ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਪ੍ਰਚਾਰ ਯਾਤਰਾਵਾਂ
ਸ਼ਹਾਦਤ ਦਿਵਸ
ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ 1 ਅਪ੍ਰੈਲ 1621 ਈਸਵੀ (5 ਵਿਸਾਖ 1678 ਬਿਕਰਮੀ) ਨੂੰ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਘਰ ਮਾਤਾ ਨਾਨਕੀ ਦੀ ਕੁੱਖੋਂ ਅੰਮਿ੍ਰਤਸਰ ’ਚ ਹੋਇਆ। ਸ੍ਰੀ ਗੁਰੂ ਅਰਜਨ ਦੇਵ ਜੀ ਆਪ ਦੇ ਦਾਦਾ ਜੀ ਸਨ। ਆਪ ਜੀ ਦਾ ਬਚਪਨ ’ਚ ਨਾਂ ਤਿਆਗ ਮੱਲ ਸੀ। ਛੋਟੇ ਹੁੰਦਿਆਂ ਤੋਂ ਹੀ ਉਹ ਪਰਮਾਤਮਾ ਦੀ ਭਗਤੀ ਵਿਚ ਦਿਲਚਸਪੀ ਰੱਖਦੇ ਸਨ। ਆਪ ਦਾ ਵਿਆਹ ਕਰਤਾਰਪੁਰ ਦੇ ਨਿਵਾਸੀ ਭਾਈ ਲਾਲ ਚੰਦ ਦੀ ਸਪੁੱਤਰੀ ਗੁਜਰੀ ਜੀ ਨਾਲ ਸੰਨ 1632 ਈਸਵੀ (15 ਅੱਸੂ, 1689 ਬਿਕਰਮੀ) ’ਚ ਹੋਇਆ । 1644 ਈਸਵੀ ’ਚ ਆਪ ਜੀ ਆਪਣੀ ਪਤਨੀ ਤੇ ਮਾਤਾ ਸਹਿਤ ਬਕਾਲਾ ਪਿੰਡ ’ਚ ਆ ਵਸੇ। ਆਪ ਜੀ 20 ਮਾਰਚ 1665 ਈਸਵੀ ਨੂੰ 43 ਵਰ੍ਹਿਆਂ ਦੀ ਉਮਰ ’ਵਿਚ ਗੁਰਗੱਦੀ ਉੱਤੇ ਬੈਠੇ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਗੁਰਿਆਈ ਮਿਲਣ ਤੋਂ ਬਾਅਦ ਪ੍ਰਚਾਰ ਯਾਤਰਾਵਾਂ ਆਰੰਭ ਕੀਤੀਆਂ ਤੇ ਪ੍ਰਚਾਰ ਦੌਰਾਨ ਭੁੱਲੇ-ਭਟਕੇ ਲੋਕਾਂ ਦਾ ਮਾਰਗ ਦਰਸ਼ਨ ਕਰਨ ਦੇ ਨਾਲ-ਨਾਲ ਸਮਾਜਿਕ ਤੇ ਲੋਕ-ਭਲਾਈ ਦੇ ਕਾਰਜਾਂ ਨੂੰ ਵੀ ਨੇਪਰੇ ਚਾੜ੍ਹਿਆ।
ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਭ ਤੋਂ ਪਹਿਲਾਂ ਅੰਮਿ੍ਰਤਸਰ ਦੀ ਯਾਤਰਾ ਆਰੰਭ ਕੀਤੀ। ਬਾਬੇ ਬਕਾਲੇ ਤੋਂ ਸਿੱਧਾ ਆਪ ਕਾਲੇਕੇ ਪਹੁੰਚੇ। ਗੋਇੰਦਵਾਲ ਤੋਂ ਹੁੰਦੇ ਹੋਏ ਤਰਨਤਾਰਨ ਦੀ ਯਾਤਰਾ ਕਰ ਕੇ ਆਪ ਜੀ ਅੰਮਿ੍ਰਤਸਰ ਪਹੁੰਚੇ। ਇੱਥੇ ਆ ਕੇ ਇਸ਼ਨਾਨ ਕੀਤਾ ਪਰ ਕੁਝ ਲੋਕਾਂ ਨੇ ਆਪ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਨਾ ਜਾਣ ਦਿੱਤਾ ਤੇ ਦਰਵਾਜ਼ੇ ਬੰਦ ਕਰ ਦਿੱਤੇ। ਉਸ ਵੇਲੇ ਪਿ੍ਰਥੀ ਚੰਦ ਦੇ ਲੜਕੇ ਮਿਹਰਬਾਨ ਦੀ ਪੀੜ੍ਹੀ ਦਾ ਹਰਿਮੰਦਰ ਸਾਹਿਬ ਉੱਪਰ ਕਬਜ਼ਾ ਸੀ।
ਗੁਰੂ ਜੀ ਕੁਝ ਸਮਾਂ ਅਕਾਲ ਤਖ਼ਤ ਦੇ ਨਜ਼ਦੀਕ ਠਹਿਰੇ, ਭੋਰਾ ਸਾਹਿਬ ਬਣਾਇਆ ਤੇ ਬਾਅਦ ਵਿਚ ਵੱਲਾ ਪਿੰਡ ਆ ਗਏ। ਜਦੋਂ ਅੰਮਿ੍ਰਤਸਰ ਦੀ ਸੰਗਤ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਵੱਲਾ ਪਿੰਡ ਪਹੁੰਚ ਕੇ ਗੁਰੂ ਜੀ ਤੋਂ ਭੁੱਲ ਬਖ਼ਸ਼ਾਈ। ਵੱਲਾ ਪਿੰਡ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਜੀ ਘੁੱਕੇਵਾਲੀ ਪਹੁੰਚੇ। ਗੁਰੂ ਜੀ ਦੀ ਕਿਰਪਾ ਨਾਲ ਇਸ ਪਿੰਡ ਦਾ ਨਾਂ ਗੁਰੂ ਕਾ ਬਾਗ਼ ਪ੍ਰਚਲਿਤ ਹੋਇਆ।ਬਾਬਾ ਬਕਾਲਾ ਤੋਂ ਹੁੰਦੇ ਹੋਏ ਗੁਰੂ ਜੀ ਕੀਰਤਪੁਰ ਨੂੰ ਚੱਲ ਪਏ। ਰਸਤੇ ’ਚ ਆਪ ਜੀ ਕਰਤਾਰਪੁਰ ਠਹਿਰੇ। ਇੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਵਿਆਹ ਲਾਲ ਚੰਦ ਦੀ ਸਪੁੱਤਰੀ ਮਾਤਾ ਗੁਜਰੀ ਜੀ ਨਾਲ ਹੋਇਆ। ਚੱਕ ਗੁਰੂ (ਬੰਗਾ), ਨਵਾਂ ਸ਼ਹਿਰ, ਦੁਰਗਾਪੁਰ ਤੋਂ ਹੁੰਦੇ ਹੋਏ ਆਪ ਕੀਰਤਪੁਰ ਸਾਹਿਬ ਪਹੁੰਚੇ। ਕੀਰਤਪੁਰ ਸਾਹਿਬ ਰਹਿੰਦਿਆਂ ਆਪ ਨੇ ਨਜ਼ਦੀਕ ਹੀ ਮਾਖੋਵਾਲ ਵਿਖੇ ਜਗ੍ਹਾ ਦੀ ਚੋਣ ਕਰ ਕੇ 19 ਜੂਨ 1665 ਈਸਵੀ ਨੂੰ ‘ਚੱਕ ਨਾਨਕੀ’ ਨਗਰ ਦੀ ਸਥਾਪਨਾਕੀਤੀ। ਬਾਅਦ ’ਚ ਇਸ ਨਗਰ ਦਾ ਨਾਮ ਸ੍ਰੀ ਆਨੰਦਪੁਰ ਸਾਹਿਬ ਪ੍ਰਸਿੱਧ ਹੋਇਆ। ਇੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸਬੰਧਿਤ ਗੁਰਦੁਆਰਾ ਗੁਰੂ ਕੇ ਮਹਿਲ, ਗੁਰਦੁਆਰਾ ਸੀਸ ਗੰਜ, ਗੁਰਦੁਆਰਾ ਭੋਰਾ ਸਾਹਿਬ ਤੇ ਗੁਰਦੁਆਰਾ ਮੰਜੀ ਸਾਹਿਬ ਸ਼ੁਸ਼ੋਭਿਤ ਹਨ।
ਇਸ ਤੋਂ ਇਲਾਵਾ ਗੁਰੂ ਜੀ ਨੇ ਬਾਂਗਰ ਦੇ ਹੇਠ ਲਿਖੇ ਥਾਵਾਂ ਦੀ ਯਾਤਰਾ ਕੀਤੀ : ਬਸੀ ਪਠਾਣਾ, ਚੰਨਣਾ, ਸੋਢਲ-ਸੋਢੈਲ, ਤੰਦੋਵਾਲ, ਲਖਨੌਰ, ਮਕਾਰਪੁਰ, ਕਬੂਲਪੁਰ, ਨਨਹੇੜੀ, ਲਹਿਲ, ਦੁਖ ਨਿਵਾਰਨ, ਗੜ੍ਹੀ ਗੁਹਲਾ, ਭਾਗਲ, ਕਰਹਾਲੀ, ਚੀਕਾ, ਬੁੱਧਪੁਰ, ਸਿਆਣਾ ਸੱਯਦਾਂ, ਸਮਾਣਾ, ਕਰ੍ਹਾ, ਬੀਬੀਪੁਰ, ਪਹੋਆ, ਖਾਰਕ, ਖਟਕੜ, ਜੀਂਦ, ਲਾਖਣ ਮਾਜਰਾ, ਰੋਹਤਕ, ਮਕਰੋੜ, ਖਨੌਰ, ਬਹਰ ਜੱਖ, ਕੈਥਲ, ਬਾਰਨਾ, ਥਾਨੇਸਰ, ਝੀਉਰਹੇੜੀ, ਬਨੀ, ਬਦਰਪੁਰ, ਕਰਨਾਲ, ਕੜਾ ਮਾਨਕਪੁਰ, ਗੜ੍ਹੀ ਨਜ਼ੀਰ, ਰਾਇਪੁਰ ਹੇੜੀ, ਤਰਾਉੜੀ, ਖੜਕਪੁਰਾ ਆਦਿ।
