ਖ਼ਾਲਸੇ ਦੀ ਵਿਲੱਖਣ ਹੋਂਦ ਹਸਤੀ ਦੇ ਪ੍ਰਤੀਕ ਸਿੱਖ ਅਦਾਰਿਆਂ ਦੀ ਚੜ੍ਹਦੀ ਕਲਾ ਲਈ ਯਤਨਸ਼ੀਲ ਹੋਣ ਦੀ ਲੋੜ

ਖ਼ਾਲਸੇ ਦੀ ਵਿਲੱਖਣ ਹੋਂਦ ਹਸਤੀ ਦੇ ਪ੍ਰਤੀਕ ਸਿੱਖ ਅਦਾਰਿਆਂ ਦੀ ਚੜ੍ਹਦੀ ਕਲਾ ਲਈ ਯਤਨਸ਼ੀਲ ਹੋਣ ਦੀ ਲੋੜ

ਅਕਾਲੀ ਫੂਲਾ ਸਿੰਘ ਵਰਗੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ

ਅੱਜ ਸਿੱਖ ਜਿੱਥੇ ਨਿੱਜੀ ਤੌਰ 'ਤੇ ਜੀਵਨ ਦੇ ਹਰ ਖੇਤਰ ਵਿੱਚ ਸਫ਼ਲਤਾ ਨਾਲ ਅੱਗੇ ਵਧ ਰਹੇ ਹਨ, ੳੱਥੇ ਪਰਿਵਾਰਵਾਦ ਦੀ ਭੇਟ ਚੜ੍ਹ ਰਹੀਆਂ ਰਾਜਨੀਤਕ ਪਾਰਟੀਆਂ ਵਾਂਗ ਸਿੱਖ ਸੰਸਥਾਵਾਂ ਵੀ ਨਿੱਤ ਨਵੇਂ ਨਿਘਾਰ ਛੂਹ ਰਹੀਆਂ ਹਨ ਅਤੇ ਨਿਵਾਣ ਵੱਲ ਜਾ ਰਹੀਆਂ ਹਨ। ਪਹਿਲਾਂ ਸਿੱਖਾਂ ਦੀ ਪਛਾਣ ਕੇਵਲ ਸਫ਼ਲ ਕਿਸਾਨ ਕਰਕੇ ਹੀ ਸੀ। ਨੌਕਰੀਆਂ ਵਿੱਚ ਵਧੇਰੇ ਕਰਕੇ ਫ਼ੌਜ ਵਿੱਚ ਸਨ। ਵਪਾਰਕ ਖੇਤਰ ਵਿੱਚ ਸਿੱਖਾਂ ਦੀ ਟਰਾਂਸਪੋਰਟ ਦੇ ਖੇਤਰ ਵਿੱਚ ਮੁਹਾਰਤ ਸਮਝੀ ਜਾਂਦੀ ਸੀ ਜਾਂ ਛੋਟੀ ਸਨਅਤ ਵਿੱਚ ਸਫ਼ਲ ਮੰਨੇ ਜਾਂਦੇ ਸਨ। ਅੱਜ ਸਿੱਖ ਇਕੱਲੇ ਪੰਜਾਬ ਜਾਂ ਦੇਸ਼ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਸਫ਼ਲ ਵਿਗਿਆਨਕ, ਖੇਤੀ ਮਾਹਿਰ, ਤਕਨੀਕੀ, ਡਾਕਟਰੀ, ਵਪਾਰਕ ਤੇ ਸਨਅਤੀ ਖੇਤਰ ਵਿੱਚ ਵੀ ਵਿਸ਼ੇਸ਼ ਸਥਾਨ ਹਾਸਲ ਕਰਨ ਵਿੱਚ ਸਫ਼ਲ ਰਹੇ ਹਨ।ਸਿੱਖ ਹੁਣ ਪੰਜਾਬ ਜਾਂ ਭਾਰਤ ਤਕ ਹੀ ਸੀਮਤ ਨਹੀਂ ਬਲਕਿ ਦੁਨੀਆਂ ਦੇ ਹਰ ਕੋਨੇ ਵਿੱਚ ਉਨ੍ਹਾਂ ਦਾ ਵਾਸਾ ਹੈ  ਭਾਵੇਂ ਕਿ ਸਿੱਖਾਂ ਦੀ ਵਸੋਂ ਦੇਸ਼ ਵਿਦੇਸ਼ ਵਿੱਚ ਕਿਧਰੇ ਵੀ ਅਬਾਦੀ ਦੇ ਦੋ ਢਾਈ  ਫ਼ੀਸਦੀ ਤੋਂ ਵਧੇਰੇ ਨਹੀਂ ਪਰ ਜਿਸ ਦੇਸ਼ ਵਿੱਚ ਵੀ ਸਿੱਖ ਗਏ ਉਥੋਂ ਦੀ ਆਰਥਿਕਤਾ ਵਿੱਚ ਵੱਡਾ ਯੋਗਦਾਨ ਪਾਇਆ।ਕੌਮੀ ਤੌਰ 'ਤੇ ਸਿੱਖ ਜਿੱਥੇ ਵੀ ਗਏ, ਉਥੇ ਆਪਣੀਆਂ   ਸੰਸਥਾਵਾਂ ਵੀ ਬਣਾਈਆਂ, ਵਿਸ਼ੇਸ਼ ਕਰਕੇ ਸੁੰਦਰ ਤੇ ਪ੍ਰਭਾਵਸ਼ਾਲੀ ਗੁਰਦੁਆਰੇ, ਜਿੰਨਾਂ ਦੇ ਉੱਚੇ ਗੁੰਬਦ ਅਤੇ ਲਹਿਰਾਉਂਦੇ ਨਿਸ਼ਾਨ ਸਾਹਿਬ, ਸਿੱਖ ਕੌਮ ਦੀ ਸ਼ਾਨ ਹਨ। ਇਹ ਵੀ ਕੌੜਾ ਸੱਚ ਹੈ ਕਿ ਸਿੱਖਾਂ ਦੇ ਹਰ ਕੌਮੀ ਅਦਾਰੇ ਤੇ ਵਿਦਿਅਕ ਸੰਸਥਾ ਵਿੱਚ ਖਹਿਬਾਜ਼ੀ ਤੇ   ਲੜਾਈ ਹੈ। ਭਾਵੇਂ ਗੁਰੂ ਸਾਹਿਬ ਵਲੋਂ ਇਹ ਮਰਿਆਦਾ ਬੰਨ੍ਹ ਦਿੱਤੀ  ਗਈ ਸੀ ਕਿ ਸਿੱਖ ਹਰ ਲੜਾਈ ਝਗੜੇ ਦਾ ਹੱਲ ਮਿਲ ਬੈਠ ਕੇ  ਗੁਰਬਾਣੀ ਦੀ ਰੋਸ਼ਨੀ ਵਿੱਚ ਸੰਗਤੀ ਰੂਪ ਵਿੱਚ ਕਰੇਗਾ ਪਰ ਗੁਰਦੁਆਰੇ ਤੇ ਇੱਟਾਂ ਨਾਲ ਸਬੰਧਤ ਅਦਾਰਿਆਂ 'ਤੇ ਚੌਧਰ ਕਾਇਮ ਰੱਖਣ ਦੀ ਲਾਲਸਾ ਇਸ ਹੱਦ ਤਕ ਵਧ ਚੁਕੀ ਹੈ ਕਿ ਇਹ ਕਾਟੋ ਕਲੇਸ਼ ਨਿੱਤ ਦਿਨ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਦਾ ਹੈ ਅਤੇ ਅਦਾਲਤਾਂ ਦੇ ਚੱਕਰਾਂ ਵਿੱਚ   ਉਲਝਿਆ ਹੋਇਆ ਹੈ।  ਸਿੱਖ ਧਰਮ ਨਿੱਜੀ ਧਰਮ ਨਹੀਂ ਬਲਕਿ ਸੰਗਤੀ ਧਰਮ ਹੈ ਜਿਸ ਦੀ ਬੁਨਿਆਦ ਸ਼ਬਦ (ਸਿਧਾਂਤਕ  ਵਿਚਾਰ) ਅਤੇ ਸੰਗਤ (ਲੋਕ ਸ਼ਕਤੀ ) ਦਾ ਸੁਮੇਲ ਹੈ। ਗੁਰੂ ਨਾਨਕ ਸਾਹਿਬ ਨੇ ਹੀ ਇਸ ਦਾ ਆਗਾਜ਼ ਕੀਤਾ ਤੇ ਆਪਣੀਆਂ ਚਾਰ ਉਦਾਸੀਆਂ (ਯਾਤਰਾਵਾਂ) ਦਾ ਮਕਸਦ ਸਪਸ਼ਟ ਕਰਦਿਆਂ ਫ਼ੁਰਮਾਇਆ, 'ਗੁਰਮੁਖਿ ਖੋਜਤ ਭਏ ਉਦਾਸੀ' ਸੰਗਤ ਇੱਕ ਭੀੜ ਨਹੀਂ ਬਲਕਿ ਇੱਕ ਆਦਰਸ਼ ਨੂੰ ਪਰਣਾਈ ਹੋਈ ਜਥੇਬੰਦੀ ਹੈ। ਦੁਨੀਆਂ ਦੀ ਬੇ-ਮਕਸਦ ਭੀੜ ਬਾਰੇ ਪਾਤਸ਼ਾਹ ਨੇ ਫ਼ਰਮਾਇਆ ਹੈ, 'ਅੰਧੀ ਰਯਿਤ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ' ਧਰਮ ਸਥਾਨਾਂ ਅਤੇ ਤੀਰਥਾਂ ਦੀ ਦੁਰਦਸ਼ਾ ਹੁੰਦੀ ਦੇਖ ਗੁਰੂ ਜੀ ਨੇ ਕਿਹਾ ਕਿ ਮਨੁੱਖੀ ਸਮਾਜ ਵਿੱਚ ਗਿਰਾਵਟ ਅਤੇ ਅਧੋਗਤੀ ਦਾ ਸਭ ਤੋਂ ਵੱਡਾ ਕਾਰਨ ਹੀ ਇਹੀ ਹੈ ਕਿ ਪੂਜਾ ਦੇ ਸਥਾਨ 'ਤੇ ਉਨ੍ਹਾਂ ਦੇ ਪ੍ਰਬੰਧਕ ਆਚਰਣ  ਸਬੰਧੀ ਗਿਰਾਵਟ ਦਾ ਸ਼ਿਕਾਰ ਹੋ ਜਾਣ ,'ਥਾਨਿਸਟ ਜਗਤ ਭ੍ਰਿਸਟ ਹੋਆ ਡੂਬਤਾ ਇਵ ਜਗ'। ਗੁਰਦੁਆਰਾ ਸਾਹਿਬ ਦਾ ਪਹਿਲਾ ਨਾਂ ਧਰਮਸ਼ਾਲਾ ਸੀ। ਗੁਰੂ ਪਾਤਸ਼ਾਹ ਜਿੱਥੇ ਵੀ ਗਏ, ਸੰਗਤਾਂ ਤੇ ਧਰਮਸ਼ਾਲਾਂ ਕਾਇਮ ਹੋਈਆਂ।