ਬੰਦੀ ਸਿੰਘਾਂ ਦੀ ਰਿਹਾਈ ਦੇ ਸਮਰਥਨ ਵਿਚ ਸਰੀ ਕਨੈਡਾ ਵਿਖੇ ਕਾਰ ਰੈਲੀ ਦੌਰਾਨ ਨੌਜਵਾਨਾ ਨੇ ਵੱਡੀ ਗਿਣਤੀ ਵਿਚ ਕੀਤੀ ਸ਼ਮੂਲੀਅਤ

ਬੰਦੀ ਸਿੰਘਾਂ ਦੀ ਰਿਹਾਈ ਦੇ ਸਮਰਥਨ ਵਿਚ ਸਰੀ ਕਨੈਡਾ ਵਿਖੇ ਕਾਰ ਰੈਲੀ ਦੌਰਾਨ ਨੌਜਵਾਨਾ ਨੇ ਵੱਡੀ ਗਿਣਤੀ ਵਿਚ ਕੀਤੀ ਸ਼ਮੂਲੀਅਤ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 22 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):-ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ-ਡੈਲਟਾ ਦੀ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸੰਗਤ ਦੇ ਸਹਿਯੋਗ ਨਾਲ ਕਾਰ ਰੈਲੀ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਗਈ, ਆਪਣੀਆਂ ਸਜਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਬੰਦੀ ਸਿੰਘਾਂ ਨੂੰ ਭਾਰਤੀ ਹਕੂਮਤ ਵਲੋਂ ਜਬਰਦਸਤੀ ਕੈਦ ਕਰ ਕੇ ਰੱਖਣਾ ਜਿਥੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਉੱਥੇ ਸਿੱਖਾਂ ਅਤੇ ਸਿੱਖੀ ਪ੍ਰਤੀ ਨਫਰਤ ਦੀ ਝਲਕ ਸਾਫ ਦਿਖਾਈ ਦੇ ਰਹੀ ਹੈ। ਕੌਮੀ ਇਨਸਾਫ਼ ਮੋਰਚੇ ਨੂੰ ਮਜ਼ਬੂਤ ਕਰਨ ਲਈ ਸਰੀ ਵਿਖੇ ਸਫਲਤਾਪੂਰਕ ਨਾਲ ਕਾਰ ਰੈਲੀ ਕੱਢੀ ਗਈ ਜਿਸ ਵਿੱਚ ਨੌਜਵਾਨਾਂ ਨੇ ਆਪੋ ਆਪਣੇ ਅਤੇ ਵੱਖੋ-ਵੱਖਰੇ ਸਾਧਨਾ ਰਾਹੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਹੱਕ ਵਿੱਚ ਆਕਾਸ਼ ਗੁੰਜਾਊ ਜੈਕਾਰੇ ਅਤੇ ਨਾਅਰੇ ਲਗਾਏ ਗਏ। 