ਸਿੱਖ ਬੀਬੀ ਟੀਨਾ ਸਿੰਘ ਨੇ ਬੱਚਿਆਂ ਲਈ ਖੁਦ ਡਿਜ਼ਾਇਨ ਕੀਤੇ ਖ਼ਾਸ ਸਿੱਖ ਹੈਲਮੇਟ

ਸਿੱਖ ਬੀਬੀ ਟੀਨਾ ਸਿੰਘ ਨੇ ਬੱਚਿਆਂ ਲਈ ਖੁਦ ਡਿਜ਼ਾਇਨ ਕੀਤੇ ਖ਼ਾਸ ਸਿੱਖ ਹੈਲਮੇਟ

ਅੰਮ੍ਰਿਤਸਰ ਟਾਈਮਜ਼ ਬਿਊਰੋ

ਟਰਾਂਟੋ- ਕੈਨੇਡਾ ਵਿੱਚ ਜਿੱਥੇ ਮੋਟਰਸਾਈਕਲ ਚਲਾਉਣ ਵਾਲੇ ਕਿਸੇ ਵੀ ਬੰਦੇ ਲਈ ਹੈਲਮੇਟ ਪਾਉਣਾ ਲਾਜ਼ਮੀ ਹੈ ਉੱਥੇ ਹੀ ਸਿੱਖਾਂ ਦੀ ਘਾਲਣਾ ਦੇ ਬਾਅਦ ਦਸਤਾਰਧਾਰੀ ਸਿੱਖਾਂ ਨੂੰ ਹੈਲਮੇਟ ਤੋਂ ਰਾਹਤ ਵੀ ਮਿਲੀ ਹੋਈ ਹੈ।ਪਰ ਕੈਨੇਡੀਅਨ ਸਿੱਖ ਬੀਬੀ ਟੀਨਾ ਸਿੰਘ ਨੂੰ ਆਪਣੇ ਪੁੱਤਰਾਂ ਦੀਆਂ ਪੱਗਾਂ ਬੰਨ੍ਹਣ ਲਈ ਬਜ਼ਾਰ ਵਿੱਚ ਇੱਕ ਵੀ ਹੈਲਮੇਟ ਨਹੀਂ ਮਿਲਿਆ। ਟੀਨਾ ਨੇ ਕਦੇ ਵੱਡੇ ਹੈਲਮੇਟ ਖਰੀਦੇ ਅਤੇ ਕਦੇ ਹੈਲਮੇਟ ਦੇ ਅੰਦਰਲੀ ਫੌਮ ਕੱਢ ਕੇ ਉਸ ਨੂੰ ਦਸਤਾਰ ਮੁਤਾਬਕ ਢਾਲਣ ਦੀ ਕੋਸ਼ਿਸ਼ ਕੀਤੀ ਪਰ ਸੁਰੱਖਿਅਤ ਹੈਲਮੇਟ ਲੱਭਣ ਦੀ ਉਨ੍ਹਾਂ ਦੀ ਹਰ ਕੋਸ਼ਿਸ਼ ਨਾਕਾਮ ਸਾਬਿਤ ਹੋ ਰਹੀ ਸੀ। ਇਸ ਤੋਂ ਬਾਅਦ ਉਸ ਨੇ ਖੁਦ ਹੈਲਮੇਟ ਨੂੰ ਪੱਗ ਦੇ ਹਿਸਾਬ ਨਾਲ ਡਿਜ਼ਾਈਨ ਕੀਤਾ।ਸੀਬੀਸੀ ਨਿਊਜ਼ ਦੇ ਅਨੁਸਾਰ, ਇਹ ਪਹਿਲੇ ਸੁਰੱਖਿਆ-ਪ੍ਰਮਾਣਿਤ ਮਲਟੀਸਪੋਰਟ ਹੈਲਮੇਟ ਹਨ ਜੋ ਖਾਸ ਤੌਰ 'ਤੇ ਉਸ ਵਰਗੇ ਬੱਚਿਆਂ ਲਈ ਤਿਆਰ ਕੀਤੇ ਗਏ ਹਨ। ਟੀਨਾ ਸਿੰਘ ਨੇ ਦੱਸਿਆ ਕਿ ਉਹ ਬੱਚਿਆਂ ਦੇ ਖੇਡ ਹੈਲਮੇਟ ਲਈ ਕਾਫੀ ਸਮੇਂ ਤੋਂ ਚਿੰਤਤ ਸੀ। ਉਨ੍ਹਾਂ ਨੂੰ ਚੰਗੇ ਹੈਲਮੇਟ ਨਹੀਂ ਮਿਲ ਰਹੇ ਸਨ। ਨਿਰਾਸ਼ ਹੋ ਕੇ, ਉਨ੍ਹਾਂ ਆਪਣਾ ਡਿਜ਼ਾਈਨ ਬਣਾਉਣ ਦੀ ਕੋਸ਼ਿਸ਼ ਕੀਤੀ। ਇਹ ਕੋਸ਼ਿਸ਼ ਸਫਲ ਰਹੀ।ਟੀਨਾ ਸਿੰਘ ਨੇ ਆਪਣੀ ਸਫਲਤਾ ਦੀ ਕਹਾਣੀ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਇਸ ਦੇ ਲਈ ਉਨ੍ਹਾਂ ਦੀ ਕਾਫੀ ਤਾਰੀਫ ਹੋ ਰਹੀ ਹੈ।ਦੱਸ ਦੇਈਏ ਕਿ ਟੀਨਾ ਸਿੰਘ ਪੇਸ਼ੇ ਵਜੋਂ ਇੱਕ ਥੈਰੇਪਿਸਟ ਹੈ। ਉਨ੍ਹਾਂ ਨੇ ਆਪਣੇ ਉਤਪਾਦ “ਸਿੱਖ ਹੈਲਮੇਟ” ਲਈ ਇੱਕ ਵੈਬਸਾਈਟ ਵੀ ਬਣਾਈ ਹੈ। ਕੈਨੇਡਾ ਵਿੱਚ ਰਹਿੰਦੀ ਟੀਨਾ ਸਿੰਘ ਦੇ ਮੁੰਡੇ ਜਦੋਂ ਸਾਈਕਲ ਚਲਾਉਣਾ ਸਿੱਖਣ ਜਾ ਰਹੇ ਸਨ ਤਾਂ ਲਾਜ਼ਮੀ ਹੈ ਕਿ ਉਨ੍ਹਾਂ ਨੂੰ ਹੈਲਮੇਟ ਦੀ ਲੋੜ ਪੈਣੀ ਸੀ।ਟੀਨਾ ਨੇ ਕੈਨੇਡਾ ਨਿਊਜ਼ ਵੈਬਸਾਈਟ ਸੀਬੀਸੀ ਨਾਲ ਗੱਲ ਕਰਦਿਆਂ ਕਿਹਾ, "ਮੇਰੇ ਬੱਚੇ ਕੇਸ ਰੱਖਦੇ ਹਨ। ਪਰ ਜਦੋਂ ਮੈਂ ਉਨ੍ਹਾਂ ਨੂੰ ਸਾਈਕਲ ਚਲਾਉਣ ਲੱਗਿਆਂ ਹੈਲਮਟ ਪਵਾਉਣ ਦੀ ਕੋਸ਼ਿਸ਼ ਕਰਦੀ ਸੀ, ਤਾਂ ਉਹ ਸਹੀ ਤਰੀਕੇ ਨਾਲ ਫ਼ਿਟ ਨਹੀਂ ਸੀ ਹੁੰਦੇ।ਟੀਨਾ ਮੁਤਾਬਕ ਉਨ੍ਹਾਂ ਨੇ ਆਪਣੇ ਬੱਚਿਆਂ ਵਰਗੇ ਹੋਰ ਕੇਸਧਾਰੀ ਸਿੱਖ ਬੱਚਿਆਂ ਲਈ ਇੱਕ ਸੁਰੱਖਿਅਤ ਅਤੇ ਮਾਨਤਾ ਪ੍ਰਾਪਤ ਬਹੁ-ਖੇਡ ਹੈਲਮੇਟ ਤਿਆਰ ਕਰ ਲਿਆ ਹੈ।

