ਮੁਕਤੀ ਦਾ ਧਰਮ ਸ਼ਾਸਤਰ ਅਤੇ ਸਮਾਜਿਕ ਬਦਲਾਅ

ਮੁਕਤੀ ਦਾ ਧਰਮ ਸ਼ਾਸਤਰ ਅਤੇ ਸਮਾਜਿਕ ਬਦਲਾਅ

    ਮੁਕਤੀ ਦਾ ਧਰਮ ਸ਼ਾਸਤਰ ਅਸਲ ਵਿਚ ਸਮਾਜਿਕ, ਸੱਭਿਆਚਾਰਕ ਅਤੇ ਰਾਜਨੀਤਿਕ ਸਕ੍ਰਿਆਵਾਦ ਹੈ                                     

     ਰਾਜਨੀਤਿਕ ਭਾਗੀਦਾਰੀ ਵਿਚ ਧਾਰਮਿਕ ਵਿਸ਼ਵਾਸ ਅਤੇ ਧਰਮ ਸ਼ਾਸਤਰ ਮਹੱਤਵਪੂਰਨ ਰੋਲ ਅਦਾ ਕਰਦੇ ਹਨ।ਪਹਿਲਾਂ ਦੇ ਸਮਿਆਂ ਵਿਚ ਰਾਜਨੀਤਿਕ ਸੱਤਾ, ਪ੍ਰਮਾਣਿਕਤਾ ਅਤੇ ਵੈਧਤਾ ਨੂੰ ਦੈਵੀ ਜਾਂ ਧਾਰਮਿਕ ਪ੍ਰਮਾਣਿਕਤਾ ਦੀ ਲੋੜ ਪੈਂਦੀ ਸੀ।ਮੌਜੂਦਾ ਰਾਜਨੀਤਿਕ ਸੱਤਾ ਰੱਬ ਦੀ ਪ੍ਰਮਾਣਿਕਤਾ ਦੀ ਬਜਾਇ ਲੋਕਾਂ ਦੀ ਸਹਿਮਤੀ ਵਾਲੇ ਰਾਜ ਉੱਪਰ ਨਿਰਭਰ ਕਰਦੀ ਹੈ।ਜਿਆਦਤਰ ਕੈਥੋਲਿਕ ਅਤੇ ਈਸਾਈ ਧਰਮ ਨਾਲ ਸੰਬੰਧਿਤ ਧਰਮ ਸ਼ਾਸਤਰ ਤੋਂ ਭਾਵ ਉਪਾਸਨਾ ਦੀ ਤਹਿਜ਼ੀਬ ਦੀ ਵਿਵਸਥਾ ਤੋਂ ਹੈ ਜੋ ਕਿ ਮਨੁੱਖਾਂ ਨੂੰ ਅਲੌਕਿਕ ਜਾਂ ਦੈਵੀ ਨਾਲ ਜੋੜਦੀ ਹੈ।ਇਸ ਵਿਚ ਕਿਸੇ ਧਰਮ ਸਮੂਹ ਦੁਆਰਾ ਆਪਣੇ ਵਿਸ਼ਵਾਸਾਂ, ਰੀਤਾਂ ਅਤੇ ਪਰੰਪਰਾ ਅਨੁਸਾਰ ਜਨਤਕ ਉਪਾਸਨਾ ਵੀ ਸ਼ਾਮਿਲ ਹੁੰਦੀ ਹੈ।ਮਹਿਜ਼ ਚਿੰਤਨਸ਼ੀਲ ਧਾਰਨਾ ਅਤੇ ਅਕਾਦਮਿਕ ਵਿਸ਼ਲੇਸ਼ਣ ਦੀ ਬਜਾਇ ਧਰਮ ਸ਼ਾਸਤਰ ਅਸਲ ਵਿਚ ਵਿਸ਼ਵਾਸ ਅਤੇ ਨਿਸ਼ਠਾ ਨਾਲ ਸੰਬੰਧਿਤ ਹੁੰਦਾ ਹੈ।ਆਪਣੇ ਵਿਭਿੰਨ ਵਿਸ਼ਿਆਂ ਕਰਕੇ ਧਰਮ ਸ਼ਾਸਤਰ ਵਿਚ ਹਿੰਦੂਵਾਦ, ਸਿੱਖ ਧਰਮ, ਇਸਲਾਮ ਅਤੇ ਯਹੂਦੀ ਧਰਮ ਨੂੰ ਵੀ ਆਪਣੇ ਕਲੇਵੇ ਵਿਚ ਲੈਂਦਾ ਹੈ।