ਅਨਾਜ ਘੁਟਾਲੇ ਵਿਚ ਪੰਜਾਬ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ  ਵਿਜੀਲੈਂਸ ਵਲੋਂ ਗ੍ਰਿਫ਼ਤਾਰ

ਅਨਾਜ ਘੁਟਾਲੇ ਵਿਚ ਪੰਜਾਬ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ  ਵਿਜੀਲੈਂਸ ਵਲੋਂ ਗ੍ਰਿਫ਼ਤਾਰ

  *ਸੈਲੂਨ ਵਿਚ ਵਾਲ ਕਟਵਾਉਣ ਦੌਰਾਨ ਵਿਜੀਲੈਂਸ ਨੇ ਹਿਰਾਸਤ ਵਿਚ ਲਿਆ 

   * ਰਵਨੀਤ ਬਿੱਟੂ ਵਲੋਂ ਗ੍ਰਿਫ਼ਤਾਰੀ ਦੇ ਮੌਕੇ ਵਿਜੀਲੈਂਸ ਦੇ ਅਫਸਰਾਂ ਨਾਲ ਬਦਤਮੀਜ਼ੀ

   *ਜਿਸ ਮਾਮਲੇ 'ਤੇ ਅਕਾਲੀ-ਭਾਜਪਾ ਸਰਕਾਰ ਨੂੰ ਘੇਰਿਆ, ਉਸੇ ਮਾਮਲੇ ਵਿਚ ਘਿਰੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ

*ਆਸ਼ੂ ਤੋਂ ਬਾਅਦ ਹੁਣ ਮਨਪ੍ਰੀਤ ਸਿੰਘ ਬਾਦਲ ਵਿਰੁੱਧ ਸ਼ਿਕਾਇਤ, ਭਾਜਪਾ ਆਗੂ ਸਿੰਗਲਾ ਨੇ ਐਸਐਸਪੀ ਵਿਜੀਲੈਂਸ ਤੋਂ ਕੀਤੀ ਇਹ ਮੰਗ