ਸੀਬੀਸੀ ਵੈਬਸਾਈਟ ਮੁਤਾਬਕ 2018 ਵਿਚ ਓਨਟੇਰਿਓ ਦੀ ਪੀਸੀ ਸਰਕਾਰ ਨੇ ਐਲਬਰਟਾ ਅਤੇ ਬੀਸੀ ਦੀ ਤਰਜ਼ ‘ਤੇ ਦਸਤਾਰਧਾਰੀ ਮੋਟਰਸਾਈਕਲ ਚਾਲਕਾਂ ਨੂੰ ਹੈਲਮੇਟ ਤੋਂ ਛੋਟ ਦੇਣ ਦਾ ਫ਼ੈਸਲਾ ਕੀਤਾ ਸੀ।ਇਸ ਤੋਂ ਪਹਿਲਾਂ ਓਨਟੇਰਿਓ ਵਿੱਚ ਸਾਬਕਾ ਪ੍ਰੀਮੀਅਰ ਕੈਥਲਿਨ ਵਿਨ ਦੀ ਸਰਕਾਰ ਨੇ ਬਿਨਾਂ ਹੈਲਮੇਟ ਨੂੰ ਸੁਰੱਖਿਆ ਜੋਖ਼ਮ ਮੰਨਦਿਆਂ ਇਸ ਨੂੰ ਪਹਿਨਣ ਤੋਂ ਛੋਟ ਦੀਆਂ ਮੰਗਾਂ ਨੂੰ ਦਰਕਿਨਾਰ ਕਰ ਦਿੱਤਾ ਸੀ।

ਵਰਲਡ ਸਿੱਖ ਔਰਗੇਨਾਈਜ਼ੇਸ਼ਨ ਦੇ ਲੀਗਲ ਕੌਂਸਲ, ਬਲਪ੍ਰੀਤ ਸਿੰਘ ਨੇ ਸੀਬੀਸੀ ਨਾਲ ਗੱਲ ਕਰਦਿਆਂ ਕਿਹਾ ਕਿ ਇਹ ਨਵੇਂ ਹੈਲਮੇਟ ਇੱਕ ਸਵਾਗਤਯੋਗ ਉਪਰਾਲਾ ਹੈ ਅਤੇ ਇਸ ਨਾਲ ਸਿੱਖ ਪਰਿਵਾਰਾਂ ਨੂੰ ਇੱਕ ਹੋਰ ਬਦਲ ਮਿਲ ਸਕੇਗਾ।ਸੀਬੀਸੀ ਮੁਤਾਬਕ ਹੌਕੀ 4 ਯੂਥ ਨਾਂ ਦੀ ਸੰਸਥਾ ਦੇ ਐਗਜ਼ੈਕਟਿਵ ਡਾਇਰੈਕਟਰ ਅਤੇ ਸੰਸਥਾਪਕ, ਮੋਏਜ਼ੀਨ ਹਾਸ਼ਿਮ ਨੇ ਕਿਹਾ ਕਿ ਇਹ ਹੈਲਮੇਟ ਸਿੱਖ ਬੱਚਿਆਂ ਦੀ ਖੇਡ ਵਿੱਚ ਹਿੱਸੇਦਾਰੀ ਵਧਾਉਣ ਵਿੱਚ ਵੀ ਸਹਾਈ ਹੋਵੇਗਾ।