ਸਿੱਖ, ਸਿੰਘ ਅਤੇ ਖਾਲਸੇ ਦੀ ਪਹਿਚਾਣ

ਸਿੱਖ, ਸਿੰਘ ਅਤੇ ਖਾਲਸੇ ਦੀ ਪਹਿਚਾਣ

ਅੱਜ ਦੇ ਅਜੋਕੇ ਯੁੱਗ ਦੇ ਸਮੇਂ ਵਿੱਚ ਸਿੱਖ ਧਰਮ ਨੂੰ ਸਮਝਣ ਲਈ ਸਿੱਖ ਸਿੰਘ ਅਤੇ ਖਾਲਸਾ ਸ਼ਬਦ ਦੇ ਅਰਥਾਂ ਨੂੰ ਸਮਝਣਾ ਬਹੁਤ ਜਰੂਰੀ ਹੈ ਕਿਉਂਕਿ ਦੇਸ਼ ਵਿਦੇਸ਼ਾਂ ਅਤੇ ਹੋਰ ਧਰਮਾਂ ਮੁਤਾਵਿਕ ਸਿੱਖ ਸਿੰਘ ਅਤੇ ਖਾਲਸਾ ਦੇ ਰੂਪ ਨੂੰ ਵੱਖੋ-ਵੱਖਰੇ ਨਜ਼ਰੀਏ ਦੇ ਨਾਲ ਵੇਖਿਆ ਤੇ ਸਮਝਿਆ ਜਾ ਰਿਹਾ ਹੈ।

ਜਦ ਕਿ ਇਹ ਤਿੰਨੇ ਸ਼ਬਦਾਂ ਦਾ ਅਰਥ ਸਿੱਖ ਸਿਧਾਂਤਾਂ ਮੁਤਾਵਿਕ ਇੱਕ ਹੀ ਰੂਪ ਹਨ। ਸਾਨੂੰ ਇਹਨਾਂ ਤਿੰਨਾਂ ਸ਼ਬਦ ਰੂਪ ਅਰਥਾਂ ਨੂੰ ਸਮਝਣ ਲਈ ਸਿੱਖ ਇਤਿਹਾਸ ਅਤੇ ਸਿੱਖ ਸਿਧਾਂਤਾਂ ਨੂੰ ਵਿਚਾਰਨਾ ਪਵੇਗਾ।

ਸਿੱਖ ਧਰਮ 550 ਸਾਲ ਤੋਂ ਵੀ ਪੁਰਾਣਾ ਹੈ। ਸਿੱਖ ਧਰਮ ਦੀ ਨੀਂਹ ਪਹਿਲੇ ਗੁਰੂ, ਗੁਰੂ ਨਾਨਕ ਦੇਵ ਜੀ ਵੱਲੋਂ ਰੱਖੀ ਗਈ। ਗੁਰੂ ਨਾਨਕ ਦੇਵ ਜੀ ਨੇ ਦੇਸ਼ ਵਿਦੇਸ਼ਾਂ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰਨ ਲਈ ਚਾਰ ਉਦਾਸੀਆਂ ਕੀਤੀਆਂ ਗਈਆਂ। ਦੁਨੀਆ ਵਿੱਚ ਜਿਹਨਾਂ ਲੋਕਾਂ ਨੇ ਬਾਬਾ ਨਾਨਕ ਦੇ ਵਿਚਾਰਾਂ ਨੂੰ ਸੁਣਿਆ ਤੇ ਸਿਧਾਂਤਾਂ ਨੂੰ ਅਪਣਾਇਆ ਉਹ ਗੁਰੂ ਦੇ ਸਿੱਖ ਬਣਦੇ ਗਏ। ਗੁਰੂ ਜੀ ਨੇ ਸਮਝਾਇਆ ਕਿ ਸਿੱਖ ਸ਼ਬਦ ਦਾ ਮਤਲਬ ਹੈ, ਸਿੱਖਿਆ ਲੈਣ ਵਾਲਾ ਇੱਕ ਵਿਦਿਆਰਥੀ। ਉਸ ਵਕਤ ਦੀ ਦੁਨੀਆ ਦੇ ਲੋਕ ਜੋ ਵਹਿਮਾਂ-ਭਰਮਾਂ ਅਤੇ ਜਾਤਾਂ-ਪਾਤਾਂ ਵਿੱਚ ਫਸੇ ਹੋਏ ਸਨ, ਉਹਨਾਂ ਨੂੰ ਇਹਨਾਂ ਵਹਿਮਾ-ਭਰਮਾਂ ਵਿੱਚੋਂ ਬਾਹਰ ਕੱਢਦਿਆਂ ਗੁਰੂ ਜੀ ਨੇ ਲੋਕਾਂ ਨੂੰ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦੇ ਤਿੰਨ ਸਿਧਾਂਤ ਦਿੱਤੇ ਅਤੇ ਏਕ ਨੂਰ ਤੇ ਸਭੁ ਜਗੁ ਉਪਜਿਆ ਦਾ ਪਾਠ ਪੜ੍ਹਾਉਂਦਿਆਂ ਹੋਇਆਂ ਇੱਕ ਹੀ ਰੱਬ ਨੂੰ ਮੰਨਣ ਦਾ ਉਪਦੇਸ਼ ਦਿੱਤਾ। ਇਸ ਤਰ੍ਹਾਂ ਥਾਂ-ਥਾਂ ਗੁਰੂ ਜੀ ਦੇ ਸਿੱਖ ਬਣਦੇ ਗਏ।