ਅੰਮ੍ਰਿਤਸਰ ਟਾਈਮਜ਼

 ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਅਨਾਜ ਚੁੱਕਣ ਦੇ ਮਾਮਲੇ ਵਿੱਚ ਸਾਬਕਾ ਮੰਤਰੀ ਅਤੇ ਪੰਜਾਬ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਨੂੰ ਬੀਤੇ ਦਿਨੀਂ ਗ੍ਰਿਫ਼ਤਾਰ ਕੀਤਾ ਸੀ।ਕਾਂਗਰਸ ਆਗੂ ਨੂੰ ਉਸ ਸਮੇਂ ਫੜਿਆ ਜਦੋਂ ਉਹ ਮਾਲ ਰੋਡ ’ਤੇ ਇੱਕ ਸੈਲੂਨ ਵਿਚ ਵਾਲ ਕਟਵਾ ਰਹੇ ਸਨ। ਇਸ ਦੌਰਾਨ ਲੁਧਿਆਣਾ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਆਪਣੇ ਸਾਥੀਆਂ ਨਾਲ ਉਥੇ ਪੁੱਜੇ ਅਤੇ ਉਨ੍ਹਾਂ ਆਸ਼ੂ ਦੀ ਗ੍ਰਿਫ਼ਤਾਰੀ ਦਾ ਵਿਰੋਧ ਕੀਤਾ ਤੇ ਉਨ੍ਹਾਂ ਦੀ ਵਿਜੀਲੈਂਸ ਅਧਿਕਾਰੀਆਂ ਨਾਲ ਬਦਤਮੀਜੀ ਵੀ ਕੀਤੀ। ਗੁੱਸੇ ਵਿਚ ਆਏ ਬਿੱਟੂ ਨੇ ਵਿਜੀਲੈਂਸ ਅਧਿਕਾਰੀਆਂ ਨੂੰ ਆਪਣੀ ਪਛਾਣ ਜ਼ਾਹਿਰ ਕਰਨ ਲਈ ਆਈਡੀ ਕਾਰਡ ਵੀ ਮੰਗੇ। ਇਸ ਮਗਰੋਂ ਰਵਨੀਤ ਬਿੱਟੂ ਵੀ ਆਸ਼ੂ ਦੇ ਨਾਲ ਹੀ ਵਿਜੀਲੈਂਸ ਦਫ਼ਤਰ ਪੁੱਜੇ। ਉਨ੍ਹਾਂ ਕਾਂਗਰਸ ਵਰਕਰਾਂ ਨੂੰ ਵਿਜੀਲੈਂਸ ਦਫ਼ਤਰ ਦੇ ਬਾਹਰ ਪੁੱਜਣ ਦਾ ਸੱਦਾ ਦਿੱਤਾ ਜਿਸ ਮਗਰੋਂ ਵੱਡੀ ਗਿਣਤੀ ’ਵਿਔਚ ਪਾਰਟੀ ਵਰਕਰਾਂ ਨੇ ਵਿਜੀਲੈਂਸ ਦਫ਼ਤਰ ਦੇ ਬਾਹਰ ਧਰਨਾ ਲਾ ਦਿੱਤਾ। ਇਸ ਕਾਰਣ ਕਾਂਗਰਸ ਨੇ ਮੁਹਾਲੀ ਵਿੱਚ ਵਿਜੀਲੈਂਸ ਮੁਖੀ ਦੇ ਦਫ਼ਤਰ ਅੱਗੇ ਪ੍ਰਦਰਸ਼ਨ ਕੀਤਾ ਸੀ। ਉਸ ਸਮੇਂ ਆਸ਼ੂ ਵੀ ਮੋਹਾਲੀ ਵਿਚ ਹੀ ਸੀ ਪਰ ਵਿਜੀਲੈਂਸ ਨੇ ਉਸ ਨੂੰ ਉਥੇ ਗ੍ਰਿਫਤਾਰ ਨਹੀਂ ਕੀਤਾ, ਲੁਧਿਆਣਾ ਪਹੁੰਚਦੇ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਇਸ ਤੋਂ ਪਹਿਲਾਂ ਵਿਜੀਲੈਂਸ ਨੇ ਮੰਡੀਆਂ ਵਿੱਚੋਂ ਅਨਾਜ ਦੀ ਲਿਫਟਿੰਗ ਦਾ ਠੇਕਾ ਲੈਣ ਵਾਲੇ ਠੇਕੇਦਾਰ ਤੇਲੂ ਰਾਮ, ਸਾਥੀ ਜਗਰੂਪ ਸਿੰਘ, ਗੁਰਦਾਸ ਰਾਮ ਐਂਡ ਕੰਪਨੀ ਅਤੇ ਸੰਦੀਪ ਭਾਟੀਆ ਖ਼ਿਲਾਫ਼ ਕੇਸ ਦਰਜ ਕਰਕੇ ਤੇਲੂ ਰਾਮ ਨੂੰ ਗ੍ਰਿਫ਼ਤਾਰ ਕੀਤਾ ਸੀ।ਵਿਜੀਲੈਂਸ ਨੇ ਕੁਝ ਦਿਨ ਪਹਿਲਾਂ ਆਸ਼ੂ ਦੇ ਨਜ਼ਦੀਕੀ ਮੀਨੂੰ ਮਲਹੋਤਰਾ ਦਾ ਨਾਮ ਲਿਆ ਸੀ ਅਤੇ ਉਸ ਦੇ ਘਰ ਛਾਪਾ ਮਾਰਿਆ ਸੀ ਪਰ ਉਹ ਭੱਜਣ ਵਿੱਚ ਕਾਮਯਾਬ ਹੋ ਗਿਆ ਸੀ। ਵਰਣਨਯੋਗ ਹੈ ਕਿ ਆਸ਼ੂ ਪਹਿਲਾਂ ਹੀ ਹਾਈ ਕੋਰਟ ਵਿਚ ਅਗਾਊਂ ਜ਼ਮਾਨਤ ਲਈ ਪਟੀਸ਼ਨ ਦਾਇਰ ਕਰ ਚੁੱਕੇ ਹਨ। ਪੰਜਾਬ ਵਿਚ ਕੈਪਟਨ  ਸਰਕਾਰ ਵੇਲੇ ਵੀ ਆਸ਼ੂ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸਨ ਪਰ ਉਦੋਂ ਕੈਪਟਨ ਨੇ ਆਸ਼ੂ ਦਾ ਬਚਾਅ ਕਰਦਿਆਂ ਕਲੀਨ ਚਿੱਟ ਦੇ ਦਿੱਤੀ ਸੀ।ਕਰੀਬ ਸੱਤ ਵਰ੍ਹੇ ਪਹਿਲਾਂ ਕਾਂਗਰਸ ਨੇ ਦੁਪਹੀਆਂ ਵਾਹਨਾਂ ਦੇ ਨੰਬਰ ਲਗਾ ਕੇ ਅਨਾਜ ਢੋਹਣ ਦਾ ਮੁੱਦਾ ਚੁੱਕ ਕੇ ਅਕਾਲੀ-ਭਾਜਪਾ ਗਠਜੋੜ ਸਰਕਾਰ 'ਤੇ ਤਿੱਖਾ ਹਮਲਾ ਕੀਤਾ ਸੀ ਪਰ ਹੁਣ ਉਸੇ ਮਾਮਲੇ ਵਿਚ ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਘਿਰ ਗਏ ਹਨ। ਤਤਕਾਲੀ ਅਕਾਲੀ-ਭਾਜਪਾ ਸਰਕਾਰ ਨੂੰ ਘੇਰਨ ਲਈ ਉਦੋਂ ਕਾਂਗਰਸੀ ਆਗੂ ਸੁਨੀਲ ਜਾਖੜ (ਹੁਣ ਭਾਜਪਾਈ) ਮੋਟਰਸਾਈਕਲ 'ਤੇ 'ਇਹ ਮੇਰਾ ਟਰੱਕ ਹੈ' ਦਾ ਬੈਨਰ ਲਗਾ ਕੇ ਵਿਧਾਨ ਸਭਾ ਵਿਚ ਪੁੱਜੇ ਸਨ, ਕਾਂਗਰਸ ਦੇ ਇਸ ਖ਼ੁਲਾਸੇ ਨਾਲ ਇਕ ਵਾਰ ਸੂਬੇ ਦੀ ਸਿਆਸਤ ਵਿਚ ਸਿਆਸੀ ਭੂਚਾਲ ਆ ਗਿਆ ਸੀ ਪਰ ਦਿਲਚਸਪ ਗੱਲ ਹੈ ਕਿ ਜਿਹੜੇ ਮੁੱਦੇ 'ਤੇ ਕਾਂਗਰਸੀ ਆਗੂ ਆਪਣੇ ਸਿਆਸੀ ਸ਼ਰੀਕਾਂ ਨੂੰ ਘੇਰਨ ਦਾ ਯਤਨ ਕਰਦੇ ਰਹੇ ਹਨ, ਅੱਜ ਉਸੇ ਮੁੱਦੇ 'ਤੇ ਖ਼ੁਦ ਘਿਰ ਗਏ ਹਨ।