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਪ੍ਰਚਾਰ ਯਾਤਰਾ ਸਮੇਂ ਗੁਰੂ ਜੀ ਨੂੰ 8 ਨਵੰਬਰ, 1665 ਨੂੰ ਬੰਦੀ ਬਣਾ ਕੇ ਦਿੱਲੀ ਲਿਆਂਦਾ ਗਿਆ ਤਾਂ ਰਾਜਾ ਮਾਨ ਸਿੰਘ ਨੇ ਗੁਰੂ ਜੀ ਨੂੰ ਰਿਹਾਅ ਕਰਵਾ ਲਿਆ, ਜਿਸ ਪਿੱਛੋਂ ਗੁਰੂ ਜੀ ਰਾਜਾ ਮਾਨ ਸਿੰਘ ਦੀ ਹਵੇਲੀ ’ਵਿਚ ਹੀ ਬਿਰਾਜਮਾਨ ਹੋਏ ਤੇ ਕੁਝ ਦਿਨ ਇੱਥੇ ਰਹਿਣ ਪਿੱਛੋਂ ਆਪ ਜੀ ਮਥੁਰਾ, ਆਗਰਾ, ਇਟਾਵਾ, ਕਾਨਪੁਰ, ਲਖਨਊ, ਫਤਿਹਪੁਰ ਆਦਿ ਸ਼ਹਿਰਾਂ ’ਚੋਂ ਦੀ ਹੁੰਦੇ ਹੋਏ ਇਲਾਹਾਬਾਦ ਦਸੰਬਰ 1665 ’ਚ ਪਹੁੰਚ ਕੇ ਅਜੋਕੇ ਗੁਰਦੁਆਰਾ ਪੱਕੀ ਸੰਗਤ ਵਾਲੀ ਥਾਂ ’ਤੇ ਦਸੰਬਰ 1665 ਤੋਂ ਮਾਰਚ 1666 ਤੱਕ ਚਾਰ ਮਹੀਨੇ ਰਹੇ। ਇਲਾਹਾਬਾਦ ਦੇ ਪਿੱਛੋਂ ਮਿਰਜ਼ਾਪੁਰ ਹੁੰਦੇ ਹੋਏ ਬਨਾਰਸ ਪਹੁੰਚੇ, ਜਿੱਥੇ ਦੋ ਹਫ਼ਤੇ ਰਹੇ। ਬਨਾਰਸ ਤੋਂ ਸਾਸਾਰਾਮ ਤੇ ਬੋਧ ਗਯਾ ਹੁੰਦੇ ਹੋਏ ਮਈ 1666 ’ਚ ਪਟਨਾ ਪਹੁੰਚੇ। ਆਪ ਜੀ ਅਕਤੂਬਰ 1666 ’ਚ ਢਾਕੇ ਪਹੁੰਚੇ।
22 ਦਸੰਬਰ 1666 ਨੂੰ ਜਦ ਬਾਲ ਗੋਬਿੰਦ ਰਾਏ ਦਾ ਜਨਮ ਹੋਇਆ ਤਾਂ ਗੁਰੂ ਜੀ ਨੂੰ ਭਾਈ ਮਿਹਰ ਚੰਦ ਤੇ ਭਾਈ ਕਲਿਆਣ ਦਾਸ ਰਾਹੀਂ ਇਹ ਸੂਚਨਾ ਢਾਕੇ ਹੀ ਮਿਲੀ। ਪਟਨੇ ਤੋਂ ਢਾਕੇ ਆਪ ਮੁੰਘੇਰ, ਭਾਗਲਪੁਰ, ਕੋਲਗਾਂਵ, ਰਾਜ ਮਹਿਲ, ਸੰਤ ਨਗਰ, ਮਾਲਦਾ, ਰਾਜਧਾਨੀ ਤੇ ਪਬਨਾ ਆਦਿ ਹੁੰਦੇ ਹੋਏ ਪਹੁੰਚੇ। ਪ੍ਰਚਾਰ ਹਿੱਤ ਢਾਕਾ ਤੋਂ ਗੁਰੂ ਜੀ ਸਿਲਹਟ ਗਏ ਜਿੱਥੇ ਚੌਮਾਸਾ ਕੱਟਿਆ। ਇਸ ਪਿੱਛੋਂ ਆਪ ਜੀ ਚਿੱਟਾਗਾਓਂ ਪਹੁੰਚੇ ਜਿੱਥੇ 1667 ਦੇ ਅਖੀਰ ਤੱਕ ਠਹਿਰੇ। ਸੰਨ 1668 ਦੀ ਜਨਵਰੀ ਨੂੰ ਆਪ ਜੀ ਫਿਰ ਢਾਕਾ ਪਰਤੇ ਜਿੱਥੇ ਟਿਕ ਕੇ ਨਾਮ ਪ੍ਰਚਾਰ ਕੀਤਾ।
ਢਾਕਾ ਤੋਂ ਦਸੰਬਰ 1668 ’ਚ ਰਾਜਾ ਰਾਮ ਸਿੰਘ ਨਾਲ ਆਸਾਮ ਗਏ ਤੇ ਫਰਵਰੀ 1669 ਨੂੰ ਢੁੱਬਰੀ ਪਹੁੰਚੇ। ਰਾਜਾ ਚਕਰਧਵਜ ਸਿੰਘ ਦੇ ਸੱਦੇ ’ਤੇ ਗੁਰੂ ਜੀ ਗੋਹਾਟੀ ਹਜੋ ਤੇ ਤੇਜ਼ਪੁਰ ਗਏ। ਗੁਰੂ ਜੀ ਅਜੇ ਆਸਾਮ ’ਚ ਹੀ ਸਨ ਜਦ 9 ਅਪ੍ਰੈਲ 1669 ਨੂੰ ਔਰੰਗਜ਼ੇਬ ਦਾ ਫੁਰਮਾਨ ਜਾਰੀ ਹੋਇਆ ਕਿ ਗ਼ੈਰ- ਮੁਸਲਮਾਨਾਂ ਦੇ ਮੰਦਰ ਢਾਹ ਦਿੱਤੇ ਜਾਣ। ਗੁਰੂ ਜੀ ਵਾਪਸ ਪਰਤੇ ਤੇ ਢਾਕੇ ਕਲਕੱਤੇ, ਮਿਦਨਾਪੁਰ, ਬਾਲੇਸ਼ਵਰ, ਰੂਪਸਾ, ਕਟਕ, ਭੁਵਨੇਸ਼ਵਰ, ਜਗਨਨਾਥ ਪੁਰੀ, ਵਿਸ਼ਨੂੰਪੁਰ, ਬਾਂਕੁਰਾ, ਗੋਮੋਹ ਤੋਂ ਗਯਾ ਰਾਹੀਂ ਦੁਬਾਰਾ ਪਟਨਾ ਪਹੁੰਚੇ। ਪਰਿਵਾਰ ਨੂੰ ਪੰਜਾਬ ਪਰਤਣ ਲਈ ਆਖ ਆਪ ਜੀ ਗੰਗਾ ਦੇ ਉੱਤਰੀ ਕੰਢੇ ਵੱਲੋਂ ਜੌਨਪੁਰ, ਅਯੁੱਧਿਆ, ਲਖਨਊ, ਸ਼ਾਹਜਾਨਪੁਰ, ਮੁਰਾਦਾਬਾਦ ਹੁੰਦੇ ਹੋਏ ਸੰਨ 1670 ਈਸਵੀ ਨੂੰ ਦਿੱਲੀ ਪਹੁੰਚੇ। ਇੱਥੋਂ ਆਪ ਜੀ ਕੜਾਮਾਨਕਪੁਰ, ਸਢੋਲ, ਬਾਨਿਕਪੁਰ, ਰੋਹਤਕ, ਤਰਾਵੜੀ, ਬਣੀ ਬਦਰਪੁਰ, ਮੁਨੀਰਪੁਰ, ਅਜਰਾਣਾ ਕਲਾਂ, ਰਾਇਪੁਰ ਹੋੜੀ, ਝੀਉਰਹੇੜੀ, ਰੋਹੜਾ, ਥਾਨ ਤੀਰਥ, ਡੱਢੀ, ਬੁੱਧਪੁਰ, ਸਿਆਣਾ ਸਯਦਾਂ, ਥਾਨੇਸਰ, ਕੁਰੂਕਸ਼ੇਤਰ, ਬਰਨਾ, ਸਰਸਵਤੀ, ਕੈਥਲ, ਪਹੋਆ, ਕਰਾ ਸਾਹਿਬ, ਚੀਕਾ, ਭਾਗਲ, ਗੂਹਲਾ, ਗੜ੍ਹੀ ਨਜ਼ੀਰ, ਸਮਾਣਾ ਆਦਿ ਹੁੰਦੇ ਹੋਏ ਸੈਫ਼ਾਬਾਦ ਰਾਹੀਂ ਵਾਪਸ ਅਨੰਦਪੁਰ ਸਾਹਿਬ ਮਾਰਚ 1671 ’ਚ ਪਹੁੰਚੇ।
ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸਭ ਤੋਂ ਵਧੇਰੇ ਪ੍ਰਚਾਰ ਯਾਤਰਾਵਾਂ ਦੇਖਣ ਨੂੰ ਮਿਲਦੀਆਂ ਹਨ ਜਿਹੜੀਆਂ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਬਿਹਾਰ, ਬੰਗਾਲ, ਆਸਾਮ ਅਤੇ ਬੰਗਲਾਦੇਸ਼ ਤੱਕ ਫੈਲੀਆਂ ਹੋਈਆਂ ਹਨ। ਇਨ੍ਹਾਂ ਅਸਥਾਨਾਂ ’ਤੇ ਗੁਰੂ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਮੌਜੂਦ ਹਨ ਜਿਹੜੇ ਉਨ੍ਹਾਂ ਦੀ ਦੈਵੀ ਹਸਤੀ ਤੇ ਪਰਉਪਕਾਰ ਦੀ ਭਾਵਨਾ ਦਾ ਪ੍ਰਗਟਾਵਾ ਕਰਦੇ ਹਨ।
ਗੁਰੂ ਜੀ ਦੀਆਂ ਇਨ੍ਹਾਂ ਯਾਤਰਾਵਾਂ ਦਾ ਮਨੋਰਥ ਮਨੁੱਖਤਾ ਨੂੰ ਪ੍ਰਭੂ-ਮੁਖੀ ਤੇ ਸਦਾਚਾਰੀ ਜੀਵਨਜਾਚ ਵੱਲ ਪ੍ਰੇਰਿਤ ਕਰਨਾ ਸੀ ਪਰ ਇਸ ਦੇ ਨਾਲ ਹੀ ਗੁਰੂ ਜੀ ਆਮ ਲੋਕਾਂ ਦੇ ਰੋਜ਼ਾਨਾ ਜੀਵਨ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਦਾ ਵੀ ਹੱਲ ਕਰਦੇ ਨਜ਼ਰ ਆਉਂਦੇ ਹਨ ਜਿਵੇਂ ਗੁਰੂ ਜੀ ਦੀਆਂ ਪ੍ਰਚਾਰ ਯਾਤਰਾਵਾਂ ਤੋਂ ਪਤਾ ਲੱਗਦਾ ਹੈ ਕਿ ਗੁਰੂ ਜੀ ਛੱਪੜ ਸਾਫ਼ ਕਰਵਾਉਣ ਤੇ ਖੂਹ ਲਵਾਉਣ ਵਿਚ ਵਿਸ਼ੇਸ਼ ਰੁਚੀ ਲੈਂਦੇ ਸਨ। ਪਾਣੀ ਦੀ ਪੂਰਤੀ ਲਈ ਖੂਹ ਲਗਵਾਉਣਾ ਵੱਡਾ ਕੰਮ ਸੀ। ਆਮ ਲੋਕਾਂ ਲਈ ਪਾਣੀ ਦੀ ਪੂਰਤੀ ਇਨ੍ਹਾਂ ਖੂਹਾਂ ਤੋਂ ਹੀ ਹੁੰਦੀ ਸੀ। ਇਸ ਲਈ ਜਿਹੜੇ ਪਿੰਡ ’ਚ ਜਿਹੜਾ ਵੀ ਵਿਅਕਤੀ ਖੂਹ ਲਗਵਾਉਣ ਦੀ ਇੱਛਾ ਰੱਖਦਾ ਸੀ, ਗੁਰੂ ਜੀ ਉਸ ਨੂੰ ਉਤਸ਼ਾਹ ਤੇ ਪ੍ਰੇਰਨਾ ਬਖ਼ਸ਼ਦੇ ਸਨ। ਨਵੇਂ ਖੂਹ ਲਗਵਾਉਣ ਦੇ ਨਾਲ-ਨਾਲ ਪੁਰਾਤਨ ਖੂਹਾਂ ਦੇ ਪਾਣੀ ਨੂੰ ਵਰਤੋਂ ਯੋਗ ਬਣਾਉਣ ਵਿਚ ਗੁਰੂ ਜੀ ਦਾ ਵਿਸ਼ੇਸ਼ ਯੋਗਦਾਨ ਸੀ।
ਗੁਰੂ ਜੀ ਦੀਆਂ ਜੀਵਨ ਯਾਤਰਾਵਾਂ ’ਚੋਂ ਮਾਫ਼ ਕਰਨ ਦਾ ਗੁਣ ਬਹੁਤ ਉੱਭਰ ਕੇ ਸਾਹਮਣੇ ਆਉਂਦਾ ਹੈ। ਜਦੋਂ ਕਿਸੇ ਪਿੰਡ ’ਚ ਗੁਰੂ ਜੀ ਦਾ ਸਤਿਕਾਰ ਨਾ ਹੁੰਦਾ ਜਾਂ ਹਉਮੈ ਵੱਸ ਕੋਈ ਨਿਰਾਦਰ ਕਰ ਦਿੰਦਾ ਤਾਂ ਉਹ ਕਿਸੇ ਨੂੰ ਕੁਝ ਕਹੇ ਬਗ਼ੈਰ ਅੱਗੇ ਚਲੇ ਜਾਂਦੇ। ਜਦੋਂ ਪਿੰਡ ਵਾਸੀਆਂ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੁੰਦਾ ਹੈ ਤਾਂ ਉਹ ਗੁਰੂ ਜੀ ਤੋਂ ਮਾਫ਼ੀ ਮੰਗਣ ਲਈ ਉਨ੍ਹਾਂ ਦੇ ਪਿਛੇ ਅਗਲੇ ਪਿੰਡ ਚਲੇ ਜਾਂਦੇ। ਪਿੰਡ ਵਾਸੀਆਂ ਨੂੰ ਉਨ੍ਹਾਂ ਦੀ ਗ਼ਲਤੀ ਦਾ ਅਹਿਸਾਸ ਹੋਇਆ ਦੇਖ ਕੇ ਗੁਰੂ ਜੀ ਉਨ੍ਹਾਂ ਨੂੰ ਮਾਫ਼ ਕਰ ਦਿੰਦੇ।
ਗੁਰੂ ਨੇ ਆਪਣੀਆਂ ਪ੍ਰਚਾਰ ਯਾਤਰਾਵਾਂ ਦੌਰਾਨ ਸ਼ਾਂਤੀ, ਸਾਂਝ, ਸਦਭਾਵਨਾ, ਸੇਵਾ ਅਤੇ ਸਰਬੱਤ ਦੇ ਭਲੇ ਵਾਲਾ ਸੰਦੇਸ਼ ਦਿੱਤਾ। ਗੁਰੂ ਜੀ ਨੇ ਮਨੁੱਖ ਦੇ ਬਣਾਏ ਧਰਮ ਤੋਂ ਉੱਪਰ ਉੱਠ ਕੇ ਸਰਬ-ਸਾਂਝੇ ਧਰਮ ਅਰਥਾਤ ਮਾਨਵਤਾ, ਅਹਿੰਸਾ, ਦਇਆ, ਅਮਨ ਅਤੇ ਅਖੰਡਤਾ ਦੇ ਰਸਤੇ ਉੱਪਰ ਤੁਰਨ ਦਾ ਸੰਦੇਸ਼ ਦਿੱਤਾ।
ਗੁਰੂ ਜੀ ਅਨੰਦਪੁਰ ਸਾਹਿਬ ਤੋਂ ਕੀਰਤਪੁਰ, ਭਰਤਪੁਰ, ਘਨੌਲੀ, ਰੋਪੜ, ਭੱਠਾ ਸਾਹਿਬ, ਮੋਰਿੰਡਾ, ਟਹਿਲਪੁਰਾ, ਸਰਹਿੰਦ, ਹਰਪਾਲਪੁਰ, ਆਕੜ, ਨਥਾਣਾ, ਮਕਾਰੋਂਪੁਰ, ਅਨੰਦਪੁਰ, ਉਗਾਣੀ, ਧਰਮਗੜ੍ਹ, ਮੰਗਵਾਲ, ਉਡਨੀ, ਮਨੀਮਾਜਰਾ, ਹਸਨਪੁਰ, ਲੰਘ, ਭਗੜਾਣਾ, ਨੌਲਖਾ, ਸੈਫ਼ਾਬਾਦ, ਧਰਮਗੜ੍ਹ, ਨਰੜੂ, ਮੋਤੀਬਾਗ਼ ਪਟਿਆਲਾ, ਸੀਂਭੜੋਂ, ਅਗੋਲ, ਰੋਹਟਾ, ਰਾਮਗੜ੍ਹ, ਗੁਣੀਕੇ, ਦੋਦੜਾ, ਆਲੋਹਰਖ, ਭਵਾਨੀਗੜ੍ਹ, ਢੋਡੇ, ਫਗੂਵਾਲਾ, ਨਾਗਰਾ, ਕਰਹਾਲੀ, ਦਿੜ੍ਹਬਾ, ਘਨੌੜ ਜੱਟਾਂ, ਬਾਉੜ ਹਾਈ, ਰਾਜੋਮਾਜਰਾ, ਮੂਲੋਵਾਲ, ਸੇਖਾ, ਕਟੂ, ਫਰਵਾਹੀ, ਹੰਢਿਆਇਆ, ਗੁਰੂਸਰ, ਧੌਲਾ, ਜੋਗਾ ਅਲੀਸ਼ੇਰ, ਜੋਧੇਕੋ, ਭੰਦੇਰ, ਭੋਪਾਲੀ, ਮੌੜ ਕਲਾਂ, ਭੈਣੀ ਬਾਘੇ ਕੀ, ਘੁੰਮਣ ਸਾਬੋ ਕੇ ਮੌੜ, ਡਿੱਖ, ਕੁੱਬੇ, ਟਾਹਲਾ ਸਾਹਿਬ, ਕੋਟ ਗੁਰੂ, ਬਾਜਲ, ਜੱਸੀ, ਤਲਵੰਡੀ ਸਾਬੋ ਕੀ, ਮਾਈਸਰਖਾਨਾ, , ਬਠਿੰਡਾ, ਖੀਵਾ ਕਲਾਂ, ਸਮਾਓਂ, ਭੀਖੀ, ਦਲੇਓ, ਕਣਕਵਾਲ ਕਲਾਂ, ਕੋਟ ਧਰਮੂ, ਸੂਲੀਸਰ, ਬਰਾ ਬਛੋਆਣਾ, ਗੋਬਿੰਦਗੜ੍ਹ, ਗੰਢੂ, ਗਾਗ ਮੂਣਕ, ਗੁਰਨੇ ਕਲਾਂ, ਲੱਲ੍ਹ ਕਲਾਂ, ਸ਼ਾਹਪੁਰ ਤੋਂ ਹੁੰਦੇ ਹੋਏ ਧਮਤਾਣ ਜਿੱਥੇ ਆਪ ਜੀ ਨੂੰ ਕੈਦ ਕੀਤਾ ਗਿਆ।
ਡਾ. ਆਤਮਾ ਸਿੰਘ ਗਿੱਲ
Comments (0)