ਕਾਂਗਰਸ ਦੇ ਮਹਾਂਰਥੀ ਸੋਨੀਆ ਗਾਂਧੀ ਤੇ ਪ੍ਰਿਯੰਕਾ ਦੀ ਨਵੀਂ ਨੀਤੀ ਅਤੇ ਸਿਆਸਤ
ਰਾਜਨੀਤੀ
ਅੰਦਰੂਨੀ ਉਥਲ ਪੁਥਲ ਅਤੇ ਬਦਮਗਜ਼ੀ ਤੋਂ ਬਾਅਦ ਸੋਨੀਆ, ਰਾਹੁਲ ਤੇ ਪ੍ਰਿਯੰਕਾ ਦੀ ਗਾਂਧੀ ਤਿੱਕੜੀ ਦੀ ਅਗਵਾਈ ਹੇਠ ਕਾਂਗਰਸ ਉੱਠ ਕੇ ਖੜ੍ਹੀ ਹੋਣ ਦੇ ਯੋਗ ਹੁੰਦੀ ਨਜ਼ਰ ਆ ਰਹੀ ਹੈ। 2022 ਵਿਚ ਪੰਜਾਬ, ਉਤਰਾਖੰਡ, ਉੱਤਰ ਪ੍ਰਦੇਸ਼, ਗੋਆ ਅਤੇ ਮਨੀਪੁਰ ਵਿਧਾਨ ਸਭਾਵਾਂ ਦੀਆਂ ਚੋਣਾਂ ਦੇ ਨਤੀਜਿਆਂ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਹੀ ਰਾਹੁਲ ਗਾਂਧੀ ਆਪਣੇ ਆਪ ਨੂੰ ਇਕ ਵਾਰ ਫਿਰ ਪਾਰਟੀ ਦੀ ਪ੍ਰਧਾਨਗੀ ਲਈ ਉਮੀਦਵਾਰ ਐਲਾਨ ਸਕਦੇ ਹਨ।ਮਈ 2019 (ਜਦੋਂ ਰਾਹੁਲ ਗਾਂਧੀ ਨੇ ਕੁੱਲ ਹਿੰਦ ਕਾਂਗਰਸ ਕਮੇਟੀ ਦੇ 87ਵੇਂ ਪ੍ਰਧਾਨ ਵਜੋਂ ਅਸਤੀਫ਼ਾ ਦਿੱਤਾ ਸੀ) ਤੋਂ ਲੈ ਕੇ 16 ਅਕਤੂਬਰ 2021 (ਜਦੋਂ ਕਾਂਗਰਸ ਵਰਕਿੰਗ ਕਮੇਟੀ ਨੇ 2022-27 ਲਈ ਜਥੇਬੰਦਕ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਹੈ) ਤੱਕ ਦਾ ਅਰਸਾ ਕਈ ਪੱਖਾਂ ਤੋਂ ਚੁਣੌਤੀ ਵਾਲਾ ਰਿਹਾ ਹੈ। ਇਸ ਦੌਰਾਨ ਕਾਂਗਰਸ ਦੀ ਚੁਣਾਵੀ ਕਾਰਗੁਜ਼ਾਰੀ ਲਗਾਤਾਰ ਡਾਵਾਂਡੋਲ ਰਹੀ ਹੈ। ਮੱਧ ਪ੍ਰਦੇਸ਼ ਵਿਚ ਕਾਂਗਰਸ ਸਰਕਾਰ ਦਾ ਡਿੱਗਣਾ, ਜਯੋਤਿਰਾਦਿਤਿਆ ਸਿੰਧੀਆ, ਸੁਸ਼ਮਿਤਾ ਦੇਵ, ਜਿਤਿਨ ਪ੍ਰਸ਼ਾਦ ਜਿਹੇ ਆਗੂਆਂ ਦੇ ਪਾਰਟੀ ਛੱਡ ਕੇ ਚਲੇ ਜਾਣਾ, ਵਿਚਾਰਧਾਰਕ ਭੰਬਲਭੂਸਾ, ਅੰਦਰੂਨੀ ਮੱਤਭੇਦ ਅਤੇ ਨਾਉਮੀਦੀ ਦੇ ਮਾਹੌਲ ਕਰ ਕੇ ਮੁਲਕ ਦੀ ਸਭ ਤੋਂ ਪੁਰਾਣੀ ਪਾਰਟੀ ਦੀ ਹਾਲਤ ਪਤਲੀ ਹੋ ਗਈ ਸੀ।ਫਿਰ ਵੀ ਪਾਰਟੀ ਵਿਚ ਅਜਿਹਾ ਕੁਝ ਹੋਣ ਦੇ ਆਸਾਰ ਨਜ਼ਰ ਨਹੀਂ ਆ ਰਹੇ ਜੋ ਕਈ ਦਹਾਕੇ ਪਹਿਲਾਂ ਵਾਪਰਿਆ ਸੀ। ਜੇ 1967 ਵਿਚ ਰਾਮ ਮਨੋਹਰ ਲੋਹੀਆ ਦੇ ਅਸਰ, 1975 ਵਿਚ ਜੈਪ੍ਰਕਾਸ਼ ਨਰਾਇਣ ਦੇ ਅੰਦੋਲਨ ਅਤੇ ਪੀਵੀ ਨਰਸਿਮ੍ਹਾ ਰਾਓ-ਸੀਤਾਰਾਮ ਕੇਸਰੀ ਦੇ ਟਕਰਾਅ ਨਾਲ ਮੌਜੂਦਾ ਹਾਲਾਤ ਦੀ ਤੁਲਨਾ ਕਰਕੇ ਦੇਖਿਆ ਜਾਵੇ ਤਾਂ ਇਹ ਨਰਿੰਦਰ ਮੋਦੀ-ਅਮਿਤ ਸ਼ਾਹ ਦੀ ਨਾਕਾਮੀ ਹੀ ਗਿਣੀ ਜਾਵੇਗੀ ਜਿਸ ਕਰ ਕੇ 1969 ਵਿਚ ਕਾਂਗਰਸ (ਓ), 1978 ਵਿਚ ਕਾਂਗਰਸ (ਰੈਡੀ) ਅਤੇ ਕਾਂਗਰਸ (ਸ਼ਰਦ ਪਵਾਰ) ਅਤੇ 1995 ਵਿਚ ਕਾਂਗਰਸ (ਤਿਵਾੜੀ), 1996 ਵਿਚ ਮਾਧਵਰਾਓ ਸਿੰਧੀਆ ਦੀ ਅਗਵਾਈ ਹੇਠ ਮੱਧ ਪ੍ਰਦੇਸ਼ ਵਿਕਾਸ ਕਾਂਗਰਸ , 1996 ਵਿਚ ਕਰਨਾਟਕ ਵਿਕਾਸ ਪਾਰਟੀ (ਸਾਰੇਕੋਪਾ ਬੰਗਾਰੱਪਾ) ਅਤੇ 1998 ਵਿਚ ਤ੍ਰਿਣਮੂਲ ਕਾਂਗਰਸ ਦਾ ਗਠਨ ਹੋਇਆ ਸੀ। 2014 ਅਤੇ 2019 ਦੀਆਂ ਆਮ ਚੋਣਾਂ ਵਿਚ ਲੱਕ ਤੋੜਵੀਂ ਹਾਰ ਹੋਣ ਦੇ ਬਾਵਜੂਦ ਕਾਂਗਰਸੀਆਂ ਦੇ ਕਿਸੇ ਵੀ ਵੱਡੇ ਗਰੁੱਪ ਨੇ ਪਾਰਟੀ ਤੋੜਨ ਦੀ ਕੋਸ਼ਿਸ਼ ਨਹੀਂ ਕੀਤੀ।
15 ਅਗਸਤ 2021 ਤੋਂ ਬਾਅਦ ਜੀ-23 (ਨਾਰਾਜ਼ ਕਾਂਗਰਸੀ ਆਗੂਆਂ ਦੇ ਗਰੁੱਪ) ਨੇ ਕੁਝ ਖੰਭ ਖਿਲਾਰਨ ਦੀ ਕੋਸ਼ਿਸ਼ ਕੀਤੀ ਸੀ ਪਰ 16 ਅਕਤੂਬਰ 2021 ਨੂੰ ਜਿਵੇਂ ਸੋਨੀਆ ਗਾਂਧੀ ਨੇ ਖੁੱਲ੍ਹੇਆਮ ਚੁਣੌਤੀ ਦੇ ਕੇ ਨਾਰਾਜ਼ ਧੜੇ ਵਲੋਂ ਪਾਰਟੀ ਦੀ ਅਗਵਾਈ ਨੂੰ ਲੈ ਕੇ ਉਭਾਰੀ ਜਾ ਰਹੀ ਸ਼ਿਕਾਇਤ ਤੇ ਹੀ ਸਵਾਲੀਆ ਨਿਸ਼ਾਨ ਲਗਾ ਦਿੱਤਾ। ਜੀ-23 ਦੇ ਤਿੰਨ ਮੈਂਬਰਾਂ ਗੁਲਾਮ ਨਬੀ ਆਜ਼ਾਦ, ਆਨੰਦ ਸ਼ਰਮਾ ਅਤੇ ਮੁਕੁਲ ਵਾਸਨਿਕ ਨੂੰ ਬੁੜ ਬੁੜ ਕਰਦਿਆਂ ਸੁਣਿਆ ਗਿਆ ਸੀ ਪਰ ਇਸ ਨੂੰ ਕਿਸੇ ਵੀ ਪੱਖ ਤੋਂ ਬਗ਼ਾਵਤ ਨਹੀਂ ਆਖਿਆ ਜਾ ਸਕਦਾ। ਜੀ-23 ਅੰਦਰਲੇ ਕੁਝ ਪ੍ਰਮੁੱਖ ਆਗੂਆਂ ਨੇ ਜ਼ਾਤੀ ਤੌਰ ਤੇ ਆਖਿਆ ਕਿ ਗਰੁੱਪ ਨੇ ਪਾਰਟੀ ਦੀਆਂ ਚੋਣਾਂ ਦਾ ਪ੍ਰੋਗਰਾਮ ਐਲਾਨ ਕਰਵਾ ਲਿਆ ਹੈ ਤੇ ਹੁਣ ਇਸ ਦਾ ਕੰਮ ਖ਼ਤਮ ਹੋ ਗਿਆ ਹੈ। ਉਂਝ, ਇਹ ਕਹਿਣਾ ਪਵੇਗਾ ਕਿ ਜੀ-23 ਪਹਿਲੇ ਦਿਨ ਤੋਂ ਹੀ ਇਕਜੁੱਟ ਨਹੀਂ ਸੀ ਤੇ ਅਸਲ ਵਿਚ ਇਹ ਕੁਝ ਅਜਿਹੇ ਸੀਨੀਅਰ ਕਾਂਗਰਸ ਆਗੂਆਂ ਦਾ ਸਮੂਹ ਸੀ ਜਿਨ੍ਹਾਂ ਦੇ ਆਪੋ-ਆਪਣੇ ਮਨੋਰਥ ਹਨ। ਇਨ੍ਹਾਂ ਵਿਚੋਂ ਕੁਝ ਕੁ ਆਗੂ ਤਾਂ ਪਾਰਟੀ ਦੀਆਂ ਕਮੇਟੀਆਂ ਵਿਚ ਨਾਮਜ਼ਦਗੀ ਹਾਸਲ ਕਰਨ ਵਿਚ ਕਾਮਯਾਬ ਹੋ ਗਏ ਹਨ ਜਦਕਿ ਕੁਝ ਅਜੇ ਵੀ ਨਾਰਾਜ਼ ਹੀ ਹਨ।ਇਸ ਪ੍ਰਸੰਗ ਵਿਚ ਇਕ ਹੋਰ ਚੰਗੀ ਗੱਲ ਇਹ ਹੋਈ ਕਿ ਰਾਹੁਲ ਤੇ ਪ੍ਰਿਯੰਕਾ, ਦੋਵਾਂ ਵਿਚੋਂ ਹੋਣਹਾਰ ਅਗਵਾਈ ਦੇ ਸੰਕੇਤ ਮਿਲੇ ਹਨ। ਪ੍ਰਿਯੰਕਾ ਉੱਤਰ ਪ੍ਰਦੇਸ਼ ਦੇ ਰਣਖੇਤਰ ਵਿਚ ਕੁਝ ਹੱਦ ਤੱਕ ਜਨ ਮਾਨਸ ਤੇ ਜਗ੍ਹਾ ਬਣਾਉਣ ਵਿਚ ਕਾਮਯਾਬ ਰਹੀ ਹੈ। ਚਾਲੀ ਫ਼ੀਸਦ ਟਿਕਟਾਂ ਔਰਤਾਂ ਨੂੰ ਦੇਣ ਦਾ ਉਨ੍ਹਾਂ ਦੀ ਪੇਸ਼ਕਸ਼ ਦਿਲਚਸਪ ਅਤੇ ਮੌਲਿਕ ਜਾਪਦੀ ਹੈ। ਹਾਲਾਂਕਿ ਵੋਟਾਂ ਦੇ ਲਿੰਗ ਆਧਾਰਤ ਪੈਟਰਨਾਂ ਬਾਰੇ ਬਹੁਤੀ ਖੋਜ ਨਹੀਂ ਹੋਈ ਪਰ ਹਾਲੀਆ ਸਾਲਾਂ ਦੌਰਾਨ ਮਮਤਾ ਬੈਨਰਜੀ, ਨਰਿੰਦਰ ਮੋਦੀ ਅਤੇ ਅਰਵਿੰਦ ਕੇਜਰੀਵਾਲ ਮਹਿਲਾ ਵੋਟਰਾਂ ਦੇ ਚੋਖੇ ਹਿੱਸੇ ਨੂੰ ਆਪਣੇ ਵੱਲ ਖਿੱਚਣ ਵਿਚ ਕਾਮਯਾਬ ਹੋਏ ਹਨ।ਵੱਡਾ ਸਵਾਲ ਇਹ ਹੈ ਕਿ ਕੀ ਪ੍ਰਿਯੰਕਾ ਗਾਂਧੀ ਆਪਣੇ ਅੰਦਰ ਆਪਣੀ ਦਾਦੀ ਇੰਦਰਾ ਗਾਂਧੀ ਵਰਗੀ ਕੋਈ ਚੰਗਿਆੜੀ ਦਿਖਾ ਸਕੇਗੀ? ਇਸ ਤੋਂ ਵੀ ਅਹਿਮ ਸਵਾਲ ਇਹ ਹੈ ਕਿ ਕੀ ਉਹ ਉੱਤਰ ਪ੍ਰਦੇਸ਼ ਦੇ ਚੋਣ ਮੈਦਾਨ ਵਿਚ ਉਤਰਨ ਦਾ ਜੇਰਾ ਦਿਖਾ ਸਕੇਗੀ? ਨਿੰਦਕਾਂ ਦੀ ਸੁਣੀ ਜਾਵੇ ਤਾਂ 2022 ਦੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਪ੍ਰਿਯੰਕਾ ਤੇ ਕਾਂਗਰਸ ਲਈ ਪਹਿਲਾਂ ਹੀ ਖਤਮ ਹੋ ਚੁੱਕੀਆਂ ਹਨ ਪਰ ਜੇ ਪਾਰਟੀ 25 ਸੀਟਾਂ ਜਿੱਤ ਜਾਂਦੀ ਜਾਂ 10 ਫ਼ੀਸਦ ਤੋਂ ਵੱਧ ਵੋਟਾਂ ਹਾਸਲ ਕਰ ਲੈਂਦੀ ਹੈ ਤਾਂ ਯਕੀਨਨ ਇਹ ਇਸ ਦੀ ਪ੍ਰਾਪਤੀ ਗਿਣੀ ਜਾਵੇਗੀ, ਜਿਵੇਂ ਅਕਸਰ ਕਿਹਾ ਜਾਂਦਾ ਹੈ ਕਿ ਦਿੱਲੀ ਦੀ ਸੱਤਾ ਦਾ ਰਸਤਾ ਲਖਨਊ ਵਿਚੋਂ ਲੰਘਦਾ ਹੈ।
ਦੂਜੇ ਬੰਨੇ, ਰਾਹੁਲ ਦਾ ਧਿਆਨ ਵਿਚਾਰਧਾਰਾ ਦੇ ਮੁੱਦਿਆਂ ਤੇ ਲੱਗਿਆ ਹੋਇਆ ਹੈ। ਕਨ੍ਹੱਈਆ ਕੁਮਾਰ ਤੇ ਜਿਗਨੇਸ਼ ਮੇਵਾਨੀ ਜਿਹੇ ਨੌਜਵਾਨ ਆਗੂਆਂ ਨੂੰ ਪਾਰਟੀ ਵਿਚ ਸ਼ਾਮਲ ਕਰਨਾ ਅਤੇ ਹਾਰਦਿਕ ਪਟੇਲ ਨੂੰ ਅਹਿਮੀਅਤ ਦੇਣ ਦੀ ਉਨ੍ਹਾਂ ਦੀ ਦਲੇਰਾਨਾ ਪਹਿਲਕਦਮੀ ਕੀਤੀ ਹੈ, ਕਿਉਂਕਿ ਉਨ੍ਹਾਂ ਦੀ ਨਜ਼ਰ ਮੱਧ ਵਰਗ ਵੋਟਰਾਂ ਤੋਂ ਪਾਰ ਜਾਂਦੀ ਹੈ। ਮੱਧ ਵਰਗ ਨੂੰ ਕਾਂਗਰਸ ਦੀ ਅਗਵਾਈ ਹੇਠ ਚਲਾਏ ਆਰਥਿਕ ਸੁਧਾਰਾਂ ਤੋਂ ਭਰਵਾਂ ਲਾਭ ਮਿਲਿਆ ਸੀ ਪਰ ਇਸ ਵੇਲੇ ਭਾਜਪਾ ਸੁਧਾਰਾਂ ਦੀ ਅਲੰਬਰਦਾਰ ਬਣੀ ਹੋਈ ਹੈ। ਰਾਹੁਲ ਗ਼ਰੀਬਾਂ, ਕਿਸਾਨਾਂ, ਦਿਹਾੜੀਦਾਰ ਮਜ਼ਦੂਰਾਂ ਅਤੇ ਸਮਾਜ ਦੇ ਹੋਰਨਾਂ ਮਹਿਰੂਮ ਤਬਕਿਆਂ ਦੇ ਹਿੱਤਾਂ ਦਾ ਪਹਿਰੇਦਾਰ ਬਣ ਕੇ ਸਾਹਮਣੇ ਆਉਣਾ ਚਾਹੁੰਦਾ ਹੈ। ਉਨ੍ਹਾਂ ਦੀ ਪਹੁੰਚ ਵਿਚ ਖੱਬੇਪੱਖੀ ਝੁਕਾਅ ਵਾਲੇ ਕੇਂਦਰਵਾਦੀ ਦੀ ਝਲਕ ਸਾਫ਼ ਨਜ਼ਰ ਆਉਂਦੀ ਹੈ ਅਤੇ ਜਿਹੜੇ ਲੋਕ ਉਨ੍ਹਾਂ ਦੀ ਸੋਚ ਨੂੰ ਪ੍ਰਵਾਨ ਨਹੀਂ ਕਰ ਰਹੇ, ਉਨ੍ਹਾਂ ਨੂੰ ਬਾਹਰ ਜਾਣ ਦਾ ਰਸਤਾ ਦਿਖਾਇਆ ਜਾ ਰਿਹਾ ਹੈ।ਕਾਂਗਰਸ ਦੇ ਹਾਲਾਤ ਤੇ ਲੰਮੇ ਸਮੇਂ ਤੋਂ ਨਜ਼ਰ ਰੱਖਣ ਵਾਲਿਆਂ ਦਾ ਕਹਿਣਾ ਹੈ ਕਿ ਇਹ ਗਣਿਤ ਸਰਲ ਹੈ। ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਗੁਜਰਾਤ, ਉਤਰਾਖੰਡ, ਹਿਮਾਚਲ ਪ੍ਰਦੇਸ਼, ਗੋਆ, ਮਹਾਰਾਸ਼ਟਰ ਦੇ ਕੁਝ ਖੇਤਰਾਂ, ਉੜੀਸਾ, ਜੰਮੂ, ਪੰਜਾਬ ਆਦਿ ਵਿਚ ਲੋਕ ਸਭਾ ਦੀਆਂ 200 ਤੋਂ ਵੱਧ ਸੀਟਾਂ ਪੈਂਦੀਆਂ ਹਨ ਜਿੱਥੇ ਕਾਂਗਰਸ ਦਾ ਭਾਜਪਾ ਨਾਲ ਸਿੱਧਾ ਮੁਕਾਬਲਾ ਹੈ। ਇਸ ਵੇਲੇ ਇਨ੍ਹਾਂ ਖੇਤਰਾਂ ਵਿਚਲੀਆਂ ਕਰੀਬ 90 ਫ਼ੀਸਦ ਸੀਟਾਂ ਤੇ ਭਾਜਪਾ ਦਾ ਦਬਦਬਾ ਹੈ। ਜਿੰਨੀ ਦੇਰ ਤੱਕ ਤੱਕ ਕਾਂਗਰਸ ਇੱਥੇ ਭਾਜਪਾ ਦਾ ਬੋਲਬਾਲਾ ਘਟਾ ਕੇ 50-60 ਫ਼ੀਸਦ ਤੇ ਨਹੀਂ ਲੈ ਆਉਂਦੀ, ਓਨੀ ਦੇਰ ਤੱਕ ਉਸ ਦੇ ਮੁੜ ਸੁਰਜੀਤ ਹੋਣ ਦੇ ਆਸਾਰ ਮੱਧਮ ਹੀ ਰਹਿਣਗੇ।ਇਸ ਖੇਤਰ ਤੋਂ ਬਾਹਰ ਕਾਂਗਰਸ ਨੂੰ ਤਿਕੋਨੇ ਜਾਂ ਬਹੁਕੋਨੇ ਮੁਕਾਬਲੇ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਵਿਚ ਇਕ ਪਾਸੇ ਭਾਜਪਾ ਤੇ ਦੂਜੇ ਪਾਸੇ ਐੱਨਡੀਏ ਤੋਂ ਬਾਹਰਲੀਆਂ ਖੇਤਰੀ ਪਾਰਟੀਆਂ ਖੜ੍ਹੀਆਂ ਹੁੰਦੀਆਂ ਹਨ। ਗੱਠਜੋੜ ਦੀ ਰਣਨੀਤੀ ਦੀਆਂ ਆਪਣੀਆਂ ਮਜਬੂਰੀਆਂ ਹਨ ਕਿਉਂਕਿ ਰਾਜਨੀਤੀ ਵਿਚ ਕਮਜ਼ੋਰ ਸਥਿਤੀ ਤੇ ਖੜ੍ਹ ਕੇ ਮੰਗੀਆਂ ਜਾਂਦੀਆਂ ਸੀਟਾਂ ਕੋਈ ਨਹੀਂ ਦਿੰਦਾ।ਕਾਂਗਰਸ ਲੀਡਰਸ਼ਿਪ ਦੇ ਪਾਰਟੀ ਦੇ ਮਜ਼ਬੂਤ ਖੇਤਰੀ ਆਗੂਆਂ ਨਾਲ ਕਸ਼ਮਕਸ਼ ਦੀ ਕਹਾਣੀ ਲਈ ਵੱਖਰੀ ਰਣਨੀਤੀ ਦੀ ਲੋੜ ਹੈ। ਸੰਖੇਪ ਵਿਚ ਗੱਲ ਇੰਨੀ ਹੈ ਕਿ ਰਾਹੁਲ ਤੇ ਪ੍ਰਿਯੰਕਾ ਦੇ ਮਨ ਵਿਚ ਪਾਰਟੀ ਦੇ ਸ਼ਾਸਨ ਵਾਲੇ ਸੂਬਿਆਂ ਵਿਚਲੇ ਮੁੱਖ ਮੰਤਰੀਆਂ ਅਤੇ ਜਿਨ੍ਹਾਂ ਸੂਬਿਆਂ ਵਿਚ ਚੋਣਾਂ ਹੋ ਰਹੀਆਂ ਹਨ, ਉਨ੍ਹਾਂ ਵਿਚ ਮੁੱਖ ਮੰਤਰੀ ਦੇ ਅਹੁਦੇ ਦੇ ਚਾਹਵਾਨਾਂ ਪ੍ਰਤੀ ਕੁਝ ਵੀ ਹੋਵੇ ਪਰ ਉਹ ਆਦਰ ਭਾਵ ਨਜ਼ਰ ਨਹੀਂ ਆਉਂਦਾ। ਕੈਪਟਨ ਅਮਰਿੰਦਰ ਸਿੰਘ ਨੂੰ ਤਜਰਬਾ ਖਾਸਾ ਮਹਿੰਗੇ ਭਾਅ ਪਿਆ ਹੈ ਤੇ ਉਹ ਭਾਜੀ ਮੋੜਨ ਦੇ ਰੌਂਅ ਵਿਚ ਹੈ ਹਾਲਾਂਕਿ ਉਮਰ ਤੇ ਸਿਆਸੀ ਰਸੂਖ ਦੇ ਪੱਖ ਉਸ ਦੇ ਹੱਕ ਵਿਚ ਨਹੀਂ ਜਾਪਦੇ। ਨਵਜੋਤ ਸਿੰਘ ਸਿੱਧੂ ਨੂੰ ਵੀ ਹੁਣ ਤੱਕ ਸਮਝ ਆ ਚੁੱਕੀ ਹੋਵੇਗੀ ਕਿ ਰਾਹੁਲ ਤੇ ਪ੍ਰਿਯੰਕਾ ਕਿਹੋ ਜਿਹੀ ਸਿਆਸਤ ਕਰਨਾ ਚਾਹ ਰਹੇ ਹਨ ਹਾਲਾਂਕਿ ਉਸ ਨੇ ਆਪਣੀ ਵੱਖਰੀ ਸੁਰ ਅਪਣਾ ਰੱਖੀ ਹੈ ਤੇ ਨਾਲ ਹੀ ਉਹ ਗਾਂਧੀ ਜੋੜੀ ਨਾਲ ਖੜ੍ਹੇ ਦਿਸਣਾ ਚਾਹੁੰਦੇ ਹਨ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੂੰ ਵੀ ਨਿੱਤ ਨਵੇਂ ਝਮੇਲੇ ਸਿੱਝਣੇ ਪੈ ਰਹੇ ਹਨ। ਹਰੀਸ਼ ਰਾਵਤ ਜਿਹੇ ਸੀਨੀਅਰ ਆਗੂ ਨੂੰ ਵੀ ਇਹ ਅਹਿਸਾਸ ਹੋਣ ਲੱਗ ਪਿਆ ਹੈ ਕਿ ਜੇ ਪਾਰਟੀ ਉਤਰਾਖੰਡ ਦੀਆਂ ਚੋਣਾਂ ਵਿਚ ਜਿੱਤ ਜਾਂਦੀ ਹੈ ਤਾਂ ਵੀ ਮੁੱਖ ਮੰਤਰੀ ਦੀ ਕੁਰਸੀ ਪਲੇਟ ਵਿਚ ਪਰੋਸ ਕੇ ਨਹੀਂ ਮਿਲਣ ਵਾਲੀ। ਜਿਵੇਂ ਯਸ਼ਪਾਲ ਆਰੀਆ ਦੀ ਕਾਂਗਰਸ ਵਿਚ ਵਾਪਸੀ ਹੀ ਕਾਫ਼ੀ ਨਹੀਂ ਸੀ, ਹਰੀਸ਼ ਰਾਵਤ ਦੇ ਵਿਰੋਧੀ ਗਿਣੇ ਜਾਂਦੇ ਹਰਕ ਸਿੰਘ ਰਾਵਤ ਅਤੇ ਸਾਕੇਤ ਬਹੁਗੁਣਾ ਦੀ ਵਾਪਸੀ ਹੋਣ ਦੇ ਕਿਆਸ ਲਾਏ ਜਾ ਰਹੇ ਹਨ।
ਰਸ਼ੀਦ ਕਿਦਵਈ
*ਲੇਖਕ ਸੀਨੀਅਰ ਪੱਤਰਕਾਰ
Comments (0)