ਸਿਆਸੀ ਲੀਡਰਾਂ ਦੇ ਲਾਰੇ ਫਿਰ ਕਿਤੇ ਲਾਰੇ ਨਾ ਰਹਿ ਜਾਣ

ਸਿਆਸੀ ਲੀਡਰਾਂ ਦੇ ਲਾਰੇ ਫਿਰ ਕਿਤੇ ਲਾਰੇ ਨਾ ਰਹਿ ਜਾਣ

ਰੁੱਤ ਵੋਟਾਂ ਮੰਗਣ ਦੀ ਆਈ 

*ਸਰਬਜੀਤ ਕੌਰ ਸਰਬ*

ਭਾਰਤ ਦੇਸ਼ ਦੇ ਪੰਜ ਸੂਬਿਆਂ ਵਿਚ ਮੁੜ ਵਿਧਾਨ ਸਭਾ ਚੋਣ ਦੀ ਰੁੱਤ ਆ ਗਈ ਹੈ। ਲੀਡਰ ਵੌਟਰਾਂ ਨੂੰ ਭਰਮਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ। ਸਿਆਸਤਦਾਨ ਆਪਣੀ ਸਿਖ਼ਰਲੀ ਹੱਦ ਉੱਤੇ ਜਾ ਕੇ ਦਿਨ ਰਾਤ  ਵੋਟਰਾਂ ਨੂੰ ਭਰਮਾ ਰਹੇ ਹਨ । ਹਰੇਕ ਸਿਆਸੀ ਪਾਰਟੀ ਨੇ ਆਪਣਾ ਚੋਣ ਮੈਨੀਫੈਸਟੋ ਲੱਗਭਗ ਤੈਅ ਕਰ ਲਿਆ ਹੈ, ਦੇਖੋ ਕਿੰਨੀ ਤ੍ਰਾਸਦੀ ਹੈ ਕਿ ਜੇਕਰ ਇਕ ਸਿਆਸੀ ਪਾਰਟੀ ਨੇ ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਤਾਂ ਦੂਸਰੀ ਪਾਰਟੀ ਨੇ ਇਸ ਤੋਂ ਦੁੱਗਣਾ ਦੇਣ ਦਾ ਐਲਾਨ ਕਰ ਦਿੱਤਾ ਹੈ,ਪਰ ਇਨ੍ਹਾਂ ਲੀਡਰਾਂ ਦੇ ਲਾਰੇ ਆਏ ਪੰਜ ਸਾਲ ਬਾਅਦ ਜਨਤਾ ਨੂੰ ਸੁਣਨੇ ਪੈਂਦੇ ਹਨ ।

