰ ਸਾਹਿਬ ਦੇ ਜੱਥਿਆਂ, ਕਥਾ ਵਾਚਕਾਂ, ਵਿਦਵਾਨਾਂ ਕਵੀਸ਼ਰਾ ਅਤੇ ਢਾਡੀਆਂ ਨੇ ਹਾਜ਼ਰੀ ਲਵਾਈ।

     ਬੀ ਸੀ ਗੁਰਦੁਆਰਾ ਸਿੱਖ ਕੌਂਸਲ ਦੇ ਕੋਆਰਡੀਨੇਟਰ ਭਾਈ ਮਨਿੰਦਰ ਸਿੰਘ ਨੇ ਭਾਵਪੂਰਤ ਸ਼ਬਦਾਂ ਵਿੱਚ ਸਿੱਖ ਸਿਧਾਂਤਾਂ ਅਤੇ ਸਿੱਖ ਰਾਜ ਖਾਲਿਸਤਾਨ ਦੇ ਬਾਰੇ ਗੱਲਬਾਤ ਕੀਤੀ। ਇਸ ਤੋਂ ਇਲਾਵਾ ਸਿਖਸ ਫਾਰ ਜਸਟਿਸ ਦੇ ਬੁਲਾਰੇ, ਖਾਲਿਸਤਾਨ ਰੈਫਰੈਂਡਮ ਦੇ ਪ੍ਰਤੀਨਿਧ, ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ ਡੈਲਟਾ ਦੇ ਸਕੱਤਰ ਭਾਈ ਗੁਰਮੀਤ ਸਿੰਘ ਤੂਰ, ਸਿੱਖ ਆਗੂ ਤੇ ਪੰਥਕ ਕਮੇਟੀ ਦੇ ਮੈਂਬਰ ਜਥੇਦਾਰ ਸਤਿੰਦਰਪਾਲ ਸਿੰਘ, ਭਾਈ ਜਗਤਾਰ ਸਿੰਘ ਸੰਧੂ ਸਮੇਤ ਸ਼ਹੀਦ ਦੇ ਪਰਿਵਾਰਾਂ ਦੇ ਮੈਂਬਰਾਂ 'ਚੋਂ ਪ੍ਰਮੁੱਖ ਸ਼ਖਸੀਅਤਾਂ ਅਤੇ ਕਈ ਹੋਰਨਾਂ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ।

     ਇਸ ਮੌਕੇ ਤੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੇ ਪਰਿਵਾਰ ਅਤੇ ਸ਼ਹੀਦ ਭਾਈ ਦਿਲਾਵਰ ਸਿੰਘ ਦੇ ਪਰਿਵਾਰ ਸਮੇਤ ਹੋਰਨਾਂ ਸਿੱਖ ਯੋਧਿਆਂ ਦੀਆਂ ਸ਼ਹਾਦਤਾਂ ਨੂੰ ਚੇਤੇ ਕਰਦਿਆਂ, ਸਨਮਾਨਿਤ ਕੀਤਾ ਗਿਆ।ਸਟੇਜ ਦਾ ਸੰਚਾਲਨ ਭਾਈ ਜਸਵੀਰ ਸਿੰਘ ਵੱਲੋਂ ਕੀਤਾ ਗਿਆ। ਇਹ ਨਗਰ ਕੀਰਤਨ ਸ਼ਾਮ ਪੰਜ ਵਜੇ ਵਾਪਸ ਗੁਰਦੁਆਰਾ ਸਾਹਿਬ ਪਹੁੰਚ ਕੇ ਸਮਾਪਤ ਹੋਇਆ। ਪੁਲੀਸ, ਸਿਹਤ ਵਿਭਾਗ, ਮਿਉਂਸਿਪੈਲਿਟੀ ਤੇ ਹੋਰ ਵਿਭਾਗਾਂ ਵੱਲੋਂ ਆਪਣੀਆਂ ਜ਼ਿੰਮੇਵਾਰੀਆਂ ਸੁਚੱਜੇ ਢੰਗ ਨਾਲ ਨਿਭਾਈਆਂ ਗਈਆਂ। ਇਸ ਦੌਰਾਨ 78 ਐਵੇਨਿਊ ਤੇ 128 ਸਟਰੀਟ ਉੱਪਰ ਭਾਈ ਹਰਦੀਪ ਸਿੰਘ ਨਿੱਝਰ ਦੀ ਤਸਵੀਰ ਵਾਲੇ ਵੱਡੇ ਫਲੈਕਸ ਲਈ ਲਗਾਈ ਕਰੇਨ ਦੇ ਬਿਜਲੀ ਤਾਰਾਂ ਉੱਪਰ ਡਿੱਗਣ ਕਾਰਨ ਪੈਦਾ ਹੋਏ ਖ਼ਤਰੇ ਤੋਂ ਬਚਾਅ ਲਈ, ਨਗਰ ਕੀਰਤਨ ਨੂੰ ਥੋੜ੍ਹੀ ਦੇਰ ਲਈ ਰੋਕਿਆ ਗਿਆ। 

     325ਵੇਂ ਖਾਲਸਾ ਦਿਹਾੜੇ ਨੂੰ ਸਮਰਪਤ ਅਤੇ ਦਸਮੇਸ਼ ਦਰਬਾਰ ਗੁਰਦੁਆਰੇ ਵੱਲੋਂ 25ਵੇਂ ਵਰੇ 'ਤੇ ਉਲੀਕਿਆ ਮਹਾਨ ਨਗਰ ਕੀਰਤਨ ਅਮਿਟ ਪ੍ਰਭਾਵ ਛੱਡਦਾ ਹੋਇਆ, ਸਿੱਖ ਕੌਮ ਦੇ ਜਾਹੋ-ਜਲਾਲ ਨੂੰ ਚਾਰ ਚੰਨ ਲਗਾ ਗਿਆ।