ਧਰਮ ਸ਼ਾਸਤਰ ਦੇ ਵਿਸ਼ੇ ਰੱਬ, ਮਨੁੱਖਤਾ, ਮੁਕਤੀ, ਨਰਕ ਅਤੇ ਸਵਰਗ ਦੇ ਸਿਧਾਂਤ ਉੱਪਰ ਕੇਂਦਰਿਤ ਹੁੰਦੇ ਹਨ।ਆਧੁਨਿਕ ਸਮੇਂ ਵਿਚ ਧਰਮ ਸ਼ਾਸਤਰ ਗਿਆਨ ਦਾ ਅਜਿਹਾ ਪ੍ਰਵਾਹ ਹੈ ਜੋ ਕਿ ਗਿਆਨ ਦੀ ਧਰਮ ਨਿਰਪੱਖ ਤਲਾਸ਼ ਨੂੰ ਧਾਰਮਿਕ ਤਲਾਸ਼ ਤੋਂ ਵੱਖ ਕਰਦਾ ਹੈ।ਸਾਰੇ ਧਰਮ ਨਿਰਪੱਖ ਅਧਿਐਨ ਤਰਕ ਅਤੇ ਅਨੁਭਵ ਨਾਲ ਸ਼ੁਰੂ ਹੁੰਦੇ ਹਨ ਜਦੋਂ ਕਿ ਧਰਮ ਸ਼ਾਸਤਰ ਵਿਸ਼ਵਾਸ ਅਤੇ ਨਿਸ਼ਠਾ ਨਾਲ ਸੰਬੰਧਿਤ ਹੈ।

ਵੀਹਵੀਂ ਸਦੀ ਦੇ ਮੱਧ ਵਿਚ ਮਾਨਵਤਾ ਦੀ ਤਲਾਸ਼ ਅਤੇ ਸੋਚ ਨੇ ਮੁਕਤੀ ਦੇ ਧਰਮ ਸ਼ਾਸਤਰ ਲਈ ਰਾਹ ਖੋਲਿਆ।ਲੇਟਿਨ ਅਮਰੀਕਾ ਵਿਚ ਪੇਰੂ ਨਾਲ ਸੰਬੰਧਿਤ ਡੌਮੀਨੀਕਨ ਪਾਦਰੀ ਗੁਸਤਾਵੋ ਗੁਟੀਈਰੇਜ ਨੂੰ ਮੁਕਤੀ ਦੇ ਧਰਮ ਸ਼ਾਸਤਰ ਦਾ ਪਿਤਾਮਾ ਮੰਨਿਆ ਜਾਂਦਾ ਹੈ। 1971ਵਿਚ ਉਸ ਦੀ ਦਸਤਾਵੇਜੀ ਕਿਤਾਬ ਮੁਕਤੀ ਦਾ ਧਰਮ ਸ਼ਾਸਤਰ ਛਪੀ।1962 ਤੋਂ ਲੈ ਕੇ 1964 ਤੱਕ ਵੈਟੀਕਨ ਕੌਂਸਲ ਨੇ ਕਾਫੀ ਵਿਸਥਾਰ ਨਾਲ ਪਰੰਪਰਾਗਤ ਢੰੰਗ ਦੀ ਬਜਾਇ ਵਿਵਹਾਰਕ ਰੂਪ ਵਿਚ ਮੁਕਤੀ ਦੇ ਧਰਮ ਸ਼ਾਸਤਰ ਅਤੇ ਚਰਚ ਦੀ ਭੂਮਿਕਾ ਉੱਪਰ ਚਰਚਾ ਕੀਤੀ।ਮੁਕਤੀ ਦਾ ਧਰਮ ਸ਼ਾਸਤਰ ਵਿਚਾਰ ਅਤੇ ਅਜ਼ਾਦੀ ਲਈ ਨਵੇਂ ਢੰਗ ਈਜਾਦ ਕਰਨ ਵੱਲ ਕੇਂਦਰਿਤ ਸੀ।ਇਸ ਦਾ ਉਦੇਸ਼ ਅਨਿਆਂ ਅਤੇ ਦਮਨ ਤੋਂ ਮੁਕਤੀ ਪਾਉਣ ਲਈ ਨਵੇਂ ਦਿਸਹੱਦੇ ਪ੍ਰਭਾਸ਼ਿਤ ਕਰਨਾ ਅਤੇ ਤਲਾਸ਼ਣਾ ਸੀ।ਅਸਲ ਵਿਚ ਇਸ ਦਾ ਮਕਸਦ ਲੇਟਿਨ ਅਮਰੀਕਾ ਦੇ ਗਰੀਬ ਲੋਕਾਂ ਲਈ ਆਰਥਿਕ ਅਤੇ ਸਮਾਜਿਕ ਸਮੱਸਿਆਵਾਂ ਪੈਦਾ ਕਰਨ ਵਾਲੇ ਕਾਰਨਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਦਾ ਹੱਲ ਤਲਾਸ਼ਣਾ ਸੀ ਜੋ ਕਿ ਲਗਾਤਾਰ ਉਨ੍ਹਾਂ ਦੇ ਦੁੱਖਾਂ ਦਾ ਕਾਰਣ ਬਣ ਰਹੀਆਂ ਸਨ।