 ਜੇਕਰ ਕਿਤੇ ਇਨ੍ਹਾਂ ਸਿਆਸੀ ਲੀਡਰਾਂ ਦੇ ਕੀਤੇ ਹੋਏ ਵਾਅਦੇ ਪਹਿਲਾਂ ਹੀ ਪੂਰੇ ਹੋ ਜਾਂਦੇ ਤਦ ਇਨ੍ਹਾਂ ਨੂੰ ਏਨੀਆਂ ਘਮਾਸਾਨ ਚੋਣਾਂ ਨਹੀਂ ਲੜਨੀਆਂ ਪੈਂਦੀਆਂ । ਅਜੋਕੇ ਸਮੇਂ ਜੋ ਪੰਜਾਬ ਦੇ ਹਾਲਾਤ ਚੱਲ ਰਹੇ ਹਨ, ਉਨ੍ਹਾਂ ਨੂੰ ਦੇਖ ਕੇ ਇੰਝ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਇਹ ਸਿਆਸੀ ਲੀਡਰ ਵੋਟ ਲੈਣ ਦੇ ਲਈ ਵੋਟਰਾਂ ਨੂੰ ਆਖ ਸਕਦੇ ਹਾਂ ਕੀ ਸਾਨੂੰ ਵੋਟ ਦਿਉ ਅਸੀਂ ਤੁਹਾਨੂੰ ਸਿੱਧੀ ਕੈਨੇਡਾ ਦੀ ਪੀ.ਆਰ ਦਵਾ ਦਿਆਗੇਂ। ਸਾਡੀ ਪੰਜਾਬ ਦੀ ਭੋਲੀ ਜਨਤਾ  ਅਜਿਹੇ ਸਿਆਸਤਦਾਨਾਂ ਦੇ  ਚੱਕਰਵਿਊ ਵਿੱਚ ਫਸ ਕੇ ਫਿਰ ਅਗਲੇ ਪੰਜ ਸਾਲ ਡਾਂਗਾਂ ਖਾਂਦੀ ਹੈ। ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨਾਂ ਵੱਲੋਂ ਥਾਂ-ਥਾਂ ਧਰਨੇ ਲਾਏ ਜਾਂਦੇ ਜੇਕਰ ਸਾਡਾ ਅੱਜ ਦਾ ਪੜ੍ਹਿਆ ਲਿਖਿਆ ਤਬਕਾ ਇਨ੍ਹਾਂ ਸਿਆਸਤੀ ਲੀਡਰਾਂ ਦੁਆਰਾ ਦਿੱਤੇ ਗਏ ਚੋਣ ਮੈਨੀਫੈਸਟੋ ਨੂੰ ਲੈ ਕੇ ਸਵਾਲ ਕਰੇ ਜਾਂ ਫਿਰ ਇਨ੍ਹਾਂ ਦੁਆਰਾ ਦਿੱਤੇ ਨਵੇਂ ਮਾਡਲਾਂ ਤੇ ਜੇਕਰ ਕੰਮ ਨਹੀਂ ਹੁੰਦਾ ਤਾਂ ਲੋਕ ਅਦਾਲਤਾਂ  ਵਿੱਚ ਜਾ ਕੇ ਸਵਾਲ ਕਰ ਸਕਣ, ਕੀ ਉਹ ਕੰਮ ਕਿਉਂ ਨਹੀਂ ਹੋਏ ਜਿਨ੍ਹਾਂ ਨੂੰ ਲੈ ਕੇ ਇਨ੍ਹਾਂ ਸਿਆਸਤਦਾਨਾਂ ਨੇ ਵੋਟਾਂ ਲਈਆਂ ਸਨ, ਪਰ ਅਫ਼ਸੋਸ ਹੈ ਕਿ ਨਾ ਹੀ ਸਾਡੇ ਨੌਜਵਾਨ ਤਬਕੇ ਨੇ ਅਜਿਹਾ ਕੁਝ ਕਰਨਾ ਹੈ ਅਤੇ ਨਾ ਹੀ ਅਦਾਲਤਾਂ ਦੁਆਰਾ ਇਨ੍ਹਾਂ ਰਾਜਨੀਤਿਕ ਲੀਡਰਾਂ ਦੇ ਦਿੱਤੇ ਮੈਨੀਫੇਸਟੋ ਉਤੇ ਕੋਈ ਕਾਰਵਾਈ ਕਰਨੀ ਹੈ । ਕਿਉਂਕਿ ਅਸੀਂ ਖ਼ੁਦ ਜਾਣਦੇ ਹਾਂ ਕਿ ਅਸੀਂ ਵੀ ਕਿਤੇ ਨਾ ਕਿਤੇ ਵਿਕਾਊ ਹੀ ਹਾਂ, ਵੋਟ ਦੇਣ ਦੇ ਸਮੇਂ ਅਸੀਂ ਇਹ ਨਹੀਂ ਸੋਚਦੇ ਕਿ ਇਹ ਬੰਦਾ ਕਿਸ ਪਾਰਟੀ ਨਾਲ ਸਬੰਧ ਰੱਖਦਾ ਹੈ।

