ਅੱਖੀ ਦੇਖਿਆ ਤੇ ਹੰਡਾਇਆ ਜੂਨ 1984 (ਭਾਗ 4)

ਅੱਖੀ ਦੇਖਿਆ ਤੇ ਹੰਡਾਇਆ ਜੂਨ 1984 (ਭਾਗ 4)

 4 ਜੂਨ 1984 ਸਿੱਖ ਸੰਗਤਾਂ ਦੀ ਜਾਣਕਾਰੀ ਲਈ ਬੇਨਤੀ ਕਰ ਦੇਵਾਂ ਕਿ ਘਲੂਘਾਰੇ ਦੇ ਸਮੇ ਦੌਰਾਨ ਸਾਡੀ ਡਿਉਟੀ ਕਿੱਥੇ ਅਤੇ ਕੀ ਸੀ ?

​​​​​ਅਸੀਂ ਦਮਦਮੀ ਟਕਸਾਲ ਵਿਦਿਆਰਥੀ ਸੀ, ਪਰ ਧਰਮ ਯੁੱਧ ਮੋਰਚੇ ਦੌਰਾਨ ਹੀ ਦਮਦਮੀ ਟਕਸਾਲ ਦੇ ਰਾਗੀ ਸਿੰਘਾਂ ਨੂੰ ਜਿਸ ਵਿੱਚ ਦਾਸ ਭਾਈ ਮੁਖ਼ਤਿਆਰ ਸਿੰਘ ਮੁਖੀ ਅਤੇ ਰਾਗੀ ਭਾਈ ਗੁਰਸ਼ਰਨ ਸਿੰਘ ਜੀ, ਭਾਈ ਠਾਕੁਰ ਸਿੰਘ ਜੀ ਨੂੰ ਬਤੌਰ ਮੁਲਾਜ਼ਮ ਰਾਗੀ ਜਥਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਸ਼ਾਂ ਨੇ ਆਪ ਭਰਤੀ ਕਰਵਾਇਆ ਹੋਇਆ ਸੀ। ਸਾਡੀ ਸ਼ਬਦ ਕੀਰਤਨ ਦੀ ਡਿਉਟੀ ਪਹਿਲਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਲਾਈ ਗਈ, ਫੇਰ ਕੁਝ ਸਮੇਂ ਬਾਦ ਸੰਤਾਂ ਨੇ ਸਾਡੀ ਬਦਲੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕਰਵਾ ਦਿੱਤੀ ਸੀ ਘਲੂਘਾਰੇ ਦੌਰਾਨ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੇ ਆਪਣੀ ਸ਼ਬਦ ਕੀਰਤਨ ਦੀ ਸੇਵਾ ਨਿਭਾ ਰਹੇ ਸੀ।

4 ਜੂਨ ਨੂੰ ਰੋਜ਼ਾਨਾ ਦੀ ਤਰਾਂ ਦਾਸ ਨੇ ਅਤੇ ਭਾਈ ਗੁਰਸ਼ਰਨ ਸਿੰਘ ਜੀ ਨੇ ਅੰਮ੍ਰਿਤ ਵੇਲੇ ਸਰੋਵਰ ਵਿੱਚ ਹੀ ਇਸ਼ਨਾਨ ਕੀਤਾ ਕਿਉਂਕਿ ਅਸੀ ਦੋਨੋ ਸਿੰਘ ਭਾਈ ਸਾਹਿਬ ਭਾਈ ਦਲਵੀਰ ਸਿੰਘ ਅਭਿਆਸੀ ਜੀ ਨਾਲ ਰਾਤ ਨੂੰ ਪ੍ਰਕਰਮਾਂ ਵਿੱਚ ਪਹਿਰੇ ਤੇ ਸੀ। ਭਾਈ ਠਾਕੁਰ ਸਿੰਘ ਜੀ ਦਾ ਕਮਰਾ ਸ੍ਰੀ ਅਕਾਲ ਤਖਤ ਸਾਹਿਬ ਦੇ ਬਿਲਕੁਲ ਨਾਲ ਸੀ। ਅਸੀਂ ਨਿੱਤਨੇਮ ਅਨੁਸਾਰ ਤਿੰਨੇ ਸਿੰਘ ਅੰਮ੍ਰਿਤ-ਵੇਲ਼ੇ ਸੁਵੇਰੇ 4 ਕੁ ਵਜੇ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਆਸਾ ਕੀ ਵਾਰ ਦਾ ਸ਼ਬਦ ਕੀਰਤਨ ਕਰਨ ਲਈ ਜਾ ਹਾਜ਼ਰ ਹੁੰਦੇ ਸੀ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਕੋਠਾ ਸਾਹਿਬ ਤੋਂ ਰੋਜ਼ਾਨਾ ਹੀ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪਾਲਕੀ ਸਾਹਿਬ ਰਾਹੀਂ ਸ੍ਰੀ ਦਰਬਾਰ ਸਾਹਿਬ ਜੀ ਵਿਖੇ ਸਿੱਖ ਸੰਗਤਾਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਲੈਕੇ ਜਾਂਦੀਆਂ ਹਨ ਅਤੇ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਸ੍ਰੀ ਮਖਵਾਕ ਅੰਮ੍ਰਿਤ-ਵੇਲ਼ੇ 4.30 ਵਜੇ ਗਰਮੀ ਦੇ ਮੌਸਮ ਵਿੱਚ ਹੰਦਾ ਹੈ। 

ਸ੍ਰੀ ਦਰਬਾਰ ਸਾਹਿਬ ਦੇ ਮੁਖਵਾਕ ਤੋਂ ਬਾਦ ਹੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ੍ਰੀ ਆਸਾ ਜੀ ਕੀ ਵਾਰ ਦਾ ਰਾਗੀ ਸਿੰਘ ਕੀਰਤਨ ਅਰੰਭ ਕਰਦੇ ਹਨ। ਗਰਮੀਆਂ ਦੇ ਉਸ ਸਮੇਂ ਰਾਗੀ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਬਾਹਰ ਪ੍ਰਕਰਮਾਂ ਵਿੱਚ ਇਕ ਤਖਤ ਪੋਸ ਦੀ ਸਟੇਜ ਤੇ ਬੈਠ ਕੇ ਕੀਰਤਨ ਅਰੰਭ ਕਰਦੇ ਸਨ। ਜਦੋਂ ਅਸੀਂ ਵੀ ਉਸ ਸਮੇ ਕੀਰਤਨ ਅਰੰਭ ਕੀਤਾ ਤਾਂ ਸ਼ਬਦ ਕੀਰਤਨ ਸਰਵਣ ਕਰਨ ਵਾਲੀਆਂ ਸਿੱਖ ਸੰਗਤਾਂ ਵਿੱਚ ਜਨਰਲ ਸਰਦਾਰ ਸੁਬੇਗ ਸਿੰਘ ਜੀ ਅਤੇ ਦਮਦਮੀ ਟਕਸਾਲ ਦੇ ਕੁੱਝ ਸਿੰਘ ਸ਼ਸਤਰ ਧਾਰੀ ਤਿਆਰ ਬਰ ਤਿਆਰ ਰੋਜ਼ਾਨਾ ਦੀ ਤਰਾਂ ਸ਼ਬਦ ਕੀਰਤਨ ਸਰਵਣ ਕਰ ਰਹੇ ਸਨ। 

ਅਸੀਂ ਸ਼ਬਦ ਕੀਰਤਨ ਦੀ ਡੰਡਾਓਤ (ਮੰਗਲਾ ਚਰਨ) ਕਰਕੇ ਸ੍ਰੀ ਆਸਾ ਜੀ ਕੀ ਵਾਰ ਦਾ ਅਜੇ ਪਹਿਲਾ ਹੀ ਛੱਕਾ ਪੜਿਆ ਸੀ ਤੇ ਉਸ ਸਮੇਂ ਟਾਇਮ ਤਕਰੀਬਨ 4.40 ਮਿੰਟ ਦਾ ਹੋਵੇਗਾ, ਤਾਂ ਇਕ ਦਮ ਬਹੁਤ ਵੱਡਾ ਭਿਆਨਕ ਖੜਾਕ ਹੋਇਆ ਸਾਡੀ ਆਪੁਣੀ ਹੀ ਭਾਰਤ ਦੇਸ਼ ਦੀ ਫੌਜ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਤੋਪਾਂ ਟੈਕਾਂ ਨਾਲ ਹਮਲਾ ਕਰ ਦਿੱਤਾ ਗਿਆ। ਜਿੱਥੇ ਉਸ ਰੱਬ ਦੇ ਘਰ ਵਿੱਚੋ ਸਮੁੱਚੀ ਮਾਨਵਤਾ ਨੂੰ ਰੂਹਾਨੀਅਤ ਦਾ ਸਾਂਝਾ ਉਪਦੇਸ਼ ਮਿਲਦਾ ਹੈ, ਉਸ ਪਵਿੱਤਰ ਅਸਥਾਨ ਉਤੇ ਤੋਪਾਂ ਦੇ ਗੋਲੇ ਦਾਗ ਦਿੱਤੇ ਗਏ। 

ਪਹਿਲਾ ਤੋਪ ਦਾ ਗੋਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਅਤੇ ਧੰਨ ਧੰਨ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੇ ਪਵਿੱਤਰ ਅਸਥਾਨ ਥੱੜਾ ਸਾਹਿਬ ਦੇ ਬਿਲਕੁਲ ਵਿੱਚਕਾਰ ਇੱਕ ਉੱਚੀ ਇਮਾਰਤ ਤੇ ਸਿੰਘਾਂ ਵੱਲੋਂ ਬਣਾਇ ਗਏ ਉਸ ਮੋਰਚੇ ਨੂੰ ਮਾਰਿਆ ਗਇਆ ਅਤੇ ਨਾਲ ਹੀ ਉਸੇ ਟਾਇਮ ਦੂਜਾ ਗੋਲਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਮਾਰਿਆ ਗਿਆ।

ਦੋਨਾਂ ਤੋਪ ਦੇ ਗੋਲਿਆਂ ਦਾ ਬਹੁਤ ਵੱਡਾ ਅਤੇ ਭਿਆਨਕ ਖੜਾਕ ਹੋਇਆ ਇਹ ਖੜਾਕ ਇੰਨ੍ਹਾਂ ਭਿਆਨਕ ਸੀ ਇੱਕ ਵਾਰੀ ਤਾਂ ਇਸ ਤਰਾਂ ਲੱਗਾ ਕਿ ਸਾਰੀ ਇਮਾਰਤ ਹੀ ਫੱਟ ਗਈ ਹੈ ਅਤੇ ਤੋਪ ਦੇ ਗੋਲੇ ਲੱਗਣ ਨਾਲ ਹੀ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਦੀਆਂ ਇੱਟਾਂ ਟੁੱਟ ਕੇ ਸਾਡੇ ਉੱਤੇ ਕੀਰਤਨ ਕਰਦਿਆਂ ਦੇ ਲਗੀਆਂ। ਬੱਸ ਇਨ੍ਹਾਂ ਤੋਪਾਂ ਦੇ ਗੋਲਿਆਂ ਨਾਲ ਹੀ ਚਾਰ ਚੁਫੇਰੇ ਤੋਂ ਹੋਰ ਵੀ ਤੋਪਾਂ ਦੇ ਗੋਲੇ ਦਾਗੇ ਗਏ ਅਤੇ ਬਹੁਤ ਹੀ ਜ਼ਿਆਦਾ ਮੀਂਹ ਵਾਂਗ ਫੌਜ ਨੇ ਸ੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਅਤੇ ਸਿੰਘਾਂ ਦੇ ਮੋਰਚਿਆਂ ਉੱਤੇ  ਲਗਾਤਾਰ ਗੋਲੀਆਂ ਦੇ ਬ੍ਰਸਟ ਮਾਰਨੇ ਸ਼ੁਰੂ ਕਰ ਦਿੱਤੇ। 

ਜਨਰਲ ਸਰਦਾਰ ਸੁਬੇਗ ਸਿੰਘ ਜੀ ਨੇ ਵੀ ਉਸੇ ਟਾਇਮ ਸਾਨੂੰ ਅਤੇ ਹੋਰ ਸਾਰੀਆਂ ਸਿੱਖ ਸੰਗਤਾਂ ਨੂੰ ਅੰਦਰ ਸੁਰੱਖਿਅਤ ਜਗਾ ਤੇ ਜਾਣ ਲਈ ਕਿਹਾ ਅਤੇ ਉਨ੍ਹਾਂ ਨੇ ਆਪੁਣੇ ਕੋਲੇ ਫੜੀ ਹੋਈ ਗੰਨ ਦਾ ਫਾਇਰ ਕਰਕੇ ਮੋਰਚਿਆਂ ਵਿੱਚ ਬੈਠੇ ਹੋਇ ਸਿੰਘਾਂ ਨੂੰ ਵਾਕੀ-ਟਾਕੀ(ਵਾਇਰਲੈਸ) ਰਾਹੀਂ ਸੁਨੇਹਾ ਦੇ ਦਿੱਤਾ ਕਿ ਸਿੰਘੋਂ ਹਿੰਦੋਸਤਾਨੀ ਫੌਜ ਨੇ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਤੋਪਾਂ ਟੈਕਾਂ ਨਾਲ ਅਟੈਕ ਕਰ ਦਿੱਤਾ ਹੈ। ਸੰਤਾਂ ਮਹਾਪੁਰਖਾਂ ਨੇ ਵੀ ਬਾਕੀ ਸਾਰੇ ਸਿੰਘਾਂ ਸੂਰਮਿਆਂ ਨੂੰ ਸੂਚਤ ਕਰਕੇ ਹੁਕਮ ਕਰ ਦਿੱਤਾ ਕਿ ਲਗੀਆਂ ਡਿਊਟੀਆਂ ਮੁਤਾਬਕ ਤੁਸੀ ਸਾਰੇ ਆਪੋ ਆਪਣੇ ਮੋਰਚਿਆਂ ਵਿੱਚ ਡਟ ਜਾਓ। ਮਹਾਂਪੁਰਖਾਂ ਦੇ ਅਤੇ ਜਨਰਲ ਸੁਬੇਗ ਸਿੰਘ ਜੀ ਦੇ ਹੁਕਮ ਦੀ ਉਡੀਕ ਕਰ ਰਹੇ ਸਾਰੇ ਯੋਧੇ ਸੂਰਮੇ ਸਿੰਘਾਂ ਨੇ ਬਹੁਤ ਚੜਦੀ ਕਲਾ ਨਾਲ ਆਪੋ ਆਪਣੇ ਮੋਰਚਿਆਂ ਨੂੰ ਜਾ ਕੇ ਸੰਭਾਲ਼ ਲਿਆ ਅਤੇ ਪੂਰੇ ਜੋਸ਼ ਨਾਲ ਚੜਕੇ ਆਈ ਵੈਰੀਆਂ ਦੀ ਹਿੰਦੋਸਤਾਨੀ ਫੌਜ ਨੂੰ ਲੋਹੇ ਦੇ ਚਣੇ ਚਬਾਉਣੇ ਸੂਰ ਕਰ ਦਿੱਤੇ। ਜਨਰਲ ਸਰਦਾਰ ਸੁਬੇਗ ਸਿੰਘ ਜੀ ਇਸ ਜੰਗ ਦੀ ਅਗਲੀ ਰਣਨੀਤੀ ਤਿਆਰ ਕਰਨ ਵਾਸਤੇ ਮਹਾਂਪੁਰਖਾਂ ਦੇ ਮੋਰਚੇ ਕੋਲੇ ਥੱਲੇ ਬੇਸਮਿੰਟ(ਭੋਰੇ)ਵਿੱਚ ਚਲੇ ਗਏ। ਉਸ ਸਮੇਂ ਅਸੀਂ ਤਿੰਨਾਂ ਸਿੰਘਾਂ ਨੇ ਹੀ ਆਸਾ ਜੀ ਦੀ ਵਾਰ ਦਾ ਕੀਰਤਨ ਵਿੱਚੇ ਛੱਡ ਦਿੱਤਾ ਸੀ। ਭਾਈ ਗੁਰਸ਼ਰਨ ਸਿੰਘ ਜੀ ਭਾਈ ਠਾਕੁਰ ਸਿੰਘ ਜੀ ਤਾਂ ਸੰਤਾਂ ਦੇ ਕੋਲੇ ਥੱਲੇ ਭੋਰੇ ਵਿੱਚ ਚਲੇ ਗਏ ਤੇ ਦਾਸ ਉਸ ਵੇਲੇ ਬਹਾਰ ਸਿੰਘਾਂ ਯੋਧਿਆਂ ਦੀ ਸੇਵਾ ਵਿੱਚ ਜਾ ਹਾਜ਼ਰ ਹੋਇਆ। ਜਦੋਂ ਮਹਾਂਪੁਰਖਾਂ ਨੂੰ ਪਤਾ ਲਗਾ ਕਿ ਰਾਗੀ ਸਿੰਘਾਂ ਨੇ ਸ੍ਰੀ ਆਸਾ ਜੀ ਕੀ ਵਾਰ ਦਾ ਕੀਰਤਨ ਵਿੱਚੇ ਛੱਡ ਦਿੱਤਾ ਹੈ ਤਾਂ ਉਸੇ ਟਾਇਮ ਸੰਤਾਂ ਨੇ ਪੁੱਛਿਆ ਕਿ ਰਾਗੀ ਸਿੰਘ ਕਿੱਥੇ ਹਨ, ਉਸੇ ਵੇਲੇ ਕੋਲੇ ਖੜੇ ਸਿੰਘਾਂ ਨੇ ਕਿਹਾ ਕਿ ਬਾਬਾ ਜੀ ਰਾਗੀ ਭਾਈ ਗੁਰਸ਼ਰਨ ਸਿੰਘ ਜੀ ਅਤੇ ਭਾਈ ਠਾਕੁਰ ਸਿੰਘ ਜੀ ਤਾਂ ਇੱਥੇ ਹੀ ਹਨ,ਪਰ ਉਨ੍ਹਾਂ ਨਾਲ ਮੁਖੀ ਨਹੀਂ ਹੈ ਸਾਇਦ ਉਹ ਬਾਹਰ ਸਿੰਘਾਂ ਕੋਲੇ ਹੈ। ਸੰਤਾਂ ਨੇ ਉਸੇ ਟਾਇਮ ਕੋਲੇ ਖੜੇ ਭਾਈ ਗੁਰਮੁਖ ਸਿੰਘ ਭੂਰਿਆਂ ਵਾਲੇ ਨੂੰ ਕਿਹਾ, ਜੋ ਮਹਾਂਪੁਰਖਾਂ ਦਾ ਡਰਾਇਵਰ ਸੀ ਕਿ ਜਾ ਮੁਖ਼ਤਿਆਰ ਸਿੰਘ ਮੁਖੀ ਨੂੰ ਮੇਰੇ ਕੋਲੇ ਬੁਲਾਕੇ ਲੈ ਕੇ ਆ। ਭਾਈ ਗੁਰਮੁਖ ਸਿੰਘ ਨੇ ਮੈਨੂੰ ਉੱਪਰ ਆਕੇ ਕਿਹਾ ਮੁਖੀ ਜਲਦੀ ਚਲ ਤੈਨੂੰ ਸੰਤਾਂ ਮਹਾਪੁਰਖਾਂ ਨੇ ਬੁਲਾਇਆ ਹੈ। ਦਾਸ ਵੀ ਉਸੇ ਤਰਾਂ ਤਿਆਰ ਬਰ ਤਿਆਰ ਹੀ ਸੰਤਾਂ ਦੇ ਕੋਲੇ ਭੋਰੇ ਵਿੱਚ ਥੱਲੇ ਚਲਾ ਗਿਆ। 

ਉਸ ਵੇਲੇ ਰਾਗੀ ਸਿੰਘਾਂ ਨੂੰ ਮੁਖਾਤਿਬ ਹੋਕੇ ਸੰਤ ਮਹਾਂਪੁਰਖ ਕੁੱਝ ਬਚਨ ਕਰ ਰਹੇ ਸਨ, ਦਾਸ ਨੇ ਵੀ ਜਾ ਫ਼ਤਿਹ ਬੁਲਾਈ ਦਾਸ ਵੱਲ ਸੰਤਾਂ ਨੇ ਦੇਖ ਕੇ ਕਿਹਾ ਕਿ ਮੁਖੀ ਤੇਰੀ ਡਿਉਟੀ ਏ ਨਹੀਂ ਹੈ। ਤੁਹਾਡੀ ਡਿਉਟੀ ਗੁਰਬਾਣੀ ਸ਼ਬਦ ਕੀਰਤਨ ਦੀ ਹੈ, ਯਾਦ ਕਰੋ ਉਸ ਸਮੇਂ ਦੇ ਇਤਿਹਾਸ ਨੂੰ ਅਤੇ ਉਹ ਸਮਾਂ ਵੀ ਯਾਦ ਕਰੋ ਜਦੋਂ ਗੁਰੂ ਕਲਗ਼ੀਧਰ ਸੱਚੇ ਪਾਤਸ਼ਾਹ ਜੀ ਨੂੰ ਮੁਗਲਾਂ ਨੇ ਕੁਰਾਨ ਦੀਆਂ ਅਤੇ ਹਿੰਦੂ ਪਹਾੜੀ ਰਾਜਿਆਂ ਨੇ ਆਪਣੇ ਧਰਮ ਗਊ ਦੀਆਂ ਝੂਠੀਆਂ ਕਸਮਾਂ ਖਾਂਦੀਆਂ ਸਨ ਅਤੇ ਸਤਿਗੁਰੂ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਛਡਿਆ ਸੀ ਪਰ ਪਿੱਛੋ ਦੁਸ਼ਮਣਾਂ ਨੇ ਆਪਣੇ ਧਰਮ ਦੀਆਂ ਖਾਧੀਆਂ ਕਸਮਾਂ ਨੂੰ ਤੋੜ ਕੇ ਗੁਰੂ ਸਾਹਿਬ ਤੇ ਹਮਲਾ ਕਰ ਦਿੱਤਾ ਸੀ। ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਸਿੰਘਾਂ ਅਤੇ ਪ੍ਰਵਾਰ ਸਮੇਤ ਜਦੋ ਸਰਸਾ ਨਦੀ ਤੇ ਪਹੁੰਚੇ ਸਨ ਜਿੱਥੇ ਪ੍ਰਵਾਰ ਵਿਛੋੜੇ ਵਾਲੀ ਜਗਾ ਹੈ, ਉਸ ਵੇਲੇ ਅੰਮ੍ਰਿਤ-ਵੇਲਾ ਹੋ ਚੁੱਕਾ ਸੀ ਇਕ ਪਾਸੇ ਮੁਗਲਾਂ ਦੀਆਂ ਫੌਜਾਂ ਅਤੇ ਬਾਈ ਧਾਰ ਦੇ ਹਿੰਦੂ ਪਹਾੜੀ ਰਾਜਿਆਂ ਦੀਆਂ ਫੌਜਾਂ ਨਾਲ ਯੁੱਧ ਹੋ ਰਿਹਾ ਸੀ, ਦੂਜੇ ਪਾਸੇ ਪੁੱਤਰਾਂ ਦੇ ਦਾਨੀ ਨੇ ਕਿਹਾ ਸਿੰਘੋ ਅੰਮ੍ਰਿਤ ਵੇਲੇ ਦਾ ਸਮਾਂ ਹੋ ਗਿਆ ਹੈ ਲਿਆਓ ਸਾਜ ਆਸਾ ਜੀ ਕੀ ਵਾਰ ਦਾ ਕੀਰਤਨ ਅਰੰਭ ਕਰੀਏ। ਆਪਾ ਵੀ ਉਸ ਬਾਪੂ ਦੇ ਪੁੱਤਰ ਹਾਂ ਤੁਹਾਡੀ ਡਿਉਟੀ ਸਿਰਫ ਕੀਰਤਨ ਕਰਨ ਦੀ ਹੈ ਜਾਉ ਜਾਕੇ ਜਿਨਾਂ ਚਿਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਾਨ ਮਰਯਾਦਾ ਨਿਭਦੀ ਹੈ ਨਿਭਾਓ ਤੇ ਜਦੋਂ ਤੱਕ ਤੁਹਾਡੇ ਵਿੱਚ ਸੁਆਸ ਕਾਇਮ ਹਨ, ਜਾਉ ਜਾਕੇ ਕੀਰਤਨ ਦੀ ਸੇਵਾ ਨਿਭਾਉ। 

ਕੀਰਤਨ ਦੀ ਸਮਾਪਤੀ ਕਰਕੇ ਉਸ ਤੋਂ ਬਾਦ ਤੁਸੀਂ ਤਿੰਨਾਂ ਨੇ ਮੇਰੇ ਕੋਲੇ ਥੱਲੇ ਭੋਰੇ ਵਿੱਚ ਆਉਣਾ ਹੈ, ਅਸੀਂ ਤਿੰਨੇ ਸਤਿ ਬਚਨ ਕਹਿਕੇ ਸ੍ਰੀ ਅਕਾਲ ਤੱਖਤ ਸਾਹਿਬ ਜੀ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੰਪੂਰਨ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ। ਉਸ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਪ੍ਰੀਤਮ ਸਿੰਘ ਜੀ ਅਤੇ ਉਨ੍ਹਾਂ ਦੇ ਨਾਲ ਸਹਾਇਕ ਗ੍ਰੰਥੀ ਭਾਈ ਭਗਵਾਨ ਸਿੰਘ ਜੀ ਅਤੇ ਕੁਝ ਹੋਰ ਸੇਵਾਦਾਰ ਵੀ ਹਾਜ਼ਰ ਸਨ, ਅਸੀਂ ਸਾਰਿਆ ਨੇ ਬਹੁਤ ਹੀ ਸਤਿਕਾਰ ਅਤੇ ਸਰਧਾ ਭਾਵਨਾ ਨਾਲ ਚਲ ਰਹੀ ਪਹਿਲੇ ਦੀ ਤਰਾਂ ਪੂਰੀ ਮਰਯਾਦਾ ਅਨੁਸਾਰ ਸਾਰੇ ਦੀਵਾਨ ਦੀ ਸਮਾਪਤੀ ਕਰ ਦਿੱਤੀ ਅਤੇ ਅਸੀ ਤਿੰਨੇ ਸਿੰਘ ਮਹਾਂਪੁਰਖਾਂ ਦੇ ਹੁਕਮ ਦੀ ਪਾਲਣਾ ਕਰਦੇ ਹੋਏ ਸੰਤਾਂ ਕੋਲੇ ਥੱਲੇ ਭੋਰੇ ਵਿੱਚ ਚਲੇ ਗਏ।

ਸੰਤਾਂ ਕੋਲੇ ਉਸ ਵੇਲੇ ਹੋਰ ਵੀ ਜ਼ੁੰਮੇਵਾਰ ਸਿੰਘ ਮੌਜੂਦ ਸਨ ਜਿਨ੍ਹਾਂ ਵਿੱਚ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਭਾਈ ਗੁਰਮੁਖ ਸਿੰਘ (ਗੜਵਈ) ਭਾਈ ਦਾਰਾ ਸਿੰਘ (ਡਰਾਇਵਰ) ਭਾਈ  ਰਛਪਾਲ ਸਿੰਘ ਜੀ (ਪੀ ਏ) ਭਾਈ ਤਰਲੋਚਨ ਸਿੰਘ (ਫ਼ੌਜੀ) ਲੱਧੂਵਾਲ, ਭਾਈ ਸੰਤੋਖ ਸਿੰਘ ਜੀ (ਟੇਪਾਂ ਵਾਲੇ) ਜਥੇਦਾਰ ਭਾਈ ਸੁਜਾਨ ਸਿੰਘ ਮੁਨਾਵਾਂ,ਭਾਈ ਗੁਰਮੁਖ ਸਿੰਘ (ਡਰਾਇਵਰ) ਅਤੇ ਹੋਰ ਵੀ ਸਿੰਘ ਮੋਰਚਿਆਂ ਵਿੱਚੋ ਆ ਜਾ ਰਹੇ ਸਨ, ਸਾਰੇ ਮੋਰਚਿਆਂ ਦੀ ਜਾਣਕਾਰੀ ਵਾਸਤੇ ਮਹਾਂਪੁਰਖ ਆਪ ਜਨਰਲ ਸੁਬੇਗ ਸਿੰਘ ਜੀ ਅਤੇ ਭਾਈ ਅਮਰੀਕ ਸਿੰਘ ਜੀ ਅਤੇ ਭਾਈ ਰਛਪਾਲ ਸਿੰਘ ਪੀ. ਏ. ਤੋਂ ਲੈ ਰਹੇ ਸਨ।

ਸੰਤਾਂ ਨੇ ਭਾਈ ਗੁਰਮੁਖ ਸਿੰਘ (ਗੜਵਈ) ਭੂਰਿਆਂ ਵਾਲੇ, ਜਥੇਦਾਰ ਭਾਈ ਸੁਜਾਨ ਸਿੰਘ ਜੀ ਮੁਨਾਵਾਂ ਅਤੇ ਭਾਈ ਦਾਰਾ ਸਿੰਘ ਜੀ ਪੂਨੀਆਂ (ਡਰਾਇਵਰ) ਦੀ ਡਿਉਟੀ ਸਿੰਘਾਂ ਨੂੰ ਸਮਾਨ ਦੇਣ ਦੀ ਲਾਈ ਹੋਈ ਸੀ ਜੋ ਬਹੁਤ ਚੜਦੀ ਕਲਾ ਨਾਲ ਇਹ ਸਾਰੀ ਸੇਵਾ ਨਿਭਾ ਰਹੇ ਸਨ।

ਦਾਸ 4 ਜੂਨ ਨੂੰ ਹੀ ਤਕਰੀਬਨ ਦਿਨ ਦੇ 11 ਕੁ ਵਜੇ ਮਹਾਂਪੁਰਖਾਂ ਦੇ ਭੋਰੇ ਵਾਲੇ ਮੋਰਚੇ ਚੋਂ ਬਹਾਰ ਆਕੇ ਪ੍ਰਕਰਮਾਂ ਵੱਲ ਦੇਖਿਆ ਤਾਂ ਫੌਜ ਵੱਲੋਂ ਬਹੁਤ ਤੇਜ਼ੀ ਨਾਲ ਲਗਾਤਾਰ ਤੋਪਾਂ ਦੇ ਗੋਲਿਆਂ ਦੀ ਬੰਬਵਾਰੀ ਕੀਤੀ ਜਾ ਰਹੀ ਸੀ ਅਤੇ ਪ੍ਰਕਰਮਾਂ ਵਿੱਚ ਤਾਂ ਮੂਲੇਧਾਰ ਮੀਂਹ ਵਾਂਗ ਫੌਜ ਦੀਆਂ ਗੋਲ਼ੀਆਂ ਦੇ ਬ੍ਰਸਟਾਂ ਦੇ ਬ੍ਰਸਟਾਂ ਹੀ ਮਾਰੇ ਜਾ ਰਹੇ ਸਨ। ਗੁਰੂ ਸਾਹਿਬ ਜੀ ਦੀ ਅਪਾਰ ਕ੍ਰਿਪਾ ਦਾ ਸਦਕਾ ਸਿੰਘਾਂ ਵੱਲੋਂ ਵੀ ਪੂਰੀ ਬਹਾਦਰੀ ਅਤੇ ਚੜਦੀ ਕਲਾ ਨਾਲ ਹਰਿ ਮੋਰਚੇ ਵਿੱਚੋਂ ਹਿੰਦੋਸਤਾਨੀ ਫੌਜੀਆਂ ਨੂੰ, ਸਿੰਘਾਂ ਦੇ ਇਸ ਅਖਾਣ ਮੁਤਾਬਕ 21 ਦੇ 41 ਪਾਕੇ ਪੂਰਾ ਜੁਵਾਬ ਦਿੱਤਾ ਜਾ ਰਿਹਾ ਸੀ ਅਤੇ ਸਾਰੇ ਹੀ ਸਿੰਘਾਂ ਦੇ ਹੌਸਲੇ ਪੂਰੇ ਬੁਲੰਦ ਅਤੇ ਬਹੁਤ ਹੀ ਚੜਦੀ ਕਲਾ ਵਿੱਚ ਸਨ।

ਸ੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਭਾਵੇਂ ਸਿੰਘਾਂ ਲਈ ਤੁਰਨਾ ਫਿਰਨਾ ਬਹੁਤ ਹੀ ਔਖਾ ਸੀ ਕਿਉਂਕਿ ਫੌਜ ਨੇ ਸ੍ਰੀ ਦਰਬਾਰ ਸਾਹਿਬ ਦੇ ਲਾਗੇ ਲਾਗੇ ਜਿੰਨੀਆਂ ਵੀ ਉਚੀਆਂ ਇਮਾਰਤਾਂ ਸਨ ਜਿੱਥੋਂ ਕਿ ਪ੍ਰਕਰਮਾਂ ਵਿੱਚ ਆਉਣ ਜਾਣ ਵਾਲ਼ਿਆਂ ਨੂੰ ਚੰਗੀ ਤਰਾਂ ਦੇਖਿਆ ਜਾ ਸਕੇ ਉਨ੍ਹਾਂ ਸਾਰੀਆਂ ਹੀ ਇਮਾਰਤਾਂ ਦੀਆਂ ਛੱਤਾਂ ਉਤੇ ਕਬਜੇ ਕਰਕੇ ਮੋਰਚੇ ਬਣਾਇ ਹੋਇ ਸਨ। ਜਦੋਂ ਕੋਈ ਵੀ ਸਿੰਘ ਪ੍ਰਕਰਮਾਂ ਵਿੱਚ ਦੀ ਇਕ ਦੂਜੇ ਵੱਲ ਜਾਣ ਦਾ ਯਤਨ ਕਰਦਾ ਸੀ ਤਾਂ ਉਸੇ ਵਕਤ ਫੌਜੀਆਂ ਵੱਲੋਂ ਗੋਲੀਆਂ ਦੇ ਬ੍ਰਸਟਾਂ ਦੀ ਬੁਛਾੜ ਕੀਤੀ ਜਾਂਦੀ ਸੀ,ਪਰ ਫੇਰ ਵੀ ਸਿੰਘ ਚੜਦੀ ਕਲਾ ਨਾਲ ਸਾਰੇ ਮੋਰਚਿਆਂ ਵਿੱਚ ਇਕ ਦੂਜੇ ਨਾਲ ਤਾਲ ਮੇਲ ਕਰਕੇ ਸਿੰਘਾਂ ਨੂੰ ਸਮਾਨ ਪਹੁੰਚਾਉਣ ਦੀ ਸੇਵਾ ਨਿਵਾ ਰਹੇ ਸਨ ।

ਇਸ ਸੇਵਾ ਲਈ ਮਹਾਂਪੁਰਖਾਂ ਨੇ ਵਿਸ਼ੇਸ਼ ਤੌਰ ਤੇ ਡਿਉਟੀ ਆਪਣੇ ਡਰਾਇਵਰ ਭਾਈ ਗੁਰਮੁਖ ਸਿੰਘ ਭੂਰਿਆਂ ਵਾਲੇ ਦੀ ਅਤੇ ਇਨ੍ਹਾਂ ਦੇ ਨਾਲ ਕੁਝ ਹੋਰ ਸਿੰਘਾਂ ਦੀ ਲਾਈ ਹੋਈ ਸੀ, ਜੋ ਪੂਰੀ ਦਲੇਰੀ ਅਤੇ ਬੁਲੰਦ ਹੌਸਲਿਆਂ ਨਾਲ ਮੋਰਚਿਆਂ ਵੱਲ ਆ ਜਾ ਰਹੇ ਸਨ ਤਾਂਕਿ ਲੋੜ ਅਨੁਸਾਰ ਸਾਰੇ ਯੋਧਿਆਂ ਸਿੰਘਾਂ ਨੂੰ ਸਮਾਨ ਸਮੇਂ ਅਨੁਸਾਰ ਪਹੁੰਚਾਇਆਂ ਜਾ ਸਕੇ। ਜਨਰਲ ਸਰਦਾਰ ਸੁਬੇਗ ਸਿੰਘ ਜੀ ਦਾ ਉਨ੍ਹਾਂ ਸਾਰੇ ਸਿੰਘਾਂ ਸੂਰਮਿਆਂ ਨਾਲ ਵੀ ਪੂਰਾ ਪੂਰਾ ਤਾਲ ਮੇਲ ਸੀ ਅਤੇ ਕੁਝ ਜ਼ੁੰਮੇਵਾਰ ਸਿੰਘਾਂ ਸਮੇਤ ਆਪਸ ਵਿੱਚ ਤਾਲ ਮੇਲ ਕਰਨ ਲਈ ਮਹਾਂਪੁਰਖਾਂ ਕੋਲੇ ਅਤੇ ਜਨਰਲ ਸਰਦਾਰ ਸੁਬੇਗ ਸਿੰਘ ਜੀ ਕੋਲੇ ਵੀ ਵਾਕੀ-ਟਾਕੀ ਸਨ। ਪਰ ਫੇਰ ਵੀ ਸੰਤਾਂ ਨੇ ਕੁਝ ਸਿੰਘਾਂ ਦੀ ਪੱਕੀ ਡਿਉਟੀ ਲਾਈ ਹੋਈ ਸੀ ਮੋਰਚਿਆਂ ਵਿੱਚ ਆਪੁਸੀ ਤਾਲ ਮੇਲ ਦੀ। ਜਿਸ ਨੂੰ ਸਿੰਘ ਪੂਰੀ ਤਰਾਂ ਚੜਦੀ ਕਲਾ ਨਾਲ ਹਰ ਹੀਲੇ ਨਿਭਾ ਰਹੇ ਸਨ।

4 ਜੂਨ ਨੂੰ ਸਾਰਾ ਦਿਨ ਦੋਨਾ ਪਾਸਿਆ ਤੋਂ ਪੂਰੀ ਗੋਲਾਵਾਰੀ ਹੁੰਦੀ ਰਹੀ। ਜਿਸ ਵੇਲੇ ਸ਼ਾਮ ਦਾ ਸਮਾਂ ਹੋਇਆ ਨਿੱਤਨੇਮ ਅਨੁਸਾਰ ਅਸੀਂ ਤਿੰਨੇ ਰਾਗੀ ਸਿੰਘ ਆਪੁਣੀ ਲੱਗੀ ਡਿਉਟੀ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਅੰਦਰ ਹੀ ਬੈਠ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ  ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਮੀਹ ਵਾਂਗ ਵਰਦੇ ਗੋਲੇ ਗੋਲ਼ੀਆਂ ਵਿੱਚ ਹੀ ਸੋਦਰ ਦੀ ਚੌਂਕੀ ਦਾ ਪੂਰਾ ਸਮਾਂ ਕੀਰਤਨ ਕੀਤਾ ਅਤੇ ਉਸ ਤੋਂ ਬਾਦ ਸ੍ਰੀ ਰਹਿਰਾਸ ਸਾਹਿਬ ਜੀ ਦਾ ਪਾਠ ਕੀਤਾ ਗਇਆ ਅਤੇ ਰੋਜ਼ਾਨਾ ਦੀ ਤਰਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਪੂਰੀ ਮਾਨ ਮਰਯਾਦਾ ਨਿਭਾਈ ਗਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖਆਸਣ ਕਰਕੇ ਕੋਠਾ ਸਾਹਿਬ ਵਿਖੇ ਵਿਰਾਜਮਾਨ ਕਰ ਦਿੱਤੇ ਗਏ। ਇਸ ਸਮੇਂ ਸਾਡੇ ਨਾਲ ਹੈੱਡ ਗਰੰਥੀ ਭਾਈ ਪ੍ਰੀਤਮ ਸਿੰਘ ਜੀ ਤੇ ਭਾਈ ਭਗਵਾਨ ਸਿੰਘ ਜੀ ਅਤੇ ਬਾਕੀ ਕੁਝ ਸੇਵਾਦਾਰ ਵੀ ਹਾਜ਼ਰ ਸਨ, ਜਿਨ੍ਹਾਂ ਨਾਲ ਅਸੀਂ ਇਹ ਸਾਰੀ ਮਾਨ ਮਰਯਾਦਾ ਪੂਰੀ ਕਰਕੇ, ਅਸੀਂ ਫੇਰ ਤਿੰਨੇ ਸਿੰਘ ਮਹਾਂਪੁਰਖਾਂ ਦੇ ਕਹੇ ਬਚਨਾਂ ਅਨੁਸਾਰ ਸੰਤਾਂ ਦੇ ਕੋਲੇ ਥੱਲੇ ਭੋਰੇ ਵਿੱਚ ਬਣੇ ਮੋਰਚੇ ਵਿੱਚ ਚਲੇ ਗਏ।

ਚੱਲਦਾ....

ਬਾਬਾ ਮੁਖਤਿਆਰ ਸਿੰਘ

ਮੁਖੀ USA (ਵਿਦਿਆਰਥੀ ਦਮਦਮੀ ਟਕਸਾਲ)