 ਆਸ਼ੂ ਦੀ ਗ੍ਰਿਫ਼ਤਾਰੀ ਦਾ ਕਾਂਗਰਸੀਆਂ ਵਲੋਂ  ਵਿਰੋਧ

ਪੰਜਾਬ ਭਰ ਦੇ ਕਾਂਗਰਸੀ ਵਰਕਰਾਂ ਤੇ ਆਗੂਆਂ ਨੇ ਮੁਹਾਲੀ ਸਥਿਤ ਪੰਜਾਬ ਵਿਜੀਲੈਂਸ ਬਿਊਰੋ ਦੇ ਦਫ਼ਤਰ ਅੱਗੇ ਰੋਸ ਵਿਖਾਵਾ ਕਰਕੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਕੇਸ ਵਿਚ ਨਾਮਜ਼ਦ ਕਰਨ ਦਾ ਵਿਰੋਧ ਕੀਤਾ ਸੀ। ਕਾਂਗਰਸੀਆਂ ਦੇ ਧਰਨੇ ਦੇ ਵਿਚਕਾਰ ਹੀ ਪੁਜੀ ਠੇਕੇਦਾਰ ਯੂਨੀਅਨ ਨੇ ਨਾਅਰੇਬਾਜ਼ੀ ਕਰਕੇ ਵਿਜੀਲੈਂਸ ਦੀ ਕਾਰਵਾਈ ਨੂੰ ਸਹੀ ਠਹਿਰਾਇਆ। ਮੰਗ ਪੱਤਰ ਦੇਣ ਸਮੇਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਸਾਬਕਾ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ, ਸੁੱਖ ਸਰਕਾਰੀਆ ਤੋਂ ਇਲਾਵਾ ਕਾਂਗਰਸ ਦੇ ਵੱਡੇ ਲੀਡਰ ਹਾਜ਼ਰ ਸਨ।

ਇਸ ਦੌਰਾਨ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਵਿਚ ਪਿਛਲੇ ਚਾਰ-ਪੰਜ ਮਹੀਨਿਆਂ ਤੋਂ ਕਾਂਗਰਸੀ ਵਰਕਰਾਂ ਨੂੰ ਵਿਜੀਲੈਂਸ ਤੇ ਪਰਚਿਆਂ ਦੇ ਨਾਂਅ  'ਤੇ ਡਰਾਉਣ-ਧਮਕਾਉਣ ਦਾ ਕੰਮ ਕੀਤਾ ਜਾ ਰਿਹਾ ਹੈ। 'ਆਮ ਆਦਮੀ ਪਾਰਟੀ' ਦੀ ਸਰਕਾਰ ਲਗਾਤਾਰ ਕਾਂਗਰਸੀਆਂ 'ਤੇ ਵਿਜੀਲੈਂਸ ਰਾਹੀਂ ਗਿ੍ਫ਼ਤਾਰ ਕਰਵਾਉਣ ਦਾ ਭੈਅ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਵਿਜੀਲੈਂਸ ਪਹਿਲਾਂ ਸੰਮਨ ਤਾਮੀਲ ਕਰਵਾਏ, ਇਸ ਤੋਂ ਬਾਅਦ ਉਸ ਦੇ ਬਿਆਨ ਲਏ ਜਾਣ, ਫੇਰ ਕੋਈ ਕੇਸ ਦਰਜ ਕੀਤਾ ਜਾਵੇ । ਆਸ਼ੂ ਨੇ ਇਹ ਦਾਅਵਾ ਵੀ ਕੀਤਾ ਸੀ ਕਿ ਪਿਛਲੇ 5 ਮਹੀਨਿਆਂ ਤੋਂ ‘ਆਪ’ ਸਰਕਾਰ ਦੇ ਹੁਕਮਾਂ ’ਤੇ ਵਿਜੀਲੈਂਸ ਨੇ ਉਸ ਕੋਲ ਰਹੇ ਮਹਿਕਮੇ ਦੀਆਂ ਸਾਰੀਆਂ ਫਾਈਲਾਂ ਛਾਣ ਮਾਰੀਆਂ ਹਨ ਪ੍ਰੰਤੂ ਕੁੱਝ ਵੀ ਨਹੀਂ ਮਿਲਿਆ ਹੈ                 