 ਇਨ੍ਹਾਂ ਦੀ ਪਾਰਟੀ ਦਾ ਮੁੱਖ ਆਧਾਰ ਕੀ ਹੈ । ਅਸੀਂ ਲੋਕ ਸਿਰਫ਼ ਇਹ ਸੋਚਦੇ ਹਾਂ ਕਿ ਇਸ ਬੰਦੇ ਨੇ ਸਾਡਾ ਇਹ ਕੰਮ ਸੰਵਾਰਿਆ ਸੀ। ਪੰਜਾਬ ਦੀ 70 ਫੀਸਦੀ ਵੋਟ ਇਸੇ ਕਰਕੇ ਪੈਂਦੀ ਹੈ ਕੀ ਇਹ ਬੰਦਾ ਸਾਡੇ ਔਖੇ ਸਮੇਂ ਸਾਡੇ ਨਾਲ ਖੜ੍ਹਾ ਸੀ । ਬੇਸ਼ੱਕ ਫਿਰ ਉਹ ਬੰਦਾ ਕਾਂਗਰਸ, ਅਕਾਲੀਆਂ, ਬਾਜਪਾ ਜਾਂ ਫਿਰ ਆਪ ਦਾ ਹੋਵੇ । ਅਸੀਂ ਖੁਦ ਇਸ ਭ੍ਰਿਸ਼ਟਾਚਾਰ ਸਿਆਸਤ ਨੂੰ ਬਨਾਉਣ 'ਚ ਜ਼ਿਮੇਵਾਰ ਹਾਂ ਤੇ ਪਿੰਡਾਂ ਦੀਆਂ ਜ਼ਿਆਦਾਤਰ ਵੋਟਾਂ ਦਾ ਇਹੀ ਆਧਾਰ ਹੁੰਦਾ ਹੈ । ਇਹ ਹੀ ਮੁੱਖ ਕਾਰਨ ਹੈ ਕਿ ਕਿਸੇ ਵੀ ਸਿਆਸੀ ਪਾਰਟੀ ਨੂੰ ਪੂਰਨ ਬਹੁਮਤ ਹਾਸਲ ਨਹੀਂ ਹੁੰਦੀ ।