ਇਹ ਧਰਮਸ਼ਾਲ ਹੀ ਬਾਅਦ ਵਿੱਚ ਗੁਰਦੁਆਰੇ ਦੇ ਰੂਪ ਵਿੱਚ ਸਾਹਮਣੇ ਆਈ। ਗੁਰਦੁਆਰੇ ਨੂੰ ਪਰਿਭਾਸ਼ਤ ਕਰਦਿਆਂ ਮਹਾਨ ਕੋਸ਼ ਦੇ ਰਚੇਤਾ ਭਾਈ ਕਾਹਨ ਸਿੰਘ ਨਾਭਾ ਲਿਖਦੇ ਹਨ ਕਿ ਗੁਰੂ ਘਰ ਕਿਸੇ ਇੱਕ ਵਿਅਕਤੀ, ਸੰਸਥਾ, ਅਹੁਦੇਦਾਰ ਜਾਂ ਪ੍ਰਧਾਨ ਦੀ ਨਿੱਜੀ ਜਾਇਦਾਦ ਨਹੀਂ, ਇਸ ਉਪਰ ਝੁਲ ਰਹੇ ਨਿਸ਼ਾਨ ਇਸ ਗੱਲ ਦਾ ਸਬੂਤ ਹਨ ਕਿ ਇਹ ਸਮੂਹਿਕ ਤੌਰ 'ਤੇ ਸਿੱਖ ਸੰਗਤ ਦਾ ਹੈ।ਗੁਰਦੁਆਰੇ ਦੇ ਮੁਢਲੇ ਅਸੂਲਾਂ ਦੀ ਜਿੰਨੀ ਅਣਦੇਖੀ ਅੱਜ ਹੋ ਰਹੀ ਹੈ, ਸ਼ਾਇਦ ਪਹਿਲਾਂ ਕਦੇ ਨਾ ਹੋਈ ਹੋਵੇ। ਸ਼ੁਰੂਆਤੀ ਦੌਰ ਵਿੱਚ ਸਿੱਖ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਨ ਦਾ ਕੰਮ ਮਸੰਦ ਕਰਦੇ ਸਨ ਪਰ ਜਿਉਂ ਹੀ ਇਹ ਭ੍ਰਿਸ਼ਟ ਹੋਏ ਤਾਂ ਇਨ੍ਹਾਂ ਨੂੰ ਸਖ਼ਤ ਸਜ਼ਾਵਾਂ ਵੀ ਦਸਮ ਪਾਤਸ਼ਾਹ ਨੇ ਆਪ ਦਿੱਤੀਆਂ।  ਦਸਮ ਪਿਤਾ ਦੀ ਜੀਵਨ ਹਯਾਤੀ ਉਪਰੰਤ ਜਦੋਂ ਮਾਤਾ ਸੁੰਦਰੀ ਜੀ ਨੇ ਭਾਈ ਮਨੀ ਸਿੰਘ ਨੂੰ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਹਿੱਤ ਭੇਜਿਆ ਤਾਂ ਉਨ੍ਹਾਂ ਖ਼ੁਦ ਨੂੰ ਬਾਬਾ ਜਾਂ ਸੰਤ ਨਹੀਂ ਕਹਾਇਆ। ਕਿਸੇ ਗੁਰਦੁਆਰੇ ਨੂੰ ਨਿੱਜੀ ਡੇਰਾ ਨਹੀਂ ਬਣਾਇਆ ਅਤੇ ਨਾ ਹੀ ਨਿੱਜੀ ਹਿੱਤਾਂ ਲਈ ਗੁਰੂ ਦੀ ਗੋਲਕ ਦੀ ਵਰਤੋਂ ਕੀਤੀ ਸਗੋਂ ਮੁਗਲਾਂ ਵੱਲੋਂ ਕੀਤਾ ਜੁਰਮਾਨਾ ਗੁਰੂ ਦੀ ਗੋਲਕ ਵਿੱਚੋਂ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਬੰਦ-ਬੰਦ ਕਟਵਾ ਕੇ ਸ਼ਹਾਦਤ ਦੇਣੀ ਪ੍ਰਵਾਨ ਕਰ ਲਈ।