ਲੇਟਿਨ ਅਮਰੀਕਾ ਦੇ ਵੱਖ-ਵੱਖ ਦੇਸ਼ਾਂ ਨਾਲ ਸੰਬੰਧਿਤ ਧਰਮ ਸ਼ਾਸਤਰੀਆਂ ਨੇ ਮੁਕਤੀ ਲਈ ਗਰੀਬਾਂ ਨੂੰ ਆਪ ਇਸ ਵਿਚ ਸ਼ਾਮਿਲ ਕਰਨ ਉੱਪਰ ਜੋਰ ਦਿੱਤਾ।ਇਸ ਵਿਚ ਉਨ੍ਹਾਂ ਨੇ ਈਸਾਈ ਧਰਮ ਰਾਹੀ ਉਨ੍ਹਾਂ ਨੂੰ ਤਸੱਲੀ ਦੇਣ ਦੀ ਕੋਸ਼ਿਸ਼ ਕੀਤੀ ਤਾਂ ਕਿ ਸ਼ਾਂਤੀਪੂਰਕ ਸਹਿ-ਹੌਂਦ ਸਿਰਜੀ ਜਾ ਸਕੇ।ਇਸ ਨੇ ਚਰਚ ਅਤੇ ਰਾਜ ਦੇ ਆਪਸੀ ਸੰਬੰਧ ਨੂੰ ਬਦਲ ਦਿੱਤਾ ਅਤੇ ਲੋਕਾਂ ਵਿਚ ਚਰਚ ਦੇ ਲਈ ਸਨੇਹ ਨੂੰ ਹੋਰ ਵਧਾਇਆ।

ਮੁਕਤੀ ਦੇ ਧਰਮ ਸ਼ਾਸਤਰ ਵਿਚ ਚਰਚ ਨਾਲ ਸੰਬੰਧਿਤ ਇਸ ਨਵੀਂ ਸੀਮਾ ਨੇ ਖੋਜੀਆਂ ਨੂੰ ਸਮਾਜਿਕ ਨਿਆਂ ਅਤੇ ਦਮਨ ਨੂੰ ਪ੍ਰਭਾਸ਼ਿਤ ਕਰਨ ਦੀ ਅਜ਼ਾਦੀ ਪ੍ਰਦਾਨ ਕੀਤੀ ਤਾਂ ਕਿ ਗਰੀਬ ਲੋਕਾਂ ਉੱਪਰ ਇਸ ਦਾ ਸਾਕਾਰਤਮਕ ਪ੍ਰਭਾਵ ਹੋ ਸਕੇ।ਮੁਕਤੀ ਦੇ ਧਰਮ ਸ਼ਾਸਤਰ ਨੇ ਪੱਛਮੀ ਸੰਸਾਰ ਉੱਪਰ ਲੋਕਾਂ ਦੀ ਨਿਰਭਰਤਾ ਅਤੇ ਉਨ੍ਹਾਂ ਦੇ ਦੁੱਖਾਂ ਦੇ ਕਾਰਣਾਂ ਉੱਪਰ ਰੋਸ਼ਨੀ ਪਾਈ।ਮੁਕਤੀ ਦੇ ਧਰਮ ਸ਼ਾਸਤਰੀਆਂ ਨੇ ਦਮਨ ਵਿਰੁੱਧ ਹਿੰਸਾ ਨੂੰ ਗੁਨਾਹਗਾਰੀ ਕੰਮ ਨਹੀ ਮੰਨਿਆ। ੧੯੬੦ਵਿਆਂ ਨਾਲ ਸੰਬੰਧਿਤ ਮੁਕਤੀ ਦੇ ਧਰਮ ਸ਼ਾਸਤਰੀ ਜਿਆਦਾਤਰ ਯੂਰੋਪ ਅਤੇ ਅਮਰੀਕਾ ਦੇ ਪੜ੍ਹੇ ਹੋਏ ਸਨ ਅਤੇ ਆਧੁਨਿਕ ਸੰਸਾਰ ਵਿਚ ਚਰਚ ਦੇ ਵਰਗੀਕਰਨ ਦੇ ਨਾਲ-ਨਾਲ ਰਾਜਨੀਤਿਕ ਮਸਲਿਆਂ ਤੋਂ ਭਲੀ-ਭਾਂਤੀ ਜਾਣੂ ਸਨ।ਮਿਲਟਰੀ ਤਾਨਾਸ਼ਾਹੀ ਵਿਰੁੱਧ ਲੇਟਿਨ ਅਮਰੀਕਨ ਦੇਸ਼ਾਂ ਵਿਚ ਚੱਲ ਰਹੇ ਜਿਆਦਾਤਰ ਰਾਜਨੀਤਿਕ ਸੰਘਰਸ਼ਾਂ ਨੇ ਵੀ ਮੁਕਤੀ ਦੇ ਧਰਮ ਸ਼ਾਸਤਰ ਦਾ ਚਰਚ ਦਾ ਸਿਧਾਂਤ ਅਪਣਾਇਆ।ਮੁਕਤੀ ਦੇ ਧਰਮ ਸ਼ਾਸਤਰ ਦਾ ਸਿਧਾਂਤ ਅਚਲਤਾ ਉੱਪਰ ਅਧਾਰਿਤ ਹੈ ਜੋ ਕਿ ਚਰਚ ਦੇ ਅਲੌਕਿਤਤਾ ਦੇ ਸਿਧਾਂਤ ਤੋਂ ਭਿੰਨ ਹੈ।ਅਚਲਤਾ ਦਾ ਸਿਧਾਂਤ ਰੱਬ ਦੀ ਹੌਂਦ ਇਸ ਸੰਸਾਰ ਵਿਚ ਹੀ ਹੋਣ ਦੀ ਪੁਸ਼ਟੀ ਕਰਦਾ ਹੈ ਜਿਸ ਦਾ ਭਾਵ ਹੈ ਕਿ ਇਹ ਮਨੱੁਖੀ ਤਰਕ ਦੀ ਸੀਮਾ ਅਤੇ ਮਨੁੱਖੀ ਸਮਾਜ ਅਤੇ ਸੱਭਿਅਤਾ ਦੇ ਨਿਯਮਾਂ ਦੇ ਅੰਦਰ ਹੀ ਹੈ, ਜਦੋਂਕਿ ਅਲੌਕਿਤਤਾ ਦਾ ਸਿਧਾਂਤ ਇਸ ਦਾ ਖੰਡਨ ਕਰਦਾ ਹੈ।ਅਚਲਤਾ ਦਾ ਸਿਧਾਂਤ ਇਸ ਦੀ ਪੁਸ਼ਟੀ ਕਰਦਾ ਹੈ ਕਿ ਰੱਬ ਇਕ ਹੈ ਜੋ ਕਿ ਸਾਡੇ ਅੰਦਰ ਅਤੇ ਇਸ ਬ੍ਰਹਿਮੰਡ ਵਿਚ ਹੀ ਵਸਦਾ ਹੈ।ਇਸ ਤਰਾਂ ਇਹਨਾਂ ਦੋ ਵਿਚਾਰਕ ਸਮੂਹਾਂ ਵਿਚ ਕੋਈ ਸਮਾਨਤਾ ਜਾਂ ਤੁਲਨਾ ਨਹੀਂ ਹੈ।ਹਾਲਾਂਕਿ ਇਹ ਨਿਯਮ ਅਤੇ ਮਾਣਕ ਈਸਾਈ ਧਰਮ ਨਾਲ ਸੰਬੰਧਿਤ ਹਨ, ਪਰ ਇਹਨਾਂ ਦੀ ਹੌਂਦ ਹੋਰ ਧਰਮਾਂ ਵਿਚ ਵੀ ਦੇਖੀ ਜਾ ਸਕਦੀ ਹੈ।

ਮੁਕਤੀ ਦਾ ਧਰਮ ਸ਼ਾਸਤਰ ਅਸਲ ਵਿਚ ਸਮਾਜਿਕ, ਸੱਭਿਆਚਾਰਕ ਅਤੇ ਰਾਜਨੀਤਿਕ ਸਕ੍ਰਿਆਵਾਦ ਹੈ ਜੋ ਕਿ ਰੱਬ ਨਾਲ ਸੰਬੰਧਿਤ ਹੈ।ਇਹ ਮੁਕਤੀ ਦੇ ਧਰਮ ਸ਼ਾਸਤਰੀਆਂ ਦੁਆਰਾ ਵਰਤੀ ਜਾਣ ਵਾਲੀ ਅਜਿਹੀ ਪਰਿਭਾਸ਼ਾ ਹੈ ਜਿਸ ਦਾ ਮਕਸਦ ਇਹ ਦਿਖਾਉਣਾ ਹੈ ਕਿ ਯਿਸੂ ਦੀ ਧਰਮ ਸਿੱਖਿਆ ਨੂੰ ਵਿਵਹਾਰ ਰੂਪ ਵਿਚ ਕਿਸ ਤਰਾਂ ਲੈ ਕੇ ਆਉਣਾ ਹੈ?ਲੈਟਿਨ ਅਮਰੀਕੀ ਮੁਕਤੀ ਦੇ ਧਰਮ ਸ਼ਾਸਤਰ ਦਾ ਪ੍ਰਮੁੱਖ ਉਦੇਸ਼ ਧਰਮ ਰਾਹੀ ਗਰੀਬ ਅਤੇ ਦਮਿਤ ਲੋਕਾਂ ਦੀ ਰਾਜਨੀਤਿਕ ਅਤੇ ਨਾਗਰਿਕ ਮਸਲਿਆਂ ਵਿਚ ਭਾਗੀਦਾਰੀ ਨੂੰ ਸੁਨਿਸ਼ਚਿਤ ਕਰਨਾ ਸੀ।