ਕੀ ਹੈ ਘੁਟਾਲਾ

ਦਰਅਸਲ, ਨਵਾਂਸ਼ਹਿਰ ਦੇ ਠੇਕੇਦਾਰ ਗੁਰਪ੍ਰੀਤ ਸਿੰਘ ਨੇ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਸੀ ਕਿ 2020-21 ਵਿੱਚ ਖੁਰਾਕ ਸਪਲਾਈ ਵਿਭਾਗ ਨੇ ਅਨਾਜ ਦੀ ਲਿਫਟਿੰਗ ਦਾ ਠੇਕਾ ਮਨਪਸੰਦ ਠੇਕੇਦਾਰ ਨੂੰ ਦੇਣ ਦੀ ਨੀਤੀ ਬਦਲ ਦਿੱਤੀ ਸੀ। ਸਾਲ 2019-20 ਤੱਕ ਪਾਲਿਸੀ ਵਿੱਚ ਖਰੀਦ ਕਲਸਟਰ ਦੀ ਸਮਰੱਥਾ ਕਣਕ ਦੀ ਆਮਦ ਦੇ ਹਿਸਾਬ ਨਾਲ ਹੀ ਤੈਅ ਕੀਤੀ ਗਈ ਸੀ। ਵਿਭਾਗ ਨੇ 2020-21 ਵਿੱਚ ਝੋਨੇ ਦੇ ਨਾਲ-ਨਾਲ ਕਣਕ ਦੀ ਆਮਦ ਦੇ ਹਿਸਾਬ ਨਾਲ ਖਰੀਦ ਕਲੱਸਟਰ ਦੀ ਸਮਰੱਥਾ ਤੈਅ ਕੀਤੀ ਹੈ। ਇਸ ਕਾਰਨ ਮੁਕਾਬਲਾ ਘਟ ਗਿਆ।

ਕਈ ਠੇਕੇਦਾਰਾਂ ਨੇ ਟੈਂਡਰ ਵਿੱਚ ਹਿੱਸਾ ਨਹੀਂ ਲਿਆ ਤਾਂ ਕਈ ਠੇਕੇਦਾਰਾਂ ਦੀਆਂ ਕਮੀਆਂ ਦੂਰ ਕਰਕੇ ਠੇਕਾ ਰੱਦ ਕਰ ਦਿੱਤਾ ਗਿਆ। ਬਾਅਦ ਵਿੱਚ ਠੇਕੇਦਾਰ ਤੇਲੂ ਰਾਮ ਅਤੇ ਉਸ ਦੇ ਸਾਥੀਆਂ ਨੂੰ ਠੇਕਾ ਦੇ ਦਿੱਤਾ ਗਿਆ। ਦੋਸ਼ ਹੈ ਕਿ ਠੇਕਾ ਲੈਣ ਲਈ ਤੇਲੂ ਰਾਮ ਅਤੇ ਉਸ ਦੇ ਸਾਥੀਆਂ ਨੇ ਜਿਨ੍ਹਾਂ ਵਾਹਨਾਂ ਦੇ ਨੰਬਰ ਦਿੱਤੇ ਸਨ, ਉਹ ਦੋਪਹੀਆ ਵਾਹਨ ਸਨ। ਉਨ੍ਹਾਂ ਨੂੰ ਉਨ੍ਹਾਂ ਦੇ ਗੇਟ ਪਾਸ ਦੀ ਪੁਸ਼ਟੀ ਕੀਤੇ ਬਿਨਾਂ ਭੁਗਤਾਨ ਕੀਤਾ ਗਿਆ ਸੀ। ਉਸ ਸਮੇਂ ਭਾਰਤ ਭੂਸ਼ਣ ਆਸ਼ੂ ਖੁਰਾਕ ਸਪਲਾਈ ਮੰਤਰੀ ਸਨ। ਇਸ ਲਈ ਕਰੋੜਾਂ ਰੁਪਏ ਦੇ ਭ੍ਰਿਸ਼ਟਾਚਾਰ ਨਾਲ ਸਬੰਧਤ ਇਸ ਘਪਲੇ ਵਿੱਚ ਆਸ਼ੂ ਅਤੇ ਉਸ ਦੇ ਪੀ.ਏ ਦਾ ਨਾਂ ਵੀ ਸਾਹਮਣੇ ਆਇਆ ਹੈ।