ਮਿਸਲਾਂ ਦੇ ਸਮੇਂ ਵੀ ਬੁਢਾ ਦਲ ਅਤੇ ਤਰੁਣਾ ਦਲ ਗੁਰਧਾਮਾਂ ਦੇ ਪ੍ਰਬੰਧਕ ਥਾਪੇ ਜਾਂਦੇ ਰਹੇ ਪਰ ਇੱਥੇ ਵੀ ਸਿੱਖ ਜਥੇਦਾਰੀਆਂ, ਸਰਦਾਰੀਆਂ ਤੇ ਨਵਾਬੀਆਂ ਠੁਕਰਾ ਕੇ ਨਿਰਮਾਣ ਹੋ ਕੇ ਗੁਰੂ ਪੰਥ ਅਤੇ ਗੁਰਧਾਮਾਂ ਦੀ ਸੇਵਾ ਕਰਦੇ ਰਹੇ।ਕਈ ਬਿਰਤਾਂਤ ਮਿਲਦੇ ਹਨ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਨਿਭਾਅ ਰਹੇ ਕੁਝ ਗ੍ਰੰਥੀ ਸਾਹਿਬ ਅਤੇ ਗੁਰੂ ਕੇ ਕੀਰਤਨੀਆਂ ਨੂੰ ਜਦੋਂ ਮਹਾਰਾਜਾ ਰਣਜੀਤ ਸਿੰਘ ਆਰਥਿਕ ਸਹਾਇਤਾ ਦੇਣ ਹਿੱਤ ਪੁੱਜੇ ਤਾਂ ਜਵਾਬ ਮਿਲਿਆ, 'ਅਸੀਂ ਗੁਰੂ ਰਾਮਦਾਸ ਦੇ ਚਾਕਰ ਹਾਂ, ਤੂੰ ਵੀ ਉਸ ਦੇ ਦਰ ਦਾ ਮੰਗਤਾ ਹੈਂ, ਅਸੀਂ ਕਿਸੇ ਰਾਜੇ ਮਹਾਰਾਜੇ ਪਾਸੋਂ ਕੁਝ ਨਹੀਂ ਲੈ ਸਕਦੇ'।ਅੰਮ੍ਰਿਤਸਰ ਸਥਿਤ ਸੰਤ ਸਿੰਘ ਸੁਖਾ ਸਿੰਘ ਵਿਦਿਅਕ ਸੰਸਥਾਵਾਂ ਸਮੂਹ ਦੇ ਬਾਨੀ ਭਾਈ ਸੰਤ ਸਿੰਘ ਵੀ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਨ।ਉਨ੍ਹਾਂ ਆਪਣੀ ਸਾਰੀ ਕਮਾਈ ਸਕੂਲ ਦੇ ਨਾਂ ਲਗਾ ਦਿੱਤੀ ਤਾਂ ਜੋ ਸਿੱਖ ਬੱਚੇ ਪੜ੍ਹਾਈ ਕਰ ਸਕਣ।           

ਅਕਾਲੀ ਫੂਲਾ ਸਿੰਘ ਵਰਗੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕਿਸੇ ਬਾਦਸ਼ਾਹ ਦੇ ਅਧੀਨ ਨਾ ਹੋ ਕੇ ਖ਼ੁਦ ਨੂੰ ਅਕਾਲ ਪੁਰਖ ਵਾਹਿਗੁਰੂ ਅਤੇ ਕਲਗੀਧਰ ਪਾਤਸ਼ਾਹ ਦੇ ਅਧੀਨ ਮੰਨਦੇ ਸਨ।ਅੱਜ ਸਾਡੀਆਂ ਕੌਮੀ ਸੰਸਥਾਵਾਂ ਵਿੱਚ ਸੇਵਾ ਕਰ ਰਹੇ ਸੇਵਾਦਾਰਾਂ ਨੂੰ ਸੇਵਾ ਸ਼ਬਦ ਦਾ ਅਰਥ ਹੀ ਨਹੀਂ ਪਤਾ। ਆਚਰਣ ਤਾਂ ਇੱਕ ਪਾਸੇ ਸੰਗਤਾਂ ਨਾਲ ਨਿਮਰਤਾ ਸਹਿਤ ਪੇਸ਼ ਆਉਣਾ ਵੀ ਭੁਲ ਗਏ ਹਨ। ਪ੍ਰਬੰਧਕ ਖ਼ੁਦ ਨੂੰ ਗੁਰਦੁਆਰੇ ਦਾ ਮਾਲਕ ਸਮਝਦੇ ਹਨ, ਬੰਦੇ ਦੇ ਬੰਦੇ ਤਾਂ ਹਨ ਪਰ ਗੁਰੂ ਦੇ ਬੰਦੇ ਨਹੀਂ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਅਤੇ ਰਾਜਭਾਗ ਖ਼ਤਮ ਹੋ ਜਾਣ ਉਪਰੰਤ, ਸਿੱਖ ਧਰਮ ਵਿੱਚ ਘੁਸਪੈਠ ਕਰ ਚੁੱਕੀਆਂ ਬ੍ਰਾਹਮਣੀ ਰਹੁ ਰੀਤਾਂ ਤੇ ਸਮਾਜਿਕ ਕੁਰੀਤੀਆਂ ਨੂੰ ਖ਼ਤਮ ਕਰਨ ਲਈ ਸਿੰਘ ਸਭਾ ਲਹਿਰ ਸ਼ੁਰੂ ਹੋਈ ਜਿਸ ਵਿੱਚੋਂ ਚੀਫ਼ ਖ਼ਾਲਸਾ ਦੀਵਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਵਰਗੀਆਂ ਨਾਮਵਰ ਤੇ ਸਿੱਖੀ ਸਿਧਾਂਤਾਂ ਨੂੰ ਪ੍ਰਣਾਈਆਂ ਹੋਈਆਂ ਸੰਸਥਾਵਾਂ ਦਾ ਜਨਮ ਹੋਇਆ।ਇੱਕ ਰਹਿਤ ਮਰਿਆਦਾ ਬਣੀ। ਸਿੱਖੀ ਦਾ ਪ੍ਰਚਾਰ ਤੇ ਪਾਸਾਰ ਕਰਨਾ, ਇਨ੍ਹਾਂ ਸੰਸਥਾਵਾਂ ਦਾ ਮੁਖ ਮਕਸਦ ਸੀ। ਜਾਤ ਪਾਤ ਤੇ ਇਲਾਕਿਆਂ ਦੇ ਨਾਂ 'ਤੇ ਗੁਰਦੁਆਰੇ ਬਣ ਚੁਕੇ ਹਨ। ਸਿੰਘਾਪੁਰ, ਮਲੇਸ਼ੀਆ ਚਲੇ ਜਾਉ ਤਾਂ ਗੁਰਦੁਆਰਿਆਂ ਦੇ ਨਾਂ ਮਾਲਵਾ ਦੀਵਾਨ, ਮਾਝਾ ਦੀਵਾਨ, ਦੋਆਬਾ ਦੀਵਾਨ ਹਨ। ਰਾਮਗੜੀਆਂ, ਰਵੀਦਾਸੀਆਂ, ਅਰੋੜਿਆਂ, ਲੁਬਾਣਿਆਂ ਭਾਵ ਹਰ ਜਾਤ ਗੋਤ ਦੇ ਨਾਂ ਦੇ ਗੁਰਦੁਆਰੇ ਹਰ ਦੇਸ਼ ਵਿੱਚ ਮਿਲ ਜਾਂਦੇ ਹਨ।ਜਾਤ ਪਾਤ ਤੇ ਇਲਾਕਾਵਾਦ ਵਿੱਚ ਯਕੀਨ ਰੱਖਣਾ ਤੇ ਅਮਲ ਕਰਨਾ ਸਿੱਖੀ ਅਸੂਲਾਂ ਦੇ ਉਲਟ ਹੈ ਅਤੇ ਜਿਸ ਗੁਰਦੁਆਰੇ ਦਾ ਨਾਂ ਹੀ ਜਾਤ ਦੇ ਨਾਂ 'ਤੇ ਹੋਵੇ ਉਥੋਂ ਗੁਰਮਤਿ ਦੇ ਕਿਸੇ ਹੋਰ ਅਸੂਲ 'ਤੇ ਪਹਿਰੇਦਾਰੀ ਦੀ ਕੀ ਆਸ ਕੀਤੀ ਜਾ ਸਕਦੀ ਹੈ? ਸਿੰਘ ਸਭਾ ਇੱਕ ਨਾਂ ਹੀ ਨਹੀਂ ਗੁਰਦੁਆਰਾ ਸੁਧਾਰ ਲਹਿਰ ਵਾਂਗ ਲਹਿਰ ਸੀ, ਜਿਸ ਦਾ ਮੁਖ ਮਕਸਦ ਗੁਰਮਤਿ ਸਿਧਾਂਤ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਸੀ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੰਵਿਧਾਨਕ ਮਜਬੂਰੀ ਬਣ ਗਈ ਹੈ ਕਿ ਇੰਨਾਂ ਸੰਸਥਾਵਾਂ ਲਈ ਮੈਂਬਰਾਂ ਦੀ ਚੋਣ ਦੇਰ ਸਵੇਰ ਕਰਾਉਣੀ ਪੈਂਦੀ ਹੈ, ਨਹੀਂ ਤਾਂ ਦੇਸ਼ ਵਿਦੇਸ਼ ਵਿੱਚ ਬਹੁਤੀਆਂ ਗੁਰਦੁਆਰਾ ਕਮੇਟੀਆਂ, ਸਿੰਘ ਸਭਾਵਾਂ ਅਤੇ ਇੰਨਾਂ ਨਾਲ ਜੁੜੀਆਂ ਸੰਸਥਾਵਾਂ ਪਰਿਵਾਰਾਂ ਤਕ ਹੀ ਸੀਮਤ ਹੋ ਕੇ ਰਹਿ ਗਈਆਂ ਹਨ। ਪ੍ਰਧਾਨ ਜਾਂ ਸਕੱਤਰ ਰਹੇ ਪਿਤਾ ਦੀ ਮੌਤ ਉਪਰੰਤ ਉਸ ਦਾ ਪੁਤ ਭਤੀਜਾ ਹੀ ਉਸ ਅਹੁਦੇ 'ਤੇ ਬੈਠਦਾ ਹੈ।  