ਭਗਵੰਤ ਮਾਨ ਵਲੋਂ ਅਨੰਦ ਕਾਰਜ ਐਕਟ  ਇੰਨ-ਬਿੰਨ ਲਾਗੂ ਕਰਨ ਦਾ ਐਲਾਨ

ਭਗਵੰਤ ਮਾਨ ਵਲੋਂ ਅਨੰਦ ਕਾਰਜ ਐਕਟ  ਇੰਨ-ਬਿੰਨ ਲਾਗੂ ਕਰਨ ਦਾ ਐਲਾਨ

   *ਹੁਣ ਤਕ ’ਹਿੰਦੂ ਮੈਰਿਜ ਐਕਟ’ ਅਧੀਨ ਹੀ ਲਾਗੂ ਹੁੰਦੇ ਰਹੇ ਸਿੱਖ ਵਿਆਹ 

ਵਿਦੇਸ਼ ’ਵਿਚ ਰਹਿੰਦੇ ਸਿੱਖਾਂ ਨੂੰ ਇਸ ਦਾ ਲਾਭ ਹੋਵੇਗਾ-ਐਡਵੋਕੇਟ ਨਵਕਿਰਨ ਸਿੰਘ 

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ- ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ  ਐਲਾਨ ਕੀਤਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਆਨੰਦ ਮੈਰਿਜ ਐਕਟ ਨੂੰ ਬਿਨਾਂ ਕਿਸੇ ਦੇਰੀ ਤੋਂ ਇੰਨ-ਬਿੰਨ ਲਾਗੂ ਕਰੇਗੀ। ਉਨ੍ਹਾਂ ਕਿਹਾ ਕਿ ਆਨੰਦ ਮੈਰਿਜ ਐਕਟ ਨੂੰ ਲਾਗੂ ਕਰਨ ਵਿੱਚ ਪੰਜਾਬ ਪੱਛੜਿਆ ਹੈ। ਇਸ ਦਾ ਨੋਟੀਫ਼ਿਕੇਸ਼ਨ ਕਈ ਵਰ੍ਹੇ ਪਹਿਲਾਂ ਹੋ ਗਿਆ ਸੀ ਪਰ ਇਸ ਨੂੰ ਪੰਜਾਬ ਵਿੱਚ ਪੂਰਨ ਰੁਪ ਵਿੱਚ ਅਮਲ ’ਵਿਚ ਨਹੀਂ ਲਿਆਂਦਾ ਗਿਆ। ਉਨ੍ਹਾਂ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਮੱਥਾ ਟੇਕਣ ਮਗਰੋਂ ਟਵੀਟ ਕਰ ਕੇ ਇਸ ਫ਼ੈਸਲੇ ਨੂੰ ਜਨਤਕ ਕੀਤਾ।ਗੁਰਪੁਰਬ ਮੌਕੇ ਭਗਵੰਤ ਮਾਨ ਅਤੇ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ। 