ਚਰਚ ਰਾਹੀ ਸਮਾਜਿਕ ਚੇਤਨਤਾ ਲਿਆ ਕੇ ਰਾਜਨੀਤਿਕ ਖੇਤਰ ਵਿਚ ਉਨ੍ਹਾਂ ਦੀ ਭਾਗੀਦਾਰੀ ਨੂੰ ਬੜਾਵਾ ਦੇਣਾ ਸੀ।ਇਸ ਰਾਜਨੀਤਿਕ ਧਰਮ ਸ਼ਾਸਤਰ ਦਾ ਉਦੇਸ਼ ਈਸਾਈ ਧਰਮ ਵਿਚ ਰੂਪਾਂਤਰਣ ਰਾਹੀ ਸਮਾਜ ਦੇ ਦੱਬੇ-ਕੁਚਲੇ ਅਤੇ ਦਮਿਤ ਵਰਗਾਂ ਵਿਚ ਆਸ ਦੀ ਚਿਣਗ ਪੈਦਾ ਕਰਨਾ ਸੀ ਤਾਂ ਕਿ ਦਮਨ ਖਿਲਾਫ ਆਪਣੇ ਸੰਘਰਸ਼ ਵਿਚ ਅਜ਼ਾਦੀ ਹਾਸਿਲ ਕਰ ਸਕਣ।੧੯੫੦ ਵਿਚ ਲੇਟਿਨ ਅਮਰੀਕੀ ਪਾਦਰੀਆਂ ਨੂੰ ਆਪਣੇ ਲੋਕਾਂ ਵਿਚ ਭਿਆਨਕ ਗਰੀਬੀ ਦਾ ਅਹਿਸਾਸ ਹੋਇਆ।ਉਨ੍ਹਾਂ ਨੇ ਮੁੱਢਲੀਆਂ ਲੋੜਾਂ ਅਤੇ ਸੁਵਿਧਾਵਾਂ ਤੋਂ ਵਾਂਝੇ ਇਹਨਾਂ ਲੋਕਾਂ ਨੂੰ ਧਰਮ ਦਾ ਉਪਦੇਸ਼ ਦੇਣਾ ਬਹੁਤ ਅਣਉੱਚਿਤ ਮੰਨਿਆ ਜੋ ਕਿ ਉਨ੍ਹਾਂ ਦੀ ਮਨੁੱਖੀ ਗਰਿਮਾ ਦਾ ਵੀ ਅਪਮਾਨ ਸੀ।ਹੌਲੀ-ਹੌਲੀ ਈਸਾਈ ਪਾਦਰੀਆਂ ਦੀ ਅਸੰਤੁਸ਼ਟੀ ਹੋਰ ਵਰਗਾਂ ਵਿਚ ਵੀ ਫੈਲ ਗਈ ਅਤੇ ਬਹੁਤ ਸਾਰੇ ਵਿਦਿਆਰਥੀ ਕਾਰਕੁੰਨ, ਮਜਦੂਰ ਅਤੇ ਕਿਸਾਨ ਵੀ ਉਨ੍ਹਾਂ ਨਾਲ ਸੰਘਰਸ਼ ਵਿਚ ਸ਼ਾਮਿਲ ਹੋ ਗਏ।ਰਾਜਨੀਤਿਕ ਗਤੀਵਿਧੀਆਂ ਵਿਚ ਸ਼ਾਮਿਲ ਹੋਣ ਦੇ ਪਾਦਰੀਆਂ ਦੇ ਦਬਾਅ ਨੇ ੧੯੬੨ ਤੋਂ ੧੯੬੫ ਦੌਰਾਨ ਰੋਮ ਵਿਚ ਵੈਟੀਕਨ ਕੌਂਸਲ ਬੁਲਾਉਣ ਲਈ ਮਜਬੂਰ ਕਰ ਦਿੱਤਾ ਤਾਂ ਕਿ ਪਾਦਰੀਆਂ ਨੂੰ ਦਮਿਤ ਲੋਕਾਂ ਲਈ ਲੜਨ ਲਈ ਰਾਜਨੀਤਿਕ ਭਾਗੀਦਾਰੀ ਦੀ ਇਜ਼ਾਜਤ ਦਿੱਤੀ ਜਾ ਸਕੇ।ਵੈਟੀਕਨ ਕੌਸਲ ਦੁਆਰਾ ਇਸ ਪ੍ਰਵਾਨਗੀ ਨੇ ਲੇਟਿਨ ਅਮਰੀਕਨ ਦੇਸ਼ਾਂ ਵਿਚ ਬਹੁਤ ਸਾਰੇ ਖੱਬੇ-ਪੱਖੀ ਧਰਮ ਸ਼ਾਸਤਰੀਆਂ ਨੂੰ ਚਰਚ ਦੀਆਂ ਰਾਜਨੀਤਿਕ ਗਤੀਵਿਧੀਆਂ ਵਿਚ ਸ਼ਾਮਿਲ ਹੋਣ ਲਈ ਪ੍ਰੇਰਿਤ ਕੀਤਾ।