ਦੂਜੇ ਪਾਸੇ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਇਹ ਸਿਆਸੀ ਲੀਡਰ ਇੱਕ ਦੂਜੇ ਉੱਤੇ ਇਲਜ਼ਾਮ ਲਾਉਂਦੇ ਹਨ ਜਦ ਕਿ ਇਨ੍ਹਾਂ ਗੱਲਾਂ ਨਾਲ ਆਮ ਇਨਸਾਨ ਦੇ ਮਸਲੇ ਹੱਲ ਨਹੀਂ ਹੋਣੇ । ਇੱਕ ਦੂਜੇ ਉੱਤੇ ਇਲਜ਼ਾਮਾਂ ਦੀ ਬੁਛਾੜ ਲਾਉਣ ਨਾਲ ਪੰਜਾਬ ਦੀ ਧਰਤੀ ਹੇਠਲਾ ਪਾਣੀ ਜੋ ਲਗਾਤਾਰ ਖ਼ਤਮ ਹੋ ਰਿਹਾ ਹੈ ਉਹ ਉੱਪਰ ਨਹੀਂ ਆ ਜਾਣਾ । ਪੜ੍ਹੇ ਲਿਖੇ ਬੇਰੁਜ਼ਗਾਰਾਂ ਨੂੰ ਨੌਕਰੀਆਂ ਨਹੀਂ ਮਿਲਣਗੀਆਂ, ਕਿਸੇ ਗ਼ਰੀਬ ਦੇ ਘਰ ਰੋਟੀ ਨਹੀਂ ਪੱਕਣੀ । ਇਹ ਕੇਵਲ ਸਿਆਸੀ ਲੀਡਰਾਂ ਦੀ ਸਿਆਸਤ ਹੈ ਜਿਨ੍ਹਾਂ ਨੇ ਅਜਿਹਾ ਕਰਨ ਨਾਲ ਅਗਲੇ ਪੰਜ ਸਾਲਾਂ ਲਈ ਆਮ ਲੋਕਾਂ ਉੱਤੇ ਰਾਜ ਕਰਨਾ ਹੈ ਅਤੇ ਅਸੀਂ ਆਮ ਲੋਕਾਂ ਨੇ ਫਿਰ ਇਨ੍ਹਾਂ ਦੇ ਖ਼ਿਲਾਫ਼ ਧਰਨੇ ਦੇਣੇ ਹਨ ਅਤੇ ਨਾਅਰੇਬਾਜ਼ੀ ਕਰਨੀ ਹੈ । ਅਜਿਹਾ ਕਦੋਂ ਤੱਕ ਚੱਲੇਗਾ ? ਹੁਣ ਸੋਚਣ ਵਾਲੀ ਸੱਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਲਾਰੇ ਬਾਜ਼ੀ ਦੀ ਸਿਆਸਤ ਅਸੀਂ ਕਿੰਨੀ ਦੇਰ ਤੱਕ ਚੱਲਣ ਦੇਣੀ ਹੈ ਅਸੀ ਕਈ ਦਹਾਕਿਆ ਤੋਂ  ਸਿਆਸੀ ਲੀਡਰਾਂ ਦੇ ਹਸ਼ਰ ਦੇਖਦੇ ਆਏ ਹਾਂ, ਵੋਟਾਂ ਪੈਣ ਤੋਂ ਪੰਜ ਕੁ ਹਫਤੇ ਪਹਿਲਾ ਸ਼ੁਰੂ ਹੋ ਕੇ ਇਹ ਲੀਡਰ ਘਰੋਂ ਘਰੀਂ ਲੋਕਾਂ ਕੋਲੋ ਵੋਟਾਂ ਮੰਗਣ ਲਈ ਹੱਥ ਜੋੜਦੇ ਹਨ, ਵੋਟਾਂ ਪੇਈਆਂ ਨਤੀਜਾ ਆਇਆ ਵਿਧਾਇਕ ਬਣ ਗਿਆ ਤੇ ਫਿਰ ਵੋਟਰ ਨੂੰ ਸਮਝਦਾ ਹੈ ਕਿ ਤੂੰ ਕੌਣ ਤੇ ਮੈ ਕੌਣ!  ਉਮੀਦਵਾਰ ਦੇ ਜਿੱਤਣ ਤੱਕ ਪਹਿਲਾ ਵਿਧਾਇਕ ਫੇਰ ਮੰਤਰੀ ਬਣ ਜਾਣਾ ਪਬਲਿਕ ਲਈ ਖੁਸ਼ੀ ਹੁੰਦੀ ਹੈ ਪਰ ਅਫ਼ਸੋਸ ਕੰਮ ਸਾਰੇ ਇਲਾਕੇ ਦੇ ਨਹੀਂ ਕੇਵਲ ਕੁਝ ਖਾਸ ਦੇ ਕੰਮ ਹੁੰਦੇ ਹਨ ਤੇ ਆਮ ਵੋਟਰ ਕੇਵਲ ਹੱਥ ਹੀ ਜੋੜਦਾ ਹੈ, ਸੋ ਸਾਨੂੰ ਹੁਣ ਸੁਚੇਤ ਹੋ ਕੇ ਆਗੂ ਚੁਨਣ ਦੀ ਤੇ ਲੀਡਰਾਂ ਨੂੰ ਵੀ ਸੁਚੇਤ ਹੋ ਕੇ ਸੇਵਾ ਕਰਨ ਦੀ ਸਮਝ ਹੋਣੀ ਚਾਹੀਦੀ ਹੈ।