ਕੀ ਹੈ ਆਨੰਦ ਮੈਰਿਜ ਐਕਟ

ਸਿੱਖ ਭਾਈਚਾਰੇ ਦੇ ਵਿਆਹ ਪਹਿਲਾਂ ਹਿੰਦੂ ਮੈਰਿਜ ਐਕਟ ਤਹਿਤ ਰਜਿਸਟਰਡ ਹੁੰਦੇ ਸਨ ਪਰ ਹੁਣ ਆਨੰਦ ਮੈਰਿਜ ਐਕਟ ਪਾਸ ਹੋਣ ਮਗਰੋਂ ਸਿੱਖ ਭਾਈਚਾਰੇ ਦੇ ਵਿਆਹ ਇਸ ਨਵੇਂ ਐਕਟ ਤਹਿਤ ਰਜਿਸਟਰਡ ਕੀਤੇ ਜਾਣ ਦੀ ਖੁੱਲ੍ਹ ਮਿਲ ਗਈ ਹੈ। ਜਿਸ ਵਿਅਕਤੀ ਦਾ ਵਿਆਹ ਆਨੰਦ ਕਾਰਜ ਦੀ ਰਸਮ ਨਾਲ ਹੁੰਦਾ ਹੈ, ਉਸ ਦਾ ਵਿਆਹ ਆਨੰਦ ਮੈਰਿਜ ਐਕਟ ਤਹਿਤ ਰਜਿਸਟਰਡ ਹੋਣ ਦੀ ਵਿਵਸਥਾ ਹੈ। ਪੰਜਾਬ ਸਰਕਾਰ ਨੇ ਇਸ ਬਾਰੇ ਬਕਾਇਦਾ ਕਾਫ਼ੀ ਵਰ੍ਹੇ ਪਹਿਲਾਂ ਪ੍ਰੋਫਾਰਮਾ ਵੀ ਜਾਰੀ ਕਰ ਦਿੱਤਾ ਸੀ। ਆਨੰਦ ਮੈਰਿਜ ਐਕਟ ਆਜ਼ਾਦੀ ਤੋਂ ਪਹਿਲਾਂ ਵਰ੍ਹਾ 1909 ਵਿੱਚ ਬਣਿਆ ਸੀ ਅਤੇ ਬਟਵਾਰੇ ਮਗਰੋਂ ਸਿੱਖ ਭਾਈਚਾਰੇ ਦੇ ਵਿਆਹ ‘ਹਿੰਦੂ ਮੈਰਿਜ ਐਕਟ’ ਤਹਿਤ ਰਜਿਸਟਰਡ ਹੋਣ ਲੱਗੇ ਸਨ। ਤਤਕਾਲੀ ਰਾਜ ਸਭਾ ਮੈਂਬਰ ਅਤੇ ਕੌਮੀ ਘੱਟ ਗਿਣਤੀਆਂ ਕਮਿਸ਼ਨ ਦੇ ਚੇਅਰਮੈਨ ਤਰਲੋਚਨ ਸਿੰਘ ਨੇ ਵਰ੍ਹਾ 2004 ਵਿੱਚ ਪਾਰਲੀਮੈਂਟ ਵਿੱਚ ਇਸ ਬਾਰੇ ਪ੍ਰਾਈਵੇਟ ਮੈਂਬਰ ਬਿੱਲ ਵੀ ਲਿਆਂਦਾ ਸੀ ਅਤੇ ਇਸ ਮੁੱਦੇ ਨੂੰ ਉਨ੍ਹਾਂ ਨੇ ਜ਼ੋਰ ਸ਼ੋਰ ਨਾਲ ਚੁੱਕਿਆ ਸੀ।

ਇਸ ਮਗਰੋਂ ਲੰਮਾ ਸਮਾਂ ਇਹ ਮਾਮਲਾ ਲਟਕਿਆ ਰਿਹਾ। ਪਾਰਲੀਮੈਂਟ ਦੇ ਬਜਟ ਸੈਸ਼ਨ ਵਿੱਚ ਆਖਰ 7 ਜੂਨ 2012 ’ਚ ‘ਆਨੰਦ ਮੈਰਿਜ (ਸੋਧ) ਬਿੱਲ’ ਪਾਸ ਹੋ ਗਿਆ ਸੀ ਅਤੇ ਤਤਕਾਲੀ ਰਾਸ਼ਟਰਪਤੀ ਪ੍ਰਤਿਭਾ ਦੇਵੀ ਪਾਟਿਲ ਨੇ ਇਸ ਬਿੱਲ ਨੂੰ ਪ੍ਰਵਾਨਗੀ ਦਿੱਤੀ ਸੀ।

ਕੇਂਦਰ ਸਰਕਾਰ ਨੇ ਉਦੋਂ ਸੂਬਾਈ ਸਰਕਾਰਾਂ ਨੂੰ ਹਦਾਇਤ ਕੀਤੀ ਸੀ ਕਿ ਉਹ ਆਪੋ ਆਪਣੇ ਸੂਬਿਆਂ ਵਿਚ ਨਿਯਮ ਬਣਾ ਕੇ ਆਨੰਦ ਮੈਰਿਜ ਐਕਟ ਨੂੰ ਲਾਗੂ ਕਰਨ। ਕਈ ਸੂਬਿਆਂ ਨੇ ਫ਼ੌਰੀ ਨਿਯਮ ਬਣਾ ਲਏ ਸਨ। ਪੰਜਾਬ ਸਰਕਾਰ ਨੇ ਉਦੋਂ ਵਿਆਹਾਂ ਦੀ ਰਜਿਸਟ੍ਰੇਸ਼ਨ ਲਾਜ਼ਮੀ ਕਰਾਰ ਦੇਣ ਬਾਰੇ 4 ਜਨਵਰੀ 2013 ਨੂੰ ‘ਪੰਜਾਬ ਕੰਪਲਸਰੀ ਰਜਿਸਟ੍ਰੇਸ਼ਨ ਮੈਰਿਜ ਐਕਟ 2012’ ਦਾ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਸੀ ਪਰ ਆਨੰਦ ਮੈਰਿਜ ਐਕਟ ਨੂੰ ਲਾਗੂ ਕਰਨ ਬਾਰੇ ‘ਪੰਜਾਬ ਆਨੰਦ ਮੈਰਿਜ ਐਕਟ ਰੂਲਜ਼ 2016’ ਕੁਝ ਅਰਸੇ ਮਗਰੋਂ ਬਣਾਏ ਸਨ। ਮੁੱਖ ਮੰਤਰੀ ਭਗਵੰਤ ਮਾਨ ਅਨੁਸਾਰ ਦੇਸ਼ ਦੇ 22 ਸੂਬਿਆਂ ’ਚ ਆਨੰਦ ਮੈਰਿਜ ਐਕਟ ਲਾਗੂ ਹੋ ਚੁੱਕਾ ਹੈ ਪਰ ਪੰਜਾਬ ਵਿੱਚ ਅਮਲੀ ਰੂਪ ਵਿੱਚ ਇਸ ਨੂੰ ਲਾਗੂ ਨਹੀਂ ਕੀਤਾ ਜਾ ਸਕਿਆ। ਸਿਆਸੀ ਨਜ਼ਰੀਏ ਨਾਲ ਦੇਖਿਆ ਜਾਵੇ ਤਾਂ ਇਸ ਵੇਲੇ ਜਦੋਂ ਭਾਜਪਾ ਵੱਲੋਂ ਸੂਬਾਈ ਚੋਣਾਂ ਵਾਲੇ ਰਾਜਾਂ ਵਿੱਚ ਇਕਸਾਰ ਸਿਵਲ ਕੋਡ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਉਸ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਨੰਦ ਮੈਰਿਜ ਐਕਟ ਦੀ ਗੱਲ ਛੇੜੀ ਹੈ। ਦੂਜੇ ਪਾਸੇ ਇਹ ਸੁਆਲ ਵੀ ਖੜ੍ਹਾ ਹੁੰਦਾ ਹੈ ਕਿ ਜਦੋਂ ਰੂਲਜ਼ ਬਣ ਚੁੱਕੇ ਸਨ ਤਾਂ ਲੰਘੇ ਛੇ ਵਰ੍ਹਿਆਂ ਦੌਰਾਨ ਆਨੰਦ ਮੈਰਿਜ ਐਕਟ ਨੂੰ ਅਮਲ ’ਵਿਚ ਕਿਉਂ ਨਹੀਂ ਲਿਆਂਦਾ ਗਿਆ।

ਹੁਣ ਤੱਕ ਸਿੱਖਾਂ ਦੇ ਜ਼ਿਆਦਾਤਰ ਵਿਆਹ ਵੀ ‘ਅਨੰਦ ਮੈਰਿਜ ਐਕਟ’ ਅਧੀਨ ਰਜਿਸਟਰਡ ਨਹੀਂ ਹੋ ਸਕੇ। ਜੇ ਕਿਸੇ ਸਿੱਖ ਜੋਡ਼ੇ ਦੇ ਵਿਆਹ ਦੀ ਫ਼ਾਈਲ ‘ਅਨੰਦ ਮੈਰਿਜ ਐਕਟ’ ਅਧੀਨ ਰਜਿਸਟ੍ਰੇਸ਼ਨ ਲਈ ਜਾਵੇਗੀ, ਤਦ ਹੀ ‘ਸਿੱਖ ਮੈਰਿਜ ਐਕਟ’ ਅਧੀਨ ਉਹ ਵਿਆਹ ਰਜਿਸਟਰਡ ਹੋ ਸਕੇਗਾ।

ਐਡਵੋਕੇਟ ਨਵਕਿਰਨ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਨੰਦ ਮੈਰਿਜ ਐਕਟ ਖ਼ਾਸ ਤੌਰ ’ਤੇ ਸਿੱਖਾਂ ਲਈ ਹੈ ਤੇ ਇਸ ਰਾਹੀਂ ਸਿੱਖ ਮੈਰਿਜ ਐਕਟ ਦਾ ਸਰਟੀਫ਼ਿਕੇਟ ਮਿਲਦਾ ਹੈ। ‘ਹਾਲੇ ਤੱਕ ਸਿੱਖ ਹਿੰਦੂ ਮੈਰਿਜ ਐਕਟ ਦਾ ਹੀ ਸਰਟੀਫ਼ਿਕੇਟ ਲੈਂਦੇ ਰਹੇ ਹਨ। ਵਿਦੇਸ਼ ’ਵਿਚ ਰਹਿੰਦੇ ਸਿੱਖਾਂ ਨੂੰ ਇਸ ਦਾ ਲਾਭ ਹੋਵੇਗਾ।’ ਉਨ੍ਹਾਂ ਦੱਸਿਆ ਕਿ ਪਾਸਪੋਰਟ ’ਤੇ ਉਨ੍ਹਾਂ ਦੀ ਪਛਾਣ ਇੱਕ ਸਿੱਖ ਵਜੋਂ ਦਰਜ ਹੁੰਦੀ ਹੈ ਪਰ ਉਨ੍ਹਾਂ ਦਾ ਮੈਰਿਜ ਸਰਟੀਫ਼ਿਕੇਟ ਹਿੰਦੂ ਮੈਰਿਜ ਐਕਟ ਅਧੀਨ ਬਣਿਆ ਹੁੰਦਾ ਹੈ। ਇਸ ਕਰਕੇ ਵੀ ਸਿੱਖਾਂ ਨੂੰ ਵਿਦੇਸ਼ ’ਵਿਚ ਹੁਣ ਤੱਕ ਅਨੇਕ ਔਕਡ਼ਾਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ। ਇੱਥੇ ਵਰਨਣਯੋਗ ਹੈ ਕਿ 1955 ’ਵਿਚ ਹਿੰਦੂ, ਸਿੱਖ, ਬੁੱਧ ਤੇ ਜੈਨ ਨੂੰ ਜੋਡ਼ਦਿਆਂ ਇੱਕ ‘ਹਿੰਦੂ ਮੈਰਿਜ ਐਕਟ’ ਤਿਆਰ ਕੀਤਾ ਗਿਆ ਸੀ ਪਰ ਹੁਣ ਪਿਛਲੇ ਛੇ ਸਾਲਾਂ ਤੋਂ ’ਅਨੰਦ ਮੈਰਿਜ ਐਕਟ’ ਦੇ ਨਾਂਅ ਨਾਲ ‘ਸਿੱਖ ਮੈਰਿਜ ਐਕਟ’ ਵੀ ਲਾਗੂ ਹੈ।