ਇੱਥੋਂ ਹੀ ਪੇਰੂ ਦੇ ਗੁਸਤਾਵੋ ਗੁਟੀਈਰੇਜ ਨੇ ਮੁਕਤੀ ਦੇ ਧਰਮ ਸ਼ਾਸਤਰ ਨੂੰ ਵਿਕਸਿਤ ਕੀਤਾ।੧੯੭੦ਵਿਆਂ ਵਿਚ ਮੁਕਤੀ ਦੇ ਧਰਮ ਸ਼ਾਸਤਰ ਦਾ ਇਹ ਅੰਦੋਲਨ ਬਹੁਤ ਸਾਰੇ ਅਫਰੀਕਨ ਅਤੇ ਏਸ਼ੀਅਨ ਦੇਸ਼ਾਂ ਵਿਚ ਫੈਲ ਗਿਆ ਜਿੱਥੇ ਲੋਕ ਦਮਿਤ ਅਤੇ ਦੱਬੇ-ਕੁਚਲੇ ਹੋਏ ਸਨ।ਲੇਟਿਨ ਅਮਰੀਕੀ ਮੁਕਤੀ ਦੇ ਧਰਮ ਸ਼ਾਸਤਰ ਨੇ ਰਾਜਨੀਤਿਕ ਭਾਗੀਦਾਰੀ ਦੁਆਰਾ ਗਰੀਬ ਲੋਕਾਂ ਨੂੰ ਨਿਆਂ ਦੁਆਉਣ ਲਈ ਚਰਚ ਦੇ ਰੋਲ ਉੱਪਰ ਜੋਰ ਦਿੱਤਾ।ਇਸ ਵਿਚ ਪ੍ਰਮੁੱਖ ਰੂਪ ਵਿਚ ਸਮਾਜਿਕ ਨਿਆਂ, ਗਰੀਬੀ ਅਤੇ ਮਨੁੱਖੀ ਅਧਿਕਾਰਾਂ ਦੇ ਖੇਤਰ ਵਿਚ ਇਨਕਲਾਬੀ ਗਤੀਵਿਧੀਆਂ ਉੱਪਰ ਜੋਰ ਦਿੱਤਾ ਗਿਆ।ਇਸ ਸੰਘਰਸ਼ ਵਿਚ ਬਹੁਤ ਸਾਰੇ ਪ੍ਰਮੱੁਖ ਪਾਦਰੀਆਂ ਨੂੰ ਦਮਨਕਾਰੀ ਸ਼ਾਸਨ ਨੇ ਮਰਵਾ ਦਿੱਤਾ ਤਾਂ ਕਿ ਉਨ੍ਹਾਂ ਦੀਆਂ ਰਾਜਨੀਤਿਕ ਗਤੀਵਿਧੀਆਂ ਨੂੰ ਕੰਟਰੋਲ ਕੀਤਾ ਜਾ ਸਕੇ।ਇਸ ਸਮੇਂ ਦੌਰਾਨ ਹੀ ਖੱਬੇਪੱਖੀ ਮੁਕਤੀ ਦੇ ਧਰਮ ਸ਼ਾਸਤਰੀਆਂ ਕਰਕੇ ਮਾਰਕਸਵਾਦ ਨੇ ਧਰਮ ਸ਼ਾਸਤਰੀਆਂ ਉੱਪਰ ਪ੍ਰਭਾਵ ਪਾਇਆ ਜਿਨ੍ਹਾਂ ਨੇ ਚਰਚ ਦੀਆਂ ਸਿੱਖਿਆਵਾਂ ਨੂੰ ਮਾਰਕਸਵਾਦੀ ਆਰਥਿਕ ਫਲਸਫੇ ਨਾਲ ਜੋੜਿਆ।ਮੁਕਤੀ ਦੇ ਧਰਮ ਸ਼ਾਸਤਰੀਆਂ ਅਤੇ ਮਾਰਕਸਵਾਦੀਆਂ ਵਿਚ ਆਪਸੀ ਸਾਂਝ ਸੀ ਕਿ ਪੂੰਜੀਵਾਦ ਹੀ ਉਨ੍ਹਾਂ ਦਾ ਸਾਂਝਾ ਦੁਸ਼ਮਣ ਹੈ ਅਤੇ ਆਮ ਲੋਕਾਂ ਦੇ ਦੁੱਖ ਦਾ ਕਾਰਣ ਹੈ।