 ਇਹ ਆਮ ਇਨਸਾਨ ਆਪਣੇ ਹੱਕਾਂ ਲਈ ਅੱਗੇ ਨਹੀਂ ਆਵੇਗਾ ਅਤੇ ਇਨ੍ਹਾਂ ਸਿਆਸੀ ਲੀਡਰਾਂ ਕੋਲੋਂ ਸਵਾਲ ਨਹੀਂ ਪੁੱਛੇਗਾ ਕਿਉਂਕਿ ਸਾਡੇ ਵਿਚ ਕਮਜ਼ੋਰੀ ਹੈ ਪਰ ਫੇਰ ਵੀ ਸਾਨੂੰ ਜਾਗਣ ਦੀ ਲੌੜ ਹੈ ਤਾਂ ਜੋ ਇਨ੍ਹਾਂ ਸਿਆਸੀ ਪਾਰਟੀਆਂ ਦੁਆਰਾ ਜੋ ਚੋਣਾਂ ਦੇ ਸਮੇਂ ਪੰਜਾਬ ਮਾਡਲ ਪੇਸ਼ ਕੀਤਾ ਜਾਂਦਾ ਹੈ ਉਸ ਉੱਤੇ ਅਦਾਲਤਾਂ ਵੱਲੋਂ ਕਾਰਵਾਈ ਕਰਵਾਉਣੀ ਚਾਹੀਦੀ ਹੈ ਤਾਂ ਜੋ ਰਾਜਨੀਤਕ ਲੀਡਰ ਆਪਣੇ ਚੋਣ ਵਾਅਦਿਆਂ ਤੋਂ ਮੁਨਕਰ ਨਾ ਹੋ ਸਕਣ ।

ਲੋਕਾਂ ਦੀ ਉਮੀਦ

ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਰੋਜ਼ਗਾਰ ਚਾਹੀਦਾ ਹੈ ਨਾ ਕਿ ਮੁਫ਼ਤ   ਵਿਚ ਦਿੱਤਾ ਹੋਇਆ ਦਾਨ।

ਆਇਲੈਟਸ ਕਰਵਾ ਕੇ ਪੰਜਾਬ ਨੂੰ ਖਾਲੀ ਨਾ ਕਰੋ ਸਗੋਂ ਉਨ੍ਹਾਂ ਨੂੰ ਇੱਥੇ  ਅਜਿਹੀਆਂ ਸਹੂਲਤਾਂ ਪ੍ਰਦਾਨ ਕਰੋ ਜਿਸ ਨਾਲ ਉਹ ਖ਼ੁਦ  ਆਪਣੇ ਪੰਜਾਬ ਨੂੰ ਖ਼ੁਸ਼ਹਾਲ ਬਣਾਉਣ ।

ਸਿਆਸੀ ਲੀਡਰਾਂ ਨੂੰ ਚਾਹੀਦਾ ਹੈ ਕਿ ਪੰਜਾਬ ਨੂੰ ਮੁੜ ਸੋਨੇ ਦੀ ਚਿੜੀ ਬਣਾਉਣ ਦੇ ਲਈ ਆਪਸੀ ਖਹਿਬਾਜ਼ੀ ਛੱਡੇ ।

ਪੰਜਾਬ ਦੇ ਸਿਆਸੀ ਵਾਤਾਵਰਨ ਦੇ ਨਾਲ ਨਾਲ ਕੁਦਰਤੀ ਵਾਤਾਵਰਨ ਵੱਲ ਖ਼ਾਸ ਧਿਆਨ ਦੇਣ ਦੀ ਲੋੜ ਹੈ ।

ਪੰਜ ਆਬ ਦੀ ਧਰਤੀ ਦਾ ਪਾਣੀ ਲਗਾਤਾਰ ਥੱਲੇ ਜਾ ਰਿਹਾ ਹੈ ਜੇਕਰ ਇਸ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਪੰਜਾਬ ਵਿੱਚ ਰਹਿਣਾ ਔਖਾ ਹੋ ਜਾਵੇਗਾ ।