ਕਲਕੱਤੇ ਵਰਗੇ ਵੱਡੇ ਸ਼ਹਿਰ ਵਿੱਚ ਵੀ ਹਰ ਤਿੰਨ ਸਾਲ ਬਾਅਦ ਬਕਾਇਦਾ ਚੋਣ ਕਮੇਟੀ ਦਾ ਗਠਨ ਕਰਕੇ ਅਹੁਦੇਦਾਰਾਂ ਦੀ ਚੋਣ ਹੁੰਦੀ ਸੀ। ਇਹ ਚੋਣ ਕਮੇਟੀ ਦੇ ਮੈਂਬਰ ਖ਼ੁਦ ਚੋਣ ਨਹੀਂ ਸਨ ਲੜ ਸਕਦੇ।ਹੁਣ ਤਾਂ ਇਨ੍ਹਾਂ ਸਿੰਘ ਸਭਾਵਾਂ ਅਤੇ ਨਾਲ ਜੁੜੇ ਵਿਦਿਅਕ ਅਦਾਰਿਆਂ ਦੇ ਪ੍ਰਬੰਧ ਲਈ ਗਠਿਤ ਕਮੇਟੀਆਂ ਲਈ ਬੜੇ ਅਰਸੇ ਤੋਂ ਕੋਈ ਭਰਤੀ ਹੀ ਨਹੀਂ ਖੋਲ੍ਹੀ ਗਈ। ਕੋਈ ਚੋਣ ਹੀ ਨਹੀਂ ਕਰਵਾਈ ਗਈ। ਸਥਾਨਕ ਖ਼ਾਲਸਾ ਕਾਲਜ  ਦੀ ਪ੍ਰਬੰਧਕੀ ਕਮੇਟੀ ਵੀ ਆਪਣਿਆਂ ਦਾ ਕੋੜਮਾ ਬਣ ਕੇ ਰਹਿ ਗਈ ਹੈ।ਜੇ ਇੱਕ ਅਹੁਦੇਦਾਰ ਜਾਂ ਮੈਂਬਰ ਦੀ ਮੌਤ ਹੋ ਗਈ ਤਾਂ ਉਸ ਦਾ ਪੁੱਤਰ ਜਾਂ ਕਰੀਬੀ ਇਸ ਅਹੁਦੇ 'ਤੇ ਆ ਬੈਠਾ।ਇਸ ਦੀ ਅੰਤਰਿਗ ਕਮੇਟੀ ਵਿੱਚ ਬਹੁਤਾਤ ਇੱਕ ਦੋ ਵਿਅਕਤੀਆਂ ਦੇ ਸਕੇ ਸਬੰਧੀਆਂ ਦੀ ਹੀ ਹੈ।ਅਜਿਹੀ ਹਾਲਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਣ ਚੁਕੀ ਹੈ।ਪਿਛਲੇ ਇੱਕ ਦਹਾਕੇ ਤੋਂ ਵੱਧ ਸਮਾਂ ਹੋ ਗਿਆ ਹੈ ਕਿ ਹਰ ਸਾਲ ਨਵੰਬਰ ਮਹੀਨੇ ਹੋਣ ਵਾਲੀ ਕਮੇਟੀ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਮੌਕੇ ਹਰ ਨਾਂ ਪਾਰਟੀ ਮੁਖੀ ਵੱਲੋਂ ਭੇਜੇ ਲਿਫ਼ਾਫ਼ੇ ਵਿੱਚੋਂ ਨਿਕਲਦਾ ਹੈ।ਪਾਰਟੀ ਵੀ ਉਹ ਜੋ ਕਹਿਣ ਨੂੰ ਅਕਾਲੀ ਦਲ ਤੇ ਪੰਥਕ ਹੈ, ਜਮਹੂਰੀਅਤ ਦੀ ਅਲੰਬਰਦਾਰ ਤੇ ਹੱਕ ਸੱਚ,  ਇਨਸਾਫ਼ ਲਈ ਜੂਝਣ ਦਾ ਦਾਅਵਾ ਕਰਦੀ ਹੈ ਪਰ ਸ਼ਰ੍ਹੇਆਮ ਦੋ ਦੋ ਸੰਵਿਧਾਨ ਵੀ ਰੱਖਦੀ ਹੈ ਅਤੇ ਧਰਮ ਨਿਰਪੱਖ ਵੀ ਹੈ। ਸਾਲ ਵਿੱਚ ਕਮੇਟੀ ਦੇ ਹੋਣ ਵਾਲੇ ਦੋ ਇਜਲਾਸਾਂ ਸਮੇਂ ਕਿਸੇ ਮੈਂਬਰ ਨੂੰ ਕੋਈ ਰਾਏ ਦੇਣ ਜਾਂ ਕਿੰਤੂ ਕਰਨ ਦਾ ਅਧਿਕਾਰ ਨਹੀਂ ਹੁੰਦਾ। ਸ਼੍ਰੋਮਣੀ ਕਮੇਟੀ ਦੀਆਂ ਪੰਜ ਸਾਲਾਂ ਬਾਅਦ ਆਮ ਚੋਣਾਂ ਹੋ ਜਾਂਦੀਆਂ ਹਨ ਲੇਕਿਨ ਇਸ 'ਤੇ ਕਾਬਜ਼ ਸਿਆਸੀ ਅਕਾਲੀ ਦਲ ਦੀਆਂ ਜਥੇਬੰਦਕ ਚੋਣਾਂ ਵੀ ਹੱਥ ਖੜ੍ਹੇ ਕਰਨ ਤਕ ਹੀ ਸੀਮਤ ਹੁੰਦੀਆਂ ਹਨ ਦਿੱਲੀ ਤੇ ਹੋਰ ਵੱਡੇ ਸ਼ਹਿਰਾਂ ਵਿੱਚ ਕਈ ਗੁਰਦੁਆਰੇ ਹਨ, ਜਿੱਥੇ  ਸ਼ਾਇਦ ਹੀ ਪ੍ਰਬੰਧਕ ਕਮੇਟੀਆਂ ਵਿੱਚ ਕਿਤੇ ਕੋਈ ਬਦਲਾਉ ਹੋਇਆ ਹੋਵੇ। ਸਾਲ 1971 ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ ਬਣਨ ਤੋਂ ਪਹਿਲਾਂ ਇਸ ਦੇ ਪ੍ਰਬੰਧ ਅਧੀਨ ਗੁਰਦੁਆਰਾ ਸਾਹਿਬਾਨ ਦੀ ਕਈ ਵਾਰੀ ਤਾਲਾਬੰਦੀ ਹੋਈ।  ਸ਼੍ਰੋਮਣੀ ਕਮੇਟੀ ਦੇ ਸਲਾਨਾ ਬਜਟ 'ਤੇ ਝਾਤ ਮਾਰਿਆਂ ਇਹ ਸਹਿਜੇ ਹੀ ਪਤਾ ਲੱਗ ਜਾਂਦਾ ਹੈ ਕਿ ਕਿਸ ਤਰ੍ਹਾਂ ਨਵੇਂ ਉਸਰ ਰਹੇ ਗੁਰਦੁਆਰਾ ਸਾਹਿਬ ਦੀ ਆਰਥਿਕ ਮਦਦ ਲਈ ਫੰਡ ਪਹਿਲਾਂ ਹੀ ਰਾਖਵੇਂ ਰੱਖੇ ਜਾਂਦੇ ਹਨ। ਬਾਹਰਲੇ ਦੇਸ਼ਾਂ ਵਿੱਚ ਤਾਂ ਹੁਣ ਗੁਰਦੁਆਰਾ ਪ੍ਰਬੰਧ ਚਲਾਉਣ ਲਈ ਚੋਣਾਂ ਕਰਵਾਏ ਜਾਣ ਦਾ ਰੁਝਾਨ ਸ਼ੁਰੂ ਹੋ ਗਿਆ ਹੈ।ਗੁਰਦੁਆਰੇ ਦਾ ਇੱਕ ਪ੍ਰਮੁਖ ਅੰਗ ਪਾਠਸ਼ਾਲਾ ਵੀ ਹੈ ਤਾਂ ਜੋ ਸਿੱਖ ਬੱਚਿਆਂ ਦੀ ਵਿੱਦਿਆ ਦੀ ਪੂਰਤੀ ਕੀਤੀ ਜਾ ਸਕੇ। ਹੋਂਦ ਵਿੱਚ ਆਉਣ 'ਤੇ ਚੀਫ਼ ਖ਼ਾਲਸਾ ਦੀਵਾਨ ਨੇ ਵਿੱਦਿਆ ਦੇ ਖੇਤਰ ਵਿੱਚ ਅਹਿਮ ਪ੍ਰਾਪਤੀਆਂ ਕੀਤੀਆਂ, ਗੁਰਮਤਿ ਦੇ ਹਰ ਗੂੜ੍ਹ ਵਿਸ਼ੇ 'ਤੇ ਪੈਂਫਲੈਟ, ਸਾਹਿਤ ਛਾਪਿਆ, ਸਮਾਚਾਰ ਪੱਤਰ ਕੱਢਿਆ।ਪੰਥ ਰਤਨ ਮਾਸਟਰ ਤਾਰਾ ਸਿੰਘ ਨੂੰ ਮਾਸਟਰ ਦਾ ਲਕਬ ਸਕੂਲ ਦੇ ਹੈੱਡਮਾਸਟਰ ਹੋਣ ਨਾਤੇ ਮਿਲਿਆ, ਉਹ ਅਜਿਹੇ ਮਾਸਟਰ ਸਨ ਜੋ ਤਨਖ਼ਾਹ ਨਾ ਲੈ ਕੇ ਗੁਜ਼ਾਰੇ ਹਿੱਤ 15 ਰੁਪਏ ਹੀ ਪ੍ਰਾਪਤ ਕਰਦੇ ਸਨ ਅਤੇ ਬਾਕੀ ਸਾਰੀ ਤਨਖ਼ਾਹ ਸਕੂਲ ਦੇ ਵਿਕਾਸ ਲਈ ਖਰਚ ਦਿੰਦੇ ਸਨ। ਉਚੇਰੀ ਸਿੱਖਿਆ ਲਈ ਖ਼ਾਲਸਾ ਕਾਲਜ ਸਥਾਪਤ ਹੋਇਆ। ਕੁਝ ਸਿੱਖ ਨੌਜਵਾਨਾਂ ਨੇ ਜਦੋਂ ਐਲਾਨੀਆ ਕਹਿ ਦਿੱਤਾ ਕਿ ਉਹ ਕੇਸ ਕਟਵਾ ਕੇ ਈਸਾਈ ਬਣ ਜਾਣਗੇ ਤਾਂ ਖ਼ਾਲਸਾ ਕਾਲਜ ਤੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਬੰਧਕਾਂ ਨੇ ਇਹ ਚੁਣੌਤੀ ਕਬੂਲ ਕੀਤੀ।ਅੰਗਰੇਜ਼ ਵਾਇਸਰਾਏ ਨੇ ਗੁਪਤ ਰਿਪੋਰਟ ਭੇਜੀ ਸੀ ਕਿ ਛੇਤੀ ਹੀ ਸਿੱਖਾਂ ਦਾ ਵੱਡਾ ਮੰਦਰ (ਸ੍ਰੀ ਹਰਿਮੰਦਰ ਸਾਹਿਬ) ਚਰਚ ਵਿੱਚ ਤਬਦੀਲ ਹੋ ਜਾਵੇਗਾ ਤਾਂ ਪ੍ਰਿੰਸੀਪਲ ਤੇਜਾ ਸਿੰਘ, ਭਾਈ ਸਾਹਿਬ ਭਾਈ ਵੀਰ ਸਿੰਘ, ਭਾਈ ਜੋਧ ਸਿੰਘ, ਪ੍ਰਿੰਸੀਪਲ ਸਾਹਿਬ ਸਿੰਘ ਨੇ ਇਹ ਚੁਣੌਤੀ ਕਬੂਲ ਕੀਤੀ। ਖ਼ਾਲਸਾ  ਕਾਲਜ ਦੇ ਵਿਦਿਆਰਥੀਆਂ ਨੂੰ ਕੋਈ ਵੀ ਵਿਸ਼ਾ ਪੜ੍ਹਾਉਣ ਤੋਂ ਪਹਿਲਾਂ ਦਸ ਮਿੰਟ ਸਬੰਧਤ ਪ੍ਰੋਫੈਸਰ ਸਾਹਿਬ ਗੁਰਮਤਿ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਦਿੰਦਾ ਸੀ।  ਕੌਮਾਂ ਦੇ ਇਤਿਹਾਸ ਵਿੱਚ ਉਤਰਾਅ ਚੜ੍ਹਾਅ ਆਉਂਦੇ ਹੀ ਰਹਿੰਦੇ ਹਨ। ਇਹ ਚਿੰਤਾ ਦਾ ਵਿਸ਼ਾ ਤਾਂ ਹੈ ਪਰ ਨਿਰਾਸ਼ਾ ਦਾ ਕਾਰਨ ਨਹੀਂ ਹੋਣਾ ਚਾਹੀਦਾ। ਜੇ ਕੌਮੀ ਲੀਡਰ ਤੇ ਅਦਾਰੇ ਅਧੋਗਤੀ ਦੀ ਡੂੰਘੀ ਖਾਈ ਵੱਲ ਵਧ ਰਹੇ ਹਨ ਤਾਂ ਪੰਥ ਦਾ ਦਰਦ ਰੱਖਣ ਵਾਲੇ ਵੀ ਹੁਣ ਜਾਗ ਚੁਕੇ ਹਨ ਤੇ ਇਤਿਹਾਸ ਨੂੰ ਮੋੜਾ ਦੇਣ ਲਈ ਕਮਰਕੱਸੇ ਕਰ ਚੁਕੇ  ਹਨ। ਆਉ ਖ਼ਾਲਸਾ ਪੰਥ ਦੇ ਵਾਲੀ ਸਤਿਗੁਰੂ ਗੋਬਿੰਦ ਸਿੰਘ ਅੱਗੇ ਅਰਦਾਸ ਕਰੀਏ ਕਿ ਉਹ ਆਪ ਸਹਾਈ ਹੋ ਸਾਨੂੰ ਬਲ ਬੱਧੀ ਬਖ਼ਸ਼ਣ ਕਿ ਅਸੀਂ ਗਿਣਤੀ ਤੰਤਰ ਤੇ ਨਿੱਜਵਾਦ ਦੀ ਦਲਦਲ ਵਿੱਚੋਂ ਨਿਕਲ, ਨਿਰਪੱਖ ਹੋ ਕੇ ਖ਼ਾਲਸੇ ਦੀ ਵਿਲੱਖਣ ਹੋਂਦ ਹਸਤੀ ਦੇ ਪ੍ਰਤੀਕ ਇਨ੍ਹਾਂ ਸਿੱਖ ਅਦਾਰਿਆਂ ਦੀ ਚੜ੍ਹਦੀ ਕਲਾ ਲਈ ਯਤਨਸ਼ੀਲ ਹੋਈਏ।

 

ਮਨਜੀਤ ਸਿੰਘ