ਮੁਕਤੀ ਦੇ ਧਰਮ ਸ਼ਾਸਤਰੀਆਂ ਅਤੇ ਮਾਰਕਸਵਾਦੀਆਂ ਦੇ ਆਪਸੀ ਰਲੇਵੇਂ ਕਰਕੇ ਉਨ੍ਹਾਂ ਨੂੰ ਚਰਚ ਦੀ ਵਰਗਬੰਦੀ ਵਿਚ ਵਿਸ਼ਵਾਸ ਕਰਨ ਵਾਲੇ ਰੂੜ੍ਹੀਵਾਦੀਆਂ, ਖਾਸ ਕਰਕੇ ‘ਓਪਸ ਦਈ’ ਅਤੇ ਅਮਰੀਕਾ ਦੀ ਆਲੋਚਨਾ ਦਾ ਸ਼ਿਕਾਰ ਹੋਣਾ ਪਿਆ।ਇੱਥੋਂ ਤੱਕ ਕਿ ੧੯੮੪ ਵਿਚ ਪੌਪ ਜੌਹਨ ਪਾਲ ਦੂਜੇ ਨੇ ਲੇਟਿਨ ਅਮਰੀਕਾ ਵਿਚ ਮੁਕਤੀ ਦੇ ਧਰਮ ਸ਼ਾਸਤਰੀਆਂ ਦੀਆਂ ਰਾਜਨੀਤਿਕ ਗਤੀਵਿਧੀਆਂ ਨੂੰ ਰੱਦ ਕਰ ਦਿੱਤਾ।ਹਾਲਾਂਕਿ ਬਾਅਦ ਦੇ ਵਰ੍ਹਿਆਂ ਵਿਚ ਮੁਕਤੀ ਦੇ ਧਰਮ ਸ਼ਾਸਤਰੀਆਂ ਦੁਆਰਾ ਲੋਕਾਂ ਨੂੰ ਸੰਗਠਿਤ ਕਰਨ ਅਤੇ ਉਨ੍ਹਾਂ ਦੀ ਰਾਜਨੀਤਿਕ ਸਫਲਤਾ ਕਰਕੇ ਵੈਟੀਕਨ ਚਰਚ ਨੂੰ ਆਪਣਾ ਨਿਰਣਾ ਵਾਪਿਸ ਲੈਣਾ ਪਿਆ ਅਤੇ ਪੌਪ ਫਰਾਂਸਿਸ ਦੇ ਸਮੇਂ ੨੦੧੫ ਵਿਚ ਉਨ੍ਹਾਂ ਨੇ ਮੁਕਤੀ ਦੇ ਧਰਮ ਸ਼ਾਸਤਰ ਨੂੰ ਮਾਨਤਾ ਦੇ ਦਿੱਤੀ।
ਗੁਸਤਾਵੋ ਗੁਟੀਈਰੇਜ ਤੋਂ ਇਲਾਵਾ ਮੁਕਤੀ ਦੇ ਧਰਮ ਸ਼ਾਸਤਰ ਨਾਲ ਸੰਬੰਧਿਤ ਸ਼ਾਸਤਰੀ ਬੈਲਜੀਅਨ ਵਿਚ ਪੈਦਾ ਹੋਏ ਬ੍ਰਾਜੀਲੀਅਨ ਪਾਦਰੀ ਜੋਸ ਕੌਂਬਲਿਨ, ਅਲ ਸਲਵਾਡੌਰ ਦੇ ਔਸਕਰ ਰੋਮੇਰੋ, ਬ੍ਰਾਜੀਲ ਦੇ ਧਰਮ ਸ਼ਾਸਤਰੀ ਲਿਓਨਾਰਦੋ ਬੌਫ, ਈਸਾਈ ਵਿਦਵਾਨ ਜੋਨ ਸਬਰੀਨੋ ਅਤੇ ਪ੍ਰਧਾਨ ਪਾਦਰੀ ਹੈਲਡਰ ਕਮਾਰਾ ਸ਼ਾਮਿਲ ਸਨ।ਇਹ ਧਰਮ ਸ਼ਾਸਤਰੀ ਲੋਕਾਂ ਨੂੰ ਸਿੱਖਿਅਤ ਕਰਨ, ਆਪਸੀ ਭਲਾਈ ਕਰਨ, ਸੱਚ ਦੀ ਭਾਲ ਵਿਚ ਯਕੀਨ ਕਰਦੇ ਸਨ ਅਤੇ ਇਸ ਨੂੰ ਬੁਰੇ ਵਕਤਾਂ ਲਈ ਬਚਾ ਕੇ ਵੀ ਰੱਖਣਾ ਚਾਹੁੰਦੇ ਸਨ।ਲੇਟਿਨ ਅਮਰੀਕਾ ਵਿਚ ਮੁਕਤੀ ਦੇ ਧਰਮ ਸ਼ਾਸਤਰ ਦੀ ਸਫਲਤਾ ਤੋਂ ਬਾਅਦ ਇਸ ਨੇ ਅਮਰੀਕਾ, ਨਾਰੀਵਾਦੀ ਮੁਕਤੀ ਦੇ ਧਰਮ ਸ਼ਾਸਤਰ, ਸਿਆਹਫਾਮਾਂ ਦੀ ਮੁਕਤੀ ਅਤੇ ਹੋਰ ਖੇਤਰਾਂ ਵਿਚ ਵੀ ਜੋਰ ਫੜਿਆ।ਇਸ ਨੇ ਜ਼ਿੰਦਗੀ, ਗਰਿਮਾ, ਅਜ਼ਾਦੀ, ਨਿਆਂ ਅਤੇ ਮੁਕਤੀ ਲਈ ਸੱਦਾ ਦਿੱਤਾ।