1 ਵਜੇ ਦੇ ਕਰੀਬ ਕਾਰ ਰੈਲੀ ਵੈਨਕੂਵਰ ਭਾਰਤੀ ਅੰਬੈਸੀ ਅੱਗੇ ਪਹੁੰਚ ਗਈ ਜਿੱਥੇ ਵੱਖ ਵੱਖ ਬੁਲਾਰਿਆਂ ਨੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ ਇਸ ਮੌਕੇ ਗੁਰੂ ਨਾਨਕ ਸਿੱਖ ਗੁਰਦੁਆਰੇ ਦੇ ਮੁੱਖ ਸੇਵਾਦਾਰ ਭਾਈ ਹਰਦੀਪ ਸਿੰਘ ਨੇ ਮਾਈਕ ਤੋਂ ਬੋਲਦਿਆਂ ਕਿਹਾ ਕਿ ਭਾਰਤੀ ਕਨੂੰਨ ਦੋਗਲਾ ਅਤੇ ਪੱਖਪਾਤੀ ਹੈ ਜਿੱਥੇ ਕਿਸੇ ਹਿੰਦੂਤਵੀ ਵਿਅਕਤੀ ਨੂੰ ਜਾਂ ਤਾਂ ਉਮਰ ਕੈਦ ਸੁਣਾਈ ਨਹੀਂ ਜਾਂਦੀ ਅਤੇ ਜੇਕਰ ਉਮਰ ਕੈਦ ਹੋ ਵੀ ਜਾਵੇ ਤਾਂ ਉਸ ਨੂੰ ਉਮਰ ਕੈਦ ਹੋਣ ਤੋਂ ਪਹਿਲਾਂ ਹੀ ਰਿਹਾਅ ਕਰ ਦਿਤਾ ਜਾਂਦਾ ਹੈ, ਉਸੇ ਭਾਰਤ ਵਿੱਚ ਸਿੱਖਾਂ ਨੂੰ ਆਪਣੀਆਂ ਸਜ਼ਾਵਾਂ ਤੋਂ ਦੁੱਗਣੀ ਕੈਦ ਕੱਟਣ ਤੋਂ ਬਾਅਦ ਵੀ ਰਿਹਾਅ ਨਹੀਂ ਕੀਤਾ ਜਾਂਦਾ ਮਤਲਬ ਇਕ ਦੇਸ਼ ਵਿਚ ਦੋ ਕਾਨੂੰਨ ਹਨ। ਇਹੋ ਜਹੇ ਹਿੰਦੂਤਵੀ ਦੇਸ਼ ਨੂੰ ਮਨੁੱਖੀ ਅਧਿਕਾਰ ਦਿਹਾੜਾ ਮਨਾਉਣ ਦਾ ਕੋਈ ਹੱਕ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ "ਕੌਮੀ ਇਨਸਾਫ ਮੋਰਚਾ" ਚੜ੍ਹਦੀ ਕਲਾ ਵੱਲ ਵਧ ਰਿਹਾ ਹੈ। ਉਥੇ ਸਾਡੀ ਦੇਸ਼ਾਂ-ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਨੂੰ ਅਪੀਲ ਹੈ ਕਿ ਉਹ ਵੀ ਆਪੋ ਆਪਣੇ ਤਰੀਕੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਦੇ ਹੱਕ ਵਿੱਚ ਪ੍ਰੋਗਰਾਮ ਉਲੀਕਣ ਤਾਂ ਕਿ ਦੇਸ਼ਾਂ-ਵਿਦੇਸ਼ਾਂ ਦੀਆਂ ਸਰਕਾਰਾਂ ਨੂੰ ਪਤਾ ਲੱਗ ਸਕੇ ਕਿ ਭਾਰਤੀ ਹਕੂਮਤ ਸਿੱਖਾਂ ਨਾਲ ਕਿੰਨੀ ਨਫਰਤ, ਪੱਖਪਾਤ, ਧੱਕਾ ਅਤੇ ਵਖਰੇਵਾਂ ਕਰਦੀ ਹੈ। ਅਸੀਂ ਭਾਰਤੀ ਹਕੂਮਤ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਿੱਖ ਅਕਾਲ ਪੁਰਖ ਤੋਂ ਬਿਨਾਂ ਕਿਸੇ ਵੀ ਹਕੂਮਤ ਦੀ ਗੁਲਾਮੀ ਕਬੂਲ ਨਹੀਂ ਕਰਦੇ ਉੱਥੇ ਹੱਕ, ਸੱਚ ਇਨਸਾਫ ਲਈ ਅਸੀਂ ਸਰਬੱਤ ਦੇ ਭਲੇ ਲਈ ਹਰ ਵਰਗ ਅਤੇ ਧਰਮ, ਨਸਲ ਦੇ ਲੋਕਾਂ ਲਈ ਨਿਰਸਵਾਰਥ ਹੋ ਕੇ ਅਵਾਜ਼ ਬੁਲੰਦ ਕਰਦੇ ਹਾਂ।