ਪ੍ਰੋਫੈਸਰ ਭੁੱਲਰ ਦੀ ਰਿਹਾਈ ਦਾ ਮਸਲਾ ,ਕੇਜਰੀਵਾਲ ਤੇ ਸ਼੍ਰੋਮਣੀ  ਕਮੇਟੀ 

ਪ੍ਰੋਫੈਸਰ  ਭੁੱਲਰ ਦੀ ਰਿਹਾਈ ਦਾ ਮਸਲਾ ,ਕੇਜਰੀਵਾਲ ਤੇ ਸ਼੍ਰੋਮਣੀ  ਕਮੇਟੀ 

ਰਜਿੰਦਰ ਸਿੰਘ ਪੁਰੇਵਾਲ

 ਸਿੱਖ ਬੰਦੀਵਾਨ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ ਤੇ ‘ਆਪ’ ਸਿੱਖ ਜਥੇਬੰਦੀਆਂ ਦੇ ਨਿਸ਼ਾਨੇ ’ਤੇ ਹੈ। ਹੁਣੇ ਜਿਹੇ ਇੱਥੇ ਸਿੱਖ ਨੁਮਾਇੰਦਿਆਂ ਅਤੇ ਪ੍ਰੋ. ਭੁੱਲਰ ਦੀ ਪਤਨੀ ਨਵਨੀਤ ਕੌਰ ਭੁੱਲਰ ਦੀ ਹਾਜ਼ਰੀ ਵਿਚ ਸਰਵਣ ਸਿੰਘ ਅਗਵਾਨ, ਅਕਾਲ ਫੈੱਡਰੇਸ਼ਨ ਦੇ ਨਰੈਣ ਸਿੰਘ ਚੌੜਾ, ਰਣਜੀਤ ਸਿੰਘ ਬੱਗਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪ੍ਰੋ. ਭੁੱਲਰ ਦੀ ਰਿਹਾਈ ਨੂੰ ਪ੍ਰਵਾਨਗੀ ਦੇਣ ਲਈ 26 ਜਨਵਰੀ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਹੈ। ਇਸ ਤੋਂ ਬਾਅਦ ‘ਆਪ’ ਉਮੀਦਵਾਰਾਂ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਹੈ।  ਉਨ੍ਹਾਂ ਦਾ ਕਹਿਣਾ ਹੈ ਕਿ ਕਿ ਕੇਂਦਰ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸਿੱਖ ਬੰਦੀਆਂ ਦੀ ਰਿਹਾਈ ਦਾ ਐਲਾਨ ਵੀ ਕੀਤਾ ਗਿਆ ਸੀ ਜਿਸ ਵਿੱਚ ਪ੍ਰੋ. ਭੁੱਲਰ ਦਾ ਨਾਂ ਵੀ ਸ਼ਾਮਲ ਸੀ। ਇਸ ਦੇ ਬਾਵਜੂਦ ਕੇਜਰੀਵਾਲ ਸਰਕਾਰ ਦਾ ਰਵੱਈਆ ਉਸ ਦੀ    ਰਿਹਾਈ ਵਿਚ ਅੜਿੱਕਾ ਬਣਿਆ ਹੋਇਆ ਹੈ। ਸਿੱਖ ਆਗੂ ਨਰਾਇਣ ਸਿੰਘ ਚੌੜਾ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਭਾਜਪਾ ਦੀ ਕੇਂਦਰ ਸਰਕਾਰ ਸੰਵਿਧਾਨ ਦੀ ਵਰਤੋਂ ਕਰਦਿਆਂ ਆਪਣੇ ਤੌਰ ’ਤੇ ਵੀ ਪ੍ਰੋ. ਭੁੱਲਰ ਦੀ ਰਿਹਾਈ ਕਰ ਸਕਦੀ ਹੈ। ਉਨ੍ਹਾਂ ਮੋਦੀ ਸਰਕਾਰ ਨੂੰ ਚੇਤਾਵਨੀ ਦਿਤੀ ਕਿ ਜੇ ਭਾਜਪਾ ਨੇ ਵੀ ਰਿਹਾਈ ਲਈ ਕੁਝ ਨਾ ਕੀਤਾ ਤਾਂ ਭਾਜਪਾ ਉਮੀਦਵਾਰਾਂ ਦਾ ਵੀ ਵਿਰੋਧ ਕੀਤਾ ਜਾਵੇਗਾ।ਇਸ ਤੋਂ ਪਹਿਲਾਂ ਇਹ ਮਾਮਲਾ ਸ੍ਰੀ ਅਕਾਲ ਤਖ਼ਤ ’ਤੇ ਵੀ ਪੁੱਜਾ ਹੈ। ਅਨੇਕਾਂ ਸਿੱਖ ਜਥੇਬੰਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ‘ਆਪ’ ਉਮੀਦਵਾਰਾਂ ਦੇ ਬਾਈਕਾਟ ਦਾ ਵੀ ਐਲਾਨ ਕਰ ਚੁੱਕੀਆਂ ਹਨ। ਪੰਥਕ ਆਗੂ ਬਾਬਾ ਸਰਬਜੋਤ ਸਿੰਘ ਬੇਦੀ ,ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਤੇ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਕੇਜਰੀਵਾਲ ਨੂੰ ਪ੍ਰੋਫੈਸਰ ਭੁਲਰ ਦੀ ਰਿਹਾਈ ਦੀ ਅਪੀਲ ਕਰ ਚੁਕੇ ਹਨ।

ਇਸੇ ਦੌਰਾਨ ਸਿੱਖ ਜਥੇਬੰਦੀ ਅਕਾਲ ਯੂਥ ਦੇ ਕਾਰਕੁਨਾਂ ਨੇ  ਬੀਤੇ ਦਿਨੀਂ ਮੁਹਾਲੀ ਵਿਚ ਪੱਤਰਕਾਰ ਸੰਮੇਲਨ ਦੌਰਾਨ ‘ਆਪ’ ਆਗੂ ਰਾਘਵ ਚੱਢਾ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ ਅਤੇ ਅਰਵਿੰਦ ਕੇਜਰੀਵਾਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਅਕਾਲ ਯੂਥ ਦੇ ਪ੍ਰਮੁੱਖ ਆਗੂ ਭਾਈ ਜਸਵਿੰਦਰ ਸਿੰਘ ਨੇ ਕਿਹਾ ਕਿ ਜਦੋਂ ਤੱਕ ਕੇਜਰੀਵਾਲ ਸਰਕਾਰ ਦਿੱਲੀ ਜੇਲ੍ਹ ਵਿੱਚ ਨਜ਼ਰਬੰਦ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਕਰਦੀ, ਉਦੋਂ ਤੱਕ ‘ਆਪ’ ਦੇ ਪ੍ਰੋਗਰਾਮਾਂ ਦਾ ਵਿਰੋਧ ਜਾਰੀ ਰਹੇਗਾ। ਸਿੱਖ ਯੂਥ ਆਫ਼ ਪੰਜਾਬ ਸਣੇ ਸਿੱਖ ਯੂਥ ਫੈੱਡਰੇਸ਼ਨ ਭਿੰਡਰਾਂਵਾਲਾ, ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਆਦਿ ਦੇ ਆਗੂਆਂ ਨੇ ਮੀਟਿੰਗ ਕਰ ਕੇ ਫ਼ੈਸਲਾ ਕੀਤਾ ਹੈ ਕਿ 26 ਜਨਵਰੀ ਗਣਤੰਤਰ ਦਿਵਸ ਨੂੰ ਕਾਲੇ ਦਿਵਸ ਵਜੋਂ ਮਨਾਇਆ ਜਾਵੇਗਾ। ਇਸ ਦਿਨ ਅੰਮ੍ਰਿਤਸਰ ਵਿੱਚ ਰੋਸ ਮਾਰਚ ਕੱਢਿਆ ਜਾਵੇਗਾ। ਭਾਜਪਾ ਵਿਚ ਸ਼ਾਮਲ ਹੋਏ ਸਰਚਾਂਦ ਸਿੰਘ ਨੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੂੰ ਪੱਤਰ ਭੇਜ ਕੇ ਸਿੱਖ ਬੰਦੀ ਪ੍ਰੋ.  ਭੁੱਲਰ ਦੀ ਰਿਹਾਈ ਵਿਚ ਪੈਦਾ ਹੋਏ ਅੜਿੱਕੇ ਖ਼ਤਮ ਕਰਨ ਦੀ ਅਪੀਲ ਕੀਤੀ ਹੈ। ।ਪੰਥਕ ਤੇ ਕਿਸਾਨ ਆਗੂ ਬਾਬਾ ਹਰਦੀਪ ਸਿੰਘ ਡਿਬਡਿਬਾ ਤੇ ਬਾਬਾ ਬਖ਼ਸ਼ੀਸ਼ ਸਿੰਘ ਦੀ ਅਗਵਾਈ ਵਿਚ ਬੈਠਕ  ਦੌਰਾਨ   ਕੇਜਰੀਵਾਲ ਨੂੰ ਪੰਜ ਦਿਨ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਇਸ ਤੋਂ ਬਾਅਦ ਕੇਜਰੀਵਾਲ ਤੇ ਭਗਵੰਤ ਮਾਨ ਸਣੇ ਤੇ ਹੋਰ ਆਗੂਆਂ ਦਾ ਘਿਰਾਓ ਕੀਤਾ ਜਾਵੇਗਾ। ਇਸੇ ਦੌਰਾਨ ਭਾਈ ਜਸਵਿੰਦਰ ਸਿੰਘ ਨੇ ਮੰਗ ਕੀਤੀ ਕਿ ਬੁੜੈਲ ਜੇਲ੍ਹ ਵਿੱਚ ਨਜ਼ਰਬੰਦ ਭਾਈ ਸ਼ਮਸ਼ੇਰ ਸਿੰਘ, ਭਾਈ ਗੁਰਮੀਤ ਸਿੰਘ ਅਤੇ ਭਾਈ ਲਖਵਿੰਦਰ ਸਿੰਘ ਨੂੰ ਜਲਦੀ ਰਿਹਾਅ ਕੀਤਾ ਜਾਵੇ। 

 ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਹਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਹੋ ਚੁਕੀ ਹੈ।ਸ੍ਰੋਮਣੀ ਕਮੇਟੀ ਪ੍ਰਧਾਨ  ਹਰਜਿੰਦਰ ਸਿੰਘ  ਧਾਮੀ ਨੇ ਕਿਹਾ ਕਿ ਪ੍ਰੋ. ਭੁੱਲਰ ਦੀ ਰਿਹਾਈ ਸਬੰਧੀ ਦਿੱਲੀ ਦੀ ਸਰਕਾਰ ਸਿੱਖ ਜਜ਼ਬਾਤਾਂ ਦੇ ਨਾਲ ਖਿਲਵਾੜ ਕਰ ਰਹੀ ਹੈ।  ਭੁੱਲਰ ਤੇ ਹੋਰ ਸਿੱਖ ਕੈਦੀ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਤੁਰੰਤ ਰਿਹਾਈ ਹੋਣੀ ਚਾਹੀਦੀ ਹੈ। ਇਸ ਦੌਰਾਨ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਵਲੋਂ ਪ੍ਰਧਾਨ ਅਮਰਬੀਰ ਸਿੰਘ ਢੋਟ ਦੀ ਅਗਵਾਈ ਵਿਚ ਸਿੱਖ ਬੰਦੀ   ਭੁੱਲਰ ਨੂੰ ਬਣਦੀ ਸਜ਼ਾ ਪੂਰੀ ਹੋਣ ਦੇ ਬਾਵਜੂਦ ਵੀ ਰਿਹਾਅ ਨਾ ਕੀਤੇ ਜਾਣ ਵਿਰੁੱਧ ਪੰਜਾਬ ਵਿਚ ਵੱਖ-ਵੱਖ ਥਾਵਾਂ 'ਤੇ ਅਰਵਿੰਦ ਕੇਜਰੀਵਾਲ ਦੇ ਪੁਤਲੇ ਸਾੜ ਕੇ ਰੋਸ ਪ੍ਰਦਰਸ਼ਨ ਕੀਤੇ ਗਏ ।  ਅੰਮਿ੍ਤਸਰ ਵਿਖੇ ਜਹਾਜ਼ਗੜ੍ਹ-ਗੋਲਡਨ ਐਵੀਨਿਊ ਚੌਕ ਵਿਚ ਜੀ. ਟੀ. ਰੋਡ ਵਿਖੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਅਰਵਿੰਦ ਕੇਜਰੀਵਾਲ ਦਾ ਪੁਤਲਾ ਸਾੜਿਆ ਗਿਆ । 

       ਸਿਖ ਬੰਦੀਵਾਨਾਂ ਦੇ ਮਸਲੇ ਉਪਰ ਜੇ ਅਸੀਂ ਗੰਭੀਰਤਾ ਨਾਲ ਨਜ਼ਰ ਮਾਰੀਏ ਤਾਂ ਕੁਝ ਕੁਝ ਇਹ ਲਗਦਾ ਹੈ ਕਿ ਸਿੱਖਾਂ ਵਿੱਚ ਉਹ ਚੇਤੰਨਤਾ ਉਭਰ ਰਹੀ ਹੈ ਅਤੇ ਪੰਥ ਸੰਗਠਤ ਹੋ ਰਿਹਾ ਹੈ  ।ਬੇਸ਼ੱਕ ਇਹ  ਪੰਥਕ ਚੇਤੰਨਤਾ ਆਪਣੇ  ਮੁਢਲੇ ਦੌਰ ਵਿੱਚ ਹੀ ਹੈ ਪਰ ਇਹ  ਤੇਜੀ ਨਾਲ ਅਗੇ ਵਧ ਰਹੀ ਹੈ।  ਭਾਈ  ਭੁਲਰ ਕਾਫੀ ਲੰਬੇ ਸਮੇਂ ਤੋਂ ਭਾਰਤ ਦੀਆਂ ਜੇਲ੍ਹਾਂ ਵਿੱਚ ਹਨ। ਉਨ੍ਹਾਂ ਦੀ ਫਾਂਸੀ ਦੀ ਸਜ਼ਾ ਭਾਰਤੀ ਸੁਪਰੀਮ ਕੋਰਟ ਨੇ ਉਮਰ ਕੈਦ ਵਿੱਚ ਬਦਲ ਦਿੱਤੀ ਸੀ। ਦੋ ਸਾਲ ਪਹਿਲਾਂ ਸਿੱਖ ਕੌਮ ਦੀ ਮੰਗ ਤੇ ਭਾਰਤ ਸਰਕਾਰ ਨੇ ਉਨ੍ਹਾਂ ਦੀ ਰਿਹਾਈ ਦੇ ਹੁਕਮ ਜਾਰੀ ਕਰ ਦਿੱਤੇ ਸਨ। ਫਿਰ ਕਿਸੇ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ, ਰਿਹਾਈ ਖਿਲਾਫ। ਦੋ ਸਾਲ ਹੋਰ ਲੰਘ ਗਏ। ਪਿਛਲੇ ਸਾਲ ਦਸੰਬਰ ਵਿੱਚ ਭਾਰਤੀ ਸੁਪਰੀਮ ਕੋਰਟ ਨੇ ਪ੍ਰੋੋਫੈਸਰ ਭੁਲਰ ਦੀ ਰਿਹਾਈ ਦੇ ਖਿਲਾਫ  ਮਨਿੰੰਦਰ ਜੀਤ ਸਿੰਘ ਬਿਟਾ ਦੀ ਪਾਈ ਪਟੀਸ਼ਨ ਰੱਦ ਕਰ ਦਿੱਤੀ ਸੀ। ਹੁਣ ਸਿਰਫ ਦਿੱਲੀ ਸਰਕਾਰ ਦੀ ਹਰੀ ਝੰਡੀ ਦੀ ਲੋੜ ਸੀ ਉਨ੍ਹਾਂ ਦੀ ਰਿਹਾਈ ਲਈ ਪਰ ਦਿੱਲੀ ਸਰਕਾਰ ਪਿਛਲੇ ਦੋ ਸਾਲਾਂ ਦੌਰਾਨ ਤਿੰਨ ਵਾਰ ਉਨ੍ਹਾਂ ਦੀ ਰਿਹਾਈ ਰੋਕ ਚੁੱਕੀ ਹੈ।ਕੇਜਰੀਵਾਲ ਮੁਖ ਮੰਤਰੀ ਦਿਲੀ ਇਸਦਾ ਜਿੰਮੇਵਾਰ ਹੈ।ਖਾਲਸਾ ਪੰਥ ਦਾ ਇੱਕ ਵੱਡਾ ਹਿੱਸਾ ਆਪਣੀ ਸਜ਼ਾ ਪੂਰੀ ਕਰ ਚੁੱਕੇ ਉਸ ਸਿੰਘ ਦੀ ਪਿੱਠ ਤੇ ਆਣ ਖੜਾ ਹੋਇਆ ਹੈ। ਬਹੁਤ ਦੇਰ ਬਾਅਦ ਇਹ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ ਕਿ ਚੋਣਾਂ ਦੇ ਮੌਸਮ ਵਿੱਚ ਸਿੱਖਾਂ ਵਿੱਚ ਆਪਣੀ ਪੰਥਕ ਚੇਤੰਨਤਾ ਜਾਗ ਰਹੀ ਹੈ। ਭਾਈ  ਭੁੱਲਰ ਦੀ ਰਿਹਾਈ ਦਾ ਮਸਲਾ ਸਿੱਖਾਂ ਲਈ ਇੱਕ ਕੌਮੀ ਮਸਲਾ ਬਣ ਗਿਆ ਲਗਦਾ ਹੈ। ਥਾਂ ਥਾਂ ਇਸ ਸਬੰਧੀ ਇਸ਼ਤਿਹਾਰ ਲੱਗ ਰਹੇ ਹਨ। ਇਸ ਪਾਰਟੀ ਦਾ ਪਿੰਡਾਂ ਵਿਚ ਬਾਈਕਾਟ ਜਾਰੀ ਹੈ। ਸਿੱਖਾਂ ਦੀਆਂ ਪੰਥਕ ਜਥੇਬੰਦੀਆਂ ਪ੍ਰੈਸ ਵਾਰਤਾ ਕਰ ਰਹੀਆਂ ਹਨ, ਦਿੱਲੀ ਅਤੇ ਪੰਜਾਬ ਵਿੱਚ ਇਸ ਰਿਹਾਈ ਲਈ ਮੁਜਾਹਰੇ ਹੋ ਰਹੇ ਹਨ ਅਤੇ ਆਮ ਆਦਮੀ ਪਾਰਟੀ ਦੇ ਖਿਲਾਫ ਵੱਡੀ ਸਿਆਸੀ ਮੁਹਿੰਮ ਅਰੰਭ ਕਰਨ ਦੇ ਯਤਨ ਤੇਜ਼ ਹੋ ਰਹੇ ਹਨ। ਆਮ ਆਦਮੀ ਪਾਰਟੀ ਦੀ ਲੀਡਰਸ਼ਿੱਪ ਨੂੰ ਥਾਂ ਥਾਂ ਸੁਆਲ ਹੋਣ ਲੱਗ ਪਏ ਹਨ ਜਿਹੜੇ ਅਗਲੇ ਦਿਨਾਂ ਦੌਰਾਨ ਹੋਰ ਤਿੱਖੇ ਹੋਣਗੇ।ਜਿਸ ਤਰ੍ਹਾਂ ਪੰਜਾਬ ਵਿੱਚ ਹਿੰਦੂ ਵੋਟ ਸੰਗਠਤ ਢੰਗ ਨਾਲ ਪੈਂਦੀ ਹੈ , ਜੇਕਰ ਇਸ ਵਾਰ ਅਤੇ ਹਰ ਵਾਰ ਸਿੱਖ ਵੋਟ ਵੀ ਪੰਥਕ ਨਜ਼ਰੀਏ ਤੋਂ ਪਾਈ ਜਾਣ ਲੱਗੀ ਤਾਂ ਇਹ ਪੰਥ ਤੇ ਪੰਜਾਬ ਵਿੱਚ ਮੁੜ ਤੋਂ ਕੌਮੀ ਜਾਗਰਤੀ ਨੂੰ ਮਜਬੂਤ ਕਰ ਸਕਦੀ ਹੈ। ਲੋੜ ਹੈ ਇਸ ਮੁਹਿੰਮ ਨੂੰ ਤੇਜ਼ ਕਰਨ ਦੀ।