ਭਾਰਤ ਵਿਚ ਮੁਕਤੀ ਦੇ ਧਰਮ ਸ਼ਾਸਤਰ ਦੀ ਸ਼ੁਰੂਆਤ ਬੁੱਧ ਦੁਆਰਾ ਕਰਮਕਾਂਡਾਂ ਵਿਚ ਫਸੇ ਬ੍ਰਾਹਮਣਵਾਦ ਦੇ ਵਿਰੋਧ ਵਿਚ ਹੋਈ।ਸਿੱਖ ਗੁਰੂਆਂ ਨੇ ਵੀ ਮਨੱੁਖਤਾ ਦੀ ਸੇਵਾ, ਦਮਿਤ ਲੋਕਾਂ ਦੇ ਹੱਕ ਵਿਚ ਰਾਜਨੀਤਿਕ ਸਕ੍ਰਿਆਵਾਦ ਦੇ ਰੂਪ ਵਿਚ ਮੁਕਤੀ ਦੇ ਧਰਮ ਸ਼ਾਸਤਰ ਉੱਪਰ ਜੋਰ ਦਿੱਤਾ। ਇਸ ਵਿਚ ਲੋੜ ਪੈਣ ਤੇ ਹਿੰਸਾ ਤੋਂ ਵੀ ਨਾ ਝਿਜਕਣਾ ਵੀ ਸ਼ਾਮਿਲ ਸੀ।ਪਰ ਹੁਣ ਦੇ ਸਿੱਖ ਜੱਥੇਦਾਰਾਂ ਸਿੱਖ ਕੌਮ ਦੇ ਮਾਣ ਅਤੇ ਸਨਮਾਨ ਲਈ ਇਸ ਤਰਾਂ ਦੇ ਰਾਜਨੀਤਿਕ ਸਕ੍ਰਿਆਵਾਦ ਤੋਂ ਕੋਹਾਂ ਦੂਰ ਹਨ ਅਤੇ ਉਹ ਕਰਮਕਾਂਡਾਂ ਵਿਚ ਜਿਆਦਾ ਫਸੇ ਹੋਏ ਹਨ। ਉਨ੍ਹਾਂ ਦੀ ਸਿੱਖਿਆਵਾਂ ਵਿਚੋਂ ਗਰਿਮਾ, ਨਿਆਂ ਅਤੇ ਮੁਕਤੀ ਦੀ ਅਵਾਜ਼ ਸੱਤਾ ਅਤੇ ਕੁਰਸੀ ਦੇ ਲਾਲਚ ਵਿਚ ਕਿਧਰੇ ਗੁਆਚ ਗਈ ਹੈ।ਉਹ ਸਿੱਖ ਗੁਰੂਆਂ ਦੀ ਸਿੱਖਿਆਵਾਂ ਅਤੇ ਉਨ੍ਹਾਂ ਦੇ ਅਚਲਤਾ ਦੇ ਸਿਧਾਂਤ ਤੋਂ ਦੂਰ ਹਨ।ਮੁਕਤੀ ਦੇ ਧਰਮ ਸ਼ਾਸਤਰ ਅਤੇ ਰਾਜਨੀਤਿਕ ਸਕ੍ਰਿਆਵਾਦ ਦੀ ਬਜਾਇ ਉਹ ਸੱਤਾ ਦੇ ਗੁਲਾਮ ਬਣੇ ਹੋਏ ਹਨ।ਸਿੱਖ ਜੱਥੇਦਾਰਾਂ ਨੇ ਕਦੇ ਵੀ ਰਾਜਨੀਤਿਕ ਸਕ੍ਰਿਆਵਾਦ ਲਈ ਚੇਤਨਤਾ ਅਤੇ ਦ੍ਰਿਸ਼ਟੀਕੋਣ ਬਣਾਉਣ ਦੀ ਬੌਧਿਕਤਾ ਵਿਕਸਿਤ ਨਹੀਂ ਕੀਤੀ ਤਾਂ ਕਿ ਮੁਕਤੀ ਦੇ ਧਰਮ ਸ਼ਾਸਤਰ ਰਾਹੀ ਸਿੱਖਾਂ ਲਈ ਕੰਮ ਕੀਤਾ ਜਾ ਸਕੇ।

  ਰਣਜੀਤ ਸਿੰਘ ਕੁਕੀ