ਸੂਬੇ ਦੀ ਸਿਆਸੀ ਤਸਵੀਰ ਬਦਲਣ ਤੋਂ ਬਾਅਦ ਖ਼ੁਰਾਕ ਤੇ ਸਪਲਾਈ ਵਿਭਾਗ ਨੇ ਉਹੀ ਗਲਤੀਆਂ ਦੁਹਰਾਈਆਂ ਜੋ ਪਿਛਲੀਆਂ ਸਰਕਾਰਾਂ ਨੇ ਕੀਤੀਆਂ ਸਨ। ਤਤਕਾਲੀ ਖੁਰਾਕ ਮੰਤਰੀ ਭਾਰਤ ਭੂਸ਼ਣ ਆਸ਼ੂ 'ਤੇ ਗ਼ਲਤ ਢੰਗ ਨਾਲ ਟੈਂਡਰ ਅਲਾਟ ਕਰਨ ਦੇ ਦੋਸ਼ ਲੱਗੇ। ਵਿਜੀਲੈਂਸ ਨੇ ਟੈਂਡਰ ਪ੍ਰਰਾਪਤ ਕਰਨ ਵਾਲੇ ਠੇਕੇਦਾਰ ਤੇਲੂ ਰਾਮ 'ਤੇ ਕੇਸ ਦਰਜ ਕੀਤਾ ਤਾਂ ਇਹ ਪਰਤਾਂ ਖੁੱਲ੍ਹਣ ਲੱਗ ਪਈਆਂ ਕਿ ਠੇਕੇਦਾਰ ਨੇ ਭਾਰ ਢੋਹਣ ਲਈ ਦੁਪਹੀਆ ਵਾਹਨਾਂ ਦੇ ਨੰਬਰ ਦਿਖਾਏ ਹਨ ਤਾਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਘਿਰ ਗਏ।

ਦਿਲਚਸਪ ਗੱਲ ਹੈ ਕਿ ਕਾਂਗਰਸੀ ਆਗੂਆਂ ਨੇ ਅਕਾਲੀਆਂ ਨੂੰ ਘੇਰਨ ਲਈ ਜਾਲ ਵਿਛਾਇਆ ਸੀ ਪਰ ਅੱਜ ਉਨ੍ਹਾਂ ਦਾ ਆਪਣਾ ਆਗੂ ਭਾਰਤ ਭੂਸ਼ਣ ਆਸ਼ੂ ਫਸ ਗਿਆ ਹੈ। ਵਿਜੀਲੈਂਸ ਅਨੁਸਾਰ ਟੈਂਡਰ ਅਲਾਟਮੈਂਟ ਵਿਚ 2000 ਕਰੋੜ ਰੁਪਏ ਦਾ ਘਪਲਾ ਹੋਇਆ ਹੈ। ਜਾਂਚ ਵਿਚ ਖ਼ੁਲਾਸਾ ਹੋਇਆ ਹੈ ਕਿ ਅਨਾਜ ਦੇ ਗੇਟ ਪਾਸ 'ਤੇ ਜਿਨ੍ਹਾਂ ਵਾਹਨਾਂ ਦੇ ਨੰਬਰ ਲਿਖੇ ਹੋਏ ਸਨ, ਉਹ ਅਸਲ ਵਿਚ ਦੋਪਹੀਆ ਵਾਹਨਾਂ (ਸਕੂਟਰ, ਮੋਟਰਸਾਈਕਲ) ਦੇ ਸਨ ਅਤੇ ਇਨ੍ਹਾਂ ਵਾਹਨਾਂ ਦੀ ਢੋਆ-ਢੁਆਈ ਨਹੀਂ ਕੀਤੀ ਜਾ ਸਕਦੀ ਪਰ ਠੇਕੇਦਾਰ ਨੇ ਇਨ੍ਹਾਂ ਵਾਹਨਾਂ 'ਤੇ ਭਾਰ (ਅਨਾਜ) ਢੋਹਣ ਦੀ ਗੱਲ ਕਹੀ ਹੈ। 

ਭਾਜਪਾ ਆਗੂ ਸਿੰਗਲਾ ਵਲੋਂ ਹੁਣ ਮਨਪ੍ਰੀਤ ਸਿੰਘ ਬਾਦਲ ਵਿਰੁੱਧ ਸ਼ਿਕਾਇਤ

 ਕਾਂਗਰਸ ਸਰਕਾਰ ਦੌਰਾਨ ਫੂਡ ਸਪਲਾਈ ਮੰਤਰੀ ਰਹੇ ਭਾਰਤ ਭੂਸ਼ਣ ਆਸ਼ੂ ’ਤੇ ਵਿਜੀਲੈਂਸ ਦੀ ਕਾਰਵਾਈ ਤੋਂ ਬਾਅਦ ਬਠਿੰਡਾ ਸ਼ਹਿਰੀ ਦੇ ਸਾਬਕਾ ਵਿਧਾਇਕ ਤੇ ਭਾਜਪਾ ਆਗੂ ਸਰੂਪ ਚੰਦ ਸਿੰਗਲਾ ਨੇ ਐਸਐਸਪੀ ਵਿਜੀਲੈਂਸ ਨੂੰ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਉਸ ਦੇ ਸਾਥੀਆਂ ਵਿਰੁੱਧ ਸ਼ਿਕਾਇਤ ਦੇ ਕੇ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਸ਼ਿਕਾਇਤ ਵਿਚ ਉਨ੍ਹਾਂ ਦੋਸ਼ ਲਾਇਆ ਹੈ ਕਿ ਸਾਬਕਾ ਵਿੱਤ ਮੰਤਰੀ ਨੇ ਕਣਕ-ਝੋਨੇ ਦੀ ਢੋਆ-ਢੁਆਈ ਲਈ ਆਪਣੇ ਡਰਾਈਵਰ ਅਤੇ ਗੰਨਮੈਨ ਦੇ ਨਾਂ ’ਤੇ ਫਰਜ਼ੀ ਕੰਪਨੀਆਂ ਬਣਾ ਕੇ ਸਰਕਾਰੀ ਖਜ਼ਾਨੇ ਨੂੰ ਕਰੋੜਾਂ ਰੁਪਏ ਦਾ ਚੂਨਾ ਲਾਇਆ ਹੈ।  ਵਿੱਤ ਮੰਤਰੀ ਹੁੰਦਿਆਂ ਮਨਪ੍ਰੀਤ ਬਾਦਲ ਨੇ ਬਠਿੰਡਾ ਸ਼ਹਿਰ ਵਿਚ ਕਈ ਵੱਡੇ ਘਪਲੇ ਕੀਤੇ ਹਨ, ਜਿੰਨ੍ਹਾਂ ਨੂੰ ਆਉਣ ਵਾਲੇ ਸਮੇਂ ਵਿਚ ਲੋਕਾਂ ਤੇ ਸਰਕਾਰ ਸਾਹਮਣੇ ਰੱਖਿਆ ਜਾਵੇਗਾ। ਇਸ ਮਾਮਲੇ ਸਬੰਧੀ ਪੱਖ ਜਾਣਨ ਲਈ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਨੂੰ ਫੋਨ ਕੀਤਾ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।                     

ਰਵਨੀਤ ਬਿੱਟੂ ਦੱਸਣ ਕਿ ਦਾਦੇ ਦੇ ਰਾਜ ਵਿਚ ਨੌਜਵਾਨਾਂ ਨੂੰ ਘਰੋਂ ਚੁੱਕਣ ਸਮੇਂ ਪੁਲਿਸ ਵਾਲੇ ਪਹਿਚਾਣ ਪੱਤਰ ਦਿਖਾਉਂਦੇ ਸਨ- ਬਸਪਾ

ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਨੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਵਿਜੀਲੈਂਸ ਮੁਲਾਜ਼ਮਾਂ ਨੂੰ ਚੋਰ ਕਹਿ ਕੇ ਸੰਬੋਧਨ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਜਸਵੀਰ ਸਿੰਘ ਗੜ੍ਹੀ ਨੇ ਰਵਨੀਤ ਸਿੰਘ ਬਿੱਟੂ ਨੂੰ ਸਵਾਲ ਕਰਦਿਆਂ ਕਿਹਾ ਕਿ ਕੀ ਉਹ ਪੰਜਾਬ ਦੇ ਲੋਕਾਂ ਨੂੰ ਦੱਸਣਗੇ ਜਦੋਂ ਉਨ੍ਹਾਂ ਦੇ ਦਾਦਾ ਬੇਅੰਤ ਸਿੰਘ ਪੰਜਾਬ ਦੇ ਮੁੱਖ ਮੰਤਰੀ ਸਨ ਤਾਂ ਰਾਤਾਂ ਨੂੰ ਘਰਾਂ ਵਿਚੋਂ ਸਿਖ ਨੌਜਵਾਨਾਂ ਨੂੰ ਚੁੱਕਣ ਸਮੇਂ ਪੁਲਿਸ ਵਾਲੇ ਪਹਿਚਾਣ ਪੱਤਰ ਦਿਖਾਉਂਦੇ ਸਨ। ਉਨ੍ਹਾਂ ਕਿਹਾ ਕਿ ਮੁਲਾਜ਼ਮ ਸਾਬਕਾ ਮੰਤਰੀ ਭਾਰਤ ਭੁਸ਼ਣ ਆਸ਼ੂ ਨੂੰ ਇਕ ਘਪਲੇ ਦੇ ਦੋਸ਼ ਵਿੱਚ ਗ੍ਰਿਫਤਾਰ ਕਰਨ ਗਏ ਸਨ, ਪ੍ਰੰਤੂ ਉਨ੍ਹਾਂ ਦੇ ਦਾਦੇ ਦੇ ਰਾਜ ਵਿੱਚ ਹਜ਼ਾਰਾਂ ਬੇਗੁਨਾਹਾਂ ਨੂੰ ਰਾਤਾਂ ਨੂੰ ਘਰੋਂ ਚੁੱਕਿਆ ਜਾਂਦਾ ਸੀ, ਜੋ ਕਦੇ ਘਰ ਵਾਪਸ ਨਹੀਂ ਆਏ। ਉਨ੍ਹਾਂ ਕਿਹਾ ਕਿ ਉਸ ਕਾਲੇ ਦੌਰ ਵਿੱਚ ਕਰੀਬ 30 ਹਜ਼ਾਰ ਸਿਖ ਨੌਜਵਾਨਾਂ ਨੂੰ ਚੁੱਕ ਚੁੱਕ ਖਤਮ ਕਰ ਦਿੱਤਾ, ਕੀ ਉਸ ਸਮੇਂ ਪੁਲਿਸ ਵਾਲਿਆਂ ਨੇ ਸ਼ਨਖਾਤੀ ਪੱਤਰ ਵਿਖਾਏ ਸਨ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਇਕ ਕਾਂਗਰਸੀ ਸਾਬਕਾ ਮੰਤਰੀ ਦੇ ਬਚਾਅ ਲਈ ਐਮਪੀ ਬਿੱਟੂ ਬੁਖਲਾਹਟ ਵਿੱਚ ਇਹ ਵੀ ਮਰਿਆਦਾ ਭੁੱਲ ਗਏ ਕਿ ਮੁਲਾਜ਼ਮਾਂ ਨੂੰ ਕੀ ਸ਼ਬਦ ਬੋਲ ਰਹੇ ਹਨ। 

ਸੋਸ਼ਲ ਮੀਡੀਆ ’ਤੇ ਭਾਰਤ ਭੂਸ਼ਣ ਆਸ਼ੂ ਦੀ ਹੋ ਰਹੀ ਹੈ ਕਿਰਕਿਰੀ

 ਭ੍ਰਿਸ਼ਟਾਚਾਰ ਦੇ ਦੋਸ਼ ਤਹਿਤ ਵਿਜੀਲੈਂਸ ਬਿਊਰੋ ਦੁਆਰਾ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਸੋਸ਼ਲ ਮੀਡੀਆ ’ਤੇ ਖ਼ੂਬ ਕਿਰਕਰੀ ਹੋ ਰਹੀ ਹੈ। ਭਾਵੇਂ ਕਾਂਗਰਸੀ ਆਗੂ ਆਪਣੇ ਸਾਬਕਾ ਮੰਤਰੀ ਦੇ ਸਮਰਥਨ ਵਿਚ ਆ ਗਏ ਹਨ, ਪਰ ਬਤੌਰ ਵਜ਼ੀਰ ਉਨ੍ਹਾਂ ਦੇ ਰਵੱਈਏ ਅਤੇ ਲੋਕਾਂ ਨਾਲ ਕੀਤੇ ਗਏ ਵਰਤਾਰੇ ਨੂੰ ਲੈ ਕੇ ਫੇਸਬੁੱਕ, ਵ੍ਹਟਸਐਪ ਅਤੇ ਇੰਸਟਾਗ੍ਰਾਮ ’ਤੇ ਤਰ੍ਹਾਂ-ਤਰ੍ਹਾਂ ਦੀਆਂ ਟਿਪਣੀਆਂ ਪੜ੍ਹਨ ਸੁਣਨ ਨੂੰ ਮਿਲ ਰਹੀਆਂ ਹਨ।

ਨੌਕਰੀ ਤੋਂ ਬਰਖ਼ਾਸਤ ਕੀਤੇ ਗਏ ਲੁਧਿਆਣਾ ਦੇ ਡੀਐੱਸਪੀ ਬਲਵਿੰਦਰ ਸਿੰਘ ਸੇਖੋਂ ਨਾਲ ਸਖ਼ਤ ਭਾਸ਼ਾ ਵਿਚ ਕੀਤੀ ਗਈ ਗੱਲਬਾਤ ਅਤੇ ਇਕ ਬੀਬੀ ਅਧਿਕਾਰੀ (ਡੀਈਓ) ਨੂੰ ਸਮਾਗਮ ਵਿਚ ਵਾਪਸ ਭੇਜਣ ਦੀ ਤਾੜਨਾ ਵਾਲੀ ਵੀਡਿਓ ਕਲਿੱਪ ਸੋਸ਼ਲ ਮੀਡੀਆ ’ਤੇ ਘੁੰਮ ਰਹੀਆਂ ਹਨ। ਇਹਨਾਂ ਵੀਡਿਓ ਕਲਿੱਪਾਂ ਦੇ ਥੱਲੇ ਲੋਕਾਂ ਨੇ ਉਹੀ ਕੁਮੈਂਟ ਕੀਤੇ ਹਨ ਜਿਹੜੇ ਭਾਰਤ ਭੂਸ਼ਣ ਆਸ਼ੂ ਨੇ ਸੱਤਾ ਦੀ ਕੁਰਸੀ ’ਤੇ ਬੈਠਿਆਂ ਕੀਤੇ ਸਨ। ਬਰਖ਼ਾਸਤ ਕੀਤੇ ਗਏ ਡੀਐੱਸਪੀ ਬਲਵਿੰਦਰ ਸਿੰਘ ਸੇਖੋਂ ਨੂੰ ਆਸ਼ੂ ਨੇ ਇੱਥੋ ਤਕ ਕਹਿ ਦਿੱਤਾ ਸੀ ਕਿ ਹਾਈਕੋਰਟ ਉਪਰ ਡਿੱਗਦਾ ਜਾ ਹਾਈਕੋਰਟ ਨੂੰ ਕਹਿ ਦੇ ਕਿ ਮੰਤਰੀ ਨਹੀਂ ਮੰਨਦਾ ਅਤੇ ਮਿੱਧ ਕੇ ਰੱਖ ਦਿਆਂਗੇ ਇਹੀ ਕੁਮੈਂਟ ਹੁਣ ਲੋਕਾਂ ਵੱਲੋਂ ਆਸ਼ੂ ’ਤੇ ਕੀਤੇ ਜਾ ਰਹੇ ਹਨ। ਦਿਲਚਸਪ ਗੱਲ ਹੈ ਕਿ ਕਈ ਕਾਂਗਰਸੀਆਂ ਖ਼ਾਸ ਕਰ ਕੇ ਲੁਧਿਆਣਾ ਵਿਚ ਦਿੱਤੇ ਗਏ ਧਰਨੇ ਸਬੰਧੀ ਵੀ ਕੁਝ ਲੋਕਾਂ ਨੇ ਪੋਸਟਾਂ ਸ਼ੇਅਰ ਕੀਤੀਆਂ ਹਨ, ਪਰ ਇਨ੍ਹਾਂ ਪੋਸਟਾਂ ’ਤੇ ਵੀ ਲੋਕਾਂ ਨੇ ਆਸ਼ੂ ਨਾਲ ਹਮਦਰਦੀ ਕਰਨ ਦੀ ਬਜਾਏ ਵਿਜੀਲੈਂਸ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਹੀ ਕੀਤੀ ਹੈ।

ਆਸ਼ੂ ਹੀ ਨਹੀਂ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਵੱਲੋਂ ਵਿਜੀਲੈਂਸ ਅਧਿਕਾਰੀਆਂ ਨਾਲ ਕੀਤੇ ਗਏ ਗ਼ਲਤ ਵਰਤਾਰੇ ਦੀ ਵੀ ਆਲੋਚਨਾ ਹੋ ਰਹੀ ਹੈ। ਵੱਖ-ਵੱਖ ਪੋਸਟਾਂ ’ਤੇ ਲੋਕਾਂ ਨੇ ਰਵਨੀਤ ਬਿੱਟੂ ਦੇ ਦਾਦਾ ਸਵਰਗੀ ਬੇਅੰਤ ਸਿੰਘ ਦੇ ਕਾਰਜਕਾਲ ਦੌਰਾਨ ਨੌਜਵਾਨਾਂ ਨੂੰ ਹਿਰਾਸਤ ਵਿਚ ਲੈਣ ਸਮੇਂ ਸਰਕਾਰ ਅਤੇ ਪੁਲਿਸ ਦੀ ਕਾਰਗੁਜ਼ਾਰੀ ’ਤੇ ਲੋਕਾਂ ਵੱਲੋਂ ਸਖ਼ਤ ਇਤਰਾਜ਼ ਕੀਤਾ ਗਿਆ ਹੈ। ਕਈ ਲੋਕਾਂ ਨੇ ਲਿਖਿਆ ਹੈ ਕਿ ਹੰਕਾਰਿਆਂ ਸੋ ਮਾਰਿਆ, ਇਕ ਵਿਅਕਤੀ ਨੇ ਕੁਮੈਂਟ ਕੀਤਾ ਹੈ ਕਿ ਮੰਤਰੀ ਹੁੰਦੇ ਹੋਏ ਇਸਨੇ (ਆਸ਼ੂ) ਨੇ ਚੰਮ ਦੀਆਂ ਚਲਾਈਆਂ ਸਨ।