ਗੁਰੂ ਨਾਨਕ ਦੇਵ ਜੀ ਜਦੋਂ ਦਸਵੇਂ ਜਾਮੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਰੂਪ ਵਿੱਚ ਪ੍ਰਗਟ ਹੋਏ। ਉਸ ਸਮੇਂ ਦੇ ਗੁਰੂ ਜੀ ਵੱਲੋਂ ਮਨੁੱਖਤਾ ਅੰਦਰ ਸਾਹਸ ਅਤੇ ਨਿਡਰਤਾ ਪੈਦਾ ਕਰਨ ਲਈ ਸਿੰਘ ਖਾਲਸਾ ਦੀ ਨੀਂਹ ਰੱਖੀ ਗਈ।

ਦੱਸਵੇਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ 13 ਅਪ੍ਰੈਲ 1699 ਦੀ ਵਿਸਾਖੀ ਦਾ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਸਿੱਖ ਸਿਧਾਂਤਾਂ ਨੂੰ ਮੰਨਣ ਵਾਲੇ ਪੰਜ ਸਿੱਖਾਂ ਨੂੰ ਅੰਮ੍ਰਿਤ ਦੀ ਦਾਤ ਬਖ਼ਸ਼ ਕੇ, ਹਰ ਨਾਮ ਪਿੱਛੇ ਸਿੰਘ ਅਤੇ ਕੌਰ ਲਗਾਉਣ ਦਾ ਹੁਕਮ ਦਿੱਤਾ ਅਤੇ ਖਾਲਸਾ ਰੂਪ ਦੀ ਸਾਜਨਾ ਕੀਤੀ। ਗੁਰੂ ਜੀ ਵੱਲੋਂ ਹਰ ਖਾਲਸੇ ਨੂੰ ਪੰਜ ਕੱਕੇ ਧਾਰਨ ਕਰਨ ਲਈ ਹੁਕਮ ਦਿੱਤਾ। ਪੰਜ ਕੱਕੇ (ਕੱਛ, ਕੜਾ, ਕ੍ਰਿਪਾਨ, ਕੰਘਾ ਤੇ ਕੇਸ) ਧਾਰਨਾ ਹੀ ਖਾਲਸੇ ਦੇ ਰੂਪ ਦੀ ਪਹਿਚਾਣ ਬਣੀ।

ਸਿੰਘ ਅਤੇ ਖਾਲਸਾ ਸ਼ਬਦ ਦਾ ਇਕ ਵਿਸ਼ੇਸ਼ ਮਤਲਬ ਹੈ। ਸਿੰਘ ਦਾ ਮਤਲਬ ਸ਼ੇਰ ਦੀ ਤਰ੍ਹਾਂ ਬਹਾਦੁਰ ਅਤੇ ਖਾਲਸਾ ਦਾ ਮਤਲਬ ਮਿਲਾਵਟ ਤੋਂ ਰਹਿਤ ਸ਼ੁੱਧ ਵਿਚਾਰਾਂ ਵਾਲਾ। ਦੁਨੀਆ ਭਰ ਵਿੱਚ ਕੋਈ ਵੀ ਇਨਸਾਨ ਧਰਮ ਦੇ ਵਿਤਕਰਿਆਂ ਅਤੇ ਭਰਮਾਂ ਤੋਂ ਉਪਰ ਉਠਦਿਆਂ ਗੁਰੂ ਗੋਬਿੰਦ ਸਿੰਘ ਜੀ ਦੇ ਵਿਚਾਰ ਮੁਤਾਬਿਕ ਸਿੰਘ-ਖਾਲਸਾ ਸੱਜ ਸਕਦਾ ਹੈ। ਬਸ ਸਾਨੂੰ ਆਪਣੇ ਖਾਲਸਾ ਰੂਪ ਨੂੰ ਬਰਕਰਾਰ ਰੱਖਦੇ ਹੋਏ ਸਾਰੀ ਦੁਨੀਆ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰਨ ਦੀ ਜਰੂਰਤ ਹੈ। ਅੱਜ ਖਾਲਸੇ ਨੇ ਦੂਰ-ਦੁਰਾਂਡੇ ਦੇਸ਼ਾਂ-ਵਿਦੇਸ਼ਾਂ ਵਿੱਚ ਜਾ ਕੇ ਵੱਡੇ-ਵੱਡੇ ਮੌਕਾਮ ਹਾਸਿਲ ਕੀਤੇ ਹਨ, ਪਰ ਹਾਲੇ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਕੁੱਝ ਵੱਖ ਵਾਦੀ ਵਾਲੇ ਵਿਤਕਰੇ ਕੀਤੇ ਜਾਂਦੇ ਹਨ। ਜਿਹਨਾਂ ਨੂੰ ਦੂਰ ਕਰਨ ਦੀ ਸਖ਼ਤ ਜਰੂਰਤ ਹੈ। ਸਿੰਘ ਖਾਲਸਾ ਜਿੱਥੇ ਅਕਾਲ ਪੁਰਖ ਦੇ ਸਿਮਰਨ ਨਾਲ ਜੁੜ ਕੇ ਰਹਿੰਦਾ ਹੈ, ਉਥੇ ਨਾਲ ਹੀ ਹਰ ਇੱਕ ਇਨਸਾਨ ਨੂੰ ਪਰਮੇਸ਼ਵਰ ਰੂਪ ਜਾਣ ਕੇ ਇਨਸਾਨੀਅਤ ਦੀ ਸੇਵਾ ਕਰਨ ਲਈ ਤਿਆਰ ਰਹਿੰਦਾ ਹੈ। ਸਿੰਘ-ਖਾਲਸਾ ਮੁੱਢ ਤੋਂ ਹੀ ਦੁਨੀਆ ਭਰ ਵਿਚ ਅਮਨ ਸ਼ਾਂਤੀ ਕਾਇਮ ਰੱਖਣ ਲਈ ਅਤੇ ਦੂਜਿਆਂ ਦੀ ਇੱਜਤ-ਪਤ ਦੀ ਸੁਰੱਖਿਆ ਕਰਨ ਲਈ ਕ੍ਰਿਪਾਨ ਸਸਤਰ ਧਾਰ ਕੇ ਰੱਖਦਾ ਹੈ। ਜੋ ਕਿ ਸਾਡੇ ਗੁਰੂ ਗੋਬਿੰਦ ਸਿੰਘ ਜੀ ਦਾ ਦਿੱਤਾ ਹੋਇਆ ਕਕਾਰ ਹੈ। ਇਸੀ ਤਰ੍ਹਾਂ ਸਿੰਘ ਅਤੇ ਖਾਲਸਾ ਕੇਸ ਅਤੇ ਦਾੜਾ ਵੀ ਵਾਹਿਗੁਰੂ ਦੀ ਦਿੱਤੀ ਦਾਤ ਸਮਝ ਕੇ ਖਾਲਸੇ ਰੂਪ ਨੂੰ ਪੂਰਨ ਕਰਨ ਵਾਸਤੇ ਸਾਂਭ ਕੇ ਰੱਖਦਾ ਹੈ।

ਅਜੋਕੇ ਸਮੇਂ ਵਿੱਚ ਇੰਝ ਹੀ ਖਾਲਸ-ਥਾਨ ਸ਼ਬਦ ਦੁਨੀਆ ਭਰ ਵਿੱਚ ਆਪੋ ਆਪਣੀ ਸਮਝ ਮੁਤਾਬਿਕ ਚਰਚਾ ਵਿੱਚ ਰਹਿੰਦਾ ਹੈ। ਪਤਾ ਨਹੀਂ ਖਾਲਸ-ਥਾਨ ਦਾ ਮਤਲਬ ਗਲਤ ਕਿਉਂ ਕੱਢਿਆ ਜਾਂਦਾ ਹੈ। ਜਦ ਕਿ ਖਾਲਸ ਦਾ ਮਤਲਬ ਸ਼ੁੱਧ ਅਤੇ ਥਾਨ ਦਾ ਮਤਲਬ ਜਗਾ ਹੈ - (ਖਾਲਸ-ਥਾਨ)। ਇਸ ਤੋਂ ਇਲਾਵਾ ਇਸ ਦਾ ਕੋਈ ਵੀ ਮਤਲਬ ਕੱਢ ਲੈਣਾ ਇਹ ਗੱਲ ਲੋਕਾਂ ਨੂੰ ਸਮਝਣ ਦੀ ਲੋੜ ਹੈ। ਖਾਲਸ-ਥਾਨ ਕਿਸੇ ਇੱਕ ਕਸਬੇ ਜਾਂ ਇੱਕ ਦੇਸ਼ ਦਾ ਨਾਮ ਨਹੀਂ ਬਲਕਿ ਸਿੱਖਾਂ ਨੇ ਜਿਸ ਜਿਸ ਜਗ੍ਹਾ ਤੇ ਵੀ ਖਾਲਸ ਨਿਸ਼ਾਨ ਸਾਹਿਬ ਲਗਾਇਆ ਹੈ, ਉਸ ਨੂੰ ਵਿਤਕਰਿਆਂ, ਭਰਮਾਂ ਤੋਂ ਰਹਿਤ, ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਦਿੰਦਿਆਂ ਖਾਲਸ (ਸ਼ੁੱਧ) ਥਾਨ (ਜਗ੍ਹਾ) ਬਣਾਇਆ ਹੈ। ਅਸੀਂ ਛੋਟਾ ਨਾ ਸੋਚੀਏ ਸਿੰਘ-ਖਾਲਸਾ ਦੁਨੀਆ ਭਰ ਵਿੱਚ ਜਾ ਕੇ ਵੱਸੇ ਅਤੇ ਹਰ ਦੇਸ਼ ਵਿੱਚ ਬਾਬਾ ਨਾਨਕ ਦੇਵ ਜੀ ਦੀ ਚਲਾਈ ਹੋਈ ਸਿੱਖੀ ਦਾ ਪ੍ਰਚਾਰ ਕਰੀਏ:

ਸਿੱਖੀ ਸਿਧਾਂਤਾਂ ਨੂੰ ਦੂਰ ਦੂਰ ਤੱਕ ਪਹੁੰਚਾਈਏ

ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ

ਮਤਲਬ ਸਾਰੀ ਦੁਨੀਆ ਨੂੰ ਸਮਝਾਈਏ।

ਅਖੀਰ ਵਿੱਚ ਇੱਥੇ ਮੈਂ ਬਾਬਾ ਨਾਨਕ ਦੀ ਇਕ ਸਾਖੀ ਦਾ ਜ਼ਿਕਰ ਕਰਨਾ ਜਰੂਰੀ ਸਮਝਦੀ ਹਾਂ: ਜਿਸ ਵਕਤ ਗੁਰੂ ਨਾਨਕ ਦੇਵ ਜੀ ਕੰਗਨਪੁਰ ਨਗਰ ਵਿੱਚ ਪਹੁੰਚੇ ਉੱਥੋਂ ਦੇ ਰਹਿਣ ਵਾਲਿਆਂ ਲੋਕਾਂ ਨੇ ਗੁਰੂ ਜੀ ਦੇ ਨਾਲ ਬਦ-ਸਲੂਕੀ ਕੀਤੀ ਅਤੇ ਮੰਦੇ ਸ਼ਬਦ ਬੋਲੇ ਤੇ ਮਾੜਾ ਵਿਵਹਾਰ ਕੀਤਾ ਗਿਆ। ਇਸ ਨਗਰ ਤੋਂ ਚਲਦਿਆਂ ਗੁਰੂ ਜੀ ਨੇ ਉੱਥੋਂ ਦੇ ਲੋਕਾਂ ਨੂੰ ਵੱਸਦੇ ਰਹਿਣ ਦਾ ਵਰ ਦਿੱਤਾ ਅਤੇ ਉਸ ਤੋਂ ਬਾਅਦ ਜਦ ਗੁਰੂ ਜੀ ਚਲ ਕੇ ਨਜਦੀਕ ਦੇ ਪਿੰਡ ਮਾਨਕ ਪਹੁੰਚੇ। ਉਥੋਂ ਦੇ ਰਹਿਣ ਵਾਲੇ ਨੇ ਲੋਕਾਂ ਨੇ ਗੁਰੂ ਜੀ ਦਾ ਬੜੀ ਭਾਵਨਾ ਦੇ ਨਾਲ ਸਤਿਕਾਰ ਕੀਤਾ ਅਤੇ ਗੁਰੂ ਜੀ ਦਾ ਉਪਦੇਸ਼ ਲਿਤਾ। ਉਹਨਾਂ ਦੀ ਸਦ-ਭਾਵਨਾ ਅਤੇ ਭਾਈਚਾਰੇ ਨੂੰ ਦੇਖ ਕੇ ਗੁਰੂ ਜੀ ਨੇ ਉਹਨਾਂ ਨੂੰ ਉਜੜ ਜਾਣ ਦਾ ਆਸ਼ੀਰਵਾਦ ਦਿੱਤਾ। ਇਹ ਸਭ ਸੁਣ ਕੇ ਭਾਈ ਮਰਦਾਨਾ ਜੀ ਜੋ ਹਰ ਵੇਲੇ ਗੁਰੂ ਜੀ ਦੇ ਨਾਲ ਰਹਿੰਦੇ ਸਨ, ਇੱਕ ਸਵਾਲ ਗੁਰੂ ਜੀ ਤੋਂ ਪੁੱਛਿਆ ਕਿ ਜਿਨ੍ਹਾਂ ਪਿੰਡ ਵਾਸੀਆਂ ਨੇ ਮਾੜਾ ਸਲੂਕ ਕੀਤਾ ਸੀ, ਉਹਨਾਂ ਨੂੰ ਤੁਸੀਂ ਵੱਸਦੇ ਰਹਿਣ ਤੇ ਜਿਨ੍ਹਾਂ ਨੇ ਵੱਧੀਆ ਸਲੂਕ ਕੀਤਾ, ਉਹਨਾਂ ਨੂੰ ਉਜੜ ਜਾਣ ਵਾਸਤੇ ਕਿਉਂ ਕਿਹਾ। ਬਾਬਾ ਨਾਨਕ ਜੀ ਨੇ ਭਾਈ ਮਰਦਾਨਾ ਜੀ ਨੂੰ ਸਮਝਾਉਂਦਿਆਂ ਹੋਏ ਦੱਸਿਆ ਕਿ ਚੰਗੇ ਲੋਕ ਜਿੱਥੇ ਵੀ ਜਾਣਗੇ ਉੱਥੇ ਬਾਕੀਆਂ ਨੂੰ ਵੀ ਆਪਣੇ ਵਰਗਾ ਚੰਗਾ ਹੀ ਬਣਾਉਣਗੇ। ਇਸ ਲਈ ਉਹਨਾਂ ਦਾ ਉਜੜਨਾ ਹੀ ਚੰਗਾ ਹੈ ਅਤੇ ਮਾੜੇ ਤੇ ਭੈੜੇ ਖਿਆਲਾਂ ਵਾਲੇ ਲੋਕਾਂ ਦਾ ਇੱਕੋਂ ਜਗ੍ਹਾਂ ਹੀ ਵਸਣਾ ਠੀਕ ਹੈ ਕਿਉਂਕਿ ਉਹ ਜਿੱਥੇ ਵੀ ਜਾਣਗੇ ਆਪਣੀਆਂ ਭੈੜੀਆਂ ਆਦਤਾਂ ਬਾਕੀਆਂ ਨੂੰ ਵੀ ਵੰਡਣਗੇ।

ਆਖਰ ਵਿੱਚ ਮੈਂ ਇਹੋ ਕਹਿਣਾ ਚਾਹੁੰਗੀ ਕਿ ਜਿਵੇਂ ਉਸ ਯੁੱਗ ਵਿੱਚ ਬਾਬਾ ਨਾਨਕ ਜੀ ਨੇ ਕਈ ਵਿਦੇਸ਼ਾਂ ਤੱਕ ਪਹੁੰਚ ਕੇ ਸਿੱਖੀ ਦਾ ਪ੍ਰਚਾਰ ਕੀਤਾ ਸੀ। ਹੁਣ ਸਾਡਾ ਸਾਰਿਆਂ ਦਾ ਵੀ ਇਹ ਫਰਜ਼ ਬਣਦਾ ਹੈ ਕਿ ਪੂਰੀ ਦੁਨੀਆ ਵਿੱਚ ਜਾ ਕੇ ਸਿੱਖ, ਸਿੰਘ ਅਤੇ ਖਾਲਸਾ ਦਾ ਮਤਲਬ ਅਤੇ ਪਹਿਚਾਣ ਨੂੰ ਸਮਝਾਈਏ। ਬਾਣੀ ਵਿੱਚ ਜੋ ਰੱਬੀ ਗਿਆਨ ਹੈ ਉਸ ਸਭ ਨੂੰ ਘਰ-ਘਰ ਪਹੁੰਚਾਈਏ।

ਜਿਵੇਂ ਕਿ:-ਭਾਈਚਾਰਾ, ਸਦਭਾਵਨਾ, ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ, ਕਮਜ਼ੋਰ ਦੀ ਮਦਦ ਕਰਨਾ, ਹਰ ਧਰਮ ਦੀ ਆਜਾਦੀ, ਕਾਮ-ਕ੍ਰੋਧ-ਲੋਭ-ਮੋਹ-ਹੰਕਾਰ ਦਾ ਤਿਆਗ, ਸਤਿ ਸੰਤੋਖ, ਸਬਰ ਸ਼ੁੱਕਰ ਰੱਖਣ ਦੀ ਜਰੂਰਤ, ਦਸਵੰਦ ਕੱਢਣ ਦੀ ਮਰਿਆਦਾ ਆਦਿ ਦਾ ਸੰਦੇਸ਼ ਪੂਰੀ ਦੁਨੀਆ ਵਿੱਚ ਪਹੁੰਚਾਉਣਾ ਹੀ ਸਿੱਖ-ਸਿੰਘ ਅਤੇ ਖਾਲਸੇ ਦਾ ਉਦੇਸ਼ ਹੈ।

 

ਡੇਜੀ